ਕਹਾਣੀ 106
ਜੇਲ੍ਹੋਂ ਛੁਡਾਏ ਗਏ
ਤਸਵੀਰ ਵਿਚ ਦੇਖੋ ਫ਼ਰਿਸ਼ਤੇ ਨੇ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਹੋਇਆ ਹੈ। ਜੇਲ੍ਹ ਵਿੱਚੋਂ ਬਾਹਰ ਆ ਰਹੇ ਬੰਦੇ ਯਿਸੂ ਦੇ ਰਸੂਲ ਹਨ। ਚਲੋ ਆਓ ਦੇਖੀਏ ਕਿ ਇਹ ਜੇਲ੍ਹ ਦੇ ਅੰਦਰ ਗਏ ਕਿਵੇਂ।
ਕੁਝ ਦਿਨ ਪਹਿਲਾਂ ਹੀ ਯਿਸੂ ਨੇ ਆਪਣੇ ਚੇਲਿਆਂ ਨੂੰ ਸ਼ਕਤੀ ਦਿੱਤੀ ਸੀ। ਫਿਰ ਇਕ ਦਿਨ ਪਤਰਸ ਅਤੇ ਯੂਹੰਨਾ ਦੁਪਹਿਰ ਦੇ ਵੇਲੇ ਯਰੂਸ਼ਲਮ ਵਿਚ ਹੈਕਲ ਨੂੰ ਗਏ। ਉੱਥੇ ਹੈਕਲ ਦੇ ਦਰਵਾਜ਼ੇ ਮੋਹਰੇ ਇਕ ਲੰਗੜਾ ਆਦਮੀ ਬੈਠਾ ਸੀ। ਇਹ ਆਦਮੀ ਜਨਮ ਤੋਂ ਹੀ ਲੰਗੜਾ ਸੀ। ਹਰ ਰੋਜ਼ ਲੋਕ ਇਸ ਨੂੰ ਚੁੱਕ ਕੇ ਹੈਕਲ ਨੂੰ ਲਿਆਉਂਦੇ ਸਨ ਤਾਂਕਿ ਇਹ ਹੈਕਲ ਨੂੰ ਆਉਂਦੇ-ਜਾਂਦੇ ਲੋਕਾਂ ਕੋਲੋਂ ਭੀਖ ਮੰਗ ਸਕੇ। ਜਦ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਆਉਂਦੇ ਦੇਖਿਆ, ਤਾਂ ਉਸ ਨੇ ਉਨ੍ਹਾਂ ਤੋਂ ਵੀ ਭੀਖ ਮੰਗੀ। ਤੁਹਾਨੂੰ ਪਤਾ ਪਤਰਸ ਅਤੇ ਯੂਹੰਨਾ ਨੇ ਕੀ ਕੀਤਾ?
ਉਨ੍ਹਾਂ ਨੂੰ ਇਸ ਲੰਗੜੇ ਮੰਗਤੇ ਤੇ ਤਰਸ ਆਇਆ। ਪਤਰਸ ਨੇ ਉਸ ਨੂੰ ਕਿਹਾ: ‘ਮੇਰੇ ਕੋਲ ਪੈਸੇ ਤਾਂ ਨਹੀਂ। ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਜ਼ਰੂਰ ਦਿਆਂਗਾ। ਯਿਸੂ ਦੇ ਨਾਂ ਤੇ ਉੱਠ ਅਤੇ ਤੁਰ!’ ਫਿਰ ਪਤਰਸ ਨੇ ਲੰਗੜੇ ਨੂੰ ਸਹਾਰਾ ਦੇ ਕੇ ਖੜ੍ਹਾ ਕੀਤਾ। ਉਹ ਬੰਦਾ ਉਸੇ ਪਲ ਤੁਰਨ ਲੱਗ ਪਿਆ। ਲੋਕ ਇਸ ਲੰਗੜੇ ਨੂੰ ਤੁਰਦਾ ਦੇਖ ਕੇ ਬਹੁਤ ਹੈਰਾਨ ਤੇ ਖ਼ੁਸ਼ ਹੋਏ।
ਪਤਰਸ ਨੇ ਅੱਗੇ ਕਿਹਾ: ‘ਅਸੀਂ ਇਹ ਚਮਤਕਾਰ ਉਸ ਪਰਮੇਸ਼ੁਰ ਦੀ ਸ਼ਕਤੀ ਨਾਲ ਕੀਤਾ ਹੈ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ।’ ਯੂਹੰਨਾ ਅਤੇ ਪਤਰਸ ਅਜੇ ਗੱਲ ਕਰ ਹੀ ਰਹੇ ਸਨ ਕਿ ਉੱਥੇ ਕੁਝ ਧਾਰਮਿਕ ਆਗੂ ਆ ਪਹੁੰਚੇ। ਉਨ੍ਹਾਂ ਨੇ ਜਦ ਰਸੂਲਾਂ ਨੂੰ ਯਿਸੂ ਦੇ ਜੀ ਉਠਾਏ ਜਾਣ ਬਾਰੇ ਗੱਲ ਕਰਦੇ ਸੁਣਿਆ, ਤਾਂ ਉਹ ਗੁੱਸੇ ਵਿਚ ਆ ਗਏ। ਇਸ ਲਈ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟਵਾ ਦਿੱਤਾ।
ਦੂਜੇ ਦਿਨ ਧਾਰਮਿਕ ਆਗੂ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਤਰਸ, ਯੂਹੰਨਾ ਅਤੇ ਲੰਗੜੇ ਬੰਦੇ ਨੂੰ ਵੀ ਬੁਲਾਇਆ। ਇਨ੍ਹਾਂ ਆਗੂਆਂ ਨੇ ਰਸੂਲਾਂ ਨੂੰ ਪੁੱਛਿਆ: ‘ਤੁਸੀਂ ਕਿਹੜੀ ਸ਼ਕਤੀ ਨਾਲ ਇਹ ਚਮਤਕਾਰ ਕੀਤਾ ਹੈ?’
ਪਤਰਸ ਨੇ ਉਨ੍ਹਾਂ ਨੂੰ ਦੱਸਿਆ ਕਿ ‘ਉਸ ਪਰਮੇਸ਼ੁਰ ਦੀ ਸ਼ਕਤੀ ਨਾਲ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਸੀ।’ ਧਾਰਮਿਕ ਆਗੂ ਰਸੂਲਾਂ ਨੂੰ ਕੋਈ ਸਜ਼ਾ ਦੇ ਨਹੀਂ ਸਕਦੇ ਸਨ ਕਿਉਂਕਿ ਚਮਤਕਾਰ ਤਾਂ ਵਾਕਈ ਹੋਇਆ ਸੀ। ਇਸ ਦਾ ਜੀਉਂਦਾ-ਜਾਗਦਾ ਸਬੂਤ ਉਹ ਲੰਗੜਾ ਆਦਮੀ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਖੜ੍ਹਾ ਸੀ। ਇਸ ਲਈ ਉਨ੍ਹਾਂ ਨੇ ਰਸੂਲਾਂ ਨੂੰ ਸਿਰਫ਼ ਇੰਨੀ ਗੱਲ ਕਹਿ ਕੇ ਜਾਣ ਦਿੱਤਾ ਕਿ ਉਹ ਅਗਾਂਹ ਤੋਂ ਯਿਸੂ ਬਾਰੇ ਪ੍ਰਚਾਰ ਨਾ ਕਰਨ।
ਪਰ ਜਿਉਂ-ਜਿਉਂ ਦਿਨ ਬੀਤਦੇ ਗਏ, ਰਸੂਲ ਹਰ ਥਾਂ ਜਾ ਕੇ ਲੋਕਾਂ ਨੂੰ ਯਿਸੂ ਬਾਰੇ ਸਿਖਾਉਂਦੇ ਰਹੇ ਅਤੇ ਬੀਮਾਰਾਂ ਨੂੰ ਠੀਕ ਕਰਦੇ ਰਹੇ। ਰਸੂਲਾਂ ਦੇ ਚਮਤਕਾਰਾਂ ਦੀ ਚਰਚਾ ਥਾਂ-ਥਾਂ ਹੋਣ ਲੱਗੀ। ਯਰੂਸ਼ਲਮ ਦੇ ਲਾਗਲੇ ਪਿੰਡਾਂ ਦੇ ਲੋਕ ਵੀ ਉਨ੍ਹਾਂ ਕੋਲ ਆਪਣੇ ਬੀਮਾਰ ਸਕੇ-ਸੰਬੰਧੀਆਂ ਨੂੰ ਠੀਕ ਹੋਣ ਲਈ ਲਿਆ ਰਹੇ ਸਨ। ਇਹ ਦੇਖ ਕੇ ਤਾਂ ਧਾਰਮਿਕ ਆਗੂ ਹੋਰ ਵੀ ਸੜ-ਭੁੱਜ ਗਏ। ਇਸੇ ਲਈ ਉਨ੍ਹਾਂ ਨੇ ਰਸੂਲਾਂ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਪਰ ਉਹ ਜੇਲ੍ਹ ਅੰਦਰ ਜ਼ਿਆਦਾ ਦੇਰ ਤਕ ਨਹੀਂ ਰਹੇ।
ਰਾਤ ਨੂੰ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਆ ਕੇ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਰਸੂਲਾਂ ਨੂੰ ਆਜ਼ਾਦ ਕਰ ਦਿੱਤਾ। ਫ਼ਰਿਸ਼ਤੇ ਨੇ ਉਨ੍ਹਾਂ ਨੂੰ ਕਿਹਾ: ‘ਜਾਓ ਹੈਕਲ ਵਿਚ ਜਾ ਕੇ ਲੋਕਾਂ ਨੂੰ ਪਰਮੇਸ਼ੁਰ ਅਤੇ ਯਿਸੂ ਬਾਰੇ ਸਿਖਾਉਂਦੇ ਰਹੋ।’ ਅਗਲੇ ਦਿਨ ਧਾਰਮਿਕ ਆਗੂਆਂ ਨੇ ਆਪਣੇ ਕੁਝ ਬੰਦਿਆਂ ਨੂੰ ਕਿਹਾ ਕਿ ਉਹ ਜਾ ਕੇ ਰਸੂਲਾਂ ਨੂੰ ਜੇਲ੍ਹ ਵਿੱਚੋਂ ਲਿਆਉਣ। ਪਰ ਜਦ ਉਹ ਉੱਥੇ ਪਹੁੰਚੇ, ਤਾਂ ਜੇਲ੍ਹ ਖਾਲੀ ਸੀ। ਫਿਰ ਇਨ੍ਹਾਂ ਬੰਦਿਆਂ ਨੇ ਰਸੂਲਾਂ ਨੂੰ ਹੈਕਲ ਵਿਚ ਖੜ੍ਹੇ ਪਰਮੇਸ਼ੁਰ ਬਾਰੇ ਪ੍ਰਚਾਰ ਕਰਦੇ ਦੇਖਿਆ। ਉਹ ਉਨ੍ਹਾਂ ਨੂੰ ਫੜ ਕੇ ਮਹਾਸਭਾ ਵਿਚ ਲੈ ਆਏ।
ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਕਿਹਾ: ‘ਅਸੀਂ ਤੁਹਾਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਕਿ ਯਿਸੂ ਬਾਰੇ ਬੋਲਣਾ ਬੰਦ ਕਰੋ, ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ।’ ਫਿਰ ਰਸੂਲਾਂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਸਾਡੇ ਲਈ ਮਨੁੱਖਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।’ ਰਸੂਲ ਬਿਨਾਂ ਝਿਜਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ। ਸਾਨੂੰ ਵੀ ਉਨ੍ਹਾਂ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ।