Skip to content

Skip to table of contents

ਯਹੋਵਾਹ ਨੇ ਇਕ ਬਕੀਏ ਨੂੰ ਦਇਆ ਦਿਖਾਈ

ਯਹੋਵਾਹ ਨੇ ਇਕ ਬਕੀਏ ਨੂੰ ਦਇਆ ਦਿਖਾਈ

ਛੇਵਾਂ ਅਧਿਆਇ

ਯਹੋਵਾਹ ਨੇ ਇਕ ਬਕੀਏ ਨੂੰ ਦਇਆ ਦਿਖਾਈ

ਯਸਾਯਾਹ 4:2-6

1, 2. ਯਸਾਯਾਹ ਨਬੀ ਨੇ ਯਹੂਦਾਹ ਅਤੇ ਯਰੂਸ਼ਲਮ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

ਇਕ ਆਬਾਦ ਇਲਾਕੇ ਵਿਚ ਇਕ ਵੱਡਾ ਤੂਫ਼ਾਨ ਆਉਂਦਾ ਹੈ। ਤੇਜ਼ ਹਵਾ, ਜ਼ੋਰਦਾਰ ਮੀਂਹ, ਅਤੇ ਹੜ੍ਹ ਜ਼ਮੀਨ ਨੂੰ ਤਬਾਹ ਕਰ ਦਿੰਦੇ ਹਨ। ਉੱਥੇ ਦੇ ਘਰ ਅਤੇ ਫ਼ਸਲ ਬਰਬਾਦ ਹੋ ਜਾਂਦੇ ਹਨ। ਕਈ ਲੋਕ ਆਪਣੀਆਂ ਜਾਨਾਂ ਗੁਆ ਬੈਠਦੇ ਹਨ। ਪਰ ਤੂਫ਼ਾਨ ਤੋਂ ਥੋੜ੍ਹੀ ਦੇਰ ਬਾਅਦ, ਸ਼ਾਂਤੀ ਛਾ ਜਾਂਦੀ ਹੈ। ਬਚਣ ਵਾਲਿਆਂ ਸਾਮ੍ਹਣੇ ਹੁਣ ਮੁਰੰਮਤ ਕਰਨ ਦਾ ਕਿੰਨਾ ਕੰਮ ਪਿਆ ਹੈ!

2 ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਵੀ ਅਜਿਹਾ ਕੁਝ ਹੋਵੇਗਾ। ਕੌਮ ਦਾ ਪਾਪ ਵੱਡਾ ਸੀ। ਇਸੇ ਕਰਕੇ ਪਰਮੇਸ਼ੁਰ ਦੇ ਨਿਆਉਂ ਦੇ ਤੂਫ਼ਾਨ-ਭਰੇ ਬੱਦਲ ਛਾ ਰਹੇ ਸਨ! ਆਗੂਆਂ ਅਤੇ ਲੋਕਾਂ ਦੇ ਕਾਰਨ ਦੇਸ਼ ਬੇਇਨਸਾਫ਼ੀ ਅਤੇ ਖ਼ੂਨ-ਖ਼ਰਾਬੇ ਨਾਲ ਭਰਿਆ ਹੋਇਆ ਸੀ। ਯਹੋਵਾਹ ਨੇ ਯਸਾਯਾਹ ਰਾਹੀਂ ਯਹੂਦਾਹ ਦਾ ਦੋਸ਼ ਪ੍ਰਗਟ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਉਹ ਇਸ ਵਿਗੜੀ ਹੋਈ ਕੌਮ ਨੂੰ ਸਜ਼ਾ ਦੇਵੇਗਾ। (ਯਸਾਯਾਹ 3:25) ਇਸ ਤੂਫ਼ਾਨ ਦੇ ਨਤੀਜੇ ਵਜੋਂ ਯਹੂਦਾਹ ਦਾ ਦੇਸ਼ ਪੂਰੀ ਤਰ੍ਹਾਂ ਬਰਬਾਦ ਕੀਤਾ ਗਿਆ। ਇਸ ਗੱਲ ਨੇ ਯਸਾਯਾਹ ਨੂੰ ਉਦਾਸ ਕੀਤਾ।

3. ਯਸਾਯਾਹ 4:2-6 ਨੇ ਕਿਹੜੀ ਉਮੀਦ ਦਿੱਤੀ ਸੀ?

3 ਪਰ ਫਿਰ ਉਮੀਦ ਲਈ ਵੀ ਕਾਰਨ ਸਨ! ਯਹੋਵਾਹ ਦੇ ਧਰਮੀ ਨਿਆਉਂ ਦੇ ਤੂਫ਼ਾਨ ਵਿੱਚੋਂ ਇਕ ਬਕੀਆ ਬਚੇਗਾ। ਜੀ ਹਾਂ, ਯਹੂਦਾਹ ਉੱਤੇ ਯਹੋਵਾਹ ਦਾ ਨਿਆਉਂ ਦਇਆ ਨਾਲ ਕੀਤਾ ਗਿਆ ਸੀ! ਯਸਾਯਾਹ 4:2-6 ਵਿਚ ਦਰਜ ਕੀਤੇ ਗਏ ਪਰਮੇਸ਼ੁਰ ਦੇ ਸੁਨੇਹੇ ਨੇ ਇਸ ਸੁਖੀ ਸਮੇਂ ਵੱਲ ਧਿਆਨ ਖਿੱਚਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਬੱਦਲਾਂ ਦੇ ਪਿੱਛਿਓਂ ਸੂਰਜ ਨਿਕਲਿਆ ਅਤੇ ਨਜ਼ਾਰਾ ਬਦਲ ਗਿਆ—ਯਸਾਯਾਹ 2:6–4:1 ਵਿਚ ਦੱਸੀ ਗਈ ਸਜ਼ਾ ਦੀ ਬਜਾਇ, ਇਕ ਸੁੰਦਰ ਦੇਸ਼ ਅਤੇ ਲੋਕ ਬਹਾਲ ਕੀਤੇ ਗਏ।

4. ਸਾਨੂੰ ਇਕ ਬਕੀਏ ਦੀ ਬਹਾਲੀ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀ ਚਰਚਾ ਕਿਉਂ ਕਰਨੀ ਚਾਹੀਦੀ ਹੈ?

4 ਇਕ ਬਕੀਏ ਦੀ ਬਹਾਲੀ ਅਤੇ ਬਾਅਦ ਦੀ ਸੁਰੱਖਿਆ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਾਡੇ ਸਮੇਂ ਵਿਚ, ਯਾਨੀ “ਆਖਰੀ ਦਿਨਾਂ ਦੇ ਵਿੱਚ” ਵੀ ਹੁੰਦੀ ਹੈ। (ਯਸਾਯਾਹ 2:2-4) ਆਓ ਆਪਾਂ ਇਸ ਭਵਿੱਖਬਾਣੀ ਦੀ ਚਰਚਾ ਕਰੀਏ, ਕਿਉਂਕਿ ਸਾਡੇ ਸਮੇਂ ਲਈ ਮਹੱਤਤਾ ਰੱਖਣ ਦੇ ਨਾਲ-ਨਾਲ ਇਹ ਸਾਨੂੰ ਯਹੋਵਾਹ ਦੀ ਦਇਆ ਬਾਰੇ ਵੀ ਸਿਖਾਉਂਦੀ ਹੈ। ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਨਿੱਜੀ ਤੌਰ ਤੇ ਇਹ ਦਇਆ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ।

“ਯਹੋਵਾਹ ਦੀ ਸ਼ਾਖ”

5, 6. (ੳ) ਯਸਾਯਾਹ ਨੇ ਉਸ ਅਮਨ-ਚੈਨ ਬਾਰੇ ਕੀ ਕਿਹਾ ਜੋ ਤੂਫ਼ਾਨ ਤੋਂ ਬਾਅਦ ਆਉਂਦਾ ਹੈ? (ਅ) “ਸ਼ਾਖ” ਦਾ ਕੀ ਮਤਲਬ ਹੈ, ਅਤੇ ਇਸ ਨੇ ਯਹੂਦਾਹ ਦੇ ਦੇਸ਼ ਬਾਰੇ ਕੀ ਸੰਕੇਤ ਕੀਤਾ ਸੀ?

5 ਜਿਉਂ-ਜਿਉਂ ਯਸਾਯਾਹ ਨੇ ਤੂਫ਼ਾਨ ਤੋਂ ਬਾਅਦ ਆਉਣ ਵਾਲੇ ਅਮਨ-ਚੈਨ ਵੱਲ ਧਿਆਨ ਦਿੱਤਾ, ਉਸ ਦੀਆਂ ਗੱਲਾਂ ਨੇ ਹੌਸਲਾ ਵਧਾਇਆ। ਉਸ ਨੇ ਲਿਖਿਆ: “ਓਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ।”—ਯਸਾਯਾਹ 4:2.

6 ਇੱਥੇ ਯਸਾਯਾਹ ਨੇ ਦੇਸ਼ ਦੀ ਬਹਾਲੀ ਬਾਰੇ ਗੱਲ ਕੀਤੀ। “ਸ਼ਾਖ” ਅਨੁਵਾਦ ਕੀਤਾ ਗਿਆ ਇਬਰਾਨੀ ਨਾਂਵ ‘ਡੋਡੀ ਜਾਂ ਟਾਹਣੀ ਵਰਗੀ ਕਿਸੇ ਉੱਗਣ ਵਾਲੀ’ ਚੀਜ਼ ਨੂੰ ਸੰਕੇਤ ਕਰਦਾ ਹੈ। ਇਹ ਯਹੋਵਾਹ ਵੱਲੋਂ ਬਰਕਤਾਂ ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਯਸਾਯਾਹ ਨੇ ਉਮੀਦ ਦਿੱਤੀ ਕਿ ਆ ਰਹੀ ਬਰਬਾਦੀ ਦਾ ਅਸਰ ਹਮੇਸ਼ਾ ਲਈ ਨਹੀਂ ਰਹੇਗਾ। ਯਹੋਵਾਹ ਦੀ ਬਰਕਤ ਨਾਲ, ਯਹੂਦਾਹ ਦਾ ਦੇਸ਼ ਜੋ ਇਕ ਸਮੇਂ ਇੰਨਾ ਹਰਿਆ-ਭਰਿਆ ਸੀ ਫਿਰ ਤੋਂ ਬਹੁਤ ਬਹੁਤ ਫਲਦਾਰ ਹੋਵੇਗਾ। *ਲੇਵੀਆਂ 26:3-5.

7. ਯਹੋਵਾਹ ਦੀ ਸ਼ਾਖ ਕਿਸ ਤਰ੍ਹਾਂ “ਸੋਹਣੀ ਤੇ ਪਰਤਾਪਵਾਨ” ਹੋਈ?

7 ਦੇਸ਼ ਦੀ ਭਾਵੀ ਸ਼ਾਨ ਬਾਰੇ ਦੱਸਣ ਲਈ ਯਸਾਯਾਹ ਨੇ ਸਪੱਸ਼ਟ ਬੋਲੀ ਇਸਤੇਮਾਲ ਕੀਤੀ। ਯਹੋਵਾਹ ਦੀ ਸ਼ਾਖ “ਸੋਹਣੀ ਤੇ ਪਰਤਾਪਵਾਨ ਹੋਵੇਗੀ।” “ਸੋਹਣੀ” ਸ਼ਬਦ, ਵਾਅਦਾ ਕੀਤੇ ਹੋਏ ਉਸ ਦੇਸ਼ ਦੀ ਸੁੰਦਰਤਾ ਦੀ ਯਾਦ ਦਿਲਾਉਂਦਾ ਹੈ ਜੋ ਕਈ ਸਦੀਆਂ ਪਹਿਲਾਂ ਯਹੋਵਾਹ ਨੇ ਇਸਰਾਏਲ ਨੂੰ ਦਿੱਤਾ ਸੀ। ਇਹ ਇੰਨਾ ਸੁੰਦਰ ਸੀ ਕਿ ਇਸ ਨੂੰ “ਸਾਰੇ ਦੇਸਾਂ ਦੀ ਸ਼ਾਨ” ਸਮਝਿਆ ਜਾਂਦਾ ਸੀ। (ਹਿਜ਼ਕੀਏਲ 20:6) ਇਸ ਤਰ੍ਹਾਂ ਯਸਾਯਾਹ ਦੇ ਸ਼ਬਦਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਯਹੂਦਾਹ ਦਾ ਦੇਸ਼ ਆਪਣੀ ਪਹਿਲੀ ਸ਼ਾਨ ਅਤੇ ਸੁੰਦਰਤਾ ਮੁੜ ਕੇ ਹਾਸਲ ਕਰੇਗਾ। ਵਾਕਈ, ਇਹ ਸਾਰੀ ਧਰਤੀ ਦੀ ਸ਼ਾਨ ਬਣਿਆ।

8. ਦੇਸ਼ ਦੀ ਮੁੜ ਬਹਾਲ ਸੁੰਦਰਤਾ ਦਾ ਆਨੰਦ ਮਾਣਨ ਲਈ ਉੱਥੇ ਕੌਣ ਸਨ, ਅਤੇ ਯਸਾਯਾਹ ਨੇ ਉਨ੍ਹਾਂ ਦੇ ਜਜ਼ਬਾਤਾਂ ਬਾਰੇ ਕੀ ਕਿਹਾ ਸੀ?

8 ਪਰ, ਦੇਸ਼ ਦੀ ਮੁੜ ਬਹਾਲ ਸੁੰਦਰਤਾ ਦਾ ਆਨੰਦ ਮਾਣਨ ਲਈ ਉੱਥੇ ਕੌਣ ਸਨ? ਯਸਾਯਾਹ ਨੇ ਦੱਸਿਆ ਕਿ ਇਹ ‘ਇਸਰਾਏਲ ਦੇ ਬਚੇ ਹੋਏ’ ਸਨ। ਹਾਂ, ਕੁਝ ਲੋਕ ਨਾਸ਼ ਵਿੱਚੋਂ ਬਚ ਨਿਕਲੇ ਸਨ। (ਯਸਾਯਾਹ 3:25, 26) ਬਚ ਨਿਕਲਣ ਵਾਲਿਆਂ ਦੇ ਬਕੀਏ ਨੇ ਬਾਬਲ ਤੋਂ ਯਹੂਦਾਹ ਵਾਪਸ ਮੁੜਨ ਤੋਂ ਬਾਅਦ ਉਸ ਦੀ ਬਹਾਲੀ ਵਿਚ ਹਿੱਸਾ ਲਿਆ। ਇਨ੍ਹਾਂ “ਬਚੇ ਹੋਇਆਂ” ਲਈ ਮੁੜ ਬਹਾਲ ਕੀਤੇ ਗਏ ਦੇਸ਼ ਦਾ ਸਾਰਾ ਫਲ “ਸ਼ਾਨਦਾਰ ਤੇ ਸੁੰਦਰ” ਸੀ। (ਯਸਾਯਾਹ 4:2) ਬਰਬਾਦੀ ਦਾ ਅਪਮਾਨ ਮਹਿਸੂਸ ਕਰਨ ਦੀ ਬਜਾਇ, ਉਨ੍ਹਾਂ ਨੂੰ ਆਪਣੇ ਦੇਸ਼ ਉੱਤੇ ਮਾਣ ਆਇਆ।

9. (ੳ) ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਵਿਚ, 537 ਸਾ.ਯੁ.ਪੂ. ਵਿਚ ਕੀ ਹੋਇਆ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਗ਼ੁਲਾਮੀ ਦੌਰਾਨ ਬਾਬਲ ਵਿਚ ਪੈਦਾ ਹੋਏ ਵਿਅਕਤੀ ਵੀ “ਬਚੇ ਹੋਇਆਂ” ਵਿਚ ਗਿਣੇ ਜਾਂਦੇ ਸਨ? (ਫੁਟਨੋਟ ਦੇਖੋ।)

9 ਠੀਕ ਜਿਵੇਂ ਯਸਾਯਾਹ ਨੇ ਕਿਹਾ ਸੀ, ਨਿਆਉਂ ਦਾ ਤੂਫ਼ਾਨ 607 ਸਾ.ਯੁ.ਪੂ. ਵਿਚ ਆਇਆ ਜਦੋਂ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕਰ ਦਿੱਤਾ ਅਤੇ ਕਈ ਇਸਰਾਏਲੀ ਮਾਰੇ ਗਏ। ਕੁਝ ਬਚ ਨਿਕਲੇ ਅਤੇ ਬਾਬਲ ਵਿਚ ਲਿਆਂਦੇ ਗਏ। ਪਰ ਜੇ ਪਰਮੇਸ਼ੁਰ ਦਇਆ ਨਾ ਦਿਖਾਉਂਦਾ, ਤਾਂ ਕੋਈ ਵੀ ਨਾ ਬਚਦਾ। (ਨਹਮਯਾਹ 9:31) ਅੰਤ ਵਿਚ ਯਹੂਦਾਹ ਪੂਰੀ ਤਰ੍ਹਾਂ ਵਿਰਾਨ ਹੋ ਗਿਆ ਸੀ। (2 ਇਤਹਾਸ 36:17-21) ਫਿਰ, 537 ਸਾ.ਯੁ.ਪੂ. ਵਿਚ, ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕਰਨ ਲਈ ਪਰਮੇਸ਼ੁਰ ਦੀ ਦਇਆ ਕਰਕੇ ‘ਬਚੇ ਹੋਏ’ ਲੋਕ ਯਹੂਦਾਹ ਨੂੰ ਵਾਪਸ ਮੁੜੇ। * (ਅਜ਼ਰਾ 1:1-4; 2:1) ਅਸੀਂ ਜ਼ਬੂਰ 137 ਵਿਚ ਇਸ ਬਕੀਏ ਦੀ ਦਿਲੀ ਤੋਬਾ ਬਾਰੇ ਸੋਹਣਾ ਵਰਣਨ ਪੜ੍ਹ ਸਕਦੇ ਹਾਂ। ਇਸ ਜ਼ਬੂਰ ਦੇ ਸ਼ਬਦ ਸ਼ਾਇਦ ਗ਼ੁਲਾਮੀ ਦੌਰਾਨ ਜਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਲਿਖੇ ਗਏ ਸਨ। ਯਹੂਦਾਹ ਵਿਚ ਬਕੀਏ ਨੇ ਖੇਤੀ-ਬਾੜੀ ਕੀਤੀ। ਜ਼ਰਾ ਉਨ੍ਹਾਂ ਦੀ ਖ਼ੁਸ਼ੀ ਬਾਰੇ ਸੋਚੋ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਜਤਨਾਂ ਉੱਤੇ ਪਰਮੇਸ਼ੁਰ ਦੀ ਅਸੀਸ ਹੈ ਅਤੇ ਉਸ ਨੇ ਦੇਸ਼ ਨੂੰ “ਅਦਨ ਦੇ ਬਾਗ਼” ਵਾਂਗ ਫਲਦਾਰ ਬਣਾਇਆ।—ਹਿਜ਼ਕੀਏਲ 36:34-36.

10, 11. (ੳ) ਵੀਹਵੀਂ ਸਦੀ ਦੇ ਸ਼ੁਰੂ ਵਿਚ ਬਾਈਬਲ ਸਟੂਡੈਂਟਸ ‘ਵੱਡੀ ਬਾਬੁਲ’ ਦੀ ਗ਼ੁਲਾਮੀ ਵਿਚ ਕਿਵੇਂ ਸਨ? (ਅ) ਯਹੋਵਾਹ ਨੇ ਰੂਹਾਨੀ ਇਸਰਾਏਲੀਆਂ ਦੇ ਬਕੀਏ ਨੂੰ ਕਿਵੇਂ ਅਸੀਸ ਦਿੱਤੀ?

10 ਸਾਡੇ ਜ਼ਮਾਨੇ ਵਿਚ ਵੀ ਅਜਿਹੀ ਬਹਾਲੀ ਹੋਈ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਯਹੋਵਾਹ ਦੇ ਗਵਾਹ ਰੂਹਾਨੀ ਤੌਰ ਤੇ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਗ਼ੁਲਾਮੀ ਵਿਚ ਸਨ। ਉਦੋਂ ਉਹ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਸਨ। (ਪਰਕਾਸ਼ ਦੀ ਪੋਥੀ 17:5) ਭਾਵੇਂ ਕਿ ਬਾਈਬਲ ਸਟੂਡੈਂਟਸ ਝੂਠੇ ਧਰਮ ਦੀਆਂ ਕਈਆਂ ਸਿੱਖਿਆਵਾਂ ਨੂੰ ਰੱਦ ਕਰ ਚੁੱਕੇ ਸਨ, ਹਾਲੇ ਵੀ ਉਹ ਕੁਝ ਬਾਬਲੀ ਵਿਚਾਰਾਂ ਅਤੇ ਰੀਤਾਂ ਦੇ ਪ੍ਰਭਾਵ ਹੇਠ ਸਨ। ਪਾਦਰੀਆਂ ਦੁਆਰਾ ਉਕਸਾਈ ਗਈ ਵਿਰੋਧਤਾ ਦੇ ਸਿੱਟੇ ਵਜੋਂ, ਉਨ੍ਹਾਂ ਵਿੱਚੋਂ ਕੁਝ ਅਸਲ ਵਿਚ ਕੈਦ ਕੀਤੇ ਗਏ ਸਨ। ਉਨ੍ਹਾਂ ਦਾ ਰੂਹਾਨੀ ਦੇਸ਼, ਯਾਨੀ ਕਿ ਉਨ੍ਹਾਂ ਦੀ ਧਾਰਮਿਕ ਦਸ਼ਾ ਵਿਰਾਨ ਸੀ।

11 ਪਰ 1919 ਦੀ ਬਸੰਤ ਵਿਚ, ਯਹੋਵਾਹ ਨੇ ਰੂਹਾਨੀ ਇਸਰਾਏਲੀਆਂ ਦੇ ਇਸ ਬਕੀਏ ਉੱਤੇ ਦਇਆ ਕੀਤੀ। (ਗਲਾਤੀਆਂ 6:16) ਉਸ ਨੇ ਦੇਖਿਆ ਕਿ ਉਹ ਪਛਤਾ ਰਹੇ ਸਨ ਅਤੇ ਸੱਚਾਈ ਨਾਲ ਉਪਾਸਨਾ ਕਰਨੀ ਚਾਹੁੰਦੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਅਸਲੀ ਕੈਦ ਤੋਂ, ਅਤੇ ਇਸ ਤੋਂ ਵੀ ਜ਼ਰੂਰੀ, ਰੂਹਾਨੀ ਗ਼ੁਲਾਮੀ ਤੋਂ ਰਿਹਾ ਕੀਤਾ। ਇਹ ‘ਬਚੇ ਹੋਏ’ ਲੋਕ ਪਰਮੇਸ਼ੁਰ ਵੱਲੋਂ ਮਿਲੇ ਰੂਹਾਨੀ ਦੇਸ਼ ਵਿਚ ਮੁੜ ਬਹਾਲ ਕੀਤੇ ਗਏ ਸਨ, ਜਿਸ ਦੇਸ਼ ਨੂੰ ਉਸ ਨੇ ਵਧਣ-ਫੁੱਲਣ ਦਿੱਤਾ। ਇਹ ਰੂਹਾਨੀ ਦੇਸ਼ ਹੋਰਨਾਂ ਲੋਕਾਂ ਨੂੰ ਵੀ ਸੋਹਣਾ ਅਤੇ ਚੰਗਾ ਲੱਗਾ ਹੈ ਜੋ ਪਰਮੇਸ਼ੁਰ ਦਾ ਭੈ ਰੱਖਦੇ ਹਨ। ਇਹ ਹੁਣ ਲੱਖਾਂ ਦੀ ਗਿਣਤੀ ਵਿਚ ਸੱਚੀ ਉਪਾਸਨਾ ਕਰਨ ਲਈ ਬਕੀਏ ਨਾਲ ਮਿਲ ਗਏ ਹਨ।

12. ਯਸਾਯਾਹ ਦੇ ਸ਼ਬਦਾਂ ਨੇ ਯਹੋਵਾਹ ਦੇ ਲੋਕਾਂ ਲਈ ਉਸ ਦੀ ਵੱਡੀ ਦਇਆ ਕਿਵੇਂ ਦਿਖਾਈ?

12 ਇੱਥੇ ਯਸਾਯਾਹ ਦੇ ਸ਼ਬਦਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਉਸ ਦੀ ਵੱਡੀ ਦਇਆ ਦਿਖਾਈ। ਭਾਵੇਂ ਕਿ ਇਕ ਕੌਮ ਵਜੋਂ ਇਸਰਾਏਲੀ ਲੋਕਾਂ ਨੇ ਯਹੋਵਾਹ ਤੋਂ ਮੂੰਹ ਫੇਰ ਲਿਆ ਸੀ, ਫਿਰ ਵੀ ਉਸ ਨੇ ਤੋਬਾ ਕਰਨ ਵਾਲਿਆਂ ਨੂੰ ਦਇਆ ਦਿਖਾਈ। ਸਾਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਜਿਹੜੇ ਲੋਕ ਘੋਰ ਪਾਪ ਕਰਦੇ ਹਨ ਉਹ ਵੀ ਉਮੀਦ ਨਾਲ ਯਹੋਵਾਹ ਵੱਲ ਮੁੜ ਸਕਦੇ ਹਨ। ਤੋਬਾ ਕਰਨ ਵਾਲਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਯਹੋਵਾਹ ਦੀ ਦਇਆ ਨਹੀਂ ਮਿਲ ਸਕਦੀ, ਕਿਉਂਕਿ ਯਹੋਵਾਹ ਇਕ ਪਛਤਾਵੇ ਵਾਲੇ ਦਿਲ ਨੂੰ ਨਹੀਂ ਠੁਕਰਾਉਂਦਾ। (ਜ਼ਬੂਰ 51:17) ਬਾਈਬਲ ਸਾਨੂੰ ਭਰੋਸਾ ਦਿੰਦੀ ਹੈ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।” (ਜ਼ਬੂਰ 103:8, 13) ਯਕੀਨਨ, ਸਾਨੂੰ ਅਜਿਹੇ ਦਿਆਲੂ ਪਰਮੇਸ਼ੁਰ ਦੀ ਦਿਲੋਂ ਉਸਤਤ ਕਰਨੀ ਚਾਹੀਦੀ ਹੈ!

ਬਕੀਆ ਯਹੋਵਾਹ ਲਈ ਪਵਿੱਤਰ ਬਣਿਆ

13. ਜਿਵੇਂ ਯਸਾਯਾਹ 4:3 ਵਿਚ ਦਰਜ ਕੀਤਾ ਗਿਆ ਹੈ, ਯਸਾਯਾਹ ਨੇ ਉਸ ਬਕੀਏ ਬਾਰੇ ਕੀ ਦੱਸਿਆ ਜਿਸ ਨੂੰ ਯਹੋਵਾਹ ਦੀ ਦਇਆ ਮਿਲੀ?

13 ਯਸਾਯਾਹ ਨੇ ਪਹਿਲਾਂ ਹੀ ਸਾਨੂੰ ਉਸ ਬਕੀਏ ਬਾਰੇ ਕੁਝ ਦੱਸਿਆ ਸੀ ਜਿਸ ਨੂੰ ਯਹੋਵਾਹ ਦੀ ਦਇਆ ਮਿਲੀ ਸੀ, ਪਰ ਅੱਗੇ ਉਸ ਨੇ ਸਾਨੂੰ ਉਸ ਬਾਰੇ ਹੋਰ ਵੀ ਦੱਸਿਆ: “ਐਉਂ ਹੋਵੇਗਾ ਕਿ ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ ਉਹ ਪਵਿੱਤਰ ਅਖਵਾਏਗਾ, ਓਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ।”—ਯਸਾਯਾਹ 4:3.

14. ਉਹ ਕੌਣ ਸਨ ਜੋ ‘ਛੱਡੇ ਗਏ’ ਅਤੇ ‘ਰਹਿ ਗਏ’ ਸਨ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਦਇਆ ਕਿਉਂ ਦਿਖਾਈ?

14 ਉਹ ਕੌਣ ਸਨ ਜੋ ‘ਛੱਡੇ ਗਏ’ ਅਤੇ ‘ਰਹਿ ਗਏ’ ਸਨ? ਇਹ ਪਿਛਲੀ ਆਇਤ ਵਿਚ ਜ਼ਿਕਰ ਕੀਤੇ ਗਏ ਬਚੇ ਹੋਏ ਯਹੂਦੀ ਗ਼ੁਲਾਮ ਸਨ ਜਿਨ੍ਹਾਂ ਨੂੰ ਯਹੂਦਾਹ ਵਿਚ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ। ਯਸਾਯਾਹ ਨੇ ਦੱਸਿਆ ਕਿ “ਪਵਿੱਤਰ” ਹੋਣ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਦਇਆ ਦਿਖਾਈ। ਪਵਿੱਤਰ ਹੋਣ ਦਾ ਮਤਲਬ ਹੈ “ਧਾਰਮਿਕ ਸ਼ੁੱਧਤਾ ਜਾਂ ਪਾਕ ਹੋਣਾ।” ਪਵਿੱਤਰ ਹੋਣ ਲਈ ਬੋਲ-ਚਾਲ ਵਿਚ ਸ਼ੁੱਧ ਹੋਣ ਦੀ ਲੋੜ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਸ ਦੇ ਅਨੁਸਾਰ ਚੱਲਣਾ ਜ਼ਰੂਰੀ ਹੈ। ਜੀ ਹਾਂ, ਯਹੋਵਾਹ ਨੇ ਉਨ੍ਹਾਂ ਨੂੰ ਦਇਆ ਦਿਖਾਈ ਜੋ ਉਸ ਦੀ ਨਜ਼ਰ ਵਿਚ “ਪਵਿੱਤਰ” ਸਨ, ਅਤੇ ਉਸ ਨੇ ਉਨ੍ਹਾਂ ਨੂੰ ਹੀ “ਪਵਿੱਤ੍ਰ ਸ਼ਹਿਰ,” ਯਰੂਸ਼ਲਮ ਨੂੰ ਵਾਪਸ ਜਾਣ ਦਿੱਤਾ।—ਨਹਮਯਾਹ 11:1.

15. (ੳ) ਇਹ ਸ਼ਬਦ “ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ” ਸਾਨੂੰ ਕਿਹੜੀ ਯਹੂਦੀ ਰੀਤ ਦੀ ਯਾਦ ਦਿਲਾਉਂਦੇ ਹਨ? (ਅ) ਯਸਾਯਾਹ ਦੇ ਸ਼ਬਦਾਂ ਨੇ ਕਿਹੜੀ ਵੱਡੀ ਚੇਤਾਵਨੀ ਦਿੱਤੀ ਸੀ?

15 ਕੀ ਇਸ ਵਫ਼ਾਦਾਰ ਬਕੀਏ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ? ਯਸਾਯਾਹ ਨੇ ਵਾਅਦਾ ਕੀਤਾ ਸੀ ਕਿ ਉਹ “ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ” ਜਾਣਗੇ। ਇਹ ਸਾਨੂੰ ਯਹੂਦੀ ਲੋਕਾਂ ਦੀ ਉਸ ਰੀਤ ਬਾਰੇ ਯਾਦ ਦਿਲਾਉਂਦਾ ਹੈ ਜਿਸ ਵਿਚ ਇਸਰਾਏਲ ਦੇ ਪਰਿਵਾਰਾਂ ਅਤੇ ਗੋਤਾਂ ਦੀ ਸੂਚੀ ਰੱਖੀ ਜਾਂਦੀ ਸੀ। (ਨਹਮਯਾਹ 7:5) ਇਸ ਸੂਚੀ ਵਿਚ ਸਿਰਫ਼ ਜੀਉਂਦੇ ਵਿਅਕਤੀਆਂ ਦੇ ਨਾਂ ਹੀ ਲਿਖੇ ਜਾਂਦੇ ਸਨ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਦਾ ਨਾਂ ਕੱਟਿਆ ਜਾਂਦਾ ਸੀ। ਬਾਈਬਲ ਦੇ ਹੋਰ ਹਿੱਸਿਆਂ ਵਿਚ ਅਸੀਂ ਇਕ ਲਾਖਣਿਕ ਰਜਿਸਟਰ, ਜਾਂ ਪੋਥੀ, ਬਾਰੇ ਪੜ੍ਹਦੇ ਹਾਂ ਜਿਸ ਵਿਚ ਉਨ੍ਹਾਂ ਦੇ ਨਾਂ ਦਰਜ ਹਨ ਜਿਨ੍ਹਾਂ ਨੂੰ ਯਹੋਵਾਹ ਜੀਵਨ ਬਖ਼ਸ਼ਦਾ ਹੈ। ਇਸ ਪੋਥੀ ਵਿਚ ਨਾਂ ਪੱਕੀ ਤਰ੍ਹਾਂ ਨਹੀਂ ਲਿਖੇ ਜਾਂਦੇ ਕਿਉਂਕਿ ਯਹੋਵਾਹ ਇਨ੍ਹਾਂ ਨਾਵਾਂ ਨੂੰ “ਮਿਟਾ” ਵੀ ਸਕਦਾ ਹੈ। (ਕੂਚ 32:32, 33; ਜ਼ਬੂਰ 69:28) ਤਾਂ ਫਿਰ, ਯਸਾਯਾਹ ਦੇ ਸ਼ਬਦਾਂ ਨੇ ਇਕ ਵੱਡੀ ਚੇਤਾਵਨੀ ਦਿੱਤੀ। ਉਸ ਨੇ ਕਿਹਾ ਕਿ ਵਾਪਸ ਆਉਣ ਵਾਲੇ ਲੋਕ ਆਪਣੇ ਬਹਾਲ ਕੀਤੇ ਗਏ ਦੇਸ਼ ਵਿਚ ਸਿਰਫ਼ ਉਦੋਂ ਤਕ ਹੀ ਰਹਿ ਸਕਦੇ ਸਨ ਜਦ ਤਕ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਰਹਿਣਗੇ।

16. (ੳ) ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਸੀ ਜਿਨ੍ਹਾਂ ਨੂੰ ਉਸ ਨੇ 537 ਸਾ.ਯੁ.ਪੂ. ਵਿਚ ਯਹੂਦਾਹ ਵਾਪਸ ਆਉਣ ਦਿੱਤਾ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਸਹ ਕੀਤੇ ਹੋਏ ਬਕੀਏ ਅਤੇ ‘ਹੋਰ ਭੇਡਾਂ’ ਉੱਤੇ ਯਹੋਵਾਹ ਦੀ ਦਇਆ ਵਿਅਰਥ ਨਹੀਂ ਗਈ?

16 ਉਹ ਬਕੀਆ 537 ਸਾ.ਯੁ.ਪੂ. ਵਿਚ ਯਰੂਸ਼ਲਮ ਨੂੰ ਮੁੜਿਆ ਸੀ। ਉਸ ਦਾ ਇਰਾਦਾ ਨੇਕ ਸੀ, ਉਹ ਸੱਚੀ ਉਪਾਸਨਾ ਨੂੰ ਦੁਬਾਰਾ ਸਥਾਪਿਤ ਕਰਨ ਆਇਆ ਸੀ। ਕਿਸੇ ਵੀ ਅਜਿਹੇ ਵਿਅਕਤੀ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਸੀ ਜੋ ਯਸਾਯਾਹ ਦੀ ਚੇਤਾਵਨੀ ਅਨੁਸਾਰ ਬੁਰੇ ਚਾਲ-ਚਲਣ ਜਾਂ ਗ਼ੈਰ-ਯਹੂਦੀ ਧਾਰਮਿਕ ਰਿਵਾਜਾਂ ਦੁਆਰਾ ਅਸ਼ੁੱਧ ਸੀ। (ਯਸਾਯਾਹ 1:15-17) ਸਿਰਫ਼ ਓਹੀ ਜਿਨ੍ਹਾਂ ਨੂੰ ਯਹੋਵਾਹ ਪਵਿੱਤਰ ਸਮਝਦਾ ਸੀ ਯਹੂਦਾਹ ਨੂੰ ਵਾਪਸ ਆ ਸਕਦੇ ਸਨ। (ਯਸਾਯਾਹ 35:8) ਇਸੇ ਤਰ੍ਹਾਂ, 1919 ਵਿਚ ਰੂਹਾਨੀ ਗ਼ੁਲਾਮੀ ਤੋਂ ਰਿਹਾ ਕੀਤੇ ਜਾਣ ਤੋਂ ਬਾਅਦ, ਮਸਹ ਕੀਤੇ ਹੋਏ ਬਕੀਏ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਬਕੀਏ ਦੇ ਨਾਲ ਲੱਖਾਂ ‘ਹੋਰ ਭੇਡਾਂ’ ਵੀ ਮਿਲ ਗਈਆਂ ਹਨ, ਯਾਨੀ ਉਹ ਲੋਕ ਜੋ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਇਹ ਵੀ ਪਵਿੱਤਰ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਯੂਹੰਨਾ 10:16) ਇਨ੍ਹਾਂ ਸਾਰਿਆਂ ਨੇ ਬਾਬਲੀ ਸਿੱਖਿਆਵਾਂ ਅਤੇ ਰੀਤਾਂ ਨੂੰ ਛੱਡ ਦਿੱਤਾ ਹੈ। ਉਹ ਨਿੱਜੀ ਤੌਰ ਤੇ ਪਰਮੇਸ਼ੁਰ ਦੇ ਨੈਤਿਕ ਅਸੂਲਾਂ ਅਨੁਸਾਰ ਜੀਉਣ ਦੀ ਸਖ਼ਤ ਕੋਸ਼ਿਸ਼ ਕਰਦੇ ਹਨ। (1 ਪਤਰਸ 1:14-16) ਯਹੋਵਾਹ ਦੁਆਰਾ ਉਨ੍ਹਾਂ ਉੱਤੇ ਕੀਤੀ ਗਈ ਦਇਆ ਵਿਅਰਥ ਨਹੀਂ ਗਈ।

17. ਯਹੋਵਾਹ ‘ਜੀਵਨ ਦੀ ਪੁਸਤਕ’ ਵਿਚ ਕਿਨ੍ਹਾਂ ਦੇ ਨਾਂ ਲਿਖਦਾ ਹੈ, ਅਤੇ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

17 ਯਾਦ ਕਰੋ ਕਿ ਯਹੋਵਾਹ ਨੇ ਇਸਰਾਏਲ ਦੀ ਕੌਮ ਵਿੱਚੋਂ ਉਨ੍ਹਾਂ ਲੋਕਾਂ ਵੱਲ ਧਿਆਨ ਦਿੱਤਾ ਜੋ ਪਵਿੱਤਰ ਸਨ ਅਤੇ ਉਸ ਨੇ ‘ਉਨ੍ਹਾਂ ਦੇ ਨਾਂ ਜੀਉਂਦਿਆਂ ਵਿੱਚ ਲਿਖੇ।’ ਅੱਜ ਵੀ, ਯਹੋਵਾਹ ਇਸ ਚੀਜ਼ ਵੱਲ ਧਿਆਨ ਦਿੰਦਾ ਹੈ ਕਿ ਅਸੀਂ ਮਨ-ਤਨ ਵਿਚ ਸਾਫ਼-ਸੁਥਰੇ ਹੋਣ ਵਿਚ ਕਿੰਨਾ ਜਤਨ ਕਰਦੇ ਹਾਂ, ਜਿਉਂ-ਜਿਉਂ ਅਸੀਂ ‘ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਉਂਦੇ ਹਾਂ।’ (ਰੋਮੀਆਂ 12:1) ਅਤੇ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੇ ਨਾਂ ‘ਜੀਵਨ ਦੀ ਪੁਸਤਕ’ ਵਿਚ ਦਰਜ ਕਰਦਾ ਹੈ ਜੋ ਅਜਿਹੇ ਰਸਤੇ ਤੇ ਚੱਲਦੇ ਹਨ। (ਫ਼ਿਲਿੱਪੀਆਂ 4:3; ਮਲਾਕੀ 3:16) ਇਸ ਲਾਖਣਿਕ ਪੁਸਤਕ ਵਿਚ ਉਨ੍ਹਾਂ ਲੋਕਾਂ ਦੇ ਨਾਂ ਹਨ ਜਿਨ੍ਹਾਂ ਨੂੰ ਸਦਾ ਦਾ ਜੀਵਨ ਮਿਲੇਗਾ, ਚਾਹੇ ਇਹ ਸਵਰਗ ਵਿਚ ਹੋਵੇ ਜਾਂ ਧਰਤੀ ਉੱਤੇ। ਇਸ ਲਈ, ਆਓ ਆਪਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਰਹਿਣ ਦੀ ਪੂਰੀ ਕੋਸ਼ਿਸ਼ ਕਰੀਏ ਅਤੇ ਤਦ ਹੀ ਸਾਡੇ ਨਾਂ ਉਸ “ਪੋਥੀ” ਵਿਚ ਰਹਿਣਗੇ।ਪਰਕਾਸ਼ ਦੀ ਪੋਥੀ 3:5.

ਪਿਆਰ ਨਾਲ ਦੇਖ-ਭਾਲ ਕਰਨ ਦਾ ਵਾਅਦਾ

18, 19. ਯਸਾਯਾਹ 4:4, 5 ਦੇ ਅਨੁਸਾਰ, ਯਹੋਵਾਹ ਕਿਹੜੀ ਸਫ਼ਾਈ ਕਰੇਗਾ ਅਤੇ ਇਹ ਕਿਸ ਤਰ੍ਹਾਂ ਕੀਤੀ ਗਈ ਸੀ?

18 ਅੱਗੇ ਯਸਾਯਾਹ ਨੇ ਦਿਖਾਇਆ ਕਿ ਬਹਾਲ ਕੀਤੇ ਗਏ ਦੇਸ਼ ਦੇ ਵਾਸੀ ਕਿਵੇਂ ਪਵਿੱਤਰ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਜਾਣਗੀਆਂ: “ਜਦ ਪ੍ਰਭੁ ਨੇ ਸੀਯੋਨ ਦੀਆਂ ਧੀਆਂ ਦਾ ਮੈਲਾ ਧੋ ਸੁੱਟਿਆ ਹੋਵੇਗਾ ਅਤੇ ਯਰੂਸ਼ਲਮ ਦਾ ਲਹੂ ਉਹ ਦੇ ਵਿੱਚੋਂ ਨਿਆਉਂ ਦੇ ਆਤਮਾ ਅਤੇ ਸਾੜਨ ਵਾਲੇ ਆਤਮਾ ਨਾਲ ਸਾਫ਼ ਕਰ ਦਿੱਤਾ ਹੋਵੇਗਾ ਤਾਂ ਯਹੋਵਾਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਬੱਦਲ ਤੇ ਧੂੰਆਂ ਅਤੇ ਰਾਤ ਨੂੰ ਬਲਦੀ ਅੱਗ ਦਾ ਚਮਕਾਰਾ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਹੋਵੇਗੀ।”—ਯਸਾਯਾਹ 4:4, 5.

19 ਯਸਾਯਾਹ ਪਹਿਲਾਂ ਹੀ “ਸੀਯੋਨ ਦੀਆਂ ਧੀਆਂ” ਨੂੰ ਤਾੜਨਾ ਦੇ ਚੁੱਕਾ ਸੀ ਜੋ ਗਹਿਣਿਆਂ ਨਾਲ ਸਜੀਆਂ ਹੋਈਆਂ ਤਾਂ ਸਨ ਪਰ ਬਦਚਲਣ ਸਨ। ਉਸ ਨੇ ਲੋਕਾਂ ਨੂੰ ਖ਼ੂਨ ਦੇ ਦੋਸ਼ੀ ਵੀ ਠਹਿਰਾਇਆ ਅਤੇ ਉਨ੍ਹਾਂ ਨੂੰ ਆਪਣੇ ਆਪ ਤੋਂ ਉਸ ਦੋਸ਼ ਨੂੰ ਧੋਣ ਲਈ ਕਿਹਾ ਸੀ। (ਯਸਾਯਾਹ 1:15, 16; 3:16-23) ਪਰ, ਇੱਥੇ ਯਸਾਯਾਹ ਉਸ ਸਮੇਂ ਦੀ ਉਡੀਕ ਕਰ ਰਿਹਾ ਸੀ ਜਦੋਂ ਯਹੋਵਾਹ ਨੇ ਅਨੈਤਿਕਤਾ, ਜਾਂ “ਮੈਲਾ ਧੋ ਸੁੱਟਿਆ ਹੋਵੇਗਾ,” ਅਤੇ ਜਦੋਂ ਉਸ ਨੇ ‘ਲਹੂ ਦੇ ਧੱਬਿਆਂ ਨੂੰ ਸਾਫ਼ ਕਰ ਦਿੱਤਾ ਹੋਵੇਗਾ।’ (ਯਸਾਯਾਹ 4:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸਫ਼ਾਈ ਕਿਵੇਂ ਕੀਤੀ ਗਈ ਸੀ? “ਨਿਆਉਂ ਦੇ ਆਤਮਾ ਅਤੇ ਸਾੜਨ ਵਾਲੇ ਆਤਮਾ” ਨਾਲ। ਯਰੂਸ਼ਲਮ ਦਾ ਨਾਸ਼ ਅਤੇ ਬਾਬਲ ਵਿਚ ਗ਼ੁਲਾਮੀ ਇਕ ਅਸ਼ੁੱਧ ਕੌਮ ਉੱਤੇ ਪਰਮੇਸ਼ੁਰ ਦੀ ਸਜ਼ਾ ਅਤੇ ਉਸ ਦੇ ਗੁੱਸੇ ਦਾ ਪ੍ਰਗਟਾਵਾ ਸੀ। ਜਿਹੜਾ ਬਕੀਆ ਇਨ੍ਹਾਂ ਮੁਸੀਬਤਾਂ ਵਿੱਚੋਂ ਬਚ ਨਿਕਲਿਆ ਅਤੇ ਦੇਸ਼ ਵਾਪਸ ਮੁੜਿਆ ਉਹ ਸ਼ੁੱਧ ਕੀਤਾ ਗਿਆ ਸੀ। ਇਸੇ ਲਈ ਉਹ ਯਹੋਵਾਹ ਦੀ ਨਜ਼ਰ ਵਿਚ ਪਵਿੱਤਰ ਹੋਇਆ ਅਤੇ ਉਸ ਨੇ ਉਸ ਦੀ ਦਇਆ ਹਾਸਲ ਕੀਤੀ।—ਮਲਾਕੀ 3:2, 3 ਦੀ ਤੁਲਨਾ ਕਰੋ।

20. (ੳ) ਸ਼ਬਦ “ਬੱਦਲ,” “ਧੂੰਆਂ,” ਅਤੇ “ਬਲਦੀ ਅੱਗ” ਸਾਨੂੰ ਕਿਹੜੀ ਗੱਲ ਯਾਦ ਕਰਾਉਂਦੇ ਹਨ? (ਅ) ਸ਼ੁੱਧ ਕੀਤੇ ਗਏ ਗ਼ੁਲਾਮਾਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਸੀ?

20 ਯਸਾਯਾਹ ਰਾਹੀਂ, ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਇਸ ਸ਼ੁੱਧ ਕੀਤੇ ਗਏ ਬਕੀਏ ਦੀ ਪਿਆਰ ਨਾਲ ਦੇਖ-ਭਾਲ ਕਰੇਗਾ। ਸ਼ਬਦ “ਬੱਦਲ,” “ਧੂੰਆਂ,” ਅਤੇ “ਬਲਦੀ ਅੱਗ” ਸਾਨੂੰ ਯਾਦ ਕਰਾਉਂਦੇ ਹਨ ਕਿ ਯਹੋਵਾਹ ਨੇ ਇਸਰਾਏਲੀਆਂ ਦੀ ਮਿਸਰ ਛੱਡਣ ਤੋਂ ਬਾਅਦ ਕਿਵੇਂ ਦੇਖ-ਭਾਲ ਕੀਤੀ ਸੀ। “ਅੱਗ ਅਰ ਬੱਦਲ ਦੇ ਥੰਮ੍ਹ” ਨੇ ਉਨ੍ਹਾਂ ਨੂੰ ਮਿਸਰੀਆਂ ਤੋਂ ਬਚਾਇਆ ਸੀ ਜੋ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ; ਅਤੇ ਇਸ ਨੇ ਉਜਾੜ ਵਿਚ ਉਨ੍ਹਾਂ ਦੀ ਅਗਵਾਈ ਕੀਤੀ। (ਕੂਚ 13:21, 22; 14:19, 20, 24) ਜਦੋਂ ਯਹੋਵਾਹ ਸੀਨਈ ਪਹਾੜ ਉੱਤੇ ਪ੍ਰਗਟ ਹੋਇਆ ਸੀ, ਤਾਂ ਪਹਾੜ “ਤੋਂ ਧੂੰਆਂ ਨਿੱਕਲਦਾ ਸੀ।” (ਕੂਚ 19:18) ਤਾਂ ਫਿਰ, ਸ਼ੁੱਧ ਕੀਤੇ ਗਏ ਗ਼ੁਲਾਮਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਯਹੋਵਾਹ ਉਨ੍ਹਾਂ ਦਾ ਰਖਵਾਲਾ ਸੀ। ਉਹ ਉਨ੍ਹਾਂ ਦੇ ਨਾਲ ਰਿਹਾ ਚਾਹੇ ਉਨ੍ਹਾਂ ਨੇ ਆਪਣੇ ਘਰਾਂ ਵਿਚ ਜਾਂ ਪਵਿੱਤਰ ਮੇਲਿਆਂ ਵਿਚ ਸੰਗਤ ਕੀਤੀ।

21, 22. (ੳ) ਮੰਡਪ ਅਕਸਰ ਕਿਸ ਕੰਮ ਲਈ ਬਣਾਇਆ ਜਾਂਦਾ ਸੀ? (ਅ) ਸ਼ੁੱਧ ਕੀਤੇ ਗਏ ਬਕੀਏ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਸੀ?

21 ਪਰਮੇਸ਼ੁਰੀ ਸੁਰੱਖਿਆ ਬਾਰੇ ਗੱਲ ਖ਼ਤਮ ਕਰਦੇ ਹੋਏ, ਯਸਾਯਾਹ ਨੇ ਰੋਜ਼ਾਨਾ ਜੀਵਨ ਵੱਲ ਧਿਆਨ ਦਿੱਤਾ: “ਦਿਨ ਨੂੰ ਗਰਮੀ ਤੋਂ ਛਾਂ ਲਈ ਅਤੇ ਅਨ੍ਹੇਰੀ ਅਰ ਝੜੀ ਤੋਂ ਪਨਾਹ ਤੇ ਓਟ ਲਈ ਇੱਕ ਮੰਡਪ ਹੋਵੇਗਾ।” (ਯਸਾਯਾਹ 4:6) ਮੰਡਪ, ਜਾਂ ਝੌਂਪੜੀਆਂ, ਅਕਸਰ ਅੰਗੂਰਾਂ ਦੇ ਬਾਗ਼ਾਂ ਜਾਂ ਖੇਤਾਂ ਵਿਚ ਬਣਾਈਆਂ ਜਾਂਦੀਆਂ ਸਨ। ਇਹ ਗਰਮੀਆਂ ਵਿਚ ਤਪਦੇ ਸੂਰਜ ਤੋਂ ਛਾਂ ਅਤੇ ਬਰਸਾਤਾਂ ਵਿਚ ਠੰਢ ਅਤੇ ਹਨੇਰੀ ਤੋਂ ਪਨਾਹ ਦਿੰਦੀਆਂ ਸਨ।—ਯੂਨਾਹ 4:5 ਦੀ ਤੁਲਨਾ ਕਰੋ।

22 ਜਦੋਂ ਸ਼ੁੱਧ ਕੀਤੇ ਗਏ ਬਕੀਏ ਨੇ ਸਤਾਹਟ ਦੀ ਅੱਗ ਅਤੇ ਵਿਰੋਧਤਾ ਦੇ ਤੂਫ਼ਾਨ ਦਾ ਸਾਮ੍ਹਣਾ ਕੀਤਾ, ਤਾਂ ਉਸ ਨੂੰ ਯਹੋਵਾਹ ਤੋਂ ਰੱਖਿਆ, ਬਚਾਅ, ਅਤੇ ਪਨਾਹ ਮਿਲੀ। (ਜ਼ਬੂਰ 91:1, 2; 121:5) ਉਨ੍ਹਾਂ ਦੇ ਅੱਗੇ ਇਕ ਸੁੰਦਰ ਭਵਿੱਖ ਸੀ: ਜੇ ਉਹ ਬਾਬਲ ਦੇ ਅਸ਼ੁੱਧ ਵਿਸ਼ਵਾਸਾਂ ਅਤੇ ਰੀਤਾਂ ਨੂੰ ਛੱਡ ਦੇਣ, ਯਹੋਵਾਹ ਵੱਲੋਂ ਸ਼ੁੱਧ ਕੀਤੇ ਜਾਣ, ਅਤੇ ਪਵਿੱਤਰ ਰਹਿਣ ਦਾ ਜਤਨ ਕਰਨ, ਤਾਂ ਉਹ ਸੁਰੱਖਿਅਤ ਰਹਿਣਗੇ, ਮਾਨੋ ਉਹ ਪਰਮੇਸ਼ੁਰੀ ਸੁਰੱਖਿਆ ਦੀ ਝੌਂਪੜੀ ਵਿਚ ਹੋਣਗੇ।

23. ਯਹੋਵਾਹ ਨੇ ਮਸਹ ਕੀਤੇ ਗਏ ਬਕੀਏ ਅਤੇ ਉਸ ਦੇ ਸਾਥੀਆਂ ਨੂੰ ਬਰਕਤ ਕਿਉਂ ਦਿੱਤੀ ਹੈ?

23 ਧਿਆਨ ਦਿਓ ਕਿ ਪਹਿਲਾਂ ਸਫ਼ਾਈ ਕੀਤੀ ਜਾਂਦੀ ਹੈ, ਫਿਰ ਬਰਕਤਾਂ ਆਉਂਦੀਆਂ ਹਨ। ਇਹ ਸਾਡੇ ਜ਼ਮਾਨੇ ਵਿਚ ਵੀ ਸੱਚ ਸਾਬਤ ਹੋਇਆ ਹੈ। ਮਸਹ ਕੀਤਾ ਹੋਇਆ ਬਕੀਆ 1919 ਵਿਚ ਸ਼ੁੱਧ ਕੀਤੇ ਜਾਣ ਲਈ ਰਾਜ਼ੀ ਹੋਇਆ, ਅਤੇ ਯਹੋਵਾਹ ਨੇ ਉਸ ਦੀ ਅਪਵਿੱਤਰਤਾ ‘ਧੋ ਸੁੱਟੀ।’ ਉਸ ਸਮੇਂ ਤੋਂ ਹੋਰ ਭੇਡਾਂ ਦੀ ਇਕ “ਵੱਡੀ ਭੀੜ” ਨੇ ਵੀ ਆਪਣੇ ਆਪ ਨੂੰ ਯਹੋਵਾਹ ਦੁਆਰਾ ਸ਼ੁੱਧ ਹੋਣ ਦਿੱਤਾ ਹੈ। (ਪਰਕਾਸ਼ ਦੀ ਪੋਥੀ 7:9) ਸ਼ੁੱਧ ਹੋਣ ਤੋਂ ਬਾਅਦ, ਬਕੀਏ ਅਤੇ ਉਸ ਦੇ ਸਾਥੀਆਂ ਨੂੰ ਯਹੋਵਾਹ ਦੀ ਬਰਕਤ ਮਿਲੀ—ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ। ਉਹ ਚਮਤਕਾਰੀ ਢੰਗ ਨਾਲ ਸਤਾਹਟ ਦੀ ਅੱਗ ਜਾਂ ਵਿਰੋਧਤਾ ਦੇ ਤੂਫ਼ਾਨਾਂ ਨੂੰ ਨਹੀਂ ਰੋਕਦਾ। ਪਰ ਉਹ ਆਪਣੇ ਲੋਕਾਂ ਦੀ ਇਨ੍ਹਾਂ ਤੋਂ ਰੱਖਿਆ ਕਰਦਾ ਹੈ, ਮਾਨੋ ਉਹ ‘ਗਰਮੀ ਤੋਂ ਛਾਂ ਲਈ ਅਤੇ ਅਨ੍ਹੇਰੀ ਤੋਂ ਪਨਾਹ ਲਈ ਇੱਕ ਮੰਡਪ’ ਖੜ੍ਹਾ ਕਰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ?

24. ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੰਗਠਨ ਵਜੋਂ ਬਰਕਤ ਦਿੱਤੀ ਹੈ?

24 ਇਸ ਗੱਲ ਉੱਤੇ ਵਿਚਾਰ ਕਰੋ: ਇਤਿਹਾਸ ਦੌਰਾਨ ਕੁਝ ਸ਼ਕਤੀਸ਼ਾਲੀ ਹਕੂਮਤਾਂ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾਈ ਹੈ ਜਾਂ ਗਵਾਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ, ਗਵਾਹ ਦ੍ਰਿੜ੍ਹ ਰਹੇ ਹਨ ਅਤੇ ਪ੍ਰਚਾਰ ਕਰਦੇ ਰਹੇ ਹਨ! ਤਾਕਤਵਰ ਕੌਮਾਂ ਇਸ ਛੋਟੇ ਜਿਹੇ ਸਮੂਹ ਦੇ ਕੰਮ ਨੂੰ ਕਿਉਂ ਨਹੀਂ ਰੋਕ ਸਕੀਆਂ ਜੋ ਸਮੂਹ ਦੇਖਣ ਨੂੰ ਅਸੁਰੱਖਿਅਤ ਲੱਗਦਾ ਹੈ? ਕਿਉਂਕਿ ਯਹੋਵਾਹ ਨੇ ਆਪਣੇ ਸ਼ੁੱਧ ਸੇਵਕਾਂ ਨੂੰ ਇਕ ‘ਮੰਡਪ’ ਵਿਚ ਰੱਖਿਆ ਹੈ ਅਤੇ ਕੋਈ ਵੀ ਇਨਸਾਨ ਇਸ ਨੂੰ ਢਾਹ ਨਹੀਂ ਸਕਦਾ!

25. ਇਸ ਦਾ ਕੀ ਮਤਲਬ ਹੈ ਕਿ ਨਿੱਜੀ ਤੌਰ ਤੇ ਯਹੋਵਾਹ ਸਾਡਾ ਰਖਵਾਲਾ ਹੈ?

25 ਨਿੱਜੀ ਤੌਰ ਤੇ ਸਾਡੇ ਬਾਰੇ ਕੀ? ਯਹੋਵਾਹ ਸਾਡਾ ਰਖਵਾਲਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦੁਨੀਆਂ ਵਿਚ ਸਾਡੇ ਸਾਮ੍ਹਣੇ ਕੋਈ ਵੀ ਸਮੱਸਿਆ ਨਹੀਂ ਆਵੇਗੀ। ਕਈ ਵਫ਼ਾਦਾਰ ਮਸੀਹੀ ਗ਼ਰੀਬੀ, ਕੁਦਰਤੀ ਆਫ਼ਤਾਂ, ਲੜਾਈਆਂ, ਬੀਮਾਰੀ, ਅਤੇ ਮੌਤ ਵਰਗੀਆਂ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹਨ। ਅਜਿਹੇ ਦੁੱਖਾਂ ਦੇ ਸਾਮ੍ਹਣੇ, ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ੁਰ ਸਾਡੇ ਨਾਲ ਹੈ। ਰੂਹਾਨੀ ਤੌਰ ਤੇ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਉਹ ਸਾਨੂੰ “ਮਹਾ-ਸ਼ਕਤੀ” ਦਿੰਦਾ ਹੈ ਤਾਂਕਿ ਅਸੀਂ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਝੱਲ ਸਕੀਏ। (2 ਕੁਰਿੰਥੀਆਂ 4:7, ਨਵਾਂ ਅਨੁਵਾਦ) ਉਹ ਸਾਡੇ ਅੰਗ-ਸੰਗ ਹੈ ਅਤੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ। ਜਿੰਨਾ ਚਿਰ ਅਸੀਂ ਉਸ ਦੀਆਂ ਨਜ਼ਰਾਂ ਵਿਚ ਪਵਿੱਤਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਕੋਈ ਵੀ ਚੀਜ਼ ‘ਪਰਮੇਸ਼ੁਰ ਦੇ ਪ੍ਰੇਮ ਤੋਂ ਸਾਨੂੰ ਅੱਡ ਨਹੀਂ ਕਰ ਸੱਕੇਗੀ।’—ਰੋਮੀਆਂ 8:38, 39.

[ਫੁਟਨੋਟ]

^ ਪੈਰਾ 6 ਕੁਝ ਵਿਦਵਾਨ ਕਹਿੰਦੇ ਹਨ ਕਿ ਸ਼ਬਦ “ਯਹੋਵਾਹ ਦੀ ਸ਼ਾਖ” ਮਸੀਹ ਵੱਲ ਇਸ਼ਾਰਾ ਕਰਦੇ ਹਨ, ਜਿਸ ਨੇ ਯਰੂਸ਼ਲਮ ਦੀ ਬਹਾਲੀ ਤੋਂ ਬਾਅਦ ਪ੍ਰਗਟ ਹੋਣਾ ਸੀ। ਅਰਾਮੀ ਭਾਸ਼ਾ ਦੇ ਪ੍ਰਾਚੀਨ ਯਹੂਦੀ ਗ੍ਰੰਥਾਂ ਵਿਚ, ਇਸ ਵਾਕ ਦਾ ਮਤਲਬ ਹੈ: “ਯਹੋਵਾਹ ਦਾ ਮਸੀਹਾ [ਮਸੀਹ]।” ਬਾਅਦ ਵਿਚ ਯਿਰਮਿਯਾਹ ਨੇ ਵੀ ਇਹੋ ਇਬਰਾਨੀ ਨਾਂਵ (ਸਿਮੱਖ) ਵਰਤਿਆ ਜਦੋਂ ਉਸ ਨੇ ਮਸੀਹਾ ਨੂੰ ਦਾਊਦ ਲਈ “ਇੱਕ ਧਰਮੀ ਸ਼ਾਖ” ਸੱਦਿਆ।—ਯਿਰਮਿਯਾਹ 23:5; 33:15.

^ ਪੈਰਾ 9 “ਬਚੇ ਹੋਇਆਂ” ਵਿਚ ਉਹ ਲੋਕ ਵੀ ਸਨ ਜੋ ਬਾਬਲ ਵਿਚ ਗ਼ੁਲਾਮੀ ਦੌਰਾਨ ਪੈਦਾ ਹੋਏ ਸਨ। ਇਨ੍ਹਾਂ ਨੂੰ ਵੀ ‘ਬਚੇ ਹੋਏ’ ਸਮਝਿਆ ਜਾ ਸਕਦਾ ਹੈ, ਕਿਉਂਕਿ ਜੇ ਉਨ੍ਹਾਂ ਦੇ ਪਿਓ-ਦਾਦੇ ਬਰਬਾਦੀ ਵਿੱਚੋਂ ਨਾ ਬਚਦੇ ਤਾਂ ਉਹ ਕਦੀ ਵੀ ਪੈਦਾ ਨਾ ਹੁੰਦੇ।—ਅਜ਼ਰਾ 9:13-15. ਇਬਰਾਨੀਆਂ 7:9, 10 ਦੀ ਤੁਲਨਾ ਕਰੋ।

[ਸਵਾਲ]

[ਸਫ਼ਾ 63 ਉੱਤੇ ਤਸਵੀਰ]

ਯਹੂਦਾਹ ਉੱਤੇ ਪਰਮੇਸ਼ੁਰ ਦੇ ਨਿਆਉਂ ਦਾ ਤੂਫ਼ਾਨ ਆ ਰਿਹਾ ਸੀ