ਕਹਾਣੀ 14
ਅਬਰਾਹਾਮ ਦੀ ਨਿਹਚਾ ਪਰਖੀ ਗਈ
ਤਸਵੀਰ ਵਿਚ ਦੇਖੋ ਕਿ ਅਬਰਾਹਾਮ ਕੀ ਕਰ ਰਿਹਾ ਹੈ। ਲੱਗਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਮਾਰਨ ਲੱਗਾ ਹੈ। ਪਰ ਅਬਰਾਹਾਮ ਤਾਂ ਚੰਗਾ ਬੰਦਾ ਸੀ, ਭਲਾ ਉਹ ਆਪਣੇ ਪੁੱਤਰ ਨੂੰ ਕਿਉਂ ਮਾਰੇਗਾ? ਪਰ ਪਹਿਲਾਂ ਆਓ ਆਪਾਂ ਦੇਖੀਏ ਕਿ ਅਬਰਾਹਾਮ ਦੇ ਘਰ ਪੁੱਤਰ ਨੇ ਜਨਮ ਕਿਵੇਂ ਲਿਆ।
ਤੁਹਾਨੂੰ ਯਾਦ ਹੋਵੇਗਾ ਕਿ ਬੁੱਢੇ ਹੋਣ ਕਰਕੇ ਅਬਰਾਹਾਮ ਤੇ ਸਾਰਾਹ ਦੇ ਬੱਚੇ ਨਹੀਂ ਹੋ ਸਕਦੇ ਸਨ। ਪਰ ਅਬਰਾਹਾਮ ਨੂੰ ਯਕੀਨ ਸੀ ਕਿ ਪਰਮੇਸ਼ੁਰ ਦੀ ਗੱਲ ਜ਼ਰੂਰ ਸੱਚ ਸਾਬਤ ਹੋਵੇਗੀ ਕਿ ਉਨ੍ਹਾਂ ਦੇ ਘਰ ਮੁੰਡਾ ਜੰਮੇਗਾ। ਆਓ ਦੇਖੀਏ ਕਿ ਪਰਮੇਸ਼ੁਰ ਦਾ ਵਾਅਦਾ ਕਿਵੇਂ ਪੂਰਾ ਹੋਇਆ।
ਪਰਮੇਸ਼ੁਰ ਦੇ ਵਾਅਦੇ ਤੋਂ ਇਕ ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਵੇਲੇ ਅਬਰਾਹਾਮ 100 ਸਾਲਾਂ ਦਾ ਅਤੇ ਸਾਰਾਹ 90 ਸਾਲਾਂ ਦੀ ਸੀ। ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਇਸਹਾਕ ਰੱਖਿਆ। ਜੀ ਹਾਂ, ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ।
ਜਦ ਇਸਹਾਕ ਵੱਡਾ ਹੋਇਆ, ਤਾਂ ਯਹੋਵਾਹ ਨੇ ਅਬਰਾਹਾਮ ਦੀ ਨਿਹਚਾ ਪਰਖੀ। ਯਹੋਵਾਹ ਨੇ ਆਵਾਜ਼ ਮਾਰੀ: ‘ਅਬਰਾਹਾਮ!’ ਅਤੇ ਅਬਰਾਹਾਮ ਨੇ ਉੱਤਰ ਦਿੱਤਾ: ‘ਮੈਂ ਇੱਥੇ ਹਾਂ!’ ਤਦ ਪਰਮੇਸ਼ੁਰ ਨੇ ਕਿਹਾ: ‘ਆਪਣੇ ਇਕਲੌਤੇ ਪੁੱਤਰ, ਇਸਹਾਕ ਨੂੰ ਲੈ ਅਤੇ ਜਿਹੜਾ ਪਹਾੜ ਮੈਂ ਤੈਨੂੰ ਦਿਖਾਵਾਂਗਾ, ਉੱਥੇ ਜਾ ਅਤੇ ਆਪਣੇ ਪੁੱਤਰ ਦੀ ਬਲੀ ਚੜ੍ਹਾ।’
ਅਬਰਾਹਾਮ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਜਦ ਪਰਮੇਸ਼ੁਰ ਨੇ ਉਸ ਨੂੰ ਇਸਹਾਕ ਦੀ ਬਲੀ ਚੜ੍ਹਾਉਣ ਲਈ ਕਿਹਾ, ਤਾਂ ਅਬਰਾਹਾਮ ਨੂੰ ਬਹੁਤ ਦੁੱਖ ਹੋਇਆ ਹੋਣਾ। ਯਾਦ ਕਰੋ, ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਬੱਚੇ ਕਨਾਨ ਦੇਸ਼ ਵਿਚ ਰਹਿਣਗੇ। ਪਰ ਇਹ ਕਿਵੇਂ ਹੋ ਸਕਦਾ ਸੀ ਜੇ ਇਸਹਾਕ ਦੀ ਬਲੀ ਚੜ੍ਹਾ ਦਿੱਤੀ ਜਾਂਦੀ? ਅਬਰਾਹਾਮ ਨੂੰ ਪਤਾ ਨਹੀਂ ਸੀ ਕਿ ਪਰਮੇਸ਼ੁਰ ਕਿਉਂ ਉਸ ਦੇ ਪੁੱਤਰ ਦੀ ਬਲੀ ਲੈਣੀ ਚਾਹੁੰਦਾ ਸੀ। ਪਰ ਫਿਰ ਵੀ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ।
ਪਹਾੜ ਤੇ ਜਾ ਕੇ ਅਬਰਾਹਾਮ ਨੇ ਜਗਵੇਦੀ ਬਣਾਈ। ਫਿਰ ਉਸ ਨੇ ਇਸਹਾਕ ਦੇ ਹੱਥਾਂ ਨੂੰ ਬੰਨ੍ਹ ਕੇ ਉਸ ਨੂੰ ਜਗਵੇਦੀ ਤੇ ਲਿਟਾ ਦਿੱਤਾ। ਚਾਕੂ ਕੱਢ ਕੇ ਉਹ ਇਸਹਾਕ ਨੂੰ ਮਾਰਨ ਹੀ ਲੱਗਾ ਸੀ ਕਿ ਉਸ ਨੇ ਕਿਸੇ ਦੀ ਆਵਾਜ਼ ਸੁਣੀ: ‘ਅਬਰਾਹਾਮ, ਅਬਰਾਹਾਮ!’ ਅਤੇ ਅਬਰਾਹਾਮ ਨੇ ਉੱਤਰ ਦਿੱਤਾ: ‘ਮੈਂ ਇੱਥੇ ਹਾਂ!’
ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: ‘ਆਪਣੇ ਪੁੱਤਰ ਨੂੰ ਨਾ ਮਾਰੀ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈਂ, ਕਿਉਂ ਜੋ ਤੂੰ ਤਾਂ ਆਪਣੇ ਇਕਲੌਤੇ ਨੂੰ ਵੀ ਮੇਰੇ ਲਈ ਕੁਰਬਾਨ ਕਰਨ ਲਈ ਤਿਆਰ ਸੀ।’
ਅਬਰਾਹਾਮ ਨੂੰ ਪਤਾ ਸੀ ਕਿ ਜੇ ਉਸ ਦਾ ਪੁੱਤਰ ਮਰ ਵੀ ਜਾਂਦਾ, ਤਾਂ ਵੀ ਯਹੋਵਾਹ ਉਸ ਨੂੰ ਜੀਉਂਦਾ ਕਰ ਸਕਦਾ ਸੀ। ਸੱਚ-ਮੁੱਚ ਅਬਰਾਹਾਮ ਯਹੋਵਾਹ ਤੇ ਪੱਕੀ ਨਿਹਚਾ ਰੱਖਦਾ ਸੀ। ਅਸਲ ਵਿਚ ਯਹੋਵਾਹ ਨਹੀਂ ਸੀ ਚਾਹੁੰਦਾ ਕਿ ਅਬਰਾਹਾਮ ਆਪਣੇ ਪੁੱਤਰ ਦੀ ਬਲੀ ਚੜ੍ਹਾਵੇ। ਇਸ ਲਈ ਯਹੋਵਾਹ ਨੇ ਇਕ ਭੇਡ ਝਾੜੀਆਂ ਵਿਚ ਫਸਾ ਦਿੱਤੀ ਤਾਂਕਿ ਅਬਰਾਹਾਮ ਇਸ ਦੀ ਬਲੀ ਚੜ੍ਹਾ ਸਕੇ।