ਪਾਠ 24
ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ
ਯਹੋਵਾਹ ਨੇ ਮੂਸਾ ਨੂੰ ਕਿਹਾ: ‘ਮੇਰੇ ਕੋਲ ਪਹਾੜ ʼਤੇ ਆ। ਮੈਂ ਪੱਥਰ ਦੀਆਂ ਫੱਟੀਆਂ ʼਤੇ ਆਪਣੇ ਕਾਨੂੰਨ ਲਿਖ ਕੇ ਤੈਨੂੰ ਦੇਵਾਂਗਾ।’ ਮੂਸਾ ਪਹਾੜ ʼਤੇ ਗਿਆ ਅਤੇ ਉੱਥੇ 40 ਦਿਨ ਤੇ 40 ਰਾਤਾਂ ਰਿਹਾ। ਜਦੋਂ ਮੂਸਾ ਉੱਥੇ ਸੀ, ਤਾਂ ਯਹੋਵਾਹ ਨੇ ਪੱਥਰ ਦੀਆਂ ਦੋ ਫੱਟੀਆਂ ʼਤੇ ਦਸ ਹੁਕਮ ਲਿਖ ਕੇ ਉਸ ਨੂੰ ਦਿੱਤੇ।
ਕੁਝ ਸਮੇਂ ਬਾਅਦ ਇਜ਼ਰਾਈਲੀਆਂ ਨੇ ਸੋਚਿਆ ਕਿ ਮੂਸਾ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਉਨ੍ਹਾਂ ਨੇ ਹਾਰੂਨ ਨੂੰ ਕਿਹਾ: ‘ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਰਾਹ ਦਿਖਾਵੇ। ਸਾਡੇ ਲਈ ਦੇਵਤਾ ਬਣਾ।’ ਹਾਰੂਨ ਨੇ ਕਿਹਾ: ‘ਆਪਣਾ ਸੋਨਾ ਮੈਨੂੰ ਦਿਓ।’ ਉਸ ਨੇ ਸੋਨੇ ਨੂੰ ਪਿਘਲਾ ਕੇ ਇਕ ਵੱਛਾ ਬਣਾਇਆ। ਲੋਕਾਂ ਨੇ ਕਿਹਾ: ‘ਇਹ ਵੱਛਾ ਸਾਡਾ ਪਰਮੇਸ਼ੁਰ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ।’ ਉਹ ਸੋਨੇ ਦੇ ਵੱਛੇ ਦੀ ਭਗਤੀ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਜਸ਼ਨ ਮਨਾਇਆ। ਕੀ ਇੱਦਾਂ ਕਰਨਾ ਗ਼ਲਤ ਸੀ? ਬਿਲਕੁਲ, ਕਿਉਂਕਿ ਲੋਕਾਂ ਨੇ ਸਿਰਫ਼ ਯਹੋਵਾਹ ਦੀ ਭਗਤੀ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ ਸੀ।
ਯਹੋਵਾਹ ਨੇ ਸਾਰਾ ਕੁਝ ਦੇਖਿਆ। ਉਸ ਨੇ ਮੂਸਾ ਨੂੰ ਕਿਹਾ: ‘ਲੋਕਾਂ ਕੋਲ ਥੱਲੇ ਜਾਹ। ਉਹ ਮੇਰਾ ਕਹਿਣਾ ਨਹੀਂ ਮੰਨ ਰਹੇ ਅਤੇ ਝੂਠੇ ਦੇਵਤੇ ਦੀ ਭਗਤੀ ਕਰ ਰਹੇ ਹਨ।’ ਮੂਸਾ ਦੋ ਫੱਟੀਆਂ ਲੈ ਕੇ ਪਹਾੜ ਤੋਂ ਥੱਲੇ ਚਲਾ ਗਿਆ।
ਜਿੱਦਾਂ ਹੀ ਮੂਸਾ ਡੇਰੇ ਦੇ ਨੇੜੇ ਆਇਆ, ਉਸ ਨੇ ਲੋਕਾਂ ਦੀ ਗਾਉਣ ਦੀ ਆਵਾਜ਼ ਸੁਣੀ। ਫਿਰ ਉਸ ਨੇ ਉਨ੍ਹਾਂ ਨੂੰ ਨੱਚਦਿਆਂ ਤੇ ਵੱਛੇ ਨੂੰ ਮੱਥਾ ਟੇਕਦਿਆਂ ਦੇਖਿਆ। ਮੂਸਾ ਦਾ ਗੁੱਸਾ ਭੜਕ ਉੱਠਿਆ। ਉਸ ਨੇ ਜ਼ੋਰ ਨਾਲ ਦੋਵੇਂ ਫੱਟੀਆਂ ਜ਼ਮੀਨ ʼਤੇ ਸੁੱਟ ਦਿੱਤੀਆਂ ਜਿਨ੍ਹਾਂ ਦੇ ਟੋਟੇ-ਟੋਟੇ ਹੋ ਗਏ। ਫਿਰ ਉਸ ਨੇ ਤੁਰੰਤ ਵੱਛੇ ਨੂੰ ਕੁੱਟ-ਕੁੱਟ ਕੇ ਚੂਰਾ ਬਣਾ ਦਿੱਤਾ। ਫਿਰ ਉਸ ਨੇ ਹਾਰੂਨ ਨੂੰ ਪੁੱਛਿਆ: ‘ਇਨ੍ਹਾਂ ਲੋਕਾਂ ਨੇ ਤੇਰੇ ਤੋਂ ਇੰਨਾ ਭੈੜਾ ਕੰਮ ਕਿਵੇਂ ਕਰਾਇਆ?’ ਹਾਰੂਨ ਨੇ ਕਿਹਾ: ‘ਗੁੱਸੇ ਵਿਚ ਨਾ ਭੜਕ। ਤੂੰ ਇਨ੍ਹਾਂ ਲੋਕਾਂ ਨੂੰ ਜਾਣਦਾ ਹੈਂ। ਉਹ ਕੋਈ ਦੇਵਤਾ ਚਾਹੁੰਦੇ ਸਨ। ਇਸ ਲਈ ਮੈਂ ਉਨ੍ਹਾਂ ਦਾ ਸੋਨਾ ਅੱਗ ਵਿਚ ਸੁੱਟਿਆ ਅਤੇ ਇਹ ਵੱਛਾ ਨਿਕਲ ਆਇਆ।’ ਹਾਰੂਨ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਮੂਸਾ ਦੁਬਾਰਾ ਪਹਾੜ ʼਤੇ ਗਿਆ ਅਤੇ ਉਸ ਨੇ ਯਹੋਵਾਹ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਲੋਕਾਂ ਨੂੰ ਮਾਫ਼ ਕਰ ਦੇਵੇ।
ਯਹੋਵਾਹ ਨੇ ਸਿਰਫ਼ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜੋ ਖ਼ੁਸ਼ੀ-ਖ਼ੁਸ਼ੀ ਉਸ ਦਾ ਕਹਿਣਾ ਮੰਨਣ ਲਈ ਤਿਆਰ ਸਨ। ਕੀ ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲੀਆਂ ਲਈ ਮੂਸਾ ਦੀ ਗੱਲ ਮੰਨਣੀ ਕਿੰਨੀ ਜ਼ਰੂਰੀ ਸੀ ਜਿਸ ਨੂੰ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ?
“ਜਦੋਂ ਤੂੰ ਪਰਮੇਸ਼ੁਰ ਅੱਗੇ ਕੋਈ ਸੁੱਖਣਾ ਸੁੱਖੇਂ, ਤਾਂ ਉਸ ਨੂੰ ਪੂਰਾ ਕਰਨ ਵਿਚ ਦੇਰ ਨਾ ਲਾਈਂ ਕਿਉਂਕਿ ਉਹ ਮੂਰਖਾਂ ਤੋਂ ਖ਼ੁਸ਼ ਨਹੀਂ ਹੁੰਦਾ। ਤੂੰ ਜੋ ਵੀ ਸੁੱਖਣਾ ਸੁੱਖਦਾ ਹੈਂ, ਉਸ ਨੂੰ ਪੂਰਾ ਕਰ।”—ਉਪਦੇਸ਼ਕ ਦੀ ਕਿਤਾਬ 5:4