ਪਾਠ 61
ਉਨ੍ਹਾਂ ਨੇ ਮੱਥਾ ਨਹੀਂ ਟੇਕਿਆ
ਮੂਰਤ ਬਾਰੇ ਸੁਪਨਾ ਦੇਖਣ ਤੋਂ ਕੁਝ ਸਮੇਂ ਬਾਅਦ ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇਕ ਵੱਡੀ ਸਾਰੀ ਮੂਰਤ ਬਣਾਈ। ਉਸ ਨੇ ਇਸ ਨੂੰ ਦੂਰਾ ਦੇ ਮੈਦਾਨੀ ਇਲਾਕੇ ਵਿਚ ਖੜ੍ਹਾ ਕੀਤਾ। ਉਸ ਨੇ ਮੂਰਤ ਸਾਮ੍ਹਣੇ ਇਕੱਠੇ ਹੋਣ ਲਈ ਦੇਸ਼ ਦੇ ਸਭ ਤੋਂ ਅਹਿਮ ਲੋਕਾਂ ਨੂੰ ਬੁਲਾਇਆ। ਇਨ੍ਹਾਂ ਵਿਚ ਸ਼ਦਰਕ, ਮੇਸ਼ਕ ਤੇ ਅਬਦਨਗੋ ਵੀ ਸ਼ਾਮਲ ਸਨ। ਰਾਜੇ ਨੇ ਹੁਕਮ ਦਿੱਤਾ: ‘ਜਦ ਤੁਸੀਂ ਨਰਸਿੰਗੇ, ਰਬਾਬ ਤੇ ਮਸ਼ਕਬੀਨ ਦੀ ਆਵਾਜ਼ ਸੁਣੋ, ਤਾਂ ਤੁਸੀਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਦੇ ਅੱਗੇ ਮੱਥਾ ਟੇਕੋ। ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।’ ਕੀ ਇਨ੍ਹਾਂ ਤਿੰਨਾਂ ਇਬਰਾਨੀਆਂ ਨੇ ਮੂਰਤ ਦੇ ਅੱਗੇ ਮੱਥਾ ਟੇਕਿਆ ਜਾਂ ਫਿਰ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ?
ਫਿਰ ਰਾਜੇ ਨੇ ਸੰਗੀਤ ਵਜਾਉਣ ਦਾ ਹੁਕਮ ਦਿੱਤਾ। ਸਾਰਿਆਂ ਨੇ ਮੂਰਤ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਟੇਕਿਆ, ਪਰ ਸ਼ਦਰਕ, ਮੇਸ਼ਕ ਤੇ ਅਬਦਨਗੋ ਨੇ ਮੱਥਾ ਨਹੀਂ ਟੇਕਿਆ। ਕੁਝ ਆਦਮੀਆਂ ਨੇ ਇਹ ਦੇਖਿਆ ਤੇ ਉਨ੍ਹਾਂ ਨੇ ਜਾ ਕੇ ਰਾਜੇ ਨੂੰ ਦੱਸਿਆ: ‘ਉਨ੍ਹਾਂ ਤਿੰਨਾਂ ਇਬਰਾਨੀਆਂ ਨੇ ਤੇਰੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਹੈ।’ ਫਿਰ ਨਬੂਕਦਨੱਸਰ ਨੇ ਉਨ੍ਹਾਂ ਤਿੰਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ: ‘ਮੈਂ ਤੁਹਾਨੂੰ ਇਕ ਹੋਰ ਮੌਕਾ ਦਿੰਦਾ ਹਾਂ। ਪਰ ਜੇ ਤੁਸੀਂ ਹੁਣ ਮੂਰਤ ਅੱਗੇ ਮੱਥਾ ਨਾ ਟੇਕਿਆ, ਤਾਂ ਮੈਂ ਤੁਹਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟ ਦੇਵਾਂਗਾ। ਕੋਈ ਵੀ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।’ ਉਨ੍ਹਾਂ ਨੇ ਕਿਹਾ: ‘ਸਾਨੂੰ ਹੋਰ ਮੌਕਾ ਨਹੀਂ ਚਾਹੀਦਾ। ਸਾਡਾ ਪਰਮੇਸ਼ੁਰ ਸਾਨੂੰ ਬਚਾ ਸਕਦਾ ਹੈ। ਪਰ ਜੇ ਉਹ ਨਾ ਵੀ ਬਚਾਵੇ, ਤਾਂ ਵੀ ਹੇ ਮਹਾਰਾਜ, ਅਸੀਂ ਮੂਰਤ ਅੱਗੇ ਮੱਥਾ ਨਹੀਂ ਟੇਕਾਂਗੇ।’
ਨਬੂਕਦਨੱਸਰ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: ‘ਭੱਠੀ ਦੀ ਅੱਗ ਹੋਰ ਸੱਤ ਗੁਣਾ ਤੇਜ਼ ਕਰ ਦਿੱਤੀ ਜਾਵੇ।’ ਫਿਰ ਉਸ ਨੇ ਆਪਣੇ ਫ਼ੌਜੀਆਂ ਨੂੰ ਕਿਹਾ: ‘ਇਨ੍ਹਾਂ ਆਦਮੀਆਂ ਨੂੰ ਬੰਨ੍ਹ ਕੇ ਬਲ਼ਦੀ ਭੱਠੀ ਵਿਚ ਸੁੱਟ ਦਿਓ।’ ਭੱਠੀ ਇੰਨੀ ਗਰਮ ਸੀ ਕਿ ਜਿਉਂ ਹੀ ਫ਼ੌਜੀ ਭੱਠੀ ਦੇ
ਨੇੜੇ ਗਏ, ਉਹ ਉਸੇ ਵੇਲੇ ਮਰ ਗਏ। ਤਿੰਨੇ ਇਬਰਾਨੀ ਬਲ਼ਦੀ ਹੋਈ ਭੱਠੀ ਵਿਚ ਡਿਗ ਗਏ। ਪਰ ਨਬੂਕਦਨੱਸਰ ਨੇ ਭੱਠੀ ਅੰਦਰ ਦੇਖਿਆ ਕਿ ਉਸ ਵਿਚ ਤਿੰਨ ਆਦਮੀਆਂ ਦੀ ਬਜਾਇ ਚਾਰ ਆਦਮੀ ਘੁੰਮ ਰਹੇ ਸਨ। ਉਹ ਡਰ ਗਿਆ ਤੇ ਉਸ ਨੇ ਆਪਣੇ ਅਧਿਕਾਰੀਆਂ ਨੂੰ ਪੁੱਛਿਆ: ‘ਕੀ ਅਸੀਂ ਤਿੰਨ ਆਦਮੀਆਂ ਨੂੰ ਭੱਠੀ ਵਿਚ ਨਹੀਂ ਸੁੱਟਿਆ ਸੀ? ਮੈਨੂੰ ਅੱਗ ਵਿਚ ਚਾਰ ਆਦਮੀ ਘੁੰਮਦੇ ਦਿਖਾਈ ਦੇ ਰਹੇ ਹਨ ਤੇ ਇਨ੍ਹਾਂ ਵਿੱਚੋਂ ਇਕ ਜਣਾ ਦੂਤ ਵਰਗਾ ਲੱਗ ਰਿਹਾ ਹੈ।’ਨਬੂਕਦਨੱਸਰ ਭੱਠੀ ਦੇ ਨੇੜੇ ਗਿਆ ਅਤੇ ਕਿਹਾ: ‘ਅੱਤ ਮਹਾਨ ਪਰਮੇਸ਼ੁਰ ਦੇ ਸੇਵਕੋ, ਬਾਹਰ ਆ ਜਾਓ!’ ਸਾਰੇ ਜਣੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਅੱਗ ਵਿੱਚੋਂ ਸਹੀ-ਸਲਾਮਤ ਬਾਹਰ ਆ ਗਏ। ਉਨ੍ਹਾਂ ਦੀ ਚਮੜੀ, ਵਾਲ਼ ਤੇ ਕੱਪੜੇ ਜ਼ਰਾ ਵੀ ਸੜੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਤੋਂ ਅੱਗ ਦੇ ਜਲ਼ਣ ਦੀ ਬੋ ਆ ਰਹੀ ਸੀ।
ਨਬੂਕਦਨੱਸਰ ਨੇ ਕਿਹਾ: ‘ਸ਼ਦਰਕ, ਮੇਸ਼ਕ ਤੇ ਅਬਦਨਗੋ ਦਾ ਪਰਮੇਸ਼ੁਰ ਮਹਾਨ ਹੈ। ਉਸ ਨੇ ਆਪਣਾ ਦੂਤ ਭੇਜਿਆ ਤੇ ਉਨ੍ਹਾਂ ਨੂੰ ਬਚਾ ਲਿਆ। ਉਨ੍ਹਾਂ ਦੇ ਪਰਮੇਸ਼ੁਰ ਵਰਗਾ ਕੋਈ ਦੇਵਤਾ ਨਹੀਂ ਹੈ।’
ਕੀ ਇਨ੍ਹਾਂ ਤਿੰਨ ਇਬਰਾਨੀਆਂ ਵਾਂਗ ਤੁਸੀਂ ਵੀ ਹਰ ਹਾਲਾਤ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ?
“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।”—ਮੱਤੀ 4:10