Skip to content

Skip to table of contents

ਪਾਠ 67

ਯਰੂਸ਼ਲਮ ਦੀਆਂ ਕੰਧਾਂ

ਯਰੂਸ਼ਲਮ ਦੀਆਂ ਕੰਧਾਂ

ਅਜ਼ਰਾ ਦੇ ਸਮੇਂ ਨਹਮਯਾਹ ਨਾਂ ਦਾ ਇਕ ਇਜ਼ਰਾਈਲੀ ਸੀ ਜੋ ਰਾਜਾ ਅਰਤਹਸ਼ਸ਼ਤਾ ਦਾ ਸੇਵਕ ਸੀ। ਉਹ ਫ਼ਾਰਸ ਦੇ ਸ਼ੂਸ਼ਨ ਸ਼ਹਿਰ ਵਿਚ ਰਹਿੰਦਾ ਸੀ। ਨਹਮਯਾਹ ਦਾ ਭਰਾ ਯਹੂਦਾਹ ਤੋਂ ਬੁਰੀ ਖ਼ਬਰ ਲੈ ਕੇ ਆਇਆ: ‘ਯਰੂਸ਼ਲਮ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਨਹੀਂ ਹਨ। ਬਾਬਲੀ ਫ਼ੌਜਾਂ ਦੁਆਰਾ ਨਾਸ਼ ਕੀਤੀਆਂ ਸ਼ਹਿਰ ਦੀਆਂ ਕੰਧਾਂ ਅਤੇ ਦਰਵਾਜ਼ਿਆਂ ਨੂੰ ਦੁਬਾਰਾ ਨਹੀਂ ਬਣਾਇਆ ਗਿਆ।’ ਨਹਮਯਾਹ ਬਹੁਤ ਪਰੇਸ਼ਾਨ ਸੀ। ਉਹ ਯਰੂਸ਼ਲਮ ਵਿਚ ਜਾ ਕੇ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ ਕਿ ਰਾਜਾ ਉਸ ਨੂੰ ਜਾਣ ਦੇਵੇ।

ਇਕ ਦਿਨ ਰਾਜੇ ਨੇ ਦੇਖਿਆ ਕਿ ਨਹਮਯਾਹ ਬਹੁਤ ਉਦਾਸ ਸੀ। ਉਸ ਨੇ ਕਿਹਾ: ‘ਮੈਂ ਤੈਨੂੰ ਕਦੇ ਵੀ ਇੰਨਾ ਉਦਾਸ ਨਹੀਂ ਦੇਖਿਆ। ਕੀ ਗੱਲ ਹੈ?’ ਨਹਮਯਾਹ ਨੇ ਕਿਹਾ: ‘ਮੇਰਾ ਸ਼ਹਿਰ ਯਰੂਸ਼ਲਮ ਤਬਾਹ ਪਿਆ ਹੋਇਆ ਹੈ, ਮੈਂ ਉਦਾਸ ਕਿਉਂ ਨਾ ਹੋਵਾਂ।’ ਰਾਜੇ ਨੇ ਕਿਹਾ: ‘ਮੈਂ ਤੇਰੇ ਲਈ ਕੀ ਕਰ ਸਕਦਾ?’ ਨਹਮਯਾਹ ਨੇ ਉਸੇ ਵੇਲੇ ਆਪਣੇ ਮਨ ਵਿਚ ਪ੍ਰਾਰਥਨਾ ਕੀਤੀ। ਫਿਰ ਉਸ ਨੇ ਕਿਹਾ: ‘ਕਿਰਪਾ ਕਰ ਕੇ ਮੈਨੂੰ ਯਰੂਸ਼ਲਮ ਵਾਪਸ ਜਾਣ ਦੇ ਤਾਂਕਿ ਮੈਂ ਉੱਥੇ ਦੀਆਂ ਕੰਧਾਂ ਦੁਬਾਰਾ ਬਣਾ ਸਕਾਂ।’ ਰਾਜਾ ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ਕਿਹਾ ਕਿ ਉਹ ਜਾ ਸਕਦਾ ਹੈ ਅਤੇ ਰਾਜੇ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਸ ਲੰਬੇ ਸਫ਼ਰ ਵਿਚ ਉਸ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਉਸ ਨੇ ਨਹਮਯਾਹ ਨੂੰ ਯਹੂਦਾਹ ਦਾ ਰਾਜਪਾਲ ਬਣਾ ਦਿੱਤਾ ਅਤੇ ਉਸ ਨੂੰ ਸ਼ਹਿਰ ਦੇ ਦਰਵਾਜ਼ਿਆਂ ਲਈ ਲੱਕੜ ਵੀ ਦਿੱਤੀ।

ਯਰੂਸ਼ਲਮ ਪਹੁੰਚ ਕੇ ਨਹਮਯਾਹ ਨੇ ਸ਼ਹਿਰ ਦੀਆਂ ਕੰਧਾਂ ਦੀ ਜਾਂਚ ਕੀਤੀ। ਉਸ ਨੇ ਪੁਜਾਰੀਆਂ ਅਤੇ ਰਾਜਿਆਂ ਨੂੰ ਇਕੱਠਾ ਕਰ ਕੇ ਕਿਹਾ: ‘ਸ਼ਹਿਰ ਦੀ ਹਾਲਤ ਬਹੁਤ ਖ਼ਰਾਬ ਹੈ। ਸਾਨੂੰ ਕੰਮ ʼਤੇ ਲੱਗ ਜਾਣਾ ਚਾਹੀਦਾ।’ ਲੋਕਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਦੁਬਾਰਾ ਤੋਂ ਕੰਧਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਪਰ ਇਜ਼ਰਾਈਲੀਆਂ ਦੇ ਕੁਝ ਦੁਸ਼ਮਣ ਉਨ੍ਹਾਂ ਦਾ ਮਜ਼ਾਕ ਉਡਾਉਂਦਿਆ ਕਹਿਣ ਲੱਗੇ: ‘ਜਿਹੜੀ ਕੰਧ ਤੁਸੀਂ ਬਣਾ ਰਹੇ ਹੋ, ਉਸ ਨੂੰ ਤਾਂ ਇਕ ਲੂੰਬੜੀ ਵੀ ਢਾਹ ਸਕਦੀ ਹੈ।’ ਪਰ ਕੰਮ ਕਰਨ ਵਾਲਿਆਂ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਕੰਧ ਬਣਾਉਂਦੇ ਰਹੇ।

ਦੁਸ਼ਮਣਾਂ ਨੇ ਚਾਰੋਂ ਪਾਸਿਓਂ ਆ ਕੇ ਯਰੂਸ਼ਲਮ ʼਤੇ ਅਚਾਨਕ ਹਮਲਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਯਹੂਦੀਆਂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹ ਡਰ ਗਏ। ਪਰ ਨਹਮਯਾਹ ਨੇ ਉਨ੍ਹਾਂ ਨੂੰ ਕਿਹਾ: ‘ਡਰੋ ਨਾ। ਯਹੋਵਾਹ ਸਾਡੇ ਨਾਲ ਹੈ।’ ਉਸ ਨੇ ਕੰਮ ਕਰਨ ਵਾਲਿਆਂ ਦੀ ਰਾਖੀ ਕਰਨ ਲਈ ਕੁਝ ਆਦਮੀ ਖੜ੍ਹੇ ਕਰ ਦਿੱਤੇ। ਦੁਸ਼ਮਣ ਉਨ੍ਹਾਂ ʼਤੇ ਹਮਲਾ ਨਾ ਕਰ ਸਕੇ।

ਸਿਰਫ਼ 52 ਦਿਨਾਂ ਦੇ ਅੰਦਰ-ਅੰਦਰ ਕੰਧਾਂ ਅਤੇ ਦਰਵਾਜ਼ੇ ਬਣ ਕੇ ਤਿਆਰ ਹੋ ਗਏ। ਨਹਮਯਾਹ ਨੇ ਸਾਰੇ ਲੇਵੀਆਂ ਨੂੰ ਚੱਠ ਕਰਨ ਲਈ ਯਰੂਸ਼ਲਮ ਬੁਲਾਇਆ। ਉਸ ਨੇ ਗਾਉਣ ਵਾਲਿਆਂ ਦੀਆਂ ਦੋ ਟੋਲੀਆਂ ਬਣਾ ਦਿੱਤੀਆਂ। ਦੋਵੇਂ ਟੋਲੀਆਂ ਫਾਟਕ ਦੀਆਂ ਪੌੜੀਆਂ ਚੜ੍ਹ ਕੇ ਸ਼ਹਿਰ ਦੀ ਕੰਧ ʼਤੇ ਚਲੀਆਂ ਗਈਆਂ ਅਤੇ ਸ਼ਹਿਰ ਦੇ ਦੁਆਲੇ ਦੋਵੇਂ ਟੋਲੀਆਂ ਇਕ-ਦੂਜੇ ਤੋਂ ਉਲਟ ਦਿਸ਼ਾ ਵਿਚ ਚੱਕਰ ਕੱਢਣ ਲੱਗੀਆਂ। ਉਨ੍ਹਾਂ ਨੇ ਤੁਰ੍ਹੀਆਂ, ਛੈਣੇ ਅਤੇ ਰਬਾਬ ਵਜਾ ਕੇ ਯਹੋਵਾਹ ਲਈ ਗੀਤ ਗਾਏ। ਅਜ਼ਰਾ ਇਕ ਟੋਲੀ ਨਾਲ ਗਿਆ ਅਤੇ ਨਹਮਯਾਹ ਦੂਸਰੀ ਟੋਲੀ ਨਾਲ, ਜਦ ਤਕ ਦੋਵੇਂ ਟੋਲੀਆਂ ਮੰਦਰ ਨਹੀਂ ਪਹੁੰਚ ਗਈਆਂ। ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ ਅਤੇ ਜਸ਼ਨ ਮਨਾਇਆ। ਉਨ੍ਹਾਂ ਦੀਆਂ ਆਵਾਜ਼ਾਂ ਦੂਰ-ਦੂਰ ਤਕ ਸੁਣਦੀਆਂ ਸਨ।

“ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।”​—ਯਸਾਯਾਹ 54:17