ਕਹਾਣੀ 108
ਦੰਮਿਸਕ ਨੂੰ ਜਾਂਦੇ ਵਕਤ
ਤੁਹਾਨੂੰ ਪਤਾ ਤਸਵੀਰ ਵਿਚ ਕੌਣ ਥੱਲੇ ਡਿੱਗਿਆ ਪਿਆ ਹੈ? ਇਹ ਸੌਲੁਸ ਹੈ। ਇਹ ਉਹੀ ਸੌਲੁਸ ਹੈ ਜਿਸ ਨੇ ਉਨ੍ਹਾਂ ਬੰਦਿਆਂ ਦੇ ਚੋਗਿਆਂ ਨੂੰ ਸੰਭਾਲਿਆ ਸੀ ਜਿਨ੍ਹਾਂ ਨੇ ਇਸਤੀਫ਼ਾਨ ਨੂੰ ਮਾਰਿਆ ਸੀ। ਪਰ ਤਸਵੀਰ ਵਿਚ ਇੰਨੀ ਰੌਸ਼ਨੀ ਕਿੱਥੋਂ ਆ ਰਹੀ ਹੈ? ਚਲੋ ਆਓ ਦੇਖੀਏ ਕੀ ਹੋ ਰਿਹਾ ਹੈ।
ਸੌਲੁਸ ਯਿਸੂ ਦੇ ਚੇਲਿਆਂ ਨੂੰ ਸਤਾਉਣ ਵਿਚ ਸਭ ਤੋਂ ਅੱਗੇ ਸੀ। ਉਹ ਇਕ ਤੋਂ ਬਾਅਦ ਇਕ ਘਰ ਵਿਚ ਜਾ ਕੇ ਚੇਲਿਆਂ ਨੂੰ ਲੱਭਦਾ ਅਤੇ ਉਨ੍ਹਾਂ ਨੂੰ ਘੜੀਸ ਕੇ ਜੇਲ੍ਹ ਵਿਚ ਸੁੱਟਦਾ ਸੀ। ਇਸੇ ਕਰਕੇ ਕਈ ਚੇਲੇ ਦੂਸਰੇ ਸ਼ਹਿਰਾਂ ਵਿਚ ਜਾ ਵੱਸੇ ਸਨ। ਉਹ ਉੱਥੇ ਜਾ ਕੇ ‘ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਦੇ ਰਹੇ। ਪਰ ਸੌਲੁਸ ਨੇ ਫਿਰ ਵੀ ਉਨ੍ਹਾਂ ਦਾ ਪਿੱਛਾ ਨਾ ਛੱਡਿਆ। ਉਹ ਥਾਂ-ਥਾਂ ਉਨ੍ਹਾਂ ਨੂੰ ਲੱਭਦਾ ਫਿਰਦਾ ਸੀ। ਹੁਣ ਵੀ ਉਹ ਚੇਲਿਆਂ ਦੀ ਤਲਾਸ਼ ਵਿਚ ਦੰਮਿਸਕ ਸ਼ਹਿਰ ਨੂੰ ਜਾ ਰਿਹਾ ਸੀ। ਪਰ ਰਾਹ ਵਿਚ ਇਕ ਬਹੁਤ ਹੀ ਅਜੀਬ ਘਟਨਾ ਵਾਪਰੀ।
ਇਕਦਮ ਸੌਲੁਸ ਦੇ ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਹੋ ਗਈ ਤੇ ਉਹ ਬੌਂਦਲ ਕੇ ਜ਼ਮੀਨ ਤੇ ਡਿੱਗ ਪਿਆ। ਫਿਰ ਉਸ ਨੇ ਕਿਸੇ ਦੀ ਆਵਾਜ਼ ਸੁਣੀ ਜਿਸ ਨੇ ਕਿਹਾ: ‘ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਦੁੱਖ ਦੇ ਰਿਹਾ ਹੈਂ?’ ਸੌਲੁਸ ਨਾਲ ਜਿਹੜੇ ਬੰਦੇ ਖੜ੍ਹੇ ਸਨ, ਉਨ੍ਹਾਂ ਨੇ ਵੀ ਇਹ ਰੌਸ਼ਨੀ ਦੇਖੀ ਅਤੇ ਆਵਾਜ਼ ਸੁਣੀ। ਪਰ ਉਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਨਾ ਲੱਗੀ।
ਸੌਲੁਸ ਨੇ ਪੁੱਛਿਆ: ‘ਹੇ ਪ੍ਰਭੂ, ਤੁਸੀਂ ਕੌਣ ਹੋ?’
ਫਿਰ ਆਵਾਜ਼ ਨੇ ਜਵਾਬ ਦਿੱਤਾ: ‘ਮੈਂ ਯਿਸੂ ਹਾਂ ਜਿਸ ਨੂੰ ਤੂੰ ਦੁੱਖ ਦੇ ਰਿਹਾ ਹੈਂ।’ ਇੱਦਾਂ ਨਹੀਂ ਸੀ ਕਿ ਸੌਲੁਸ ਸਿੱਧੇ ਤੌਰ ਤੇ ਯਿਸੂ ਨੂੰ ਦੁੱਖ ਦੇ ਰਿਹਾ ਸੀ। ਪਰ ਜਦ ਵੀ ਉਹ ਯਿਸੂ ਦੇ ਚੇਲਿਆਂ ਨੂੰ ਦੁੱਖ ਦਿੰਦਾ ਸੀ, ਤਾਂ ਯਿਸੂ ਨੂੰ ਦੁੱਖ ਲੱਗਦਾ ਸੀ।
ਸੌਲੁਸ ਨੇ ਹੁਣ ਯਿਸੂ ਨੂੰ ਪੁੱਛਿਆ: ‘ਦੱਸੋ, ਹੁਣ ਮੈਂ ਕੀ ਕਰਾਂ ਪ੍ਰਭੂ?’
ਯਿਸੂ ਨੇ ਉਸ ਨੂੰ ਕਿਹਾ: ‘ਉੱਠ ਅਤੇ ਦੰਮਿਸਕ ਨੂੰ ਜਾ। ਉੱਥੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈਂ।’ ਸੌਲੁਸ ਉੱਠਿਆ ਅਤੇ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਪਰ ਉਸ ਨੂੰ ਕੁਝ ਦਿਖਾਈ ਨਾ ਦਿੱਤਾ। ਉਹ ਅੰਨ੍ਹਾ ਹੋ ਗਿਆ ਸੀ। ਉਸ ਦੇ ਨਾਲ ਜੋ ਬੰਦੇ ਆਏ ਸਨ, ਉਹ ਉਸ ਨੂੰ ਦੰਮਿਸਕ ਲੈ ਗਏ।
ਦੰਮਿਸਕ ਵਿਚ ਯਿਸੂ ਨੇ ਆਪਣੇ ਇਕ ਚੇਲੇ ਨੂੰ ਕਿਹਾ: ‘ਉੱਠ, ਹਨਾਨਿਯਾਹ। ਉਸ ਗਲੀ ਵਿਚ ਜਾ ਜੋ ਸਿੱਧੀ ਗਲੀ ਕਹਾਉਂਦੀ ਹੈ। ਯਹੂਦਾ ਦੇ ਘਰ ਜਾ ਅਤੇ ਉੱਥੇ ਜਾ ਕੇ ਸੌਲੁਸ ਨਾਮ ਦੇ ਆਦਮੀ ਬਾਰੇ ਪੁੱਛੀਂ। ਮੈਂ ਉਸ ਨੂੰ ਆਪਣਾ ਇਕ ਖ਼ਾਸ ਸੇਵਕ ਬਣਨ ਲਈ ਚੁਣਿਆ ਹੈ।’
ਹਨਾਨਿਯਾਹ ਨੇ ਬਿਲਕੁਲ ਇਹੀ ਕੀਤਾ। ਫਿਰ ਜਦ ਉਹ ਸੌਲੁਸ ਨੂੰ ਮਿਲਿਆ, ਤਾਂ ਉਸ ਨੇ ਉਸ ਨੂੰ ਛੋਹੰਦਿਆਂ ਕਿਹਾ: ‘ਪ੍ਰਭੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ ਤਾਂਕਿ ਤੂੰ ਦੁਬਾਰਾ ਦੇਖ ਸਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਪ੍ਰਾਪਤ ਕਰ ਸਕੇ।’ ਉਸੇ ਵਕਤ ਸੌਲੁਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ।
ਪਰਮੇਸ਼ੁਰ ਦੀ ਕਿਰਪਾ ਨਾਲ ਸੌਲੁਸ ਨੇ ਕਈ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕੀਤਾ। ਲੋਕ ਉਸ ਨੂੰ ਪੌਲੁਸ ਰਸੂਲ ਦੇ ਨਾਮ ਤੋਂ ਜਾਣਦੇ ਸਨ। ਆਪਾਂ ਅਗਲੀਆਂ ਕਹਾਣੀਆਂ ਵਿਚ ਉਸ ਬਾਰੇ ਕਾਫ਼ੀ ਕੁਝ ਸਿੱਖਾਂਗੇ। ਪਰ ਪਹਿਲਾਂ ਚਲੋ ਆਓ ਅੱਗੇ ਦੇਖੀਏ ਕਿ ਯਹੋਵਾਹ ਨੇ ਪਤਰਸ ਨੂੰ ਕਿਹੜਾ ਕੰਮ ਸੌਂਪਿਆ ਸੀ।