Skip to content

Skip to table of contents

ਫਿਰਦੌਸ ਦੀ ਉਮੀਦ!

ਫਿਰਦੌਸ ਦੀ ਉਮੀਦ!

ਅਠਾਈਵਾਂ ਅਧਿਆਇ

ਫਿਰਦੌਸ ਦੀ ਉਮੀਦ!

ਯਸਾਯਾਹ 35:1-10

1. ਕਈ ਮਜ਼ਹਬ ਫਿਰਦੌਸ ਦੀ ਆਸ ਕਿਉਂ ਦਿੰਦੇ ਹਨ?

ਧਰਮਾਂ ਬਾਰੇ ਇਕ ਵਿਸ਼ਵ-ਕੋਸ਼ ਕਹਿੰਦਾ ਹੈ ਕਿ “ਇਨਸਾਨ ਹਮੇਸ਼ਾ ਤੋਂ ਫਿਰਦੌਸ ਵਿਚ ਰਹਿਣ ਦੀ ਇੱਛਾ ਰੱਖਦੇ ਆਏ ਹਨ। ਇਹ ਸ਼ਾਇਦ ਇਨਸਾਨਾਂ ਦੀ ਸਭ ਤੋਂ ਵੱਡੀ ਇੱਛਾ ਹੈ। ਫਿਰਦੌਸ ਵਿਚ ਰਹਿਣ ਦੀ ਇਸ ਚਾਹਤ ਦਾ ਸਬੂਤ ਕਈ ਮਜ਼ਹਬਾਂ ਤੋਂ ਮਿਲਦਾ ਹੈ।” ਬਾਈਬਲ ਸਾਨੂੰ ਦੱਸਦੀ ਹੈ ਕਿ ਇਨਸਾਨਾਂ ਦੀ ਸ਼ੁਰੂਆਤ ਫਿਰਦੌਸ, ਮਤਲਬ ਇਕ ਸੁੰਦਰ ਬਾਗ਼ ਵਿਚ ਹੋਈ ਸੀ ਜਿੱਥੇ ਨਾ ਕੋਈ ਬੀਮਾਰੀ ਸੀ ਅਤੇ ਨਾ ਮੌਤ। (ਉਤਪਤ 2:8-15) ਇਸ ਲਈ ਅਜਿਹੀ ਇੱਛਾ ਕੁਦਰਤੀ ਹੈ। ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਦੁਨੀਆਂ ਦੇ ਮਜ਼ਹਬ ਲੋਕਾਂ ਨੂੰ ਕਿਸੇ-ਨ-ਕਿਸੇ ਭਾਵੀ ਫਿਰਦੌਸ ਦੀ ਆਸ ਦਿੰਦੇ ਹਨ।

2. ਸਾਨੂੰ ਫਿਰਦੌਸ ਦੀ ਅਸਲੀ ਉਮੀਦ ਕਿੱਥੋਂ ਮਿਲਦੀ ਹੈ?

2 ਬਾਈਬਲ ਦੇ ਕਈਆਂ ਹਿੱਸਿਆਂ ਵਿਚ ਅਸੀਂ ਫਿਰਦੌਸ ਦੀ ਅਸਲੀ ਉਮੀਦ ਬਾਰੇ ਪੜ੍ਹ ਸਕਦੇ ਹਾਂ। (ਯਸਾਯਾਹ 51:3) ਉਦਾਹਰਣ ਲਈ, ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੱਸਦੀ ਹੈ ਕਿ ਵਿਰਾਨ ਇਲਾਕੇ ਬਗ਼ੀਚਿਆਂ ਅਤੇ ਫਲਦਾਰ ਖੇਤਾਂ ਵਿਚ ਬਦਲੇ ਜਾਣਗੇ। ਅੰਨ੍ਹੇ ਦੇਖ ਸਕਣਗੇ, ਗੁੰਗੇ ਬੋਲ ਸਕਣਗੇ, ਅਤੇ ਬੋਲ਼ੇ ਸੁਣ ਸਕਣਗੇ। ਇਸ ਆਉਣ ਵਾਲੇ ਫਿਰਦੌਸ ਵਿਚ ਨਾ ਕੋਈ ਸੋਗ ਕਰੇਗਾ ਅਤੇ ਨਾ ਹੀ ਹਉਕੇ ਭਰੇਗਾ ਜਿਸ ਤੋਂ ਪਤਾ ਲੱਗਦਾ ਹੈ ਕਿ ਮੌਤ ਨਹੀਂ ਹੋਵੇਗੀ। ਇਹ ਵਾਅਦਾ ਕਿੰਨਾ ਸ਼ਾਨਦਾਰ ਹੈ! ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ? ਕੀ ਇਹ ਸਾਨੂੰ ਅੱਜ ਕੋਈ ਉਮੀਦ ਦਿੰਦੇ ਹਨ? ਯਸਾਯਾਹ ਦੇ ਇਸ ਅਧਿਆਇ ਉੱਤੇ ਗੌਰ ਕਰਨ ਨਾਲ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।

ਸੁੰਨਾ ਦੇਸ਼ ਖ਼ੁਸ਼ੀਆਂ ਮਨਾਵੇਗਾ

3. ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਦੇਸ਼ ਵਿਚ ਕਿਹੋ ਜਿਹੀ ਤਬਦੀਲੀ ਹੋਣੀ ਸੀ?

3 ਫਿਰਦੌਸ ਦੀ ਉਮੀਦ ਬਾਰੇ ਯਸਾਯਾਹ ਦੀ ਭਵਿੱਖਬਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ, ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ, ਉਹ ਨੂੰ ਦਿੱਤੀ ਜਾਵੇਗੀ, ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।”—ਯਸਾਯਾਹ 35:1, 2.

4. ਯਹੂਦੀਆਂ ਦਾ ਵਤਨ ਕਦੋਂ ਅਤੇ ਕਿਵੇਂ ਉਜਾੜ ਬਣ ਗਿਆ ਸੀ?

4 ਯਸਾਯਾਹ ਨੇ ਇਹ ਸ਼ਬਦ ਲਗਭਗ 732 ਸਾ.ਯੁ.ਪੂ. ਵਿਚ ਲਿਖੇ ਸਨ। ਇਸ ਤੋਂ ਕੁਝ 125 ਸਾਲ ਬਾਅਦ, ਬਾਬਲੀਆਂ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਉਹ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮੀ ਵਿਚ ਲੈ ਗਏ। ਉਨ੍ਹਾਂ ਦਾ ਵਤਨ ਖਾਲੀ ਅਤੇ ਸੁੰਨਾ ਛੱਡਿਆ ਗਿਆ ਸੀ। (2 ਰਾਜਿਆਂ 25:8-11, 21-26) ਇਸ ਤਰ੍ਹਾਂ ਯਹੋਵਾਹ ਦੀ ਚੇਤਾਵਨੀ ਅਨੁਸਾਰ ਯਹੂਦੀਆਂ ਦੀ ਬੇਵਫ਼ਾਈ ਦੇ ਕਾਰਨ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਿਆ ਗਿਆ। (ਬਿਵਸਥਾ ਸਾਰ 28:15, 36, 37; 1 ਰਾਜਿਆਂ 9:6-8) ਜਦੋਂ ਇਬਰਾਨੀ ਕੌਮ ਵਿਦੇਸ਼ ਵਿਚ ਗ਼ੁਲਾਮ ਸੀ, ਤਾਂ ਉਨ੍ਹਾਂ ਦੇ ਫਲਦਾਰ ਖੇਤ ਅਤੇ ਬਾਗ਼ 70 ਸਾਲਾਂ ਤਕ ਵਿਰਾਨ ਛੱਡੇ ਗਏ, ਉਹ ਉਜਾੜ ਬਣ ਗਏ ਸਨ।—ਯਸਾਯਾਹ 64:10; ਯਿਰਮਿਯਾਹ 4:23-27; 9:10-12.

5. (ੳ) ਦੇਸ਼ ਫਿਰਦੌਸ ਵਰਗਾ ਦੁਬਾਰਾ ਕਿਵੇਂ ਬਣਾਇਆ ਗਿਆ ਸੀ? (ਅ) ਲੋਕ “ਯਹੋਵਾਹ ਦਾ ਪਰਤਾਪ” ਕਿਸ ਤਰ੍ਹਾਂ ਦੇਖ ਸਕੇ ਸਨ?

5 ਪਰ, ਯਸਾਯਾਹ ਦੀ ਭਵਿੱਖਬਾਣੀ ਨੇ ਦੱਸਿਆ ਸੀ ਕਿ ਦੇਸ਼ ਨੇ ਹਮੇਸ਼ਾ ਲਈ ਉਜਾੜ ਨਹੀਂ ਰਹਿਣਾ ਸੀ। ਉਸ ਨੂੰ ਦੁਬਾਰਾ ਫਿਰਦੌਸ ਵਰਗਾ ਬਣਾਇਆ ਜਾਣਾ ਸੀ। ਉਸ ਨੂੰ “ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ” ਦਿੱਤੀ ਜਾਣੀ ਸੀ। * ਉਹ ਕਿਵੇਂ? ਜਦੋਂ ਯਹੂਦੀ ਆਪਣੇ ਵਤਨ ਵਾਪਸ ਮੁੜੇ ਸਨ, ਤਾਂ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਦੁਬਾਰਾ ਵਾਹਿਆ ਅਤੇ ਪਾਣੀ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਪਹਿਲਾਂ ਵਾਂਗ ਫਲਦਾਰ ਬਣ ਗਿਆ। ਸਿਰਫ਼ ਯਹੋਵਾਹ ਹੀ ਇਸ ਤਰ੍ਹਾਂ ਕਰ ਸਕਦਾ ਸੀ। ਉਸ ਦੀ ਮਰਜ਼ੀ, ਬਰਕਤ, ਅਤੇ ਸਹਾਰੇ ਨਾਲ ਹੀ ਯਹੂਦੀ ਅਜਿਹੇ ਸੋਹਣੇ ਮਾਹੌਲ ਦਾ ਆਨੰਦ ਮਾਣ ਸਕੇ ਸਨ। ਲੋਕ “ਯਹੋਵਾਹ ਦਾ ਪਰਤਾਪ, [ਆਪਣੇ] ਪਰਮੇਸ਼ੁਰ ਦੀ ਸ਼ਾਨ” ਦੇਖ ਸਕੇ ਜਦੋਂ ਉਨ੍ਹਾਂ ਨੇ ਆਪਣੇ ਦੇਸ਼ ਦੀ ਤਬਦੀਲੀ ਵਿਚ ਯਹੋਵਾਹ ਦਾ ਹੱਥ ਦੇਖਿਆ।

6. ਯਸਾਯਾਹ ਦੇ ਸ਼ਬਦਾਂ ਦੀ ਕਿਹੜੀ ਮਹੱਤਵਪੂਰਣ ਪੂਰਤੀ ਹੋਈ ਸੀ?

6 ਇਸਰਾਏਲ ਦੇ ਬਹਾਲ ਦੇਸ਼ ਵਿਚ ਯਸਾਯਾਹ ਦੇ ਸ਼ਬਦਾਂ ਦੀ ਹੋਰ ਵੀ ਮਹੱਤਵਪੂਰਣ ਪੂਰਤੀ ਹੋਈ ਸੀ। ਇਸਰਾਏਲ ਕਈ ਸਾਲਾਂ ਤਕ ਰੂਹਾਨੀ ਤੌਰ ਤੇ ਸੁੱਕਾ ਅਤੇ ਬੰਜਰ ਸੀ। ਜਦੋਂ ਯਹੂਦੀ ਲੋਕ ਬਾਬਲ ਵਿਚ ਗ਼ੁਲਾਮ ਸਨ, ਤਾਂ ਉਨ੍ਹਾਂ ਲਈ ਸ਼ੁੱਧ ਉਪਾਸਨਾ ਕਰਨੀ ਬਹੁਤ ਔਖੀ ਸੀ। ਉੱਥੇ ਨਾ ਕੋਈ ਹੈਕਲ, ਨਾ ਕੋਈ ਜਗਵੇਦੀ, ਅਤੇ ਨਾ ਹੀ ਕੋਈ ਜਾਜਕਾਈ ਸੀ। ਬਲੀਆਂ ਰੋਜ਼ ਨਹੀਂ ਚੜ੍ਹਾਈਆਂ ਜਾ ਸਕਦੀਆਂ ਸਨ। ਪਰ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਹਾਲਤ ਬਦਲੇਗੀ। ਜ਼ਰੁੱਬਾਬਲ, ਅਜ਼ਰਾ, ਅਤੇ ਨਹਮਯਾਹ ਵਰਗੇ ਮਨੁੱਖਾਂ ਦੀ ਅਗਵਾਈ ਅਧੀਨ ਇਸਰਾਏਲ ਦੇ 12 ਗੋਤਾਂ ਵਿੱਚੋਂ ਕੁਝ ਲੋਕ ਯਰੂਸ਼ਲਮ ਨੂੰ ਵਾਪਸ ਗਏ। ਉਨ੍ਹਾਂ ਨੇ ਹੈਕਲ ਦੁਬਾਰਾ ਬਣਾਈ ਅਤੇ ਪੂਰੀ ਆਜ਼ਾਦੀ ਨਾਲ ਯਹੋਵਾਹ ਦੀ ਸੇਵਾ ਕੀਤੀ। (ਅਜ਼ਰਾ 2:1, 2) ਇਹ ਵਾਕਈ ਇਕ ਰੂਹਾਨੀ ਫਿਰਦੌਸ ਸੀ!

ਜੋਸ਼ ਨਾਲ ਕੰਮ ਕਰਨਾ

7, 8. ਯਹੂਦੀ ਗ਼ੁਲਾਮਾਂ ਨੂੰ ਯਕੀਨ ਅਤੇ ਜੋਸ਼ ਦੀ ਜ਼ਰੂਰਤ ਕਿਉਂ ਸੀ ਅਤੇ ਯਸਾਯਾਹ ਦੇ ਸ਼ਬਦਾਂ ਨੇ ਉਨ੍ਹਾਂ ਨੂੰ ਹੌਸਲਾ ਕਿਵੇਂ ਦਿੱਤਾ ਸੀ?

7 ਯਸਾਯਾਹ ਦੇ 35ਵੇਂ ਅਧਿਆਇ ਦੇ ਸ਼ਬਦਾਂ ਨੇ ਯਹੂਦੀਆਂ ਨੂੰ ਉਮੀਦ ਜ਼ਰੂਰ ਦਿੱਤੀ ਹੋਵੇਗੀ। ਨਬੀ ਨੇ ਦੱਸਿਆ ਸੀ ਕਿ ਉਨ੍ਹਾਂ ਲੋਕਾਂ ਦੀ ਤੋਬਾ ਕਰਕੇ ਉਨ੍ਹਾਂ ਦਾ ਭਵਿੱਖ ਸੁਖੀ ਹੋਵੇਗਾ। ਉਸ ਨੇ ਪੂਰੇ ਯਕੀਨ ਅਤੇ ਜੋਸ਼ ਨਾਲ ਗੱਲ ਕੀਤੀ ਸੀ। ਦੋ ਸਦੀਆਂ ਬਾਅਦ, ਗ਼ੁਲਾਮ ਯਹੂਦੀਆਂ ਦੀ ਮੁੜ-ਬਹਾਲੀ ਦੇ ਸਮੇਂ ਉਨ੍ਹਾਂ ਨੂੰ ਵੀ ਯਕੀਨ ਅਤੇ ਜੋਸ਼ ਦੀ ਜ਼ਰੂਰਤ ਸੀ। ਯਸਾਯਾਹ ਰਾਹੀਂ, ਯਹੋਵਾਹ ਨੇ ਭਵਿੱਖਬਾਣੀ ਵਿਚ ਕਿਹਾ: “ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ! ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲੇ ਨਾਲ, ਸਗੋਂ ਪਰਮੇਸ਼ੁਰ ਦੇ ਵੱਟੇ ਨਾਲ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।”—ਯਸਾਯਾਹ 35:3, 4.

8 ਗ਼ੁਲਾਮੀ ਦੇ ਲੰਬੇ ਸਮੇਂ ਤੋਂ ਬਾਅਦ ਕੰਮ ਕਰਨ ਦਾ ਸਮਾਂ ਸੀ। ਯਹੋਵਾਹ ਨੇ ਫ਼ਾਰਸ ਦੇ ਪਾਤਸ਼ਾਹ ਖੋਰਸ ਨੂੰ ਬਾਬਲ ਨੂੰ ਸਜ਼ਾ ਦੇਣ ਲਈ ਚੁਣਿਆ ਸੀ। ਖੋਰਸ ਦਾ ਫ਼ਰਮਾਨ ਸੀ ਕਿ ਯਹੋਵਾਹ ਦੀ ਉਪਾਸਨਾ ਯਰੂਸ਼ਲਮ ਵਿਚ ਦੁਬਾਰਾ ਸ਼ੁਰੂ ਕੀਤੀ ਜਾਵੇ। (2 ਇਤਹਾਸ 36:22, 23) ਹਜ਼ਾਰਾਂ ਹੀ ਇਬਰਾਨੀ ਪਰਿਵਾਰਾਂ ਨੂੰ ਬਾਬਲ ਤੋਂ ਯਰੂਸ਼ਲਮ ਤਕ ਖ਼ਤਰਨਾਕ ਸਫ਼ਰ ਕਰਨ ਲਈ ਚੰਗੀ ਤਿਆਰੀ ਕਰਨੀ ਪਈ। ਯਰੂਸ਼ਲਮ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਘਰ ਬਣਾਉਣੇ ਪੈਣੇ ਸਨ ਅਤੇ ਹੈਕਲ ਅਤੇ ਸ਼ਹਿਰ ਨੂੰ ਦੁਬਾਰਾ ਬਣਾਉਣ ਦੇ ਵੱਡੇ ਕੰਮ ਲਈ ਕਈ ਤਿਆਰੀਆਂ ਕਰਨੀਆਂ ਪੈਣੀਆਂ ਸਨ। ਬਾਬਲ ਵਿਚ ਰਹਿ ਰਹੇ ਕਈਆਂ ਯਹੂਦੀਆਂ ਨੂੰ ਇਹ ਸਾਰਾ ਕੁਝ ਬੜਾ ਮੁਸ਼ਕਲ ਲੱਗਾ ਹੋਵੇਗਾ। ਲੇਕਿਨ ਇਹ ਹੱਥ ਢਿਲੇ ਕਰਨ ਜਾਂ ਪਰੇਸ਼ਾਨ ਹੋਣ ਦਾ ਵਕਤ ਨਹੀਂ ਸੀ। ਯਹੂਦੀਆਂ ਨੂੰ ਇਕ ਦੂਜੇ ਦਾ ਹੌਸਲਾ ਵਧਾਉਣਾ ਅਤੇ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਸੀ। ਉਸ ਨੇ ਤਸੱਲੀ ਦਿੱਤੀ ਕਿ ਉਹ ਉਨ੍ਹਾਂ ਨੂੰ ਬਚਾਵੇਗਾ।

9. ਯਰੂਸ਼ਲਮ ਨੂੰ ਵਾਪਸ ਜਾ ਰਹੇ ਯਹੂਦੀਆਂ ਨਾਲ ਕਿਹੜਾ ਵਧੀਆ ਵਾਅਦਾ ਕੀਤਾ ਗਿਆ ਸੀ?

9 ਬਾਬਲ ਦੀ ਗ਼ੁਲਾਮੀ ਤੋਂ ਛੁੱਟਣ ਵਾਲਿਆਂ ਕੋਲ ਖ਼ੁਸ਼ੀ ਮਨਾਉਣ ਦਾ ਚੰਗਾ ਕਾਰਨ ਸੀ, ਕਿਉਂਕਿ ਯਰੂਸ਼ਲਮ ਵਿਚ ਉਨ੍ਹਾਂ ਦਾ ਭਵਿੱਖ ਵਧੀਆ ਹੋਣਾ ਸੀ। ਯਸਾਯਾਹ ਨੇ ਭਵਿੱਖਬਾਣੀ ਵਿਚ ਕਿਹਾ ਸੀ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6ੳ.

10, 11. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਵਾਪਸ ਆ ਰਹੇ ਯਹੂਦੀਆਂ ਲਈ ਯਸਾਯਾਹ ਦੀ ਭਵਿੱਖਬਾਣੀ ਦਾ ਰੂਹਾਨੀ ਅਰਥ ਸੀ ਅਤੇ ਇਹ ਅਰਥ ਕੀ ਸੀ?

10 ਇਸ ਭਵਿੱਖਬਾਣੀ ਵਿਚ ਯਹੋਵਾਹ ਆਪਣੇ ਲੋਕਾਂ ਦੀ ਰੂਹਾਨੀ ਹਾਲਤ ਬਾਰੇ ਗੱਲ ਕਰ ਰਿਹਾ ਸੀ। ਉਨ੍ਹਾਂ ਨੂੰ 70 ਸਾਲਾਂ ਤਕ ਗ਼ੁਲਾਮੀ ਦੀ ਸਜ਼ਾ ਕੱਟਣੀ ਪਈ ਸੀ ਕਿਉਂਕਿ ਉਨ੍ਹਾਂ ਨੇ ਸੱਚਾ ਧਰਮ ਛੱਡ ਦਿੱਤਾ ਸੀ। ਫਿਰ ਵੀ, ਸਜ਼ਾ ਸਮੇਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਅਸਲ ਵਿਚ ਅੰਨ੍ਹੇ, ਬੋਲ਼ੇ, ਲੰਗੜੇ, ਅਤੇ ਗੁੰਗੇ ਨਹੀਂ ਬਣਾਇਆ ਸੀ। ਤਾਂ ਫਿਰ, ਇਸਰਾਏਲ ਦੀ ਕੌਮ ਨੂੰ ਬਹਾਲ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਨੂੰ ਸਰੀਰਕ ਤੌਰ ਤੇ ਠੀਕ ਕਰਨ ਦੀ ਲੋੜ ਸੀ। ਯਹੋਵਾਹ ਨੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਠੀਕ ਕੀਤਾ ਸੀ।

11 ਤੋਬਾ ਕਰਨ ਵਾਲੇ ਯਹੂਦੀਆਂ ਦੀ ਰੂਹਾਨੀ ਨਜ਼ਰ ਸੁਧਾਰੀ ਗਈ ਸੀ, ਉਹ ਪਰਮੇਸ਼ੁਰ ਦੇ ਸ਼ਬਦ ਨੂੰ ਦੁਬਾਰਾ ਸੁਣ ਕੇ ਉਸ ਉੱਤੇ ਅਮਲ ਕਰ ਸਕਦੇ ਸਨ ਅਤੇ ਉਸ ਬਾਰੇ ਗੱਲਬਾਤ ਕਰ ਸਕਦੇ ਸਨ। ਉਨ੍ਹਾਂ ਨੇ ਪਛਾਣਿਆ ਕਿ ਉਨ੍ਹਾਂ ਨੂੰ ਯਹੋਵਾਹ ਦੇ ਨਜ਼ਦੀਕ ਰਹਿਣ ਦੀ ਲੋੜ ਸੀ। ਆਪਣੇ ਨੇਕ ਚਾਲ-ਚਲਣ ਰਾਹੀਂ ਉਨ੍ਹਾਂ ਨੇ ਪਰਮੇਸ਼ੁਰ ਦਾ ‘ਜੈਕਾਰਾ ਗਜਾਇਆ’ ਸੀ। “ਲੰਙਾ” ਫਿਰ ਤੋਂ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਨ ਲੱਗਾ, ਮਾਨੋ ਉਹ ‘ਹਿਰਨ ਵਾਂਙੁ ਚੌਂਕੜੀਆਂ ਭਰਨ’ ਲੱਗਾ।

ਯਹੋਵਾਹ ਨੇ ਆਪਣੇ ਲੋਕਾਂ ਨੂੰ ਤਾਜ਼ਗੀ ਦਿੱਤੀ

12. ਯਹੋਵਾਹ ਨੇ ਜ਼ਮੀਨ ਨੂੰ ਕਿਸ ਹੱਦ ਤਕ ਪਾਣੀ ਦੀ ਬਰਕਤ ਦਿੱਤੀ ਸੀ?

12 ਇਹ ਨਹੀਂ ਹੋ ਸਕਦਾ ਕਿ ਫਿਰਦੌਸ ਵਿਚ ਪਾਣੀ ਨਾ ਹੋਵੇ। ਅਦਨ ਦੇ ਬਾਗ਼ ਵਿਚ ਪਾਣੀ ਦਾ ਘਾਟਾ ਨਹੀਂ ਸੀ। (ਉਤਪਤ 2:10-14) ਇਸਰਾਏਲ ਨੂੰ ਦਿੱਤੇ ਗਏ ਦੇਸ਼ ਵਿਚ ਵੀ “ਪਾਣੀ ਦੇ ਨਾਲੇ, ਚਸ਼ਮੇ, ਅਤੇ ਡੂੰਘੇ ਸੋਤੇ” ਸਨ। (ਬਿਵਸਥਾ ਸਾਰ 8:7) ਇਸ ਲਈ ਇਹ ਢੁਕਵਾਂ ਸੀ ਕਿ ਯਸਾਯਾਹ ਨੇ ਇਹ ਵਾਅਦਾ ਕੀਤਾ ਕਿ “ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ। ਗਿੱਦੜਾਂ ਦੇ ਟਿਕਾਨੇ ਵਿੱਚ ਉਹ ਦੀ ਬੈਠਕ ਹੋਵੇਗੀ, ਕਾਨਿਆਂ ਅਤੇ ਦਬ ਦਾ ਚੁਗਾਨ।” (ਯਸਾਯਾਹ 35:6ਅ, 7) ਜਦੋਂ ਇਸਰਾਏਲੀਆਂ ਨੇ ਆਪਣੀ ਜ਼ਮੀਨ ਦੁਬਾਰਾ ਵਾਹੀ, ਤਾਂ ਉਹ ਸੁੰਨੇ ਇਲਾਕੇ ਜਿੱਥੇ ਗਿੱਦੜ ਫਿਰਦੇ ਸਨ, ਹਰੇ-ਭਰੇ ਬਣ ਗਏ। ਸੁੱਕੀ ਜ਼ਮੀਨ “ਚਿੱਕੜ” ਵਿਚ ਬਦਲ ਗਈ ਜਿੱਥੇ ਕਾਨੇ ਉੱਗ ਸਕਦੇ ਸਨ।—ਅੱਯੂਬ 8:11.

13. ਮੁੜ-ਬਹਾਲ ਕੀਤੀ ਗਈ ਕੌਮ ਨੂੰ ਕਿਹੜਾ ਰੂਹਾਨੀ ਪਾਣੀ ਦਿੱਤਾ ਗਿਆ ਸੀ?

13 ਪਰ ਸੱਚਾਈ ਦਾ ਰੂਹਾਨੀ ਪਾਣੀ ਇਸ ਤੋਂ ਵੀ ਜ਼ਰੂਰੀ ਸੀ। ਵਾਪਸ ਮੁੜੇ ਯਹੂਦੀ ਲੋਕ ਇਸ ਦਾ ਪੂਰਾ ਫ਼ਾਇਦਾ ਉਠਾ ਸਕਦੇ ਸਨ। ਯਹੋਵਾਹ ਨੇ ਆਪਣੇ ਬਚਨ ਰਾਹੀਂ ਉਨ੍ਹਾਂ ਨੂੰ ਗਿਆਨ, ਹੌਸਲਾ, ਅਤੇ ਦਿਲਾਸਾ ਦਿੱਤਾ ਸੀ। ਇਸ ਤੋਂ ਇਲਾਵਾ, ਵਫ਼ਾਦਾਰ ਬਜ਼ੁਰਗ ਅਤੇ ਸਰਦਾਰ “ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ” ਵਰਗੇ ਸਨ। (ਯਸਾਯਾਹ 32:1, 2) ਅਜ਼ਰਾ, ਹੱਜਈ, ਯੇਸ਼ੂਆ, ਨਹਮਯਾਹ, ਜ਼ਕਰਯਾਹ, ਅਤੇ ਜ਼ਰੁੱਬਾਬਲ ਵਰਗੇ ਮਨੁੱਖ, ਜੋ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਉਂਦੇ ਸਨ, ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਦਾ ਜੀਉਂਦਾ-ਜਾਗਦਾ ਸਬੂਤ ਸਨ।—ਅਜ਼ਰਾ 5:1, 2; 7:6, 10; ਨਹਮਯਾਹ 12:47.

“ਪਵਿੱਤ੍ਰ ਰਾਹ”

14. ਬਾਬਲ ਤੋਂ ਯਰੂਸ਼ਲਮ ਤਕ ਸਫ਼ਰ ਕਰਨ ਬਾਰੇ ਦੱਸੋ।

14 ਗ਼ੁਲਾਮ ਯਹੂਦੀਆਂ ਨੂੰ ਅਜਿਹੇ ਅਸਲੀ ਅਤੇ ਰੂਹਾਨੀ ਫਿਰਦੌਸ ਦਾ ਮਜ਼ਾ ਲੈਣ ਤੋਂ ਪਹਿਲਾਂ, ਬਾਬਲ ਤੋਂ ਯਰੂਸ਼ਲਮ ਤਕ ਲੰਬਾ ਅਤੇ ਮੁਸ਼ਕਲ ਸਫ਼ਰ ਕਰਨਾ ਪਿਆ ਸੀ। ਜੇ ਉਹ ਉੱਥੇ ਸਿੱਧੇ ਰਸਤੇ ਤੇ ਜਾਂਦੇ ਤਾਂ ਉਨ੍ਹਾਂ ਨੂੰ ਕੁਝ 800 ਕਿਲੋਮੀਟਰ ਬੰਜਰ ਅਤੇ ਵਿਰਾਨ ਧਰਤੀ ਵਿੱਚੋਂ ਲੰਘਣਾ ਪੈਣਾ ਸੀ। ਜੇ ਉਹ ਇਸ ਤੋਂ ਸੌਖਾ ਰਸਤਾ ਫੜਦੇ ਤਾਂ ਉਨ੍ਹਾਂ ਨੂੰ 1,600 ਕਿਲੋਮੀਟਰ ਦਾ ਸਫ਼ਰ ਕਰਨਾ ਪੈਣਾ ਸੀ। ਜਿਹੜਾ ਵੀ ਰਸਤਾ ਉਹ ਫੜਦੇ ਉਨ੍ਹਾਂ ਨੂੰ ਕਈਆਂ ਮਹੀਨਿਆਂ ਲਈ ਖ਼ਰਾਬ ਮੌਸਮ ਵਿਚ ਜੰਗਲੀ ਜਾਨਵਰਾਂ ਅਤੇ ਵਹਿਸ਼ੀ ਮਨੁੱਖਾਂ ਨਾਲ ਟਕਰਾਉਣ ਦਾ ਖ਼ਤਰਾ ਸੀ। ਫਿਰ ਵੀ, ਜਿਨ੍ਹਾਂ ਨੇ ਯਸਾਯਾਹ ਦੀ ਭਵਿੱਖਬਾਣੀ ਉੱਤੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਨੇ ਵਾਧੂ ਦੀ ਚਿੰਤਾ ਨਹੀਂ ਕੀਤੀ। ਇੱਦਾਂ ਕਿਉਂ?

15, 16. (ੳ) ਯਹੋਵਾਹ ਨੇ ਵਫ਼ਾਦਾਰ ਯਹੂਦੀਆਂ ਦੀ ਰੱਖਿਆ ਕਿਵੇਂ ਕੀਤੀ ਜਦੋਂ ਉਹ ਆਪਣੇ ਵਤਨ ਵਾਪਸ ਮੁੜ ਰਹੇ ਸਨ? (ਅ) ਯਹੋਵਾਹ ਨੇ ਯਹੂਦੀਆਂ ਦੀ ਹੋਰ ਕਿਹੜੇ ਤਰੀਕੇ ਨਾਲ ਰੱਖਿਆ ਕੀਤੀ ਸੀ?

15 ਯਸਾਯਾਹ ਰਾਹੀਂ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ‘ਪਵਿੱਤ੍ਰ ਰਾਹ’ ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ। ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ, ਓਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਚੱਲਣਗੇ।” (ਯਸਾਯਾਹ 35:8, 9) ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿਲਾਇਆ ਸੀ। ਉਹ ਉਸ ਦੇ “ਛੁਡਾਏ ਹੋਏ” ਸਨ ਅਤੇ ਉਸ ਨੇ ਉਨ੍ਹਾਂ ਨੂੰ ਗਾਰੰਟੀ ਦਿੱਤੀ ਸੀ ਕਿ ਵਤਨ ਮੁੜਦੇ ਸਮੇਂ ਉਹ ਰਾਹ ਵਿਚ ਉਨ੍ਹਾਂ ਦੀ ਰੱਖਿਆ ਕਰੇਗਾ। ਕੀ ਬਾਬਲ ਤੋਂ ਯਰੂਸ਼ਲਮ ਤਕ ਅਜਿਹੀ ਕੋਈ ਉੱਚੀ ਤੇ ਪੱਕੀ ਸੜਕ ਸੀ ਜਿੱਥੇ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਸੀ? ਨਹੀਂ, ਪਰ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕਰਨੀ ਸੀ ਜਿਸ ਕਰਕੇ ਕਿਹਾ ਜਾ ਸਕਦਾ ਸੀ ਕਿ ਉਹ ਅਜਿਹੇ ਰਾਹ ਤੇ ਚੱਲਦੇ ਸਨ।—ਜ਼ਬੂਰ 91:1-16 ਦੀ ਤੁਲਨਾ ਕਰੋ।

16 ਰੂਹਾਨੀ ਤੌਰ ਤੇ ਵੀ ਯਹੂਦੀਆਂ ਦੀ ਰੱਖਿਆ ਕੀਤੀ ਗਈ ਸੀ। ਇਹ ਰਾਹ “ਪਵਿੱਤ੍ਰ ਰਾਹ” ਸੀ। ਜਿਹੜੇ ਲੋਕ ਪਵਿੱਤਰ ਚੀਜ਼ਾਂ ਦਾ ਨਿਰਾਦਰ ਕਰਦੇ ਸਨ ਜਾਂ ਰੂਹਾਨੀ ਤੌਰ ਤੇ ਅਸ਼ੁੱਧ ਸਨ ਉਹ ਇਸ ਰਾਹ ਉੱਤੇ ਨਹੀਂ ਚੱਲ ਸਕਦੇ ਸਨ। ਬਹਾਲ ਦੇਸ਼ ਵਿਚ ਉਨ੍ਹਾਂ ਦਾ ਕੋਈ ਹੱਕ ਨਹੀਂ ਸੀ। ਯਹੋਵਾਹ ਦੀ ਮਿਹਰ ਪ੍ਰਾਪਤ ਕਰਨ ਵਾਲੇ ਲੋਕ ਸਹੀ ਉਦੇਸ਼ ਨਾਲ ਵਾਪਸ ਗਏ ਸਨ। ਉਹ ਯਹੂਦਾਹ ਅਤੇ ਯਰੂਸ਼ਲਮ ਨੂੰ ਦੇਸ਼-ਭਗਤਾਂ ਵਜੋਂ ਜਾਂ ਆਪਣੇ ਨਿੱਜੀ ਕੰਮ ਕਰਨ ਲਈ ਵਾਪਸ ਨਹੀਂ ਜਾ ਰਹੇ ਸਨ। ਧਰਮੀ ਯਹੂਦੀ ਜਾਣਦੇ ਸਨ ਕਿ ਵਾਪਸ ਮੁੜਨ ਦਾ ਮੁੱਖ ਕਾਰਨ ਦੇਸ਼ ਵਿਚ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਦੁਬਾਰਾ ਸ਼ੁਰੂ ਕਰਨਾ ਸੀ।—ਅਜ਼ਰਾ 1:1-3.

ਯਹੋਵਾਹ ਦੇ ਲੋਕ ਖ਼ੁਸ਼ ਹੋਏ

17. ਯਸਾਯਾਹ ਦੀ ਭਵਿੱਖਬਾਣੀ ਨੇ ਵਫ਼ਾਦਾਰ ਯਹੂਦੀ ਗ਼ੁਲਾਮਾਂ ਨੂੰ ਦਿਲਾਸਾ ਕਿਵੇਂ ਦਿੱਤਾ ਸੀ?

17 ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਖ਼ੁਸ਼ੀ ਦੀ ਗੱਲ ਨਾਲ ਸਮਾਪਤ ਹੁੰਦੀ ਹੈ: “ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।” (ਯਸਾਯਾਹ 35:10) ਜਿਨ੍ਹਾਂ ਯਹੂਦੀਆਂ ਨੇ ਗ਼ੁਲਾਮੀ ਦੌਰਾਨ ਦਿਲਾਸਾ ਅਤੇ ਉਮੀਦ ਪਾਉਣ ਲਈ ਇਸ ਭਵਿੱਖਬਾਣੀ ਉੱਤੇ ਆਸ ਰੱਖੀ ਹੋਵੇਗੀ, ਉਨ੍ਹਾਂ ਨੇ ਸ਼ਾਇਦ ਸੋਚਿਆ ਹੋਵੇ ਕਿ ਇਸ ਦੀਆਂ ਸਾਰੀਆਂ ਗੱਲਾਂ ਕਿੱਦਾਂ ਪੂਰੀਆਂ ਹੋਣਗੀਆਂ। ਹੋ ਸਕਦਾ ਹੈ ਕਿ ਉਨ੍ਹਾਂ ਨੇ ਇਸ ਭਵਿੱਖਬਾਣੀ ਦੀਆਂ ਸਾਰੀਆਂ ਗੱਲਾਂ ਨਾ ਸਮਝੀਆਂ ਹੋਣ। ਫਿਰ ਵੀ, ਇਹ ਗੱਲ ਸਾਫ਼ ਸੀ ਕਿ ਉਹ ‘ਸੀਯੋਨ ਨੂੰ ਮੁੜ ਆਉਣਗੇ।’

18. ਬਹਾਲ ਕੀਤੇ ਗਏ ਦੇਸ਼ ਵਿਚ ਸੋਗ ਕਰਨ ਅਤੇ ਹਉਕੇ ਭਰਨ ਦੀ ਥਾਂ ਤੇ ਖ਼ੁਸ਼ੀ ਕਿਸ ਤਰ੍ਹਾਂ ਮਨਾਈ ਗਈ ਸੀ?

18 ਸੰਨ 537 ਸਾ.ਯੁ.ਪੂ. ਵਿਚ ਕੁਝ 50,000 ਆਦਮੀਆਂ ਨੇ ਆਪਣੀਆਂ ਤੀਵੀਆਂ ਅਤੇ ਬੱਚਿਆਂ ਸਮੇਤ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਕੇ ਯਰੂਸ਼ਲਮ ਆਉਣ ਲਈ ਚਾਰ ਮਹੀਨਿਆਂ ਦਾ ਸਫ਼ਰ ਕੀਤਾ। ਇਨ੍ਹਾਂ ਵਿਚ 7,000 ਤੋਂ ਜ਼ਿਆਦਾ ਟਹਿਲੂਏ ਵੀ ਸਨ। (ਅਜ਼ਰਾ 2:64, 65) ਉੱਥੇ ਪਹੁੰਚਣ ਤੋਂ ਕੁਝ ਹੀ ਮਹੀਨਿਆਂ ਬਾਅਦ, ਯਹੋਵਾਹ ਦੀ ਜਗਵੇਦੀ ਮੁੜ ਬਣਾਈ ਗਈ ਜੋ ਹੈਕਲ ਦੀ ਪੂਰੀ ਉਸਾਰੀ ਦਾ ਪਹਿਲਾ ਕਦਮ ਸੀ। ਇਸ ਤਰ੍ਹਾਂ ਉਸ ਜ਼ਮਾਨੇ ਵਿਚ ਯਸਾਯਾਹ ਦੀ 200 ਸਾਲ ਪੁਰਾਣੀ ਭਵਿੱਖਬਾਣੀ ਪੂਰੀ ਹੋਈ। ਬਹਾਲ ਕੀਤੇ ਗਏ ਦੇਸ਼ ਵਿਚ ਇਸਰਾਏਲੀਆਂ ਨੇ ਸੋਗ ਕਰਨ ਅਤੇ ਹਉਕੇ ਭਰਨ ਦੀ ਥਾਂ ਖ਼ੁਸ਼ੀ ਮਨਾਈ। ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ ਸੀ। ਅਸਲੀ ਅਤੇ ਰੂਹਾਨੀ ਫਿਰਦੌਸ ਦੀ ਉਮੀਦ ਸੱਚ-ਮੁੱਚ ਪੂਰੀ ਹੋਈ!

ਨਵੀਂ ਕੌਮ ਦਾ ਜਨਮ

19. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਛੇਵੀਂ ਸਦੀ ਸਾ.ਯੁ.ਪੂ. ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਪੂਰੀ ਪੂਰਤੀ ਨਹੀਂ ਹੋਈ ਸੀ?

19 ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਪੂਰੀ ਪੂਰਤੀ ਛੇਵੀਂ ਸਦੀ ਸਾ.ਯੁ.ਪੂ. ਵਿਚ ਨਹੀਂ ਹੋਈ ਸੀ। ਆਪਣੇ ਵਤਨ ਵਾਪਸ ਮੁੜਨ ਵਾਲੇ ਯਹੂਦੀਆਂ ਦੀ ਰੂਹਾਨੀ ਹਾਲਤ ਕੁਝ ਹੀ ਸਮੇਂ ਤਕ ਫਿਰਦੌਸ ਵਰਗੀ ਰਹੀ ਸੀ। ਸਮਾਂ ਬੀਤਣ ਨਾਲ, ਝੂਠੀਆਂ ਧਾਰਮਿਕ ਸਿੱਖਿਆਵਾਂ ਅਤੇ ਦੇਸ਼-ਭਗਤੀ ਨੇ ਸ਼ੁੱਧ ਉਪਾਸਨਾ ਨੂੰ ਭ੍ਰਿਸ਼ਟ ਕਰ ਦਿੱਤਾ ਸੀ। ਆਪਣੀ ਮਾੜੀ ਰੂਹਾਨੀ ਹਾਲਤ ਕਰਕੇ ਯਹੂਦੀ ਫਿਰ ਤੋਂ ਸੋਗ ਕਰਨ ਅਤੇ ਹਉਕੇ ਭਰਨ ਲੱਗ ਗਏ ਸਨ। ਉਹ ਦੁਬਾਰਾ ਅਣਆਗਿਆਕਾਰ ਬਣੇ ਜਿਸ ਕਰਕੇ ਉਹ ਹਮੇਸ਼ਾ ਖ਼ੁਸ਼ ਨਹੀਂ ਰਹੇ। ਅਖ਼ੀਰ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਪਰਜਾ ਵਜੋਂ ਰੱਦ ਕਰ ਦਿੱਤਾ। (ਮੱਤੀ 21:43) ਇਸ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਇਕ ਹੋਰ ਵੱਡੀ ਪੂਰਤੀ ਹੋਣੀ ਸੀ।

20. ਪਹਿਲੀ ਸਦੀ ਵਿਚ ਕਿਹੜਾ ਨਵਾਂ ਇਸਰਾਏਲ ਹੋਂਦ ਵਿਚ ਆਇਆ?

20 ਯਹੋਵਾਹ ਸਮੇਂ ਸਿਰ ਇਕ ਹੋਰ ਇਸਰਾਏਲ, ਯਾਨੀ ਰੂਹਾਨੀ ਇਸਰਾਏਲ ਨੂੰ ਹੋਂਦ ਵਿਚ ਲਿਆਇਆ। (ਗਲਾਤੀਆਂ 6:16) ਧਰਤੀ ਉੱਤੇ ਯਿਸੂ ਨੇ ਆਪਣੀ ਸੇਵਕਾਈ ਦੌਰਾਨ ਇਸ ਨਵੇਂ ਇਸਰਾਏਲ ਦੇ ਜਨਮ ਲਈ ਰਾਹ ਤਿਆਰ ਕੀਤਾ ਸੀ। ਉਸ ਨੇ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕੀਤੀ ਜਿਸ ਦੀਆਂ ਸਿੱਖਿਆਵਾਂ ਰਾਹੀਂ ਸੱਚਾਈ ਦਾ ਪਾਣੀ ਫਿਰ ਤੋਂ ਵਗਣ ਲੱਗਾ। ਉਸ ਨੇ ਸਰੀਰਕ ਅਤੇ ਰੂਹਾਨੀ ਤੌਰ ਤੇ ਬੀਮਾਰਾਂ ਨੂੰ ਠੀਕ ਕੀਤਾ। ਜੈਕਾਰਾ ਗਜਾਇਆ ਗਿਆ ਜਦੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਗਈ। ਉਸ ਦੇ ਮਰਨ ਅਤੇ ਜੀ ਉਠਾਏ ਜਾਣ ਤੋਂ ਸੱਤ ਹਫ਼ਤੇ ਬਾਅਦ ਮਹਿਮਾਵਾਨ ਯਿਸੂ ਮਸੀਹ ਨੇ ਮਸੀਹੀ ਕਲੀਸਿਯਾ ਨੂੰ ਸਥਾਪਿਤ ਕੀਤਾ। ਇਹ ਕਲੀਸਿਯਾ ਰੂਹਾਨੀ ਇਸਰਾਏਲ ਸੀ। ਇਸ ਦੇ ਮੈਂਬਰ ਯਹੂਦੀ ਅਤੇ ਹੋਰਨਾਂ ਕੌਮਾਂ ਦੇ ਲੋਕ ਸਨ ਜਿਨ੍ਹਾਂ ਨੂੰ ਯਿਸੂ ਦੇ ਵਹਾਏ ਗਏ ਖ਼ੂਨ ਰਾਹੀਂ ਮੌਤ ਤੇ ਪਾਪ ਤੋਂ ਰਿਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਪਰਮੇਸ਼ੁਰ ਦੇ ਪੁੱਤਰਾਂ ਅਤੇ ਯਿਸੂ ਦੇ ਭਰਾਵਾਂ ਵਜੋਂ ਆਤਮਾ ਤੋਂ ਜਨਮ ਲੈ ਕੇ ਮਸਹ ਕੀਤੇ ਗਏ ਸਨ।—ਰਸੂਲਾਂ ਦੇ ਕਰਤੱਬ 2:1-4; ਰੋਮੀਆਂ 8:16, 17; 1 ਪਤਰਸ 1:18, 19.

21. ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਕਿਹੜੀਆਂ ਘਟਨਾਵਾਂ ਨੂੰ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਮਝਿਆ ਜਾ ਸਕਦਾ ਹੈ?

21 ਰੂਹਾਨੀ ਇਸਰਾਏਲ ਦੇ ਮੈਂਬਰਾਂ ਨੂੰ ਲਿਖਦੇ ਸਮੇਂ, ਪੌਲੁਸ ਰਸੂਲ ਨੇ ਯਸਾਯਾਹ 35:3 ਦੇ ਸ਼ਬਦਾਂ ਬਾਰੇ ਗੱਲ ਕੀਤੀ ਜਦੋਂ ਉਸ ਨੇ ਕਿਹਾ ਕਿ “ਢਿੱਲਿਆਂ ਹੱਥਾਂ ਅਤੇ ਭਿੜਦਿਆਂ ਗੋਡਿਆਂ ਨੂੰ ਸਿੱਧਿਆਂ ਕਰੋ।” (ਇਬਰਾਨੀਆਂ 12:12) ਤਾਂ ਫਿਰ, ਪਹਿਲੀ ਸਦੀ ਵਿਚ ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਹੋਰ ਪੂਰਤੀ ਹੋਈ ਸੀ। ਯਿਸੂ ਅਤੇ ਉਸ ਦੇ ਚੇਲਿਆਂ ਨੇ ਚਮਤਕਾਰ ਕਰ ਕੇ ਅੰਨ੍ਹਿਆਂ ਨੂੰ ਨਿਗਾਹ ਦਿੱਤੀ ਅਤੇ ਬੋਲ਼ਿਆਂ ਨੂੰ ਸੁਣਨ ਦੀ ਸ਼ਕਤੀ ਦਿੱਤੀ। ਉਨ੍ਹਾਂ ਨੇ ‘ਲੰਙਿਆਂ’ ਨੂੰ ਠੀਕ ਕੀਤਾ ਅਤੇ ਗੁੰਗਿਆਂ ਦੀ ਜ਼ਬਾਨ ਖੋਲ੍ਹੀ। (ਮੱਤੀ 9:32; 11:5; ਲੂਕਾ 10:9) ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਸੀ ਕਿ ਨੇਕਦਿਲ ਲੋਕ ਝੂਠੇ ਧਰਮ ਤੋਂ ਬਚ ਨਿਕਲੇ ਅਤੇ ਉਨ੍ਹਾਂ ਨੇ ਮਸੀਹੀ ਕਲੀਸਿਯਾ ਵਿਚ ਰੂਹਾਨੀ ਫਿਰਦੌਸ ਦਾ ਆਨੰਦ ਮਾਣਿਆ। (ਯਸਾਯਾਹ 52:11; 2 ਕੁਰਿੰਥੀਆਂ 6:17) ਬਾਬਲ ਤੋਂ ਮੁੜ ਰਹੇ ਯਹੂਦੀਆਂ ਦੀ ਤਰ੍ਹਾਂ ਇਨ੍ਹਾਂ ਬਚਣ ਵਾਲਿਆਂ ਨੂੰ ਵੀ ਹਿੰਮਤ ਅਤੇ ਜੋਸ਼ ਦੀ ਜ਼ਰੂਰਤ ਸੀ।—ਰੋਮੀਆਂ 12:11.

22. ਸਾਡੇ ਜ਼ਮਾਨੇ ਵਿਚ ਸੱਚਾਈ ਦੀ ਤਲਾਸ਼ ਕਰਨ ਵਾਲੇ ਈਮਾਨਦਾਰ ਮਸੀਹੀ ਬਾਬੁਲੀ ਗ਼ੁਲਾਮੀ ਵਿਚ ਕਿਵੇਂ ਗਏ?

22 ਸਾਡੇ ਜ਼ਮਾਨੇ ਬਾਰੇ ਕੀ? ਕੀ ਅੱਜ ਦੀ ਮਸੀਹੀ ਕਲੀਸਿਯਾ ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਹੋਰ ਵੀ ਪੂਰਤੀ ਹੁੰਦੀ ਹੈ? ਜੀ ਹਾਂ। ਰਸੂਲਾਂ ਦੀ ਮੌਤ ਤੋਂ ਬਾਅਦ, ਮਸਹ ਕੀਤੇ ਹੋਏ ਸੱਚੇ ਮਸੀਹੀਆਂ ਦੀ ਗਿਣਤੀ ਕਾਫ਼ੀ ਘੱਟ ਗਈ ਸੀ ਅਤੇ “ਜੰਗਲੀ ਬੂਟੀ” ਯਾਨੀ ਝੂਠੇ ਮਸੀਹੀਆਂ ਦੀ ਗਿਣਤੀ ਵਧਣ ਲੱਗ ਪਈ ਸੀ। (ਮੱਤੀ 13:36-43; ਰਸੂਲਾਂ ਦੇ ਕਰਤੱਬ 20:30; 2 ਪਤਰਸ 2:1-3) ਉੱਨੀਵੀਂ ਸਦੀ ਦੌਰਾਨ ਭਾਵੇਂ ਕਿ ਈਮਾਨਦਾਰ ਲੋਕ ਈਸਾਈ-ਜਗਤ ਤੋਂ ਪਰੇ ਹੋ ਕੇ ਸ਼ੁੱਧ ਉਪਾਸਨਾ ਦੀ ਤਲਾਸ਼ ਕਰਨ ਲੱਗੇ, ਪਰ ਉਨ੍ਹਾਂ ਦੀ ਸਮਝ ਅਜੇ ਬਾਈਬਲ ਦੇ ਅਨੁਸਾਰ ਪੂਰੀ ਨਹੀਂ ਸੀ ਅਤੇ ਉਹ ਝੂਠੀਆਂ ਸਿੱਖਿਆਵਾਂ ਹਾਲੇ ਵੀ ਮੰਨਦੇ ਸਨ। ਸੰਨ 1914 ਵਿਚ ਮਸੀਹਾਈ ਰਾਜੇ ਵਜੋਂ ਯਿਸੂ ਸਵਰਗ ਵਿਚ ਸਿੰਘਾਸਣ ਤੇ ਬਿਰਾਜਮਾਨ ਹੋਇਆ, ਪਰ ਇਸ ਤੋਂ ਥੋੜ੍ਹੀ ਦੇਰ ਬਾਅਦ, ਸੱਚਾਈ ਦੀ ਤਲਾਸ਼ ਕਰਨ ਵਾਲਿਆਂ ਦੀ ਹਾਲਤ ਵਿਗੜਨ ਲੱਗ ਪਈ। ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਵਿਚ, ਕੌਮਾਂ ਨੇ ‘ਓਹਨਾਂ ਨਾਲ ਜੁੱਧ ਕੀਤਾ ਅਤੇ ਓਹਨਾਂ ਨੂੰ ਜਿੱਤ ਲਿਆ’ ਅਤੇ ਇਨ੍ਹਾਂ ਈਮਾਨਦਾਰ ਮਸੀਹੀਆਂ ਦੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਜਤਨ ਕੁਝ ਹੱਦ ਤਕ ਰੋਕ ਦਿੱਤੇ ਗਏ। ਅਸਲ ਵਿਚ ਅਸੀਂ ਕਹਿ ਸਕਦੇ ਹਾਂ ਕਿ ਉਹ ਬਾਬੁਲੀ ਗ਼ੁਲਾਮੀ ਵਿਚ ਚਲੇ ਗਏ।—ਪਰਕਾਸ਼ ਦੀ ਪੋਥੀ 11:7, 8.

23, 24. ਸੰਨ 1919 ਤੋਂ ਲੈ ਕੇ ਯਹੋਵਾਹ ਦੇ ਲੋਕਾਂ ਵਿਚਕਾਰ ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਕਿਵੇਂ ਹੋਈ ਹੈ?

23 ਲੇਕਿਨ, 1919 ਵਿਚ ਉਨ੍ਹਾਂ ਦੀ ਹਾਲਤ ਬਦਲ ਗਈ। ਯਹੋਵਾਹ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਕੱਢਿਆ। ਉਨ੍ਹਾਂ ਨੇ ਝੂਠੀਆਂ ਸਿੱਖਿਆਵਾਂ ਨੂੰ ਰੱਦ ਕੀਤਾ ਜੋ ਪਹਿਲਾਂ ਉਨ੍ਹਾਂ ਦੀ ਉਪਾਸਨਾ ਨੂੰ ਭ੍ਰਿਸ਼ਟ ਕਰਦੀਆਂ ਸਨ। ਨਤੀਜੇ ਵਜੋਂ, ਉਹ ਰੂਹਾਨੀ ਤੌਰ ਤੇ ਠੀਕ ਕੀਤੇ ਗਏ। ਉਹ ਇਕ ਰੂਹਾਨੀ ਫਿਰਦੌਸ ਵਿਚ ਆਏ ਜੋ ਅੱਜ ਵੀ ਸਾਰੀ ਧਰਤੀ ਉੱਤੇ ਫੈਲ ਰਿਹਾ ਹੈ। ਰੂਹਾਨੀ ਤੌਰ ਤੇ, ਅੰਨ੍ਹੇ ਦੇਖ ਰਹੇ ਹਨ ਅਤੇ ਬੋਲ਼ੇ ਸੁਣ ਰਹੇ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਕੰਮ ਬਾਰੇ ਜਾਣਦੇ ਹਨ ਅਤੇ ਯਹੋਵਾਹ ਦੇ ਨਜ਼ਦੀਕ ਰਹਿਣ ਦੀ ਜ਼ਰੂਰਤ ਪ੍ਰਤੀ ਸਚੇਤ ਹਨ। (1 ਥੱਸਲੁਨੀਕੀਆਂ 5:6; 2 ਤਿਮੋਥਿਉਸ 4:5) ਸੱਚੇ ਮਸੀਹੀ ਹੁਣ ਗੁੰਗੇ ਨਹੀਂ ਹਨ ਅਤੇ ਉਹ ਹੋਰਨਾਂ ਨੂੰ ਬਾਈਬਲ ਤੋਂ ਸੱਚਾਈ ਬਾਰੇ ਦੱਸ ਕੇ ‘ਜੈਕਾਰਾ ਗਜਾਉਣਾ’ ਚਾਹੁੰਦੇ ਹਨ। (ਰੋਮੀਆਂ 1:15) ਜਿਹੜੇ ਲੋਕ ਰੂਹਾਨੀ ਤੌਰ ਤੇ ਕਮਜ਼ੋਰ ਜਾਂ ‘ਲੰਙੇ’ ਸਨ ਉਹ ਹੁਣ ਜੋਸ਼ ਅਤੇ ਖ਼ੁਸ਼ੀ ਨਾਲ ਕੰਮ ਕਰਦੇ ਹਨ, ਮਾਨੋ ਉਹ ‘ਹਿਰਨ ਵਾਂਙੁ ਚੌਂਕੜੀਆਂ ਭਰ’ ਰਹੇ ਹਨ।

24 ਇਹ ਬਹਾਲ ਕੀਤੇ ਗਏ ਮਸੀਹੀ “ਪਵਿੱਤ੍ਰ ਰਾਹ” ਉੱਤੇ ਚੱਲ ਰਹੇ ਹਨ। ਇਹ “ਰਾਹ” ਵੱਡੀ ਬਾਬੁਲ ਤੋਂ ਰੂਹਾਨੀ ਫਿਰਦੌਸ ਤਕ ਜਾਂਦਾ ਹੈ ਅਤੇ ਰੂਹਾਨੀ ਤੌਰ ਤੇ ਸ਼ੁੱਧ ਉਪਾਸਕਾਂ ਲਈ ਖੁੱਲ੍ਹਾ ਹੈ। (1 ਪਤਰਸ 1:13-16) ਉਹ ਭਰੋਸਾ ਰੱਖਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਰੱਖਿਆ ਕਰੇਗਾ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੱਚੀ ਉਪਾਸਨਾ ਖ਼ਤਮ ਕਰਨ ਲਈ ਸ਼ਤਾਨ ਦੇ ਵਹਿਸ਼ੀ ਹਮਲੇ ਸਫ਼ਲ ਨਹੀਂ ਹੋਣਗੇ। (1 ਪਤਰਸ 5:8) ਅਣਆਗਿਆਕਾਰ ਅਤੇ ਭੁੱਖੇ ਜੰਗਲੀ ਜਾਨਵਰਾਂ ਵਰਗੇ ਲੋਕ ਪਰਮੇਸ਼ੁਰ ਦੇ ਪਵਿੱਤਰ ਰਾਹ ਉੱਤੇ ਚੱਲਣ ਵਾਲਿਆਂ ਨੂੰ ਭ੍ਰਿਸ਼ਟ ਨਹੀਂ ਕਰ ਸਕਦੇ। (1 ਕੁਰਿੰਥੀਆਂ 5:11) ਇਸ ਸੁਰੱਖਿਅਤ ਮਾਹੌਲ ਵਿਚ, ਯਹੋਵਾਹ ਦੇ ਛੁਡਾਏ ਗਏ ਲੋਕ, ਯਾਨੀ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਸੱਚੇ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ੀ ਪਾਉਂਦੇ ਹਨ।—ਯੂਹੰਨਾ 10:16.

25. ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਦੀ ਅਸਲੀ ਪੂਰਤੀ ਕਿਵੇਂ ਹੋਵੇਗੀ?

25 ਕੀ ਭਵਿੱਖ ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਸਰੀਰਕ ਤੌਰ ਤੇ ਵੀ ਪੂਰਤੀ ਹੋਵੇਗੀ? ਜੀ ਹਾਂ। ਪਹਿਲੀ ਸਦੀ ਵਿਚ ਯਿਸੂ ਅਤੇ ਉਸ ਦੇ ਰਸੂਲਾਂ ਨੇ ਚਮਤਕਾਰੀ ਤਰੀਕੇ ਨਾਲ ਲੋਕਾਂ ਦਾ ਇਲਾਜ ਕੀਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਭਵਿੱਖ ਵਿਚ ਅਜਿਹਾ ਇਲਾਜ ਵੱਡੇ ਪੈਮਾਨੇ ਤੇ ਕਰਨਾ ਚਾਹੁੰਦਾ ਹੈ। ਜ਼ਬੂਰਾਂ ਦੀ ਪੋਥੀ ਵਿਚ ਧਰਤੀ ਉੱਤੇ ਸ਼ਾਂਤੀ ਨਾਲ ਹਮੇਸ਼ਾ ਲਈ ਰਹਿਣ ਦੀ ਗੱਲ ਕੀਤੀ ਗਈ ਹੈ। (ਜ਼ਬੂਰ 37:9, 11, 29) ਯਿਸੂ ਨੇ ਵੀ ਫਿਰਦੌਸ ਵਿਚ ਰਹਿਣ ਦਾ ਵਾਅਦਾ ਕੀਤਾ ਸੀ। (ਲੂਕਾ 23:43, ਨਿ ਵ) ਬਾਈਬਲ ਵਿਚ ਸ਼ੁਰੂ ਤੋਂ ਲੈ ਕੇ ਆਖ਼ਰੀ ਪੁਸਤਕ ਤਕ ਅਸਲੀ ਫਿਰਦੌਸ ਦੀ ਉਮੀਦ ਦਿੱਤੀ ਜਾਂਦੀ ਹੈ। ਉਸ ਸਮੇਂ ਅੰਨ੍ਹਿਆਂ, ਬੋਲ਼ਿਆਂ, ਲੰਗੜਿਆਂ, ਅਤੇ ਗੁੰਗਿਆਂ ਨੂੰ ਹਮੇਸ਼ਾ ਲਈ ਠੀਕ ਕੀਤਾ ਜਾਵੇਗਾ। ਸੋਗ ਨਹੀਂ ਕੀਤਾ ਜਾਵੇਗਾ ਅਤੇ ਹਉਕੇ ਨਹੀਂ ਭਰੇ ਜਾਣਗੇ। ਅਤੇ ਖ਼ੁਸ਼ੀ ਸਦਾ ਲਈ ਮਨਾਈ ਜਾਵੇਗੀ।—ਪਰਕਾਸ਼ ਦੀ ਪੋਥੀ 7:9, 16, 17; 21:3, 4.

26. ਯਸਾਯਾਹ ਦੇ ਸ਼ਬਦ ਅੱਜ ਮਸੀਹੀਆਂ ਨੂੰ ਕਿਵੇਂ ਮਜ਼ਬੂਤ ਕਰਦੇ ਹਨ?

26 ਸੱਚੇ ਮਸੀਹੀ ਫਿਰਦੌਸ ਵਰਗੀ ਧਰਤੀ ਦੀ ਉਡੀਕ ਕਰਦੇ ਹੋਏ ਹੁਣ ਰੂਹਾਨੀ ਫਿਰਦੌਸ ਦੀਆਂ ਬਰਕਤਾਂ ਦਾ ਮਜ਼ਾ ਲੈਂਦੇ ਹਨ। ਉਹ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਆਸ਼ਾ ਨਾਲ ਕਰਦੇ ਹਨ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋਏ ਉਹ ਇਕ ਦੂਜੇ ਦਾ ਹੌਸਲਾ ਵਧਾਉਂਦੇ ਹਨ ਅਤੇ ਇਸ ਸਲਾਹ ਉੱਤੇ ਚੱਲਦੇ ਹਨ ਕਿ “ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ! ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ!” ਉਨ੍ਹਾਂ ਨੂੰ ਇਸ ਭਵਿੱਖਬਾਣੀ ਉੱਤੇ ਵੀ ਪੂਰਾ ਭਰੋਸਾ ਹੈ: “ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲੇ ਨਾਲ, ਸਗੋਂ ਪਰਮੇਸ਼ੁਰ ਦੇ ਵੱਟੇ ਨਾਲ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।”—ਯਸਾਯਾਹ 35:3, 4.

[ਫੁਟਨੋਟ]

^ ਪੈਰਾ 5 ਬਾਈਬਲ ਦੱਸਦੀ ਹੈ ਕਿ ਲੇਬਨਾਨ ਦੀ ਪੁਰਾਣੀ ਜ਼ਮੀਨ ਫਲਦਾਰ ਸੀ ਅਤੇ ਉਸ ਦੇ ਸੰਘਣੇ ਜੰਗਲਾਂ ਵਿਚ ਵੱਡੇ-ਵੱਡੇ ਦਿਆਰਾਂ ਦੇ ਰੁੱਖ ਸਨ। ਉਸ ਦੀ ਤੁਲਨਾ ਅਦਨ ਦੇ ਬਾਗ਼ ਨਾਲ ਕੀਤੀ ਜਾ ਸਕਦੀ ਸੀ। (ਜ਼ਬੂਰ 29:5; 72:16; ਹਿਜ਼ਕੀਏਲ 28:11-13) ਸ਼ਾਰੋਨ ਆਪਣੀਆਂ ਨਦੀਆਂ ਅਤੇ ਬਲੂਤ ਦੇ ਰੁੱਖਾਂ ਲਈ ਮਸ਼ਹੂਰ ਸੀ। ਕਰਮਲ ਵਿਚ ਅੰਗੂਰਾਂ ਅਤੇ ਫਲਾਂ ਦੇ ਬਾਗ਼ ਸਨ ਅਤੇ ਉਸ ਦੀਆਂ ਪਹਾੜੀਆਂ ਤੇ ਤਰ੍ਹਾਂ-ਤਰ੍ਹਾਂ ਦੇ ਫੁੱਲ ਸਨ।

[ਸਵਾਲ]

[ਪੂਰੇ ਸਫ਼ੇ 370 ਉੱਤੇ ਤਸਵੀਰ]

[ਸਫ਼ਾ 375 ਉੱਤੇ ਤਸਵੀਰਾਂ]

ਸੁੱਕੀ ਜ਼ਮੀਨ ਪਾਣੀ ਵਾਲੀ ਥਾਂ ਬਣੀ ਜਿੱਥੇ ਕਾਨੇ ਅਤੇ ਹੋਰ ਬੂਟੇ ਉੱਗ ਸਕਦੇ ਸਨ

[ਸਫ਼ਾ 378 ਉੱਤੇ ਤਸਵੀਰ]

ਯਿਸੂ ਨੇ ਰੂਹਾਨੀ ਅਤੇ ਸਰੀਰਕ ਤੌਰ ਤੇ ਬੀਮਾਰਾਂ ਨੂੰ ਠੀਕ ਕੀਤਾ ਸੀ