ਪਹਿਲਾ ਭਾਗ
ਸਾਰੀਆਂ ਚੀਜ਼ਾਂ ਦੀ ਚਨਾ ਤੋਂ ਲੈ ਕੇ ਜਲ-ਪਰਲੋ ਤਕ
ਆਕਾਸ਼ ਅਤੇ ਧਰਤੀ ਨੂੰ ਕਿਸ ਨੇ ਬਣਾਇਆ ਸੀ? ਸੂਰਜ, ਚੰਨ, ਤਾਰੇ ਅਤੇ ਧਰਤੀ ਦੀਆਂ ਹੋਰ ਚੀਜ਼ਾਂ ਨੂੰ ਕਿਸ ਨੇ ਬਣਾਇਆ? ਬਾਈਬਲ ਇਨ੍ਹਾਂ ਸਵਾਲਾਂ ਦਾ ਸਹੀ-ਸਹੀ ਜਵਾਬ ਦਿੰਦੀ ਹੈ। ਇਸ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ ਇਹ ਸਭ ਚੀਜ਼ਾਂ ਬਣਾਈਆਂ ਸਨ। ਇਸ ਕਿਤਾਬ ਦੀਆਂ ਪਹਿਲੀਆਂ ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਇਹ ਸਭ ਕੁਝ ਕਿਵੇਂ ਬਣਾਇਆ ਸੀ।
ਅਸੀਂ ਸਿੱਖਾਂਗੇ ਕਿ ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਸਵਰਗ ਵਿਚ ਫ਼ਰਿਸ਼ਤੇ ਬਣਾਏ ਸਨ। ਇਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਪਰ ਪਰਮੇਸ਼ੁਰ ਨੇ ਧਰਤੀ ਇਨਸਾਨਾਂ ਦੇ ਰਹਿਣ ਲਈ ਬਣਾਈ ਸੀ। ਆਦਮ ਤੇ ਹੱਵਾਹ ਪਹਿਲੇ ਇਨਸਾਨ ਸਨ ਜੋ ਪਰਮੇਸ਼ੁਰ ਨੇ ਧਰਤੀ ਤੇ ਰਹਿਣ ਲਈ ਬਣਾਏ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਸੋਹਣੇ ਬਾਗ਼ ਵਿਚ ਰੱਖਿਆ। ਪਰ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਹ ਹਮੇਸ਼ਾ ਲਈ ਜੀਉਂਦੇ ਰਹਿਣ ਦਾ ਮੌਕਾ ਗੁਆ ਬੈਠੇ।
ਆਦਮ ਨੂੰ ਬਣਾਉਣ ਤੋਂ ਲੈ ਕੇ ਜਲ-ਪਰਲੋ ਤਕ 1,656 ਸਾਲ ਸਨ। ਇਸ ਸਮੇਂ ਦੌਰਾਨ ਬਹੁਤ ਸਾਰੇ ਭੈੜੇ ਲੋਕ ਰਹਿੰਦੇ ਸਨ। ਸਵਰਗ ਵਿਚ ਸ਼ਤਾਨ ਅਤੇ ਉਸ ਦੇ ਭੈੜੇ ਦੂਤ ਸਨ। ਧਰਤੀ ਉੱਤੇ ਕਇਨ ਅਤੇ ਹੋਰ ਕਈ ਬੁਰੇ ਲੋਕ ਸਨ। ਇਨ੍ਹਾਂ ਵਿਚ ਕੁਝ ਅਜਿਹੇ ਲੋਕ ਵੀ ਸਨ ਜੋ ਬਹੁਤ ਜ਼ਿਆਦਾ ਤਾਕਤਵਰ ਸਨ। ਪਰ ਧਰਤੀ ਉੱਤੇ ਹਾਬਲ, ਹਨੋਕ ਅਤੇ ਨੂਹ ਵਰਗੇ ਚੰਗੇ ਲੋਕ ਵੀ ਸਨ। ਪਹਿਲੇ ਭਾਗ ਵਿਚ ਅਸੀਂ ਇਨ੍ਹਾਂ ਸਾਰੇ ਲੋਕਾਂ ਅਤੇ ਕਈ ਘਟਨਾਵਾਂ ਬਾਰੇ ਪੜ੍ਹਾਂਗੇ।