ਪਾਠ 23
ਯਹੋਵਾਹ ਨਾਲ ਵਾਅਦਾ
ਲਾਲ ਸਮੁੰਦਰ ਪਾਰ ਕਰਨ ਤੋਂ ਲਗਭਗ ਦੋ ਮਹੀਨਿਆਂ ਬਾਅਦ ਇਜ਼ਰਾਈਲੀ ਸੀਨਈ ਪਹਾੜ ਕੋਲ ਪਹੁੰਚੇ। ਉਨ੍ਹਾਂ ਨੇ ਉੱਥੇ ਡੇਰੇ ਲਾਏ। ਮੂਸਾ ਪਹਾੜ ʼਤੇ ਚਲਾ ਗਿਆ। ਯਹੋਵਾਹ ਨੇ ਉਸ ਨੂੰ ਕਿਹਾ: ‘ਮੈਂ ਇਜ਼ਰਾਈਲੀਆਂ ਨੂੰ ਬਚਾਇਆ। ਜੇ ਉਹ ਮੇਰਾ ਕਹਿਣਾ ਮੰਨਣਗੇ, ਤਾਂ ਉਹ ਮੇਰੇ ਖ਼ਾਸ ਲੋਕ ਬਣ ਜਾਣਗੇ।’ ਮੂਸਾ ਥੱਲੇ ਗਿਆ ਤੇ ਉਸ ਨੇ ਇਜ਼ਰਾਈਲੀਆਂ ਨੂੰ ਯਹੋਵਾਹ ਦੀਆਂ ਗੱਲਾਂ ਦੱਸੀਆਂ। ਉਨ੍ਹਾਂ ਨੇ ਕੀ ਕਿਹਾ? ਉਨ੍ਹਾਂ ਨੇ ਜਵਾਬ ਦਿੱਤਾ: ‘ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਕਹੇਗਾ, ਅਸੀਂ ਉਹ ਸਭ ਕੁਝ ਕਰਾਂਗੇ।’
ਮੂਸਾ ਫਿਰ ਪਹਾੜ ʼਤੇ ਚਲਾ ਗਿਆ। ਉੱਥੇ ਯਹੋਵਾਹ ਨੇ ਕਿਹਾ: ‘ਤਿੰਨ ਦਿਨਾਂ ਬਾਅਦ ਮੈਂ ਤੇਰੇ ਨਾਲ ਗੱਲ ਕਰਾਂਗਾ। ਲੋਕਾਂ ਨੂੰ ਖ਼ਬਰਦਾਰ ਕਰ ਕਿ ਉਹ ਸੀਨਈ ਪਹਾੜ ʼਤੇ ਨਾ ਆਉਣ।’ ਮੂਸਾ ਥੱਲੇ ਗਿਆ ਤੇ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਹ ਯਹੋਵਾਹ ਦੀ ਗੱਲ ਸੁਣਨ ਲਈ ਤਿਆਰ ਹੋ ਜਾਣ।
ਤਿੰਨ ਦਿਨਾਂ ਬਾਅਦ ਇਜ਼ਰਾਈਲੀਆਂ ਨੇ ਪਹਾੜ ʼਤੇ ਲਿਸ਼ਕਾਂ ਤੇ ਇਕ ਕਾਲਾ ਬੱਦਲ ਦੇਖਿਆ। ਉਨ੍ਹਾਂ ਨੇ ਬਿਜਲੀ ਦੀਆਂ ਗਰਜਾਂ ਤੇ ਤੁਰ੍ਹੀ ਦੀ ਆਵਾਜ਼ ਸੁਣੀ। ਫਿਰ ਯਹੋਵਾਹ ਅੱਗ ਵਿਚ ਪਹਾੜ ʼਤੇ ਆਇਆ। ਇਜ਼ਰਾਈਲੀ ਇੰਨੇ ਡਰ ਗਏ ਕਿ ਉਹ ਥਰ-ਥਰ ਕੰਬਣ ਲੱਗ ਪਏ। ਪੂਰਾ ਪਹਾੜ ਜ਼ੋਰ-ਜ਼ੋਰ ਦੀ ਹਿੱਲਣ ਲੱਗ ਗਿਆ ਤੇ ਧੂੰਏਂ ਨਾਲ ਢਕਿਆ ਗਿਆ। ਤੁਰ੍ਹੀ ਦੀ ਆਵਾਜ਼ ਉੱਚੀ ਤੇ ਹੋਰ ਉੱਚੀ ਹੁੰਦੀ ਗਈ। ਫਿਰ ਪਰਮੇਸ਼ੁਰ ਨੇ ਕਿਹਾ: ‘ਮੈਂ ਯਹੋਵਾਹ ਹਾਂ। ਤੁਸੀਂ ਕਿਸੇ ਹੋਰ ਦੇਵੀ-ਦੇਵਤੇ ਦੀ ਭਗਤੀ ਨਾ ਕਰਨਾ।’
ਮੂਸਾ ਦੁਬਾਰਾ ਪਹਾੜ ʼਤੇ ਗਿਆ। ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਲਈ ਕਾਨੂੰਨ ਦਿੱਤੇ ਕਿ ਉਨ੍ਹਾਂ ਨੂੰ ਉਸ ਦੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਮੂਸਾ ਨੇ ਕਾਨੂੰਨ ਲਿਖ ਲਏ ਅਤੇ ਫਿਰ ਇਨ੍ਹਾਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਪੜ੍ਹਿਆ। ਉਨ੍ਹਾਂ ਨੇ ਵਾਅਦਾ ਕੀਤਾ: ‘ਅਸੀਂ ਉਹ ਸਭ ਕੁਝ ਕਰਾਂਗੇ ਜੋ ਯਹੋਵਾਹ ਸਾਨੂੰ ਕਰਨ ਨੂੰ ਕਹੇਗਾ।’ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਪਰਮੇਸ਼ੁਰ ਦਾ ਕਹਿਣਾ ਮੰਨਣਗੇ। ਪਰ ਕੀ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਉਣਾ ਸੀ?
“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।”—ਮੱਤੀ 22:37