ਪਾਠ 16
ਅੱਯੂਬ ਕੌਣ ਸੀ?
ਊਸ ਨਾਂ ਦੇ ਦੇਸ਼ ਵਿਚ ਇਕ ਆਦਮੀ ਰਹਿੰਦਾ ਸੀ ਜੋ ਯਹੋਵਾਹ ਦੀ ਭਗਤੀ ਕਰਦਾ ਸੀ। ਉਸ ਦਾ ਨਾਂ ਅੱਯੂਬ ਸੀ। ਉਹ ਬਹੁਤ ਅਮੀਰ ਸੀ ਤੇ ਉਸ ਦਾ ਵੱਡਾ ਪਰਿਵਾਰ ਸੀ। ਉਹ ਸਾਰਿਆਂ ਨੂੰ ਪਿਆਰ ਕਰਦਾ ਸੀ ਅਤੇ ਗ਼ਰੀਬਾਂ, ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਸੀ। ਪਰ ਕੀ ਇਸ ਦਾ ਇਹ ਮਤਲਬ ਸੀ ਕਿ ਸਹੀ ਕੰਮ ਕਰਨ ਕਰਕੇ ਅੱਯੂਬ ʼਤੇ ਕੋਈ ਦੁੱਖ ਨਹੀਂ ਸੀ ਆਉਣਾ?
ਅੱਯੂਬ ਨੂੰ ਪਤਾ ਨਹੀਂ ਸੀ ਕਿ ਸ਼ੈਤਾਨ ਉਸ ਨੂੰ ਦੇਖ ਰਿਹਾ ਸੀ। ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: ‘ਕੀ ਤੂੰ ਮੇਰੇ ਭਗਤ ਅੱਯੂਬ ਨੂੰ ਦੇਖਿਆ? ਧਰਤੀ ʼਤੇ ਉਸ ਵਰਗਾ ਕੋਈ ਵੀ ਨਹੀਂ ਹੈ। ਉਹ ਮੇਰੀ ਗੱਲ ਸੁਣਦਾ ਤੇ ਸਹੀ ਕੰਮ ਕਰਦਾ ਹੈ।’ ਸ਼ੈਤਾਨ ਨੇ ਕਿਹਾ: ‘ਅੱਯੂਬ ਇਸ ਲਈ ਤੇਰਾ ਕਹਿਣਾ ਮੰਨਦਾ ਹੈ ਕਿਉਂਕਿ ਤੂੰ ਉਸ ਦੀ ਰਾਖੀ ਕਰਦਾ ਹੈਂ ਅਤੇ ਉਸ ਨੂੰ ਬਰਕਤਾਂ ਦਿੰਦਾ ਹੈਂ। ਤੂੰ ਉਸ ਨੂੰ ਜ਼ਮੀਨ ਅਤੇ ਜਾਨਵਰ ਦਿੱਤੇ ਹਨ। ਸਾਰਾ ਕੁਝ ਉਸ ਤੋਂ ਲੈ ਲਾ। ਫਿਰ ਦੇਖੀਂ ਉਸ ਨੇ ਤੇਰੀ ਭਗਤੀ ਕਰਨੀ ਛੱਡ ਦੇਣੀ।’ ਯਹੋਵਾਹ ਨੇ ਕਿਹਾ: ‘ਜਾਹ, ਤੂੰ ਉਸ ਨੂੰ ਪਰਖ ਲੈ। ਪਰ ਤੂੰ ਉਸ ਦੀ ਜਾਨ ਨਾ ਲਈਂ।’ ਯਹੋਵਾਹ ਨੇ ਸ਼ੈਤਾਨ ਨੂੰ ਅੱਯੂਬ ਨੂੰ ਪਰਖਣ ਲਈ ਕਿਉਂ ਕਿਹਾ? ਯਹੋਵਾਹ ਨੂੰ ਭਰੋਸਾ ਸੀ ਕਿ ਅੱਯੂਬ ਉਸ ਪ੍ਰਤੀ ਵਫ਼ਾਦਾਰ ਰਹੇਗਾ।
ਸ਼ੈਤਾਨ ਨੇ ਅੱਯੂਬ ʼਤੇ ਇਕ ਤੋਂ ਬਾਅਦ ਇਕ ਮੁਸੀਬਤਾਂ ਲਿਆਂਦੀਆਂ। ਪਹਿਲਾ, ਉਸ ਨੇ ਸਬਾ ਦੇ ਲੋਕਾਂ ਨੂੰ ਅੱਯੂਬ ਦੀਆਂ ਮੱਝਾਂ-ਗਾਵਾਂ ਤੇ ਖੋਤੇ ਚੋਰੀ ਕਰਨ ਲਈ ਭੇਜਿਆ। ਫਿਰ ਅੱਗ ਨੇ ਅੱਯੂਬ ਦੀਆਂ ਸਾਰੀਆਂ ਭੇਡਾਂ ਸਾੜ ਦਿੱਤੀਆਂ। ਕਸਦੀਆਂ ਨੇ ਉਸ ਦੇ ਊਠ ਚੋਰੀ ਕਰ ਲਏ। ਜਾਨਵਰਾਂ ਦੀ ਦੇਖ-ਭਾਲ ਕਰਨ ਵਾਲੇ ਆਦਮੀਆਂ ਨੂੰ ਮਾਰ ਦਿੱਤਾ ਗਿਆ। ਫਿਰ ਸਭ ਤੋਂ ਵੱਡੀ ਮੁਸੀਬਤ ਆਈ। ਅੱਯੂਬ ਦੇ ਸਾਰੇ ਬੱਚੇ ਇਕ ਘਰ ਵਿਚ ਦਾਅਵਤ ਕਰ ਰਹੇ ਸਨ। ਉਹ ਘਰ ਉਨ੍ਹਾਂ ʼਤੇ ਡਿਗ ਗਿਆ ਜਿਸ ਕਰਕੇ ਸਾਰੇ ਜਣੇ ਮਾਰੇ ਗਏ। ਅੱਯੂਬ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ, ਪਰ ਉਸ ਨੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ।
ਸ਼ੈਤਾਨ ਅੱਯੂਬ ਨੂੰ ਹੋਰ ਜ਼ਿਆਦਾ ਦੁੱਖ ਦੇਣਾ ਚਾਹੁੰਦਾ ਸੀ। ਇਸ ਲਈ
ਉਸ ਨੇ ਅੱਯੂਬ ਨੂੰ ਇਕ ਬੀਮਾਰੀ ਲਾ ਦਿੱਤੀ ਜਿਸ ਕਰਕੇ ਉਸ ਦੇ ਸਾਰੇ ਸਰੀਰ ʼਤੇ ਫੋੜੇ ਹੋ ਗਏ। ਅੱਯੂਬ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਸ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਸੀ। ਪਰ ਅੱਯੂਬ ਯਹੋਵਾਹ ਦੀ ਭਗਤੀ ਕਰਦਾ ਰਿਹਾ। ਇਹ ਦੇਖ ਕੇ ਪਰਮੇਸ਼ੁਰ ਅੱਯੂਬ ਤੋਂ ਬਹੁਤ ਜ਼ਿਆਦਾ ਖ਼ੁਸ਼ ਸੀ।ਫਿਰ ਸ਼ੈਤਾਨ ਨੇ ਅੱਯੂਬ ਨੂੰ ਪਰਖਣ ਲਈ ਤਿੰਨ ਆਦਮੀ ਭੇਜੇ। ਉਨ੍ਹਾਂ ਨੇ ਉਸ ਨੂੰ ਕਿਹਾ: ‘ਤੂੰ ਜ਼ਰੂਰ ਪਾਪ ਕੀਤਾ ਹੋਣਾ ਤੇ ਉਸ ਨੂੰ ਛਿਪਾਇਆ ਹੋਣਾ। ਇਸ ਲਈ ਪਰਮੇਸ਼ੁਰ ਤੈਨੂੰ ਸਜ਼ਾ ਦੇ ਰਿਹਾ।’ ਅੱਯੂਬ ਨੇ ਕਿਹਾ: ‘ਮੈਂ ਕੋਈ ਪਾਪ ਨਹੀਂ ਕੀਤਾ।’ ਪਰ ਫਿਰ ਉਹ ਸੋਚਣ ਲੱਗ ਪਿਆ ਕਿ ਯਹੋਵਾਹ ਹੀ ਉਸ ʼਤੇ ਇਹ ਮੁਸੀਬਤਾਂ ਲਿਆ ਰਿਹਾ। ਉਸ ਨੇ ਕਿਹਾ ਕਿ ਪਰਮੇਸ਼ੁਰ ਹੀ ਉਸ ਨਾਲ ਬੁਰਾ ਕਰ ਰਿਹਾ।
ਅਲੀਹੂ ਨਾਂ ਦਾ ਇਕ ਨੌਜਵਾਨ ਚੁੱਪ-ਚਾਪ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ। ਫਿਰ ਉਸ ਨੇ ਕਿਹਾ: ‘ਤੁਸੀਂ ਜੋ ਕਿਹਾ, ਉਹ ਗ਼ਲਤ ਕਿਹਾ। ਅਸੀਂ ਕਦੇ ਵੀ ਯਹੋਵਾਹ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਉਹ ਕਦੇ ਵੀ ਕੁਝ ਬੁਰਾ ਨਹੀਂ ਕਰ ਸਕਦਾ। ਉਹ ਸਾਰਾ ਕੁਝ ਦੇਖਦਾ ਹੈ ਤੇ ਲੋਕਾਂ ਦੀਆਂ ਮੁਸੀਬਤਾਂ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।’
ਫਿਰ ਯਹੋਵਾਹ ਨੇ ਅੱਯੂਬ ਨਾਲ ਗੱਲ ਕੀਤੀ। ਉਸ ਨੇ ਕਿਹਾ: ‘ਤੂੰ ਉਦੋਂ ਕਿੱਥੇ ਸੀ, ਜਦੋਂ ਮੈਂ ਆਕਾਸ਼ ਤੇ ਧਰਤੀ ਬਣਾਏ? ਤੂੰ ਕਿਉਂ ਕਿਹਾ ਕਿ ਮੈਂ ਤੇਰੇ ਨਾਲ ਬੁਰਾ ਕਰ ਰਿਹਾ ਹਾਂ? ਤੂੰ ਇਹ ਗੱਲਾਂ ਕਹੀਆਂ ਤਾਂ ਹਨ, ਪਰ ਤੈਨੂੰ ਪਤਾ ਨਹੀਂ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ।’ ਅੱਯੂਬ ਨੇ ਆਪਣੀ ਗ਼ਲਤੀ ਮੰਨੀ ਤੇ ਕਿਹਾ: ‘ਮੈਂ ਜੋ ਕਿਹਾ, ਗ਼ਲਤ ਕਿਹਾ। ਮੈਂ ਤੇਰੇ ਬਾਰੇ ਸੁਣਿਆ ਸੀ, ਪਰ ਹੁਣ ਮੈਂ ਤੈਨੂੰ ਚੰਗੀ ਤਰ੍ਹਾਂ ਜਾਣ ਗਿਆ ਹੈ। ਤੂੰ ਕੁਝ ਵੀ ਕਰ ਸਕਦਾ। ਮੈਂ ਜੋ ਕਿਹਾ, ਉਨ੍ਹਾਂ ਸਾਰੀਆਂ ਗੱਲਾਂ ਲਈ ਮਾਫ਼ੀ ਮੰਗਦਾ।’
ਜਦੋਂ ਅੱਯੂਬ ਦੀ ਪਰੀਖਿਆ ਖ਼ਤਮ ਹੋ ਗਈ, ਤਾਂ ਯਹੋਵਾਹ ਨੇ ਅੱਯੂਬ ਨੂੰ ਦੁਬਾਰਾ ਸਿਹਤਮੰਦ ਕਰ ਦਿੱਤਾ ਤੇ ਉਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚੀਜ਼ਾਂ ਦਿੱਤੀਆਂ। ਅੱਯੂਬ ਨੇ ਲੰਬੀ ਜ਼ਿੰਦਗੀ ਦਾ ਆਨੰਦ ਮਾਣਿਆ। ਅੱਯੂਬ ਨੇ ਉਦੋਂ ਵੀ ਯਹੋਵਾਹ ਦੀ ਗੱਲ ਸੁਣੀ, ਜਦੋਂ ਇੱਦਾਂ ਕਰਨਾ ਔਖਾ ਸੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। ਕੀ ਤੁਸੀਂ ਵੀ ਹਰ ਹਾਲਾਤ ਵਿਚ ਅੱਯੂਬ ਦੀ ਤਰ੍ਹਾਂ ਯਹੋਵਾਹ ਦੀ ਭਗਤੀ ਕਰਦੇ ਰਹੋਗੇ?
“ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ ਅਤੇ ਇਸ ਕਰਕੇ ਯਹੋਵਾਹ ਨੇ ਉਸ ਨੂੰ ਬੇਅੰਤ ਬਰਕਤਾਂ ਦਿੱਤੀਆਂ ਸਨ।”—ਯਾਕੂਬ 5:11