ਪਾਠ 38
ਯਹੋਵਾਹ ਨੇ ਸਮਸੂਨ ਨੂੰ ਤਾਕਤ ਦਿੱਤੀ
ਬਹੁਤ ਸਾਰੇ ਇਜ਼ਰਾਈਲੀ ਦੁਬਾਰਾ ਤੋਂ ਮੂਰਤੀ-ਪੂਜਾ ਕਰਨ ਲੱਗ ਪਏ। ਇਸ ਕਰਕੇ ਯਹੋਵਾਹ ਨੇ ਫਲਿਸਤੀਆਂ ਨੂੰ ਉਨ੍ਹਾਂ ਦੇ ਦੇਸ਼ ʼਤੇ ਕਬਜ਼ਾ ਕਰਨ ਦਿੱਤਾ। ਪਰ ਕੁਝ ਲੋਕ ਯਹੋਵਾਹ ਨੂੰ ਪਿਆਰ ਕਰਦੇ ਸਨ। ਉਨ੍ਹਾਂ ਵਿੱਚੋਂ ਮਨੋਆਹ ਨਾਂ ਦਾ ਇਕ ਆਦਮੀ ਸੀ। ਉਸ ਦੇ ਕੋਈ ਬੱਚਾ ਨਹੀਂ ਸੀ। ਇਕ ਦਿਨ ਯਹੋਵਾਹ ਨੇ ਮਨੋਆਹ ਦੀ ਪਤਨੀ ਕੋਲ ਇਕ ਦੂਤ ਭੇਜਿਆ। ਦੂਤ ਨੇ ਉਸ ਨੂੰ ਦੱਸਿਆ: ‘ਤੇਰੇ ਇਕ ਮੁੰਡਾ ਹੋਵੇਗਾ। ਉਹ ਇਜ਼ਰਾਈਲ ਨੂੰ ਫਲਿਸਤੀਆਂ ਤੋਂ ਬਚਾਵੇਗਾ। ਉਹ ਨਜ਼ੀਰ ਹੋਵੇਗਾ।’ ਕੀ ਤੁਹਾਨੂੰ ਪਤਾ ਨਜ਼ੀਰ ਕੌਣ ਹੁੰਦੇ ਸਨ? ਉਹ ਯਹੋਵਾਹ ਦੇ ਖ਼ਾਸ ਸੇਵਕ ਹੁੰਦੇ ਸਨ। ਨਜ਼ੀਰ ਆਪਣੇ ਵਾਲ਼ ਨਹੀਂ ਕਟਾ ਸਕਦੇ ਸਨ।
ਸਮੇਂ ਦੇ ਬੀਤਣ ਨਾਲ, ਮਨੋਆਹ ਦੇ ਘਰ ਇਕ ਮੁੰਡਾ ਹੋਇਆ ਤੇ ਉਸ ਨੇ ਮੁੰਡੇ ਦਾ ਨਾਂ ਸਮਸੂਨ ਰੱਖਿਆ। ਜਦੋਂ ਸਮਸੂਨ ਵੱਡਾ ਹੋਇਆ, ਤਾਂ ਯਹੋਵਾਹ ਨੇ ਉਸ ਨੂੰ ਬਹੁਤ ਤਾਕਤ ਦਿੱਤੀ। ਉਹ ਬਿਨਾਂ ਕਿਸੇ ਹਥਿਆਰ ਦੇ ਸ਼ੇਰ ਨੂੰ ਮਾਰ ਸਕਦਾ ਸੀ। ਇਕ ਮੌਕੇ ʼਤੇ ਉਸ ਇਕੱਲੇ ਨੇ 30 ਫਲਿਸਤੀ ਮਾਰ ਦਿੱਤੇ। ਫਲਿਸਤੀ ਉਸ ਨਾਲ ਨਫ਼ਰਤ ਕਰਦੇ ਸਨ ਤੇ ਉਸ ਨੂੰ ਮਾਰਨ ਦੇ ਤਰੀਕੇ ਲੱਭਦੇ ਸਨ। ਇਕ ਰਾਤ ਜਦੋਂ ਉਹ ਗਾਜ਼ਾ ਵਿਚ ਸੁੱਤਾ ਪਿਆ ਸੀ, ਤਾਂ ਫਲਿਸਤੀ ਸ਼ਹਿਰ ਦੇ ਫਾਟਕ ਕੋਲ ਗਏ ਅਤੇ ਸਵੇਰ ਤਕ ਉਸ ਦੇ ਉੱਠਣ ਦਾ ਇੰਤਜ਼ਾਰ ਕਰਦੇ ਰਹੇ ਤਾਂਕਿ ਉਸ ਨੂੰ ਮਾਰ ਸਕਣ। ਪਰ ਅੱਧੀ ਰਾਤ ਨੂੰ ਸਮਸੂਨ ਉੱਠਿਆ, ਸ਼ਹਿਰ ਦੇ ਫਾਟਕ ਕੋਲ ਗਿਆ ਤੇ ਫਾਟਕ ਨੂੰ ਪੁੱਟ ਦਿੱਤਾ। ਉਹ ਹਬਰੋਨ ਦੇ ਨੇੜੇ ਪਹਾੜ ਉੱਤੇ ਫਾਟਕ ਨੂੰ ਮੋਢਿਆਂ ʼਤੇ ਚੁੱਕ ਕੇ ਲੈ ਗਿਆ।
ਬਾਅਦ ਵਿਚ, ਫਲਿਸਤੀ ਸਮਸੂਨ ਦੀ ਸਹੇਲੀ ਦਲੀਲਾਹ ਕੋਲ ਗਏ ਅਤੇ ਕਿਹਾ: ‘ਜੇ ਤੂੰ ਇਹ ਪਤਾ ਲਗਾਵੇ ਕਿ ਸਮਸੂਨ ਦੀ ਤਾਕਤ ਦਾ ਰਾਜ਼ ਕੀ ਹੈ, ਤਾਂ ਅਸੀਂ ਤੈਨੂੰ ਬਹੁਤ ਸਾਰੇ ਪੈਸੇ ਦੇਵਾਂਗੇ। ਅਸੀਂ ਉਸ ਨੂੰ ਫੜ ਕੇ ਜੇਲ੍ਹ ਵਿਚ ਸੁੱਟਣਾ ਚਾਹੁੰਦੇ ਹਾਂ।’ ਦਲੀਲਾਹ ਪੈਸੇ ਚਾਹੁੰਦੀ ਸੀ ਜਿਸ ਕਰਕੇ ਉਹ ਮੰਨ ਗਈ। ਪਹਿਲਾਂ ਤਾਂ ਸਮਸੂਨ ਨੇ ਉਸ ਨੂੰ ਨਹੀਂ ਦੱਸਿਆ ਕਿ ਉਹ ਇੰਨਾ ਤਾਕਤਵਰ ਕਿਉਂ ਸੀ। ਪਰ ਉਹ ਉਦੋਂ ਤਕ ਉਸ ਦੇ ਪਿੱਛੇ ਪਈ ਰਹੀ, ਜਦ ਤਕ ਉਸ ਨੇ ਆਪਣੀ ਤਾਕਤ ਦਾ ਰਾਜ਼ ਨਾ ਦੱਸ ਦਿੱਤਾ। ਉਸ ਨੇ ਦਲੀਲਾਹ ਨੂੰ ਦੱਸਿਆ: ‘ਨਜ਼ੀਰ ਹੋਣ ਕਰਕੇ ਮੈਂ ਕਦੇ ਵਾਲ਼ ਨਹੀਂ ਕਟਵਾਏ। ਜੇ ਮੇਰੇ ਵਾਲ਼ ਕੱਟ ਦਿੱਤੇ ਜਾਣ, ਤਾਂ ਮੇਰੀ ਤਾਕਤ ਖ਼ਤਮ ਹੋ ਜਾਵੇਗੀ।’ ਸਮਸੂਨ ਨੇ ਉਸ ਨੂੰ ਇਹ ਗੱਲ ਦੱਸ ਕੇ ਵੱਡੀ ਗ਼ਲਤੀ ਕੀਤੀ। ਹੈਨਾ?
ਦਲੀਲਾਹ ਨੇ ਫਲਿਸਤੀਆਂ ਨੂੰ ਦੱਸਿਆ: ‘ਮੈਂ ਉਸ ਦੀ ਤਾਕਤ ਦਾ ਰਾਜ਼ ਜਾਣ ਗਈ ਹਾਂ।’ ਉਸ ਨੇ ਸਮਸੂਨ ਨੂੰ ਆਪਣੀ ਗੋਦ ਵਿਚ ਸੁਲਾ ਲਿਆ ਤੇ ਫਿਰ ਉਸ ਦੇ ਵਾਲ਼ ਕਟਵਾ ਦਿੱਤੇ।
ਦਲੀਲਾਹ ਨੇ ਉੱਚੀ ਦੇਣੀ ਕਿਹਾ: ‘ਸਮਸੂਨ, ਫਲਿਸਤੀ ਆ ਗਏ ਹਨ!’ ਸਮਸੂਨ ਉੱਠਿਆ, ਪਰ ਉਸ ਦੀ ਤਾਕਤ ਖ਼ਤਮ ਹੋ ਚੁੱਕੀ ਸੀ। ਫਲਿਸਤੀਆਂ ਨੇ ਉਸ ਨੂੰ ਫੜ ਕੇ ਅੰਨ੍ਹਾ ਕਰ ਦਿੱਤਾ ਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ।ਇਕ ਦਿਨ ਹਜ਼ਾਰਾਂ ਹੀ ਫਲਿਸਤੀ ਆਪਣੇ ਦੇਵਤੇ ਦਾਗੋਨ ਦੇ ਮੰਦਰ ਵਿਚ ਇਕੱਠੇ ਹੋਏ। ਉਨ੍ਹਾਂ ਨੇ ਉੱਚੀ-ਉੱਚੀ ਕਿਹਾ: ‘ਸਾਡੇ ਦੇਵਤੇ ਨੇ ਸਮਸੂਨ ਨੂੰ ਸਾਡੇ ਹੱਥਾਂ ਵਿਚ ਦੇ ਦਿੱਤਾ ਹੈ। ਸਮਸੂਨ ਨੂੰ ਬਾਹਰ ਲੈ ਕੇ ਆਓ। ਆਓ ਆਪਾਂ ਉਸ ਦਾ ਮਜ਼ਾਕ ਉਡਾਈਏ।’ ਉਨ੍ਹਾਂ ਨੇ ਉਸ ਨੂੰ ਦੋ ਥੰਮ੍ਹਾਂ ਵਿਚਾਲੇ ਖੜ੍ਹਾ ਕਰ ਦਿੱਤਾ ਤੇ ਉਸ ਦਾ ਮਜ਼ਾਕ ਉਡਾਇਆ। ਸਮਸੂਨ ਨੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਮੈਨੂੰ ਇਕ ਵਾਰ ਫਿਰ ਤਾਕਤ ਦੇ।’ ਹੁਣ ਤਕ ਸਮਸੂਨ ਦੇ ਵਾਲ਼ ਦੁਬਾਰਾ ਲੰਬੇ ਹੋ ਗਏ ਸਨ। ਉਸ ਨੇ ਪੂਰੀ ਤਾਕਤ ਨਾਲ ਥੰਮ੍ਹਾਂ ਨੂੰ ਧੱਕਾ ਦਿੱਤਾ। ਸਾਰੀ ਇਮਾਰਤ ਡਿਗ ਪਈ ਅਤੇ ਮੰਦਰ ਵਿਚ ਸਾਰੇ ਲੋਕ ਮਾਰੇ ਗਏ। ਨਾਲੇ ਸਮਸੂਨ ਵੀ ਮਾਰਿਆ ਗਿਆ।
“ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿੱਪੀਆਂ 4:13