ਕਹਾਣੀ 63
ਬੁੱਧੀਮਾਨ ਰਾਜਾ ਸੁਲੇਮਾਨ
ਸੁਲੇਮਾਨ ਜਵਾਨੀ ਵਿਚ ਹੀ ਰਾਜਾ ਬਣ ਗਿਆ ਸੀ। ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਉਹ ਉਨ੍ਹਾਂ ਸਾਰੀਆਂ ਗੱਲਾਂ ਤੇ ਚੱਲਿਆ ਜੋ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਸਿਖਾਈਆਂ ਸਨ। ਯਹੋਵਾਹ ਸੁਲੇਮਾਨ ਤੋਂ ਬਹੁਤ ਖ਼ੁਸ਼ ਸੀ। ਇਕ ਰਾਤ ਯਹੋਵਾਹ ਨੇ ਉਸ ਨਾਲ ਸੁਪਨੇ ਵਿਚ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਕਿਹਾ: ‘ਜੋ ਤੂੰ ਚਾਹੇ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।’
ਸੁਲੇਮਾਨ ਨੇ ਜਵਾਬ ਦਿੱਤਾ: ‘ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਅਜੇ ਬਹੁਤ ਛੋਟਾ ਹਾਂ ਅਤੇ ਮੈਨੂੰ ਰਾਜ ਕਰਨਾ ਨਹੀਂ ਆਉਂਦਾ। ਇਸ ਲਈ ਮੈਨੂੰ ਬੁੱਧੀ ਦੇ ਤਾਂਕਿ ਮੈਂ ਤੇਰੇ ਲੋਕਾਂ ਉੱਤੇ ਸਹੀ ਤਰੀਕੇ ਨਾਲ ਰਾਜ ਕਰ ਸਕਾਂ।’
ਸੁਲੇਮਾਨ ਦੀ ਇਹ ਗੱਲ ਸੁਣ ਕੇ ਯਹੋਵਾਹ ਬਹੁਤ ਖ਼ੁਸ਼ ਹੋਇਆ। ਉਸ ਨੇ ਸੁਲੇਮਾਨ ਨੂੰ ਕਿਹਾ: ‘ਕਿਉਂਕਿ ਤੂੰ ਨਾ ਲੰਬੀ ਉਮਰ ਤੇ ਨਾ ਹੀ ਧਨ ਮੰਗਿਆ ਹੈ ਪਰ ਸਿਰਫ਼ ਬੁੱਧੀ ਮੰਗੀ ਹੈ ਇਸ ਲਈ ਮੈਂ ਤੈਨੂੰ ਇੰਨੀ ਬੁੱਧ ਦੇਵਾਂਗਾ ਕਿ ਤੂੰ ਸਾਰੇ ਮਨੁੱਖਾਂ ਤੋਂ ਬੁੱਧੀਮਾਨ ਹੋਵੇਂਗਾ। ਨਾਲੇ ਮੈਂ ਤੈਨੂੰ ਉਹ ਸਭ ਚੀਜ਼ਾਂ ਵੀ ਦੇਵਾਂਗਾ ਜੋ ਤੂੰ ਨਹੀਂ ਮੰਗੀਆਂ ਜਿਵੇਂ ਧਨ ਅਤੇ ਮਹਿਮਾ।’
ਇਕ ਦਿਨ ਦੋ ਔਰਤਾਂ ਸੁਲੇਮਾਨ ਅੱਗੇ ਇਕ ਗੰਭੀਰ ਸਮੱਸਿਆ ਲੈ ਕੇ ਆਈਆਂ। ਇਕ ਜਣੀ ਕਹਿਣ ਲੱਗੀ: ‘ਮੈਂ ਤੇ ਇਹ ਔਰਤ ਇੱਕੋ ਘਰ ਵਿਚ ਰਹਿੰਦੀਆਂ ਹਾਂ। ਮੈਂ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਫਿਰ ਦੋ ਦਿਨਾਂ ਪਿੱਛੋਂ ਇਸ ਨੇ ਵੀ ਇਕ ਮੁੰਡੇ ਨੂੰ ਜਨਮ ਦਿੱਤਾ। ਇਕ ਰਾਤ ਇਸ ਦਾ ਮੁੰਡਾ ਮਰ ਗਿਆ। ਜਦ ਮੈਂ ਸੁੱਤੀ ਪਈ ਸੀ, ਤਾਂ ਇਸ ਨੇ ਮੇਰਾ ਮੁੰਡਾ ਚੁੱਕ ਲਿਆ ਅਤੇ ਆਪਣਾ ਮਰਿਆ ਹੋਇਆ ਮੁੰਡਾ ਮੇਰੇ ਨਾਲ ਲਿਟਾ ਦਿੱਤਾ। ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਨਾਲ ਮਰੇ ਬੱਚੇ ਨੂੰ ਦੇਖਿਆ ਜੋ ਮੇਰਾ ਨਹੀਂ ਸੀ।’
ਪਹਿਲੀ ਔਰਤ ਦੀ ਗੱਲ ਖ਼ਤਮ ਹੋਣ ਤੇ ਦੂਜੀ ਔਰਤ ਬੋਲੀ: ‘ਨਹੀਂ! ਜੀਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਹਦਾ ਹੈ!’ ਪਹਿਲੀ ਔਰਤ ਫਿਰ ਤੋਂ ਕਹਿਣ ਲੱਗੀ: ‘ਨਹੀਂ! ਮਰਿਆ ਹੋਇਆ ਬੱਚਾ ਤੇਰਾ ਹੈ ਅਤੇ ਜੀਉਂਦਾ ਬੱਚਾ ਮੇਰਾ ਹੈ!’ ਉਹ ਬੱਸ ਇੰਜ ਹੀ ਲੜਦੀਆਂ ਰਹੀਆਂ। ਭਲਾ, ਸੁਲੇਮਾਨ ਸੱਚਾਈ ਦਾ ਕਿਵੇਂ ਪਤਾ ਲਗਾਉਂਦਾ?
ਉਸ ਨੇ ਆਪਣੇ ਆਦਮੀ ਨੂੰ ਤਲਵਾਰ ਲਿਆਉਣ ਲਈ ਕਿਹਾ। ਜਦ ਉਹ ਤਲਵਾਰ ਲੈ ਆਇਆ, ਤਾਂ ਸੁਲੇਮਾਨ ਨੇ ਉਸ ਨੂੰ ਕਿਹਾ: ‘ਜੀਉਂਦੇ ਬੱਚੇ ਨੂੰ ਦੋ ਹਿੱਸਿਆਂ ਵਿਚ ਵੱਢ ਦਿਓ ਤੇ ਦੋਵੇਂ ਔਰਤਾਂ ਨੂੰ ਇਕ-ਇਕ ਹਿੱਸਾ ਦੇ ਦਿਓ।’
ਬੱਚੇ ਦੀ ਅਸਲੀ ਮਾਂ ਰੋਣ ਲੱਗ ਪਈ। ਉਸ ਨੇ ਕਿਹਾ: ‘ਨਹੀਂ! ਬੱਚੇ ਨੂੰ ਨਾ ਮਾਰੋ। ਤੁਸੀਂ ਬੱਚਾ ਇਸ ਔਰਤ ਨੂੰ ਦੇ ਦਿਓ!’ ਦੂਜੀ ਔਰਤ ਨੇ ਅੱਗੋਂ ਜਵਾਬ ਦਿੱਤਾ: ‘ਤੁਸੀਂ ਸਾਡੇ ਦੋਵਾਂ ਵਿੱਚੋਂ ਕਿਸੇ ਨੂੰ ਵੀ ਨਾ ਦਿਓ। ਬੱਚੇ ਨੂੰ ਦੋ ਹਿੱਸਿਆਂ ਵਿਚ ਵੱਢ ਦਿਓ।’
ਫਿਰ ਸੁਲੇਮਾਨ ਨੇ ਕਿਹਾ: ‘ਬੱਚੇ ਨੂੰ ਨਾ ਮਾਰੋ! ਬੱਚਾ ਪਹਿਲੀ ਔਰਤ ਨੂੰ ਦੇ ਦਿਓ। ਉਹੀ ਇਸ ਦੀ ਅਸਲੀ ਮਾਂ ਹੈ।’ ਸੁਲੇਮਾਨ ਜਾਣ ਗਿਆ ਸੀ ਕਿ ਅਸਲੀ ਮਾਂ ਬੱਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਆਪਣਾ ਬੱਚਾ ਦੂਜੀ ਔਰਤ ਨੂੰ ਦੇਣ ਲਈ ਤਿਆਰ ਹੋ ਗਈ ਤਾਂਕਿ ਉਹ ਜ਼ਿੰਦਾ ਰਹੇ। ਜਦ ਲੋਕਾਂ ਨੂੰ ਇਸ ਸਾਰੀ ਗੱਲਬਾਤ ਦਾ ਪਤਾ ਲੱਗਾ, ਤਾਂ ਉਹ ਬਹੁਤ ਖ਼ੁਸ਼ ਹੋਏ ਕਿ ਬੁੱਧੀਮਾਨ ਸੁਲੇਮਾਨ ਉਨ੍ਹਾਂ ਦਾ ਰਾਜਾ ਸੀ।
ਸੁਲੇਮਾਨ ਦੇ ਰਾਜ ਦੌਰਾਨ ਯਹੋਵਾਹ ਨੇ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ। ਉਨ੍ਹਾਂ ਦੇ ਦੇਸ਼ ਦੀ ਮਿੱਟੀ ਇੰਨੀ ਉਪਜਾਊ ਸੀ ਕਿ ਉੱਥੇ ਬਹੁਤ ਕਣਕ, ਜੌਂ, ਅੰਗੂਰ ਅਤੇ ਅੰਜੀਰਾਂ ਹੁੰਦੀਆਂ ਸਨ। ਲੋਕ ਵਧੀਆ ਕੱਪੜੇ ਪਾਉਂਦੇ ਸਨ ਅਤੇ ਸੋਹਣੇ ਘਰਾਂ ਵਿਚ ਰਹਿੰਦੇ ਸਨ। ਕਿਸੇ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ।