Skip to content

Skip to table of contents

ਯਹੂਦੀਆਂ ਦੇ ਪਖੰਡ ਦਾ ਭੇਤ ਖੋਲ੍ਹਿਆ ਗਿਆ!

ਯਹੂਦੀਆਂ ਦੇ ਪਖੰਡ ਦਾ ਭੇਤ ਖੋਲ੍ਹਿਆ ਗਿਆ!

ਉੱਨੀਵਾਂ ਅਧਿਆਇ

ਯਹੂਦੀਆਂ ਦੇ ਪਖੰਡ ਦਾ ਭੇਤ ਖੋਲ੍ਹਿਆ ਗਿਆ!

ਯਸਾਯਾਹ 58:1-14

1. ਯਹੋਵਾਹ ਅਤੇ ਯਿਸੂ ਪਖੰਡ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਅਤੇ ਯਸਾਯਾਹ ਦੇ ਜ਼ਮਾਨੇ ਵਿਚ ਲੋਕ ਪਖੰਡੀ ਕਿਵੇਂ ਸਨ?

ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਕਿਹਾ ਸੀ ਕਿ ‘ਤੁਸੀਂ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ।’ (ਮੱਤੀ 23:28) ਯਹੋਵਾਹ ਵੀ ਪਖੰਡ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ। ਯਸਾਯਾਹ ਦੀ ਭਵਿੱਖਬਾਣੀ ਦਾ 58ਵਾਂ ਅਧਿਆਇ ਖ਼ਾਸ ਕਰਕੇ ਯਹੂਦਾਹ ਦੇ ਪਖੰਡ ਵੱਲ ਧਿਆਨ ਖਿੱਚਦਾ ਹੈ। ਉਸ ਸਮੇਂ ਲੜਾਈ-ਝਗੜੇ, ਜ਼ੁਲਮ, ਅਤੇ ਹਿੰਸਾ ਆਮ ਗੱਲਾਂ ਹੁੰਦੀਆਂ ਸਨ ਅਤੇ ਸਬਤ ਮਨਾਉਣਾ ਸਿਰਫ਼ ਇਕ ਰਸਮ ਹੀ ਬਣ ਗਿਆ ਸੀ। ਲੋਕ ਯਹੋਵਾਹ ਦੀ ਸੇਵਾ ਦਿਲੋਂ ਨਹੀਂ ਕਰਦੇ ਸਨ ਅਤੇ ਉਹ ਵਰਤ ਰੱਖ ਕੇ ਭਗਤੀ ਦਾ ਦਿਖਾਵਾ ਕਰ ਰਹੇ ਸਨ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਯਹੋਵਾਹ ਨੇ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਿਆ ਸੀ!

‘ਪਰਜਾ ਨੂੰ ਉਨ੍ਹਾਂ ਦੇ ਪਾਪ ਦੱਸ’

2. ਯਸਾਯਾਹ ਨੇ ਯਹੋਵਾਹ ਦਾ ਸੁਨੇਹਾ ਕਿਸ ਜੋਸ਼ ਨਾਲ ਦੱਸਿਆ ਸੀ, ਅਤੇ ਅੱਜ ਉਸ ਵਰਗੇ ਕੌਣ ਹਨ?

2 ਭਾਵੇਂ ਕਿ ਯਹੋਵਾਹ ਨੂੰ ਯਹੂਦਾਹ ਦੇ ਚਾਲ-ਚਲਣ ਤੋਂ ਬਹੁਤ ਘਿਣ ਆਉਂਦੀ ਸੀ, ਉਹ ਦਿਲੋਂ ਚਾਹੁੰਦਾ ਸੀ ਕਿ ਲੋਕ ਤੋਬਾ ਕਰਨ ਅਤੇ ਉਸ ਦੀ ਤਾੜਨਾ ਤੋਂ ਸਬਕ ਸਿੱਖਣ। ਇਸ ਲਈ ਉਸ ਨੇ ਯਸਾਯਾਹ ਨੂੰ ਹੁਕਮ ਦਿੱਤਾ: “ਸੰਘ ਅੱਡ ਕੇ ਪੁਕਾਰ, ਸਰਫਾ ਨਾ ਕਰ, ਤੁਰ੍ਹੀ ਵਾਂਙੁ ਆਪਣੀ ਅਵਾਜ਼ ਉੱਚੀ ਕਰ! ਮੇਰੀ ਪਰਜਾ ਲਈ ਓਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਲਈ ਓਹਨਾਂ ਦੇ ਪਾਪ ਦੱਸ!” (ਯਸਾਯਾਹ 58:1) ਯਸਾਯਾਹ ਨੇ ਯਹੋਵਾਹ ਦਾ ਸੁਨੇਹਾ ਦਲੇਰੀ ਨਾਲ ਦੱਸਿਆ ਸੀ, ਇਸ ਕਰਕੇ ਲੋਕਾਂ ਨੇ ਉਸ ਨੂੰ ਸ਼ਾਇਦ ਬੁਰਾ ਸਮਝਿਆ ਹੋਵੇ, ਪਰ ਉਹ ਪਿੱਛੇ ਨਹੀਂ ਹਟਿਆ ਸੀ। ਉਸ ਨੇ ਪਹਿਲਾਂ ਕਿਹਾ ਸੀ ਕਿ “ਮੈਂ ਹਾਜ਼ਰ ਹਾਂ, ਮੈਨੂੰ ਘੱਲੋ” ਅਤੇ ਉਹ ਯਹੋਵਾਹ ਦੀ ਸੇਵਾ ਅਜੇ ਵੀ ਜੋਸ਼ ਨਾਲ ਕਰ ਰਿਹਾ ਸੀ। (ਯਸਾਯਾਹ 6:8) ਯਸਾਯਾਹ ਨੇ ਦ੍ਰਿੜ੍ਹ ਰਹਿਣ ਅਤੇ ਧੀਰਜ ਰੱਖਣ ਵਿਚ ਅੱਜ ਯਹੋਵਾਹ ਦੇ ਗਵਾਹਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ, ਕਿਉਂਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦਾ ਅਤੇ ਮਜ਼ਹਬੀ ਪਖੰਡ ਦਾ ਭੇਤ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ।​—ਜ਼ਬੂਰ 118:6; 2 ਤਿਮੋਥਿਉਸ 4:1-5.

3, 4. (ੳ) ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਨੇ ਕਿਹੜਾ ਦਿਖਾਵਾ ਕੀਤਾ ਸੀ? (ਅ) ਯਹੂਦਾਹ ਦੀ ਅਸਲੀ ਹਾਲਤ ਕੀ ਸੀ?

3 ਯਸਾਯਾਹ ਦੇ ਜ਼ਮਾਨੇ ਵਿਚ ਲੋਕਾਂ ਨੇ ਯਹੋਵਾਹ ਨੂੰ ਭਾਲਣ ਅਤੇ ਉਸ ਦੇ ਧਰਮੀ ਨਿਆਉਂ ਤੋਂ ਖ਼ੁਸ਼ ਹੋਣ ਦਾ ਦਿਖਾਵਾ ਕੀਤਾ ਸੀ। ਅਸੀਂ ਯਹੋਵਾਹ ਦੇ ਸ਼ਬਦ ਪੜ੍ਹਦੇ ਹਾਂ: “ਓਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਸਿਆਨਣ ਵਿੱਚ ਖੁਸ਼ ਹੁੰਦੇ ਹਨ, ਇੱਕ ਕੌਮ ਵਾਂਙੁ ਜਿਹ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮ-ਨਾਮੇ ਨੂੰ ਨਹੀਂ ਤਿਆਗਿਆ, ਓਹ ਧਰਮ ਦੇ ਨਿਆਉਂ ਮੈਥੋਂ ਪੁੱਛਦੇ ਹਨ, ਓਹ ਪਰਮੇਸ਼ੁਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ।” (ਯਸਾਯਾਹ 58:2) ਕੀ ਉਹ ਯਹੋਵਾਹ ਦੇ ਰਾਹਾਂ ਤੋਂ ਸੱਚ-ਮੁੱਚ ਖ਼ੁਸ਼ ਸਨ? ਜੀ ਨਹੀਂ। ਭਾਵੇਂ ‘ਕੌਮ ਧਰਮੀ’ ਜਾਪਦੀ ਸੀ ਇਹ ਸਿਰਫ਼ ਇਕ ਦਿਖਾਵਾ ਸੀ। ਦਰਅਸਲ ਇਸ ਕੌਮ ਨੇ ‘ਆਪਣੇ ਪਰਮੇਸ਼ੁਰ ਦੇ ਹੁਕਮ-ਨਾਮੇ ਨੂੰ ਤਿਆਗਿਆ’ ਸੀ।

4 ਯਹੂਦਾਹ ਦੀ ਹਾਲਤ ਉਸ ਵਰਗੀ ਸੀ ਜਿਸ ਬਾਰੇ ਬਾਅਦ ਵਿਚ ਹਿਜ਼ਕੀਏਲ ਨਬੀ ਨੂੰ ਦੱਸਿਆ ਗਿਆ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ ਸੀ ਕਿ ਯਹੂਦੀ ਇਕ ਦੂਜੇ ਨੂੰ ਕਹਿ ਰਹੇ ਸਨ: “ਚੱਲੋ, ਉਹ ਵਾਕ ਸੁਣੀਏ ਜੋ ਯਹੋਵਾਹ ਵੱਲੋਂ ਆਉਂਦਾ ਹੈ।” ਪਰ ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਉਨ੍ਹਾਂ ਦੇ ਪਖੰਡ ਬਾਰੇ ਚੇਤਾਵਨੀ ਦਿੱਤੀ: “ਲੋਕ ਆਉਂਦੇ ਹਨ . . . ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਨ੍ਹਾਂ ਤੇ ਤੁਰਦੇ ਨਹੀਂ ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ ਪਰ ਉਨ੍ਹਾਂ ਦਾ ਮਨ ਲੋਭ ਵੱਲ ਭਜਦਾ ਹੈ। ਅਤੇ ਵੇਖ, ਤੂੰ ਉਨ੍ਹਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਨ੍ਹਾਂ ਤੇ ਤੁਰਦੇ ਨਹੀਂ।” (ਹਿਜ਼ਕੀਏਲ 33:30-32) ਯਸਾਯਾਹ ਦੇ ਜ਼ਮਾਨੇ ਦੇ ਲੋਕ ਵੀ ਯਹੋਵਾਹ ਨੂੰ ਭਾਲਣ ਦਾ ਦਾਅਵਾ ਕਰਦੇ ਸਨ, ਪਰ ਉਹ ਉਸ ਦੀ ਆਗਿਆ ਨਹੀਂ ਮੰਨਦੇ ਸਨ।

ਵਰਤ ਰੱਖਣ ਦਾ ਦਿਖਾਵਾ

5. ਯਹੂਦੀ ਲੋਕਾਂ ਨੇ ਪਰਮੇਸ਼ੁਰ ਦੀ ਬਰਕਤ ਪਾਉਣ ਲਈ ਕੀ ਕੀਤਾ ਸੀ, ਅਤੇ ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਸੀ?

5 ਪਰਮੇਸ਼ੁਰ ਦੀ ਬਰਕਤ ਪਾਉਣ ਲਈ ਯਹੂਦੀ ਲੋਕਾਂ ਨੇ ਵਰਤ ਰੱਖਣ ਦਾ ਦਿਖਾਵਾ ਕੀਤਾ, ਪਰ ਇਸ ਝੂਠੀ ਧਾਰਮਿਕਤਾ ਨੇ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਹੀ ਕੀਤਾ ਸੀ। ਹੈਰਾਨ ਹੋ ਕੇ ਉਨ੍ਹਾਂ ਨੇ ਪੁੱਛਿਆ: “ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ? ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ?” ਯਹੋਵਾਹ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ। ਵੇਖੋ, ਤੁਸੀਂ ਝਗੜੇ ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਅੱਜ ਜਿਹੇ ਵਰਤ ਰੱਖਣ ਨਾਲ, ਤੁਸੀਂ ਆਪਣੀ ਅਵਾਜ਼ ਉੱਚਿਆਈ ਤੋਂ ਨਹੀਂ ਸੁਣਾਓਗੇ। ਭਲਾ, ਏਹ ਇਹੋ ਜਿਹਾ ਵਰਤ ਹੈ ਜਿਹ ਨੂੰ ਮੈਂ ਚੁਣਾਂ, ਇੱਕ ਦਿਨ ਜਿਹ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁਖ ਦੇਵੇ? ਭਲਾ, ਉਹ ਕਾਨੇ ਵਾਂਙੁ ਆਪਣਾ ਸਿਰ ਝੁਕਾਵੇ, ਅਤੇ ਤੱਪੜ ਅਤੇ ਸੁਆਹ ਵਿਛਾਵੇ? ਭਲਾ, ਤੂੰ ਇਹ ਨੂੰ ਵਰਤ ਆਖੇਂਗਾ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?”​—ਯਸਾਯਾਹ 58:3-5.

6. ਯਹੂਦੀ ਲੋਕਾਂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਵਰਤ ਰੱਖਣ ਦਾ ਦਿਖਾਵਾ ਹੀ ਕਰ ਰਹੇ ਸਨ?

6 ਭਾਵੇਂ ਕਿ ਲੋਕ ਵਰਤ ਰੱਖਦੇ, ਧਾਰਮਿਕਤਾ ਦਾ ਦਿਖਾਵਾ ਕਰਦੇ, ਅਤੇ ਯਹੋਵਾਹ ਤੋਂ ਉਸ ਦੇ ਧਰਮੀ ਨਿਆਉਂ ਬਾਰੇ ਪੁੱਛਦੇ ਸਨ, ਉਨ੍ਹਾਂ ਨੂੰ ਆਪਣੀ ਹੀ ਖ਼ੁਸ਼ੀ ਦੀ ਪਈ ਰਹਿੰਦੀ ਸੀ ਅਤੇ ਉਹ ਆਪਣੇ ਹੀ ਕੰਮ-ਧੰਦਿਆਂ ਵਿਚ ਲੱਗੇ ਰਹਿੰਦੇ ਸਨ। ਉਹ ਲੜਾਈ-ਝਗੜੇ, ਜ਼ੁਲਮ, ਅਤੇ ਹਿੰਸਾ ਵਿਚ ਲੱਗੇ ਹੋਏ ਸਨ। ਆਪਣੇ ਬੁਰੇ ਚਾਲ-ਚਲਣ ਉੱਤੇ ਪਰਦਾ ਪਾਉਣ ਲਈ ਉਹ ਇਕ ਕਾਨੇ ਵਾਂਗ ਆਪਣਾ ਸਿਰ ਝੁਕਾਉਂਦੇ ਸਨ ਅਤੇ ਤੱਪੜ ਪਹਿਨ ਕੇ ਸੁਆਹ ਵਿਚ ਬੈਠਦੇ ਸਨ। ਇਸ ਤਰ੍ਹਾਂ ਦਾ ਸੋਗ ਕਰ ਕੇ ਉਹ ਆਪਣੇ ਪਾਪਾਂ ਤੋਂ ਪਛਤਾਵਾ ਕਰਨ ਦਾ ਦਿਖਾਵਾ ਕਰ ਰਹੇ ਸਨ। ਪਰ ਬੁਰੇ ਕੰਮਾਂ ਵਿਚ ਲੱਗੇ ਰਹਿਣ ਕਰਕੇ ਇਸ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਨੇ ਵਰਤ ਰੱਖਣ ਦੇ ਨਾਲ-ਨਾਲ ਦਿਲੋਂ ਸੋਗ ਅਤੇ ਤੋਬਾ ਨਹੀਂ ਕੀਤੀ ਸੀ। ਭਾਵੇਂ ਉਹ ਉੱਚੀ ਆਵਾਜ਼ ਵਿਚ ਰੋ ਰਹੇ ਸਨ, ਯਹੋਵਾਹ ਨੇ ਉਨ੍ਹਾਂ ਦੀ ਨਹੀਂ ਸੁਣੀ ਸੀ।

7. ਯਿਸੂ ਦੇ ਜ਼ਮਾਨੇ ਦੇ ਯਹੂਦੀ ਲੋਕ ਪਖੰਡੀ ਕਿਵੇਂ ਸਨ, ਅਤੇ ਅੱਜ ਵੀ ਲੋਕ ਪਖੰਡੀ ਕਿਵੇਂ ਹਨ?

7 ਯਿਸੂ ਦੇ ਜ਼ਮਾਨੇ ਵਿਚ ਵੀ ਯਹੂਦੀ ਲੋਕਾਂ ਨੇ ਵਰਤ ਰੱਖਣ ਦਾ ਦਿਖਾਵਾ ਕੀਤਾ ਸੀ, ਅਤੇ ਕੁਝ ਲੋਕ ਤਾਂ ਹਫ਼ਤੇ ਵਿਚ ਦੋ ਵਾਰ ਵਰਤ ਰੱਖਦੇ ਸਨ! (ਮੱਤੀ 6:16-18; ਲੂਕਾ 18:11, 12) ਬਹੁਤ ਸਾਰੇ ਧਾਰਮਿਕ ਆਗੂ ਨਿਰਦਈ ਅਤੇ ਜ਼ੁਲਮੀ ਸਨ ਅਤੇ ਉਨ੍ਹਾਂ ਨੇ ਯਸਾਯਾਹ ਦੀ ਪੀੜ੍ਹੀ ਦੀ ਰੀਸ ਕੀਤੀ। ਇਸ ਲਈ ਯਿਸੂ ਨੇ ਦਲੇਰੀ ਨਾਲ ਉਨ੍ਹਾਂ ਨੂੰ ਇਹ ਦੱਸ ਕੇ ਕਿ ਉਨ੍ਹਾਂ ਦੀ ਭਗਤੀ ਵਿਅਰਥ ਸੀ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਿਆ। (ਮੱਤੀ 15:7-9) ਅੱਜ ਵੀ ਲੱਖਾਂ ਹੀ ਲੋਕ “ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਓਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ।” (ਤੀਤੁਸ 1:16) ਅਜਿਹੇ ਲੋਕ ਸ਼ਾਇਦ ਪਰਮੇਸ਼ੁਰ ਦੀ ਦਇਆ ਦੀ ਉਮੀਦ ਰੱਖਣ ਪਰ ਉਨ੍ਹਾਂ ਦੀਆਂ ਕਰਤੂਤਾਂ ਤੋਂ ਉਨ੍ਹਾਂ ਦਾ ਪਖੰਡ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ। ਇਸ ਦੇ ਉਲਟ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੀ ਸੱਚੀ ਭਗਤੀ ਕਰਦੇ ਹਨ ਅਤੇ ਇਕ ਦੂਜੇ ਨਾਲ ਸੱਚਾ ਪ੍ਰੇਮ ਕਰਦੇ ਹਨ।​—ਯੂਹੰਨਾ 13:35.

ਸੱਚੀ ਤੋਬਾ ਦਾ ਅਰਥ

8, 9. ਸੱਚੀ ਤੋਬਾ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੇ ਲੋਕਾਂ ਲਈ ਹੋਰ ਕਿਹੜੇ ਕੰਮ ਕਰਨੇ ਜ਼ਰੂਰੀ ਸਨ?

8 ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਆਪਣੇ ਪਾਪਾਂ ਲਈ ਸਿਰਫ਼ ਵਰਤ ਹੀ ਨਾ ਰੱਖਣ ਪਰ ਤੋਬਾ ਕਰ ਕੇ ਉਸ ਦੀ ਮਨਜ਼ੂਰੀ ਹਾਸਲ ਕਰਨ। (ਹਿਜ਼ਕੀਏਲ 18:23, 32) ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਕ ਵਿਅਕਤੀ ਨੂੰ ਵਰਤ ਰੱਖਣ ਦਾ ਫ਼ਾਇਦਾ ਸਿਰਫ਼ ਉਦੋਂ ਹੁੰਦਾ ਹੈ ਜਦੋਂ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ ਜੋ ਯਹੋਵਾਹ ਨੇ ਉਨ੍ਹਾਂ ਨੂੰ ਪੁੱਛੇ ਸਨ: “ਜਿਹੜਾ ਵਰਤ ਮੈਂ ਚੁਣਿਆ ਕੀ ਏਹ ਨਹੀਂ ਹੈ, ਭਈ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਜੂਲੇ ਦੇ ਬੰਦਾਂ ਨੂੰ ਤੋੜੋ? ਦਬੈਲਾਂ ਨੂੰ ਛੁਡਾਓ ਅਰ ਹਰ ਜੂਲੇ ਨੂੰ ਭੰਨ ਸੁੱਟੋ?”​—ਯਸਾਯਾਹ 58:6.

9 ਬੰਧਨ ਅਤੇ ਜੂਲਾ ਗ਼ੁਲਾਮੀ ਦੇ ਨਿਸ਼ਾਨ ਸਨ। ਤਾਂ ਫਿਰ ਵਰਤ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਭਰਾਵਾਂ ਉੱਤੇ ਜ਼ੁਲਮ ਕਰਨ ਦੀ ਬਜਾਇ ਇਹ ਹੁਕਮ ਮੰਨਣਾ ਚਾਹੀਦਾ ਸੀ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18) ਉਨ੍ਹਾਂ ਨੂੰ ਆਪਣੇ ਭਰਾਵਾਂ ਨੂੰ ਆਜ਼ਾਦ ਕਰਨਾ ਚਾਹੀਦਾ ਸੀ ਜਿਨ੍ਹਾਂ ਉੱਤੇ ਉਨ੍ਹਾਂ ਨੇ ਜ਼ੁਲਮ ਕਰ ਕੇ ਉਨ੍ਹਾਂ ਨੂੰ ਗ਼ੁਲਾਮੀ ਵਿਚ ਰੱਖਿਆ ਸੀ। * ਵਰਤ ਰੱਖਣ ਵਰਗੇ ਧਰਮੀ ਕੰਮਾਂ ਦੇ ਦਿਖਾਵੇ ਸੱਚੀ ਭਗਤੀ ਅਤੇ ਆਪਣੇ ਭਰਾਵਾਂ ਲਈ ਪ੍ਰੇਮ ਦੀ ਜਗ੍ਹਾ ਨਹੀਂ ਲੈ ਸਕਦੇ ਸਨ। ਯਸਾਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਮੀਕਾਹ ਨਬੀ ਨੇ ਲਿਖਿਆ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”​—ਮੀਕਾਹ 6:8.

10, 11. (ੳ) ਯਹੂਦੀ ਲੋਕਾਂ ਲਈ ਵਰਤ ਰੱਖਣ ਨਾਲੋਂ ਕੀ ਕਰਨਾ ਬਿਹਤਰ ਸੀ? (ਅ) ਅੱਜ ਅਸੀਂ ਯਹੂਦੀਆਂ ਨੂੰ ਦਿੱਤੀ ਗਈ ਯਹੋਵਾਹ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

10 ਇਨਸਾਫ਼, ਦਿਆਲਗੀ, ਅਤੇ ਨਿਮਰਤਾ ਨਾਲ ਚੱਲਣ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਕਰੀਏ ਅਤੇ ਇਹ ਯਹੋਵਾਹ ਦੀ ਬਿਵਸਥਾ ਦਾ ਸਾਰ ਸੀ। (ਮੱਤੀ 7:12) ਵਰਤ ਰੱਖਣ ਨਾਲੋਂ ਗ਼ਰੀਬਾਂ ਨੂੰ ਕੁਝ ਦੇਣਾ ਬਿਹਤਰ ਸੀ। ਯਹੋਵਾਹ ਨੇ ਪੁੱਛਿਆ: [ਜਿਹੜਾ ਵਰਤ ਮੈਂ ਚੁਣਿਆ] ਕੀ ਏਹ ਨਹੀਂ ਭਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ ਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?” (ਯਸਾਯਾਹ 58:7) ਜੀ ਹਾਂ, ਜਿਨ੍ਹਾਂ ਕੋਲ ਕੁਝ ਹੋਵੇ ਉਨ੍ਹਾਂ ਨੂੰ ਵਰਤ ਰੱਖਣ ਦਾ ਦਿਖਾਵਾ ਕਰਨ ਦੀ ਬਜਾਇ ਯਹੂਦਾਹ ਦੇ ਲੋੜਵੰਦ ਵਾਸੀਆਂ ਨੂੰ, ਯਾਨੀ ਆਪਣੇ ਭਰਾਵਾਂ ਨੂੰ ਰੋਟੀ, ਕੱਪੜਾ, ਜਾਂ ਰਹਿਣ ਲਈ ਜਗ੍ਹਾ ਦੇਣੀ ਚਾਹੀਦੀ ਸੀ।

11 ਭਰਾਵਾਂ ਨਾਲ ਪ੍ਰੇਮ ਅਤੇ ਦਇਆ ਕਰਨ ਬਾਰੇ ਯਹੋਵਾਹ ਦੇ ਸਿਧਾਂਤ ਕਿੰਨੇ ਵਧੀਆ ਹਨ! ਇਹ ਸਿਰਫ਼ ਯਸਾਯਾਹ ਦੇ ਜ਼ਮਾਨੇ ਦੇ ਯਹੂਦੀਆਂ ਉੱਤੇ ਹੀ ਨਹੀਂ ਲਾਗੂ ਹੋਏ, ਪਰ ਅੱਜ ਮਸੀਹੀਆਂ ਉੱਤੇ ਵੀ ਲਾਗੂ ਹੁੰਦੇ ਹਨ। ਇਸ ਲਈ ਪੌਲੁਸ ਰਸੂਲ ਨੇ ਲਿਖਿਆ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਇਨ੍ਹਾਂ ਭੈੜੇ ਸਮਿਆਂ ਦੌਰਾਨ ਮਸੀਹੀ ਕਲੀਸਿਯਾ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਭੈਣ-ਭਰਾ ਇਕ ਦੂਜੇ ਨਾਲ ਪ੍ਰੇਮ ਕਰਦੇ ਹਨ।​—2 ਤਿਮੋਥਿਉਸ 3:1; ਯਾਕੂਬ 1:27.

ਆਗਿਆਕਾਰੀ ਦੀਆਂ ਬਹੁਤ ਸਾਰੀਆਂ ਬਰਕਤਾਂ

12. ਜੇ ਯਹੋਵਾਹ ਦੇ ਲੋਕ ਉਸ ਦੀ ਸੁਣਦੇ, ਤਾਂ ਉਸ ਨੇ ਉਨ੍ਹਾਂ ਲਈ ਕੀ-ਕੀ ਕਰਨਾ ਸੀ?

12 ਕਾਸ਼ ਕਿ ਯਹੋਵਾਹ ਦੇ ਲੋਕ ਉਸ ਦੀ ਪਿਆਰ ਭਰੀ ਤਾੜਨਾ ਸਵੀਕਾਰ ਕਰਦੇ! ਯਹੋਵਾਹ ਨੇ ਕਿਹਾ: “ਫੇਰ ਤੇਰਾ ਚਾਨਣ ਫ਼ਜਰ ਵਾਂਙੁ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਉੱਘੜ ਪਵੇਗੀ। ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ। ਤਦ ਤੂੰ ਪੁਕਾਰੇਂਗਾ ਅਤੇ ਯਹੋਵਾਹ ਉੱਤਰ ਦੇਵੇਗਾ, ਤਦ ਤੂੰ ਦੁਹਾਈ ਦੇਵੇਂਗਾ ਅਤੇ ਉਹ ਆਖੇਗਾ, ਮੈਂ ਹੈਗਾ।” (ਯਸਾਯਾਹ 58:8, 9ੳ) ਇਹ ਸ਼ਬਦ ਕਿੰਨੇ ਪਿਆਰ-ਭਰੇ ਹਨ! ਯਹੋਵਾਹ ਆਪਣੀ ਦਿਆਲਗੀ ਅਤੇ ਧਾਰਮਿਕਤਾ ਪਸੰਦ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਜੇ ਯਹੋਵਾਹ ਦੇ ਲੋਕ ਜ਼ੁਲਮ ਅਤੇ ਪਖੰਡ ਕਰਨ ਤੋਂ ਹਟਦੇ ਅਤੇ ਤੋਬਾ ਕਰਦੇ ਅਤੇ ਉਸ ਦੀ ਸੁਣਦੇ, ਤਾਂ ਉਨ੍ਹਾਂ ਦਾ ਭਵਿੱਖ ਚੰਗਾ ਹੋ ਸਕਦਾ ਸੀ। ਫਿਰ ਯਹੋਵਾਹ ਨੇ ਆਪਣੀ ਪਰਜਾ ਨੂੰ ਰੂਹਾਨੀ ਅਤੇ ਸਰੀਰਕ “ਤੰਦਰੁਸਤੀ” ਬਖ਼ਸ਼ਣੀ ਸੀ। ਉਸ ਨੇ ਉਨ੍ਹਾਂ ਦੀ ਰਾਖੀ ਕਰਨੀ ਸੀ, ਜਿੱਦਾਂ ਉਸ ਨੇ ਮਿਸਰ ਛੱਡਣ ਵੇਲੇ ਉਨ੍ਹਾਂ ਦੇ ਪਿਉ-ਦਾਦਿਆਂ ਦੀ ਰਾਖੀ ਕੀਤੀ ਸੀ। ਅਤੇ ਉਸ ਨੇ ਉਨ੍ਹਾਂ ਦੀ ਦੁਹਾਈ ਜ਼ਰੂਰ ਸੁਣਨੀ ਸੀ।​—ਕੂਚ 14:19, 20, 31.

13. ਯਹੂਦੀਆਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਸਨ ਜੇ ਉਨ੍ਹਾਂ ਨੇ ਯਹੋਵਾਹ ਦਾ ਉਪਦੇਸ਼ ਮੰਨਿਆ ਹੁੰਦਾ?

13 ਯਹੋਵਾਹ ਨੇ ਅੱਗੇ ਹੋਰ ਉਪਦੇਸ਼ ਦਿੱਤਾ: “ਜੇ ਤੂੰ ਆਪਣੇ ਵਿਚਕਾਰੋਂ [ਜ਼ੁਲਮੀ ਅਤੇ ਨਾਜਾਇਜ਼] ਜੂਲਾ ਦੂਰ ਕਰੇਂ, ਨਾਲੇ [ਘਿਰਣਾ ਦਿਖਾਉਣ ਜਾਂ ਝੂਠਾ ਇਲਜ਼ਾਮ ਲਾਉਣ ਲਈ] ਉਂਗਲ ਦੀ ਸੈਨਤ ਅਤੇ ਦੁਰਬਚਨ ਨੂੰ, ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਹਲੇਂ, ਅਤੇ ਮਸਕੀਨ ਦੀ ਜਾਨ ਨੂੰ ਰਜਾਵੇਂ, ਤਾਂ ਤੇਰਾ ਚਾਨਣ ਅੰਨ੍ਹੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਅਨ੍ਹੇਰ ਦੁਪਹਿਰ ਵਾਂਙੁ ਹੋਵੇਗਾ।” (ਯਸਾਯਾਹ 58:9ਅ, 10) ਖ਼ੁਦਗਰਜ਼ੀ ਅਤੇ ਜ਼ੁਲਮ ਵਿਅਰਥ ਹਨ ਅਤੇ ਇਨ੍ਹਾਂ ਕਰਕੇ ਯਹੋਵਾਹ ਦਾ ਗੁੱਸਾ ਭੜਕਦਾ ਹੈ। ਪਰ ਜਦੋਂ ਅਸੀਂ ਲੋਕਾਂ ਦਾ ਭਲਾ ਕਰਦੇ ਹਾਂ, ਖ਼ਾਸ ਕਰਕੇ ਭੁੱਖੇ ਅਤੇ ਦੁਖੀ ਲੋਕਾਂ ਦਾ, ਤਾਂ ਸਾਨੂੰ ਯਹੋਵਾਹ ਦੀ ਬਰਕਤ ਮਿਲਦੀ ਹੈ। ਕਾਸ਼ ਕਿ ਯਹੂਦੀ ਲੋਕ ਇਨ੍ਹਾਂ ਗੱਲਾਂ ਉੱਤੇ ਚੱਲਦੇ! ਫਿਰ ਉਨ੍ਹਾਂ ਦਾ ਰੂਹਾਨੀ ਚਾਨਣ ਅਤੇ ਖ਼ੁਸ਼ਹਾਲਤ ਸਿਖਰ ਦੁਪਹਿਰ ਵਾਂਗ ਪ੍ਰਕਾਸ਼ ਹੋਣੀ ਸੀ ਅਤੇ ਕੋਈ ਹਨੇਰਾ ਨਹੀਂ ਰਹਿਣਾ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਬਰਕਤਾਂ ਮਿਲਣੀਆਂ ਸਨ।​—1 ਰਾਜਿਆਂ 8:41-43.

ਕੌਮ ਵਾਪਸ ਮੁੜੀ

14. (ੳ) ਕੀ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਨੇ ਉਸ ਦੀ ਗੱਲ ਸੁਣੀ ਸੀ? (ਅ) ਯਹੋਵਾਹ ਨੇ ਲੋਕਾਂ ਨੂੰ ਕਿਹੜੀ ਉਮੀਦ ਦਿੱਤੀ ਸੀ?

14 ਅਫ਼ਸੋਸ ਦੀ ਗੱਲ ਹੈ ਕਿ ਯਹੂਦੀਆਂ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ ਸੀ ਅਤੇ ਉਹ ਹੋਰ ਵੀ ਬੁਰੇ ਕੰਮ ਕਰਨ ਲੱਗ ਪਏ ਸਨ। ਅਖ਼ੀਰ ਵਿਚ, ਯਹੋਵਾਹ ਨੂੰ ਆਪਣੀ ਚੇਤਾਵਨੀ ਅਨੁਸਾਰ ਉਨ੍ਹਾਂ ਨੂੰ ਗ਼ੁਲਾਮੀ ਵਿਚ ਭੇਜਣਾ ਪਿਆ ਸੀ। (ਬਿਵਸਥਾ ਸਾਰ 28:15, 36, 37, 64, 65) ਫਿਰ ਵੀ ਯਸਾਯਾਹ ਰਾਹੀਂ ਯਹੋਵਾਹ ਦੇ ਅਗਲਿਆਂ ਸ਼ਬਦਾਂ ਨੇ ਉਨ੍ਹਾਂ ਨੂੰ ਉਮੀਦ ਦਿੱਤੀ। ਯਹੋਵਾਹ ਨੇ ਭਵਿੱਖਬਾਣੀ ਵਿਚ ਕਿਹਾ ਸੀ ਕਿ ਭਾਵੇਂ ਦੇਸ਼ ਵਿਰਾਨ ਪਿਆ ਹੋਵੇਗਾ ਇਕ ਸੁਧਰਿਆ ਹੋਇਆ ਬਕੀਆ ਯਹੂਦਾਹ ਨੂੰ ਖ਼ੁਸ਼ੀ-ਖ਼ੁਸ਼ੀ ਮੁੜੇਗਾ।

15. ਯਹੋਵਾਹ ਨੇ ਕਿਹੋ ਜਿਹੀ ਵਾਪਸੀ ਬਾਰੇ ਭਵਿੱਖਬਾਣੀ ਕੀਤੀ ਸੀ?

15 ਸੰਨ 537 ਸਾ.ਯੁ.ਪੂ. ਵਿਚ ਆਪਣੇ ਲੋਕਾਂ ਦੀ ਵਾਪਸੀ ਬਾਰੇ ਦੱਸਦੇ ਹੋਏ ਯਹੋਵਾਹ ਨੇ ਯਸਾਯਾਹ ਰਾਹੀਂ ਕਿਹਾ: “ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ।” (ਯਸਾਯਾਹ 58:11) ਯਹੋਵਾਹ ਨੇ ਇਸਰਾਏਲ ਦੀ ਝੁਲਸੀ ਜ਼ਮੀਨ ਨੂੰ ਦੁਬਾਰਾ ਹਰੀ-ਭਰੀ ਕਰਨਾ ਸੀ। ਇਸ ਤੋਂ ਵੀ ਵਧੀਆ ਗੱਲ ਇਹ ਸੀ ਕਿ ਉਸ ਨੇ ਆਪਣੇ ਸੁਧਰੇ ਹੋਏ ਲੋਕਾਂ ਨੂੰ ਬਰਕਤ ਦੇ ਕੇ ਉਨ੍ਹਾਂ ਦੀਆਂ “ਹੱਡੀਆਂ” ਵੀ ਮਜ਼ਬੂਤ ਕਰਨੀਆਂ ਸਨ, ਯਾਨੀ ਉਨ੍ਹਾਂ ਲੋਕਾਂ ਨੂੰ ਪੂਰੀ ਸ਼ਕਤੀ ਬਖ਼ਸ਼ਣੀ ਸੀ ਜੋ ਰੂਹਾਨੀ ਤੌਰ ਤੇ ਬੇਜਾਨ ਸਨ। (ਹਿਜ਼ਕੀਏਲ 37:1-14) ਲੋਕਾਂ ਨੇ ਇਕ “ਸਿੰਜੇ ਹੋਏ ਬਾਗ” ਵਰਗੇ ਹੋਣਾ ਸੀ ਅਤੇ ਰੂਹਾਨੀ ਫਲ ਪੈਦਾ ਕਰਨਾ ਸੀ।

16. ਦੇਸ਼ ਦੁਬਾਰਾ ਉਸਾਰਿਆ ਕਿਵੇਂ ਜਾਣਾ ਸੀ?

16 ਇਸ ਭਵਿੱਖਬਾਣੀ ਵਿਚ ਉਨ੍ਹਾਂ ਸ਼ਹਿਰਾਂ ਨੂੰ ਵੀ ਮੁੜ ਕੇ ਬਣਾਇਆ ਜਾਣਾ ਸੀ ਜੋ 607 ਸਾ.ਯੁ.ਪੂ. ਵਿਚ ਬਾਬਲੀ ਫ਼ੌਜਾਂ ਦੇ ਹੱਥੀਂ ਤਬਾਹ ਕੀਤੇ ਗਏ ਸਨ। “ਤੇਰੇ ਵਿੱਚੋਂ ਦੇ ਪਰਾਚੀਨ ਥੇਹਾਂ ਨੂੰ ਉਸਾਰਨਗੇ, ਤੂੰ ਬਹੁਤੀਆਂ ਪੀੜ੍ਹੀਆਂ ਦੀਆਂ ਨੀਹਾਂ ਉਠਾਵੇਂਗਾ, ਅਤੇ ਤੂੰ ‘ਤੇੜ ਦਾ ਮਰੰਮਤ ਕਰਨ ਵਾਲਾ,’ ‘ਵਸੇਬਿਆਂ ਦੇ ਰਾਹਾਂ ਦਾ ਸੁਧਾਰਕ’ ਅਖਵਾਏਂਗਾ।” (ਯਸਾਯਾਹ 58:12) “ਪਰਾਚੀਨ ਥੇਹਾਂ” ਅਤੇ “ਬਹੁਤੀਆਂ ਪੀੜ੍ਹੀਆਂ ਦੀਆਂ ਨੀਹਾਂ” ਦਾ ਮਤਲਬ ਹੈ ਕਿ ਇਹ ਨੀਂਹਾਂ ਕਈਆਂ ਪੀੜ੍ਹੀਆਂ ਤੋਂ ਟੁੱਟੀਆਂ-ਫੁੱਟੀਆਂ ਪਈਆਂ ਸਨ। ਇਹ ਸ਼ਬਦ ਦਿਖਾਉਂਦੇ ਹਨ ਕਿ ਮੁੜ ਆਏ ਬਕੀਏ ਨੇ ਯਹੂਦਾਹ ਦੇ ਕਈਆਂ ਸ਼ਹਿਰਾਂ ਨੂੰ ਖ਼ਾਸ ਕਰਕੇ ਯਰੂਸ਼ਲਮ ਨੂੰ ਦੁਬਾਰਾ ਉਸਾਰਨਾ ਸੀ। (ਨਹਮਯਾਹ 2:5; 12:27; ਯਸਾਯਾਹ 44:28) ਉਨ੍ਹਾਂ ਨੇ ਯਰੂਸ਼ਲਮ ਅਤੇ ਹੋਰ ਸ਼ਹਿਰਾਂ ਦੀਆਂ ਕੰਧਾਂ ਦੀਆਂ ‘ਤੇੜਾਂ’ ਦੀ ਮੁਰੰਮਤ ਕਰਨੀ ਸੀ।​—ਯਿਰਮਿਯਾਹ 31:38-40; ਆਮੋਸ 9:14.

ਵਫ਼ਾਦਾਰੀ ਨਾਲ ਸਬਤ ਰੱਖਣ ਤੋਂ ਬਰਕਤਾਂ

17. ਯਹੋਵਾਹ ਨੇ ਸਬਤ ਰੱਖਣ ਲਈ ਆਪਣੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਸੀ?

17 ਸਬਤ ਪਰਮੇਸ਼ੁਰ ਦੀ ਭਲਾਈ ਦਾ ਪ੍ਰਗਟਾਵਾ ਸੀ ਕਿ ਉਹ ਆਪਣੇ ਲੋਕਾਂ ਦੀ ਸਰੀਰਕ ਅਤੇ ਰੂਹਾਨੀ ਤੌਰ ਤੇ ਪਰਵਾਹ ਕਰਦਾ ਸੀ। ਇਸ ਬਾਰੇ ਯਿਸੂ ਨੇ ਕਿਹਾ ਸੀ: “ਸਬਤ ਦਾ ਦਿਨ ਮਨੁੱਖ ਦੀ ਖ਼ਾਤਰ ਬਣਿਆ ਹੈ।” (ਮਰਕੁਸ 2:27) ਯਹੋਵਾਹ ਨੇ ਇਸ ਦਿਨ ਨੂੰ ਪਵਿੱਤਰ ਠਹਿਰਾਇਆ ਸੀ ਜਿਸ ਨੂੰ ਰੱਖ ਕੇ ਇਸਰਾਏਲੀ ਪਰਮੇਸ਼ੁਰ ਲਈ ਆਪਣਾ ਪ੍ਰੇਮ ਦਿਖਾ ਸਕਦੇ ਸਨ। ਅਫ਼ਸੋਸ ਦੀ ਗੱਲ ਹੈ ਕਿ ਯਸਾਯਾਹ ਦੇ ਜ਼ਮਾਨੇ ਤਕ ਇਹ ਦਿਨ ਸਿਰਫ਼ ਇਕ ਰਸਮ ਹੀ ਬਣ ਕੇ ਰਹਿ ਗਿਆ ਸੀ ਅਤੇ ਲੋਕ ਆਪਣੀ ਹੀ ਮਰਜ਼ੀ ਕਰਦੇ ਸਨ। ਇਸ ਲਈ ਯਹੋਵਾਹ ਨੂੰ ਫਿਰ ਤੋਂ ਆਪਣੇ ਲੋਕਾਂ ਨੂੰ ਤਾੜਨਾ ਦੇਣ ਦੀ ਲੋੜ ਪਈ ਸੀ। ਪਰ ਉਸ ਨੇ ਇਕ ਵਾਰ ਫਿਰ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: “ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤ੍ਰ ਦਿਨ ਵਿੱਚ ਆਪਣੀ ਭਾਉਣੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਨੂੰ ਉੱਤਮ, ਅਤੇ ਯਹੋਵਾਹ ਦਾ ਪਵਿੱਤ੍ਰ ਦਿਨ ਆਦਰਵੰਤ ਆਖੇਂ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਭਾਉਣੀ ਨੂੰ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ, ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ, ਕਿਉਂ ਜੋ ਏਹ ਯਹੋਵਾਹ ਦਾ ਮੁਖ ਵਾਕ ਹੈ।”​—ਯਸਾਯਾਹ 58:13, 14.

18. ਸਬਤ ਦਾ ਦਿਨ ਭ੍ਰਿਸ਼ਟ ਕਰਨ ਲਈ ਯਹੂਦੀਆਂ ਨਾਲ ਕੀ ਹੋਇਆ ਸੀ?

18 ਸਬਤ ਦਾ ਦਿਨ ਪਰਮੇਸ਼ੁਰ ਬਾਰੇ ਸੋਚਣ, ਪ੍ਰਾਰਥਨਾ ਕਰਨ, ਅਤੇ ਪਰਿਵਾਰਾਂ ਲਈ ਭਗਤੀ ਕਰਨ ਦਾ ਦਿਨ ਸੀ। ਇਸ ਦਿਨ ਯਹੂਦੀਆਂ ਨੂੰ ਯਹੋਵਾਹ ਦੇ ਵਧੀਆ ਕੰਮਾਂ ਉੱਤੇ ਵਿਚਾਰ ਕਰਨਾ ਚਾਹੀਦਾ ਸੀ ਜੋ ਉਸ ਨੇ ਉਨ੍ਹਾਂ ਦੀ ਖ਼ਾਤਰ ਕੀਤੇ ਸਨ ਅਤੇ ਉਸ ਦੀ ਬਿਵਸਥਾ ਵਿਚ ਇਨਸਾਫ਼ ਅਤੇ ਪਿਆਰ ਦੇ ਗੁਣਾਂ ਬਾਰੇ ਸੋਚਣਾ ਚਾਹੀਦਾ ਸੀ। ਇਸ ਤਰ੍ਹਾਂ ਇਹ ਪਵਿੱਤਰ ਦਿਨ ਮਨਾ ਕੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਦੇ ਹੋਰ ਵੀ ਨਜ਼ਦੀਕ ਹੋਣਾ ਚਾਹੀਦਾ ਸੀ। ਪਰ ਇਸ ਦੀ ਬਜਾਇ ਉਹ ਸਬਤ ਦਾ ਦਿਨ ਭ੍ਰਿਸ਼ਟ ਕਰ ਰਹੇ ਸਨ ਅਤੇ ਨਤੀਜੇ ਵਜੋਂ ਉਹ ਯਹੋਵਾਹ ਦੀ ਬਰਕਤ ਗੁਆ ਬੈਠੇ ਸਨ।​—ਲੇਵੀਆਂ 26:34; 2 ਇਤਹਾਸ 36:21.

19. ਜੇ ਪਰਮੇਸ਼ੁਰ ਦੇ ਲੋਕ ਦੁਬਾਰਾ ਸਬਤ ਮਨਾਉਣ ਲੱਗਦੇ ਤਾਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਸਨ?

19 ਫਿਰ ਵੀ ਜੇ ਯਹੂਦੀ ਤਾੜਨਾ ਸਵੀਕਾਰ ਕਰਕੇ ਸਬਤ ਮਨਾਉਣ ਲੱਗ ਪੈਂਦੇ, ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਸਕਦੀਆਂ ਸਨ। ਸੱਚੀ ਉਪਾਸਨਾ ਕਰਨ ਅਤੇ ਸਬਤ ਰੱਖਣ ਨਾਲ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਉੱਤੇ ਚੰਗਾ ਅਸਰ ਪੈ ਸਕਦਾ ਸੀ। (ਬਿਵਸਥਾ ਸਾਰ 28:1-13; ਜ਼ਬੂਰ 19:7-11) ਮਿਸਾਲ ਲਈ ਯਹੋਵਾਹ ਨੇ ਆਪਣੇ ਲੋਕਾਂ ਨੂੰ ‘ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਉਣ’ ਦਾ ਵਾਅਦਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਉਹ ਸੁਰੱਖਿਅਤ ਹੋ ਸਕਦੇ ਸਨ ਅਤੇ ਆਪਣੇ ਵੈਰੀਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਸਨ ਕਿਉਂਕਿ ਜੋ ਵੀ ਟਿੱਬਿਆਂ ਜਾਂ ਪਹਾੜਾਂ ਉੱਤੇ ਕਾਬੂ ਕਰ ਲੈਂਦਾ ਸੀ ਉਹ ਪੂਰਾ ਦੇਸ਼ ਵੀ ਕਾਬੂ ਕਰ ਸਕਦਾ ਸੀ। (ਬਿਵਸਥਾ ਸਾਰ 32:13; 33:29) ਇਕ ਸਮਾਂ ਸੀ ਜਦੋਂ ਇਸਰਾਏਲ ਯਹੋਵਾਹ ਦੇ ਆਗਿਆਕਾਰ ਸੀ ਅਤੇ ਯਹੋਵਾਹ ਦੀ ਸੁਰੱਖਿਆ ਦਾ ਹੱਥ ਉਸ ਉੱਤੇ ਸੀ ਅਤੇ ਦੂਸਰੀਆਂ ਕੌਮਾਂ ਉਸ ਦਾ ਆਦਰ ਕਰਦੀਆਂ ਸਨ ਅਤੇ ਉਸ ਤੋਂ ਡਰਦੀਆਂ ਵੀ ਸਨ। (ਯਹੋਸ਼ੁਆ 2:9-11; 1 ਰਾਜਿਆਂ 4:20, 21) ਜੇ ਉਹ ਲੋਕ ਫਿਰ ਤੋਂ ਯਹੋਵਾਹ ਦੇ ਆਗਿਆਕਾਰ ਹੁੰਦੇ ਤਾਂ ਉਨ੍ਹਾਂ ਨੂੰ ਕੁਝ ਹੱਦ ਤਕ ਪਹਿਲਾਂ ਵਰਗਾ ਆਦਰ ਮਿਲ ਸਕਦਾ ਸੀ। ਯਹੋਵਾਹ ਆਪਣੇ ਲੋਕਾਂ ਨੂੰ “ਯਾਕੂਬ ਦਾ ਵਿਰਸਾ” ਬਖ਼ਸ਼ ਸਕਦਾ ਸੀ, ਯਾਨੀ ਉਨ੍ਹਾਂ ਨੂੰ ਉਹ ਬਰਕਤਾਂ ਮਿਲ ਸਕਦੀਆਂ ਸਨ ਜਿਨ੍ਹਾਂ ਦਾ ਯਹੋਵਾਹ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਨੇਮ ਬੰਨ੍ਹ ਕੇ ਵਾਅਦਾ ਕੀਤਾ ਸੀ। ਅਤੇ ਉਹ ਫਿਰ ਤੋਂ ਵਾਅਦਾ ਕੀਤੇ ਹੋਏ ਦੇਸ਼ ਨੂੰ ਮੁੜ ਸਕਦੇ ਸਨ।​—ਜ਼ਬੂਰ 105:8-11.

20. ਮਸੀਹੀਆਂ ਲਈ “ਸਬਤ ਦਾ ਅਰਾਮ” ਕੀ ਹੈ?

20 ਕੀ ਇਸ ਵਿਚ ਮਸੀਹੀਆਂ ਲਈ ਕੋਈ ਸਬਕ ਹੈ? ਯਿਸੂ ਮਸੀਹ ਦੀ ਮੌਤ ਨਾਲ ਮੂਸਾ ਦੀ ਬਿਵਸਥਾ ਖ਼ਤਮ ਕੀਤੀ ਗਈ ਸੀ ਜਿਸ ਵਿਚ ਸਬਤ ਮਨਾਉਣ ਦਾ ਹੁਕਮ ਸੀ। (ਕੁਲੁੱਸੀਆਂ 2:16, 17) ਪਰ ਸਬਤ ਮਨਾਉਣ ਦਾ ਅਸਲੀ ਸਿਧਾਂਤ ਯਹੋਵਾਹ ਦੇ ਸੇਵਕਾਂ ਲਈ ਅੱਜ ਵੀ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲਾਂ ਰੱਖਣ ਅਤੇ ਯਹੋਵਾਹ ਦੇ ਨਜ਼ਦੀਕ ਹੋਣ। (ਮੱਤੀ 6:33; ਯਾਕੂਬ 4:8) ਇਸ ਤੋਂ ਇਲਾਵਾ ਪੌਲੁਸ ਨੇ ਇਬਰਾਨੀਆਂ ਨੂੰ ਲਿਖਦੇ ਸਮੇਂ ਕਿਹਾ ਸੀ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ।” ਅਸੀਂ ‘ਸਬਤ ਦੇ ਅਰਾਮ’ ਵਿਚ ਕਿਵੇਂ ਵੜ ਸਕਦੇ ਹਾਂ? ਸਾਨੂੰ ਯਹੋਵਾਹ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ ਯਿਸੂ ਮਸੀਹ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰ ਕੇ ਧਾਰਮਿਕਤਾ ਨੂੰ ਭਾਲਣਾ ਚਾਹੀਦਾ ਹੈ। (ਇਬਰਾਨੀਆਂ 3:12, 18, 19; 4:6, 9-11, 14-16) ਮਸੀਹੀ ਇਹ ਸਬਤ ਹਰ ਹਫ਼ਤੇ ਨਹੀਂ ਸਗੋਂ ਹਰ ਰੋਜ਼ ਮਨਾਉਂਦੇ ਹਨ।​—ਕੁਲੁੱਸੀਆਂ 3:23, 24.

ਰੂਹਾਨੀ ਇਸਰਾਏਲ ‘ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਿਆ’

21, 22. ਯਹੋਵਾਹ ਨੇ ਰੂਹਾਨੀ ਇਸਰਾਏਲ ਨੂੰ ‘ਧਰਤੀ ਦੀਆਂ ਉਚਿਆਈਆਂ ਉੱਤੇ ਕਿਵੇਂ ਚੜ੍ਹਾਇਆ’ ਹੈ?

21 ਸੰਨ 1919 ਵਿਚ ਬਾਬੁਲ ਦੀ ਗ਼ੁਲਾਮੀ ਤੋਂ ਛੁਡਾਏ ਜਾਣ ਤੋਂ ਬਾਅਦ ਮਸਹ ਕੀਤੇ ਹੋਏ ਮਸੀਹੀ ਵਫ਼ਾਦਾਰੀ ਨਾਲ ਸਬਤ ਦੇ ਸਿਧਾਂਤ ਉੱਤੇ ਚੱਲਦੇ ਆਏ ਹਨ। ਨਤੀਜੇ ਵਜੋਂ ਯਹੋਵਾਹ ਨੇ ਉਨ੍ਹਾਂ ਨੂੰ ‘ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਇਆ’ ਹੈ। ਉਹ ਕਿਸ ਤਰ੍ਹਾਂ? ਜਵਾਬ ਲਈ ਇਤਿਹਾਸ ਉੱਤੇ ਗੌਰ ਕਰੋ। ਸੰਨ 1513 ਸਾ.ਯੁ.ਪੂ. ਵਿਚ ਯਹੋਵਾਹ ਨੇ ਅਬਰਾਹਾਮ ਦੀ ਅੰਸ ਨਾਲ ਇਕ ਨੇਮ ਬੰਨ੍ਹਿਆ ਸੀ ਕਿ ਜੇ ਉਹ ਉਸ ਦੇ ਆਗਿਆਕਾਰ ਰਹਿੰਦੇ, ਤਾਂ ਉਨ੍ਹਾਂ ਨੇ ਜਾਜਕਾਂ ਦੀ ਬਾਦਸ਼ਾਹੀ ਅਤੇ ਇਕ ਪਵਿੱਤਰ ਕੌਮ ਬਣਨਾ ਸੀ। (ਕੂਚ 19:5, 6) ਯਹੋਵਾਹ ਨੇ ਉਜਾੜ ਵਿਚ 40 ਸਾਲਾਂ ਲਈ ਉਨ੍ਹਾਂ ਦੀ ਇਸ ਤਰ੍ਹਾਂ ਰਾਖੀ ਕੀਤੀ ਜਿਵੇਂ ਇਕ ਉਕਾਬ ਆਪਣੇ ਬੱਚਿਆਂ ਨੂੰ ਚੁੱਕ ਕੇ ਉਨ੍ਹਾਂ ਦੀ ਰਾਖੀ ਕਰਦਾ ਹੈ ਅਤੇ ਯਹੋਵਾਹ ਨੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ। (ਬਿਵਸਥਾ ਸਾਰ 32:10-12) ਪਰ ਕੌਮ ਨੂੰ ਨਿਹਚਾ ਦੀ ਕਮੀ ਸੀ ਅਤੇ ਉਨ੍ਹਾਂ ਨੇ ਉਹ ਸਾਰੇ ਸਨਮਾਨ ਗੁਆਏ ਜੋ ਉਨ੍ਹਾਂ ਨੂੰ ਮਿਲ ਸਕਦੇ ਸਨ। ਫਿਰ ਵੀ ਅੱਜ ਜਾਜਕਾਂ ਦੀ ਬਾਦਸ਼ਾਹੀ ਹਾਜ਼ਰ ਹੈ। ਇਹ ਪਰਮੇਸ਼ੁਰ ਦਾ ਰੂਹਾਨੀ ਇਸਰਾਏਲ ਹੈ।​—ਗਲਾਤੀਆਂ 6:16; 1 ਪਤਰਸ 2:9.

22 “ਓੜਕ ਦੇ ਸਮੇਂ” ਦੌਰਾਨ, ਇਸ ਰੂਹਾਨੀ ਕੌਮ ਨੇ ਉਹ ਕੀਤਾ ਹੈ ਜੋ ਪ੍ਰਾਚੀਨ ਇਸਰਾਏਲ ਨੇ ਨਹੀਂ ਕੀਤਾ ਸੀ। (ਦਾਨੀਏਲ 8:17) ਰੂਹਾਨੀ ਇਸਰਾਏਲ ਨੇ ਯਹੋਵਾਹ ਵਿਚ ਆਪਣੀ ਨਿਹਚਾ ਕਾਇਮ ਰੱਖੀ ਹੈ। ਉਸ ਦੇ ਮੈਂਬਰ ਯਹੋਵਾਹ ਦੇ ਉੱਚੇ ਅਸੂਲਾਂ ਅਤੇ ਰਾਹਾਂ ਉੱਤੇ ਚੱਲਦੇ ਹਨ ਅਤੇ ਇਸ ਲਈ ਯਹੋਵਾਹ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਉੱਚਾ ਕਰਦਾ ਹੈ। (ਕਹਾਉਤਾਂ 4:4, 5, 8; ਪਰਕਾਸ਼ ਦੀ ਪੋਥੀ 11:12) ਉਹ ਇਸ ਦੁਨੀਆਂ ਦੇ ਗੰਦ-ਮੰਦ ਤੋਂ ਪਰੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਜੀਵਨ-ਢੰਗ ਉੱਤਮ ਹੈ। ਉਹ ਆਪਣੀ ਮਰਜ਼ੀ ਕਰਨ ਦੀ ਜ਼ਿੱਦ ਨਹੀਂ ਕਰਦੇ ਸਗੋਂ ਯਹੋਵਾਹ ਅਤੇ ਉਸ ਦੇ ਬਚਨ “ਉੱਤੇ ਨਿਹਾਲ” ਰਹਿੰਦੇ ਹਨ। (ਜ਼ਬੂਰ 37:4) ਯਹੋਵਾਹ ਨੇ ਦੁਨੀਆਂ ਦੀ ਵਿਰੋਧਤਾ ਦੇ ਬਾਵਜੂਦ ਉਨ੍ਹਾਂ ਦੀ ਰੂਹਾਨੀ ਤੌਰ ਤੇ ਰਾਖੀ ਕੀਤੀ ਹੈ। ਸੰਨ 1919 ਤੋਂ ਲੈ ਕੇ ਉਨ੍ਹਾਂ ਦਾ ਰੂਹਾਨੀ “ਦੇਸ” ਸੁਰੱਖਿਅਤ ਰਿਹਾ ਹੈ। (ਯਸਾਯਾਹ 66:8) ਉਹ ਅਜੇ ਵੀ ਯਹੋਵਾਹ ਦੇ ਉੱਚੇ ਨਾਮ ਲਈ ਇਕ ਪਰਜਾ ਹਨ, ਅਤੇ ਉਸ ਦੇ ਨਾਂ ਦਾ ਸਾਰੀ ਦੁਨੀਆਂ ਵਿਚ ਖ਼ੁਸ਼ੀ ਨਾਲ ਪ੍ਰਚਾਰ ਕਰ ਰਹੇ ਹਨ। (ਬਿਵਸਥਾ ਸਾਰ 32:3; ਰਸੂਲਾਂ ਦੇ ਕਰਤੱਬ 15:14) ਇਸ ਤੋਂ ਇਲਾਵਾ ਯਹੋਵਾਹ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿੱਚੋਂ ਬਹੁਤ ਸਾਰੇ ਨਿਮਰ ਸੁਭਾਅ ਵਾਲੇ ਲੋਕਾਂ ਨੂੰ ਸਿਖਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਰਾਹਾਂ ਵਿਚ ਚੱਲਣ ਲਈ ਮਦਦ ਦੇ ਰਿਹਾ ਹੈ। ਇਹ ਉਨ੍ਹਾਂ ਲਈ ਕਿੰਨਾ ਵੱਡਾ ਸਨਮਾਨ ਹੈ!

23. ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ‘ਯਾਕੂਬ ਦਾ ਵਿਰਸਾ ਕਿਵੇਂ ਖਵਾਇਆ ਹੈ’?

23 ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ‘ਯਾਕੂਬ ਦਾ ਵਿਰਸਾ ਖਵਾਇਆ ਹੈ।’ ਜਦੋਂ ਇਸਹਾਕ ਨੇ ਏਸਾਓ ਦੀ ਥਾਂ ਯਾਕੂਬ ਨੂੰ ਬਰਕਤ ਦਿੱਤੀ ਸੀ ਉਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਉਨ੍ਹਾਂ ਸਾਰਿਆਂ ਨੂੰ ਬਰਕਤਾਂ ਮਿਲਣਗੀਆਂ ਜੋ ਅਬਰਾਹਾਮ ਦੀ ਵਾਅਦਾ ਕੀਤੀ ਗਈ ਅੰਸ ਵਿਚ ਨਿਹਚਾ ਰੱਖਣਗੇ। (ਉਤਪਤ 27:27-29; ਗਲਾਤੀਆਂ 3:16, 17) ਏਸਾਓ ਤੋਂ ਉਲਟ ਪਰ ਯਾਕੂਬ ਵਾਂਗ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਰੂਹਾਨੀ ਗੱਲਾਂ ਦੀ ਕਦਰ ਕਰਦੇ ਹਨ, ਖ਼ਾਸ ਕਰਕੇ ਉਹ ਰੂਹਾਨੀ ਭੋਜਨ ਜੋ ਪਰਮੇਸ਼ੁਰ ਖੁੱਲ੍ਹੇ-ਹੱਥੀਂ ਦਿੰਦਾ ਹੈ। (ਇਬਰਾਨੀਆਂ 12:16, 17; ਮੱਤੀ 4:4) ਇਸ ਰੂਹਾਨੀ ਭੋਜਨ ਵਿਚ ਯਹੋਵਾਹ ਦਾ ਇਹ ਗਿਆਨ ਸ਼ਾਮਲ ਹੈ ਕਿ ਉਹ ਆਪਣੀ ਵਾਅਦਾ ਕੀਤੀ ਗਈ ਅੰਸ ਅਤੇ ਉਸ ਦੇ ਸਾਥੀਆਂ ਰਾਹੀਂ ਕੀ ਕਰ ਰਿਹਾ ਹੈ। ਇਹ ਰੂਹਾਨੀ ਭੋਜਨ ਉਨ੍ਹਾਂ ਦੀ ਰੂਹਾਨੀ ਜ਼ਿੰਦਗੀ ਲਈ ਜ਼ਰੂਰੀ ਹੈ ਕਿਉਂਕਿ ਇਹ ਉਨ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਸ਼ਕਤੀ ਬਖ਼ਸ਼ਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਇਹ ਰੂਹਾਨੀ ਭੋਜਨ ਲੈਂਦੇ ਰਹਿਣ। (ਜ਼ਬੂਰ 1:1-3) ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਉਹ ਮਸੀਹੀ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਸੰਗਤ ਰੱਖਣ। ਅਤੇ ਇਹ ਵੀ ਲਾਜ਼ਮੀ ਹੈ ਕਿ ਉਹ ਖ਼ੁਸ਼ੀ-ਖ਼ੁਸ਼ੀ ਇਹ ਭੋਜਨ ਦੂਸਰਿਆਂ ਨੂੰ ਵੰਡ ਕੇ ਸ਼ੁੱਧ ਉਪਾਸਨਾ ਦੇ ਉੱਚੇ ਅਸੂਲਾਂ ਅਨੁਸਾਰ ਚੱਲਣ।

24. ਅੱਜ ਸੱਚੇ ਮਸੀਹੀਆਂ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?

24 ਸਾਡੀ ਉਮੀਦ ਹੈ ਕਿ ਯਹੋਵਾਹ ਦੇ ਵਾਅਦਿਆਂ ਦੀ ਪੂਰਤੀ ਦੀ ਉਡੀਕ ਕਰਦੇ ਹੋਏ ਸੱਚੇ ਮਸੀਹੀ ਹਰ ਤਰ੍ਹਾਂ ਦੇ ਪਖੰਡ ਨੂੰ ਰੱਦ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ‘ਯਾਕੂਬ ਦੇ ਵਿਰਸੇ’ ਤੋਂ ਤਾਕਤ ਪਾ ਕੇ ਉਹ “ਧਰਤੀ ਦੀਆਂ ਉਚਿਆਈਆਂ” ਉੱਤੇ ਰੂਹਾਨੀ ਸੁਰੱਖਿਆ ਦਾ ਆਨੰਦ ਮਾਣਦੇ ਰਹਿਣ।

[ਫੁਟਨੋਟ]

^ ਪੈਰਾ 9 ਯਹੋਵਾਹ ਨੇ ਆਪਣੇ ਲੋਕਾਂ ਲਈ ਪ੍ਰਬੰਧ ਕੀਤਾ ਸੀ ਕਿ ਜੇ ਕੋਈ ਕਰਜ਼ੇ ਹੇਠ ਆ ਜਾਵੇ ਤਾਂ ਉਹ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਸਕਦਾ ਸੀ ਅਤੇ ਕਰਜ਼ਾ ਚੁਕਾਉਣ ਲਈ ਮਜ਼ਦੂਰੀ ਕਰ ਸਕਦਾ ਸੀ। (ਲੇਵੀਆਂ 25:39-43) ਪਰ ਬਿਵਸਥਾ ਦੇ ਅਨੁਸਾਰ ਗ਼ੁਲਾਮਾਂ ਨੂੰ ਦਿਆਲਤਾ ਦਿਖਾਈ ਜਾਣੀ ਚਾਹੀਦੀ ਸੀ। ਜਿਨ੍ਹਾਂ ਨਾਲ ਬੇਰਹਿਮੀ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ ਸੀ।​—ਕੂਚ 21:2, 3, 26, 27; ਬਿਵਸਥਾ ਸਾਰ 15:12-15.

[ਸਵਾਲ]

[ਸਫ਼ਾ 278 ਉੱਤੇ ਤਸਵੀਰ]

ਯਹੂਦੀ ਲੋਕਾਂ ਨੇ ਪਖੰਡੀ ਤੋਬਾ ਕਰਦੇ ਹੋਏ ਵਰਤ ਰੱਖੇ ਅਤੇ ਸਿਰ ਝੁਕਾਏ, ਪਰ ਉਨ੍ਹਾਂ ਨੇ ਆਪਣੇ ਰਾਹ ਨਹੀਂ ਬਦਲੇ

[ਸਫ਼ਾ 283 ਉੱਤੇ ਤਸਵੀਰ]

ਜਿਨ੍ਹਾਂ ਕੋਲ ਕੁਝ ਸੀ ਉਨ੍ਹਾਂ ਨੇ ਲੋੜਵੰਦਾਂ ਨੂੰ ਰੋਟੀ, ਕੱਪੜਾ, ਜਾਂ ਰਹਿਣ ਲਈ ਜਗ੍ਹਾ ਦਿੱਤੀ

[ਸਫ਼ਾ 286 ਉੱਤੇ ਤਸਵੀਰ]

ਜੇ ਯਹੂਦਾਹ ਦੇ ਲੋਕ ਤੋਬਾ ਕਰਦੇ ਤਾਂ ਉਹ ਆਪਣੇ ਬਰਬਾਦ ਪਏ ਸ਼ਹਿਰ ਦੁਬਾਰਾ ਬਣਾ ਸਕਦੇ ਸਨ