ਪਾਠ 65
ਅਸਤਰ ਨੇ ਆਪਣੇ ਲੋਕਾਂ ਨੂੰ ਬਚਾਇਆ
ਅਸਤਰ ਇਕ ਯਹੂਦਣ ਸੀ ਜੋ ਫ਼ਾਰਸ ਦੇ ਸ਼ੂਸ਼ਨ ਸ਼ਹਿਰ ਵਿਚ ਰਹਿੰਦੀ ਸੀ। ਬਹੁਤ ਸਾਲ ਪਹਿਲਾਂ ਨਬੂਕਦਨੱਸਰ ਉਸ ਦੇ ਪਰਿਵਾਰ ਨੂੰ ਯਰੂਸ਼ਲਮ ਤੋਂ ਲੈ ਆਇਆ ਸੀ। ਉਸ ਦਾ ਪਾਲਣ-ਪੋਸ਼ਣ ਉਸ ਦੇ ਤਾਏ ਦੇ ਮੁੰਡੇ ਮਾਰਦਕਈ ਨੇ ਕੀਤਾ ਸੀ। ਮਾਰਦਕਈ ਫ਼ਾਰਸ ਦੇ ਰਾਜਾ ਅਹਸ਼ਵੇਰੋਸ਼ ਦਾ ਨੌਕਰ ਸੀ।
ਰਾਜਾ ਅਹਸ਼ਵੇਰੋਸ਼ ਨਵੀਂ ਰਾਣੀ ਚਾਹੁੰਦਾ ਸੀ। ਉਸ ਦੇ ਨੌਕਰ ਉਸ ਕੋਲ ਦੇਸ਼ ਦੀਆਂ ਸਭ ਤੋਂ ਸੋਹਣੀਆਂ ਕੁੜੀਆਂ ਲੈ ਕੇ ਆਏ। ਇਨ੍ਹਾਂ ਕੁੜੀਆਂ ਵਿਚ ਅਸਤਰ ਵੀ ਸੀ। ਇਨ੍ਹਾਂ ਸਾਰੀਆਂ ਕੁੜੀਆਂ ਵਿੱਚੋਂ ਰਾਜੇ ਨੇ ਅਸਤਰ ਨੂੰ ਰਾਣੀ ਬਣਾਇਆ। ਮਾਰਦਕਈ ਨੇ ਅਸਤਰ ਨੂੰ ਕਿਹਾ ਕਿ ਉਹ ਕਿਸੇ ਨੂੰ ਇਹ ਨਾ ਦੱਸੇ ਕਿ ਉਹ ਇਕ ਯਹੂਦਣ ਸੀ।
ਘਮੰਡੀ ਹਾਮਾਨ ਸਾਰੇ ਸਰਦਾਰਾਂ ਦਾ ਮੁਖੀ ਸੀ। ਉਸ ਚਾਹੁੰਦਾ ਸੀ ਕਿ ਸਾਰੇ ਜਣੇ ਉਸ ਦੇ ਅੱਗੇ ਝੁਕਣ। ਪਰ ਮਾਰਦਕਈ ਨੇ ਝੁਕਣ ਤੋਂ ਮਨ੍ਹਾ ਕੀਤਾ। ਇਸ ਕਰਕੇ ਹਾਮਾਨ ਨੂੰ ਗੁੱਸਾ ਚੜ੍ਹਿਆ ਹੋਇਆ ਸੀ ਤੇ ਉਹ ਉਸ ਨੂੰ ਮਾਰਨਾ ਚਾਹੁੰਦਾ ਸੀ। ਜਦੋਂ ਹਾਮਾਨ ਨੂੰ ਪਤਾ ਲੱਗਾ ਕਿ ਮਾਰਦਕਈ ਯਹੂਦੀ ਸੀ, ਤਾਂ ਉਸ ਨੇ ਦੇਸ਼ ਵਿੱਚੋਂ ਸਾਰੇ ਯਹੂਦੀਆਂ ਨੂੰ ਮਾਰਨ ਦੀ ਸਾਜ਼ਸ਼ ਘੜੀ। ਉਸ ਨੇ ਰਾਜੇ ਨੂੰ ਦੱਸਿਆ: ‘ਯਹੂਦੀ ਬਹੁਤ ਖ਼ਤਰਨਾਕ ਹਨ। ਤੈਨੂੰ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।’ ਅਹਸ਼ਵੇਰੋਸ਼ ਨੇ ਕਿਹਾ: ‘ਤੂੰ ਜੋ ਕਰਨਾ ਹੈ, ਉਹ ਕਰ’ ਅਤੇ ਰਾਜੇ ਨੇ ਉਸ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਦਿੱਤਾ। ਹਾਮਾਨ ਨੇ ਇਕ ਕਾਨੂੰਨ ਬਣਾਇਆ। ਇਸ ਕਾਨੂੰਨ ਵਿਚ ਲੋਕਾਂ ਨੂੰ ਕਿਹਾ ਗਿਆ ਕਿ ਅਦਾਰ ਮਹੀਨੇ ਦੇ 13ਵੇਂ ਦਿਨ ਸਾਰੇ ਯਹੂਦੀਆਂ ਨੂੰ ਮਾਰ ਦਿੱਤਾ ਜਾਵੇ। ਯਹੋਵਾਹ ਸਾਰਾ ਕੁਝ ਦੇਖ ਰਿਹਾ ਸੀ।
ਅਸਤਰ ਇਸ ਕਾਨੂੰਨ ਬਾਰੇ ਕੁਝ ਨਹੀਂ ਜਾਣਦੀ ਸੀ। ਇਸ ਲਈ ਮਾਰਦਕਈ ਨੇ ਉਸ ਨੂੰ ਇਸ ਦੀ ਇਕ ਕਾਪੀ ਭੇਜੀ ਤੇ ਕਿਹਾ: ‘ਜਾਹ ਤੇ ਰਾਜੇ ਨਾਲ ਗੱਲ ਕਰ।’ ਅਸਤਰ ਨੇ ਕਿਹਾ: ‘ਜਿਹੜਾ ਵੀ ਬਿਨਾਂ ਬੁਲਾਏ ਰਾਜੇ ਕੋਲ ਜਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਮਿਲਦੀ ਹੈ। ਰਾਜੇ ਨੇ 30 ਦਿਨਾਂ ਤੋਂ ਮੈਨੂੰ ਨਹੀਂ ਬੁਲਾਇਆ। ਪਰ ਮੈਂ ਜਾਵਾਂਗੀ। ਜੇ ਉਸ ਨੇ ਆਪਣਾ ਸੋਨੇ ਦਾ ਰਾਜ-ਡੰਡਾ ਮੇਰੇ ਵੱਲ ਵਧਾਇਆ, ਤਾਂ ਮੈਂ ਜੀਉਂਦੀ ਰਹਾਂਗੀ। ਜੇ ਨਹੀਂ, ਤਾਂ ਮੈਨੂੰ ਮੌਤ ਦੀ ਸਜ਼ਾ ਮਿਲੇਗੀ।’
ਅਸਤਰ ਮਹਿਲ ਦੇ ਵਿਹੜੇ ਵਿਚ ਗਈ। ਜਦੋਂ ਰਾਜੇ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣਾ ਰਾਜ-ਡੰਡਾ
ਉਸ ਵੱਲ ਵਧਾਇਆ। ਉਹ ਰਾਜੇ ਕੋਲ ਗਈ। ਰਾਜੇ ਨੇ ਉਸ ਨੂੰ ਪੁੱਛਿਆ: ‘ਅਸਤਰ, ਮੈਂ ਤੇਰੇ ਲਈ ਕੀ ਕਰ ਸਕਦਾ?’ ਉਸ ਨੇ ਕਿਹਾ: ‘ਮੈਂ ਤੁਹਾਨੂੰ ਤੇ ਹਾਮਾਨ ਨੂੰ ਦਾਅਵਤ ʼਤੇ ਆਉਣ ਦਾ ਸੱਦਾ ਦੇਣ ਆਈ ਹਾਂ।’ ਜਦੋਂ ਉਹ ਦਾਅਵਤ ʼਤੇ ਆਏ, ਤਾਂ ਅਸਤਰ ਨੇ ਉਨ੍ਹਾਂ ਨੂੰ ਦੂਜੇ ਦਿਨ ਫਿਰ ਦਾਅਵਤ ʼਤੇ ਆਉਣ ਦਾ ਸੱਦਾ ਦਿੱਤਾ। ਦੂਜੀ ਦਾਅਵਤ ʼਤੇ ਰਾਜੇ ਨੇ ਉਸ ਨੂੰ ਫਿਰ ਪੁੱਛਿਆ: ‘ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ?’ ਉਸ ਨੇ ਕਿਹਾ: ‘ਕੋਈ ਮੈਨੂੰ ਤੇ ਮੇਰੇ ਲੋਕਾਂ ਨੂੰ ਮਾਰਨਾ ਚਾਹੁੰਦਾ ਹੈ। ਸਾਨੂੰ ਬਚਾ ਲੈ।’ ਰਾਜੇ ਨੇ ਪੁੱਛਿਆ: ‘ਤੈਨੂੰ ਕੌਣ ਮਾਰਨਾ ਚਾਹੁੰਦਾ?’ ਉਸ ਨੇ ਕਿਹਾ: ‘ਇਹ ਬੁਰਾ ਆਦਮੀ, ਹਾਮਾਨ।’ ਅਹਸ਼ਵੇਰੋਸ਼ ਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਉਹ ਉਸੇ ਵੇਲੇ ਹਾਮਾਨ ਨੂੰ ਮਾਰ ਦੇਣਾ ਚਾਹੁੰਦਾ ਸੀ।ਪਰ ਹਾਮਾਨ ਵੱਲੋਂ ਬਣਾਏ ਕਾਨੂੰਨ ਨੂੰ ਕੋਈ ਰੱਦ ਨਹੀਂ ਕਰ ਸਕਦਾ ਸੀ, ਇੱਥੋਂ ਤਕ ਕਿ ਰਾਜਾ ਵੀ। ਸੋ ਰਾਜੇ ਨੇ ਮਾਰਦਕਈ ਨੂੰ ਸਰਦਾਰਾਂ ਦਾ ਮੁਖੀ ਬਣਾ ਦਿੱਤਾ ਤੇ ਉਸ ਨੂੰ ਨਵਾਂ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਦਿੱਤਾ। ਮਾਰਦਕਈ ਨੇ ਕਾਨੂੰਨ ਬਣਾਇਆ ਕਿ ਜਦੋਂ ਯਹੂਦੀਆਂ ʼਤੇ ਹਮਲਾ ਕੀਤਾ ਜਾਵੇ, ਤਾਂ ਉਹ ਆਪਣਾ ਬਚਾਅ ਕਰ ਸਕਦੇ ਸਨ। ਅਦਾਰ ਮਹੀਨੇ ਦੇ 13ਵੇਂ ਦਿਨ ਯਹੂਦੀਆਂ ਨੇ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ। ਉਸ ਸਮੇਂ ਤੋਂ ਉਹ ਹਰ ਸਾਲ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਸਨ।
“ਉਹ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ, ਜਿੱਥੇ ਤੁਹਾਨੂੰ ਉਨ੍ਹਾਂ ਨੂੰ ਅਤੇ ਕੌਮਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।”—ਮੱਤੀ 10:18