ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਮੰਨਦਾ ਸੀ ਕਿ ਰੱਬ ਹੈ ਹੀ ਨਹੀਂ
ਜਨਮ: 1974
ਦੇਸ਼: ਜਰਮਨ ਲੋਕਤੰਤਰੀ ਗਣਰਾਜ
ਅਤੀਤ: ਨਾਸਤਿਕ
ਮੇਰੇ ਅਤੀਤ ਬਾਰੇ ਕੁਝ ਗੱਲਾਂ
ਮੇਰਾ ਜਨਮ ਸੈਕਸਨੀ ਸੂਬੇ ਦੇ ਇਕ ਪਿੰਡ ਵਿਚ ਹੋਇਆ। ਇਹ ਸੂਬਾ ਉਸ ਵੇਲੇ ਜਰਮਨ ਲੋਕਤੰਤਰੀ ਗਣਰਾਜ (ਜੀ. ਡੀ. ਆਰ.) ਵਿਚ ਸੀ। ਸਾਡੇ ਘਰ ਦਾ ਮਾਹੌਲ ਬਹੁਤ ਪਿਆਰ ਭਰਿਆ ਸੀ ਅਤੇ ਮੇਰੇ ਮਾਪਿਆਂ ਨੇ ਮੈਨੂੰ ਸ਼ੁਰੂ ਤੋਂ ਚੰਗੇ ਸੰਸਕਾਰ ਸਿਖਾਏ ਸੀ। ਜੀ. ਡੀ. ਆਰ. ਵਿਚ ਉਸ ਵੇਲੇ ਸਾਮਵਾਦ ਦਾ ਬੋਲਬਾਲਾ ਸੀ ਜਿਸ ਕਰਕੇ ਜ਼ਿਆਦਾਤਰ ਲੋਕ ਧਰਮ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਸਨ। ਮੈਂ ਮੰਨਦਾ ਸੀ ਕਿ ਰੱਬ ਹੈ ਹੀ ਨਹੀਂ। 18 ਸਾਲ ਦੀ ਉਮਰ ਤਕ ਮੇਰੇ ’ਤੇ ਸਿਰਫ਼ ਦੋ ਚੀਜ਼ਾਂ ਦਾ ਅਸਰ ਸੀ, ਨਾਸਤਿਕਤਾ ਅਤੇ ਸਾਮਵਾਦ।
ਮੈਨੂੰ ਸਾਮਵਾਦ ਬਹੁਤ ਪਸੰਦ ਸੀ ਕਿਉਂਕਿ ਇਸ ਵਿਚ ਸਿਖਾਇਆ ਜਾਂਦਾ ਸੀ ਕਿ ਅਸੀਂ ਸਾਰੇ ਬਰਾਬਰ ਹਾਂ। ਨਾਲੇ ਮੈਂ ਮੰਨਦਾ ਸੀ ਕਿ ਜ਼ਮੀਨ-ਜਾਇਦਾਦ ਸਾਰਿਆਂ ਵਿਚ ਬਰਾਬਰ ਵੰਡੀ ਜਾਣੀ ਚਾਹੀਦੀ ਹੈ। ਇੱਦਾਂ ਕਰਨ ਨਾਲ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਨਹੀਂ ਹੋਣਗੇ। ਸੋ ਮੈਂ ਇਕ ਸਾਮਵਾਦੀ ਸੰਗਠਨ ਨਾਲ ਰਲ਼ ਕੇ ਕੰਮ ਕਰਨ ਲੱਗ ਪਿਆ। ਜਦੋਂ ਮੈਂ ਸਿਰਫ਼ 14 ਸਾਲਾਂ ਦਾ ਸੀ, ਤਾਂ ਮੈਂ ਆਪਣਾ ਕਾਫ਼ੀ ਸਮਾਂ ਰੱਦੀ ਕਾਗਜ਼ ਨੂੰ ਫਿਰ ਤੋਂ ਇਸਤੇਮਾਲ ਕਰਨ ਦੇ ਕੰਮ ਵਿਚ ਲਾਇਆ ਜਿਸ ਨਾਲ ਵਾਤਾਵਰਣ ’ਤੇ ਚੰਗਾ ਅਸਰ ਪੈਣਾ ਸੀ। ਆਉ ਕਸਬੇ ਦੇ ਲੋਕ ਮੇਰੇ ਕੰਮ ਤੋਂ ਇੰਨੇ ਖ਼ੁਸ਼ ਸਨ ਕਿ ਉੱਥੋਂ ਦੇ ਅਧਿਕਾਰੀਆਂ ਨੇ ਮੈਨੂੰ ਇਕ ਪੁਰਸਕਾਰ ਦਿੱਤਾ। ਛੋਟੀ ਉਮਰ ਵਿਚ ਹੀ ਮੇਰੀ ਜਾਣ ਪਛਾਣ ਜੀ. ਡੀ. ਆਰ. ਦੇ ਕੁਝ ਵੱਡੇ-ਵੱਡੇ ਨੇਤਾਵਾਂ ਨਾਲ ਹੋਣ ਲੱਗ ਪਈ। ਮੈਨੂੰ ਲੱਗਦਾ ਸੀ ਕਿ ਮੈਂ ਸਹੀ ਕੰਮ ਕਰ ਰਿਹਾ ਸੀ ਅਤੇ ਮੇਰਾ ਭਵਿੱਖ ਸੁਨਹਿਰਾ ਸੀ।
ਫਿਰ ਇਕ ਦਿਨ ਅਚਾਨਕ ਮੇਰੀ ਦੁਨੀਆਂ ਹੀ ਬਦਲ ਗਈ। ਸਾਲ 1989 ਵਿਚ ਬਰਲਿਨ ਦੀ ਕੰਧ ਢਾਹ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਪੂਰਬੀ ਯੂਰਪ ਵਿਚ ਸਾਮਵਾਦ ਖ਼ਤਮ ਹੋ ਗਿਆ। ਮੈਨੂੰ ਇਕ ਤੋਂ ਬਾਅਦ ਇਕ ਝਟਕਾ ਲੱਗਾ। ਜਲਦੀ ਹੀ ਮੈਨੂੰ ਪਤਾ ਲੱਗਾ ਕਿ ਜੀ. ਡੀ. ਆਰ. ਵਿਚ ਸ਼ੁਰੂ ਤੋਂ ਹੀ ਬੇਇਨਸਾਫ਼ੀ ਹੁੰਦੀ ਆ ਰਹੀ ਸੀ। ਮਿਸਾਲ ਲਈ, ਜਿਹੜੇ ਲੋਕ ਸਾਮਵਾਦ ਦਾ ਸਾਥ ਨਹੀਂ ਦਿੰਦੇ ਸਨ ਉਨ੍ਹਾਂ ਨੂੰ ਨੀਵੇਂ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਸੀ। ਇਹ ਕਿੱਦਾਂ ਹੋ ਸਕਦਾ ਹੈ? ਕੀ ਸਾਮਵਾਦੀ ਇਹ ਨਹੀਂ ਮੰਨਦੇ ਕਿ ਸਾਰੇ ਲੋਕ ਬਰਾਬਰ ਹਨ? ਕੀ ਸਾਮਵਾਦ ਸਿਰਫ਼ ਇਕ ਦਿਖਾਵਾ ਹੈ? ਇਨ੍ਹਾਂ ਗੱਲਾਂ ਕਰਕੇ ਮੈਂ ਪਰੇਸ਼ਾਨ ਹੋ ਗਿਆ।
ਇਸ ਕਰਕੇ ਮੈਂ ਸਾਰਾ ਕੁਝ ਛੱਡ ਕੇ ਆਪਣਾ ਧਿਆਨ ਸੰਗੀਤ ਅਤੇ ਚਿੱਤਰਕਾਰੀ ਵਿਚ ਲਾਉਣ ਲੱਗਾ। ਮੈਂ ਇਕ ਸੰਗੀਤ ਕਾਲਜ ਵਿਚ ਦਾਖ਼ਲਾ ਲੈ ਲਿਆ ਜਿਸ ਕਰਕੇ ਅੱਗੇ ਜਾ ਕੇ ਮੇਰੇ ਕੋਲ ਯੂਨੀਵਰਸਿਟੀ ਜਾਣ ਦਾ ਮੌਕਾ ਸੀ। ਮੈਂ ਇਕ ਸੰਗੀਤਕਾਰ ਅਤੇ ਚਿੱਤਰਕਾਰ ਬਣਨ ਦੇ ਸੁਪਨੇ ਦੇਖਣ ਲੱਗਾ। ਨਾਲੇ ਮੈਂ ਬਚਪਨ ਵਿਚ ਸਿੱਖੇ ਆਪਣੇ ਨੈਤਿਕ ਸੰਸਕਾਰਾਂ ਨੂੰ ਵੀ ਭੁੱਲ ਗਿਆ। ਹੁਣ ਮੈਂ ਸਿਰਫ਼ ਮਜ਼ੇ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਬਹੁਤ ਸਾਰੀਆਂ ਕੁੜੀਆਂ ਨਾਲ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ। ਪਰ ਸੰਗੀਤ, ਚਿੱਤਰਕਾਰੀ ਅਤੇ ਘੁੰਮਣ-ਫਿਰਨ ਨਾਲ ਵੀ ਮੇਰੀ ਪਰੇਸ਼ਾਨੀ ਘਟੀ ਨਹੀਂ। ਇੱਥੋਂ ਤਕ ਕਿ ਮੇਰੀਆਂ ਬਣਾਈਆਂ ਤਸਵੀਰਾਂ ਤੋਂ ਵੀ ਡਰ ਝਲਕਦਾ ਸੀ। ਭਵਿੱਖ ਵਿਚ ਕੀ ਹੋਵੇਗਾ? ਜ਼ਿੰਦਗੀ ਦਾ ਮਕਸਦ ਕੀ ਹੈ?
ਅਖ਼ੀਰ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਹੀ ਗਏ। ਉਨ੍ਹਾਂ ਦਾ ਜਵਾਬ ਜਾਣ ਕੇ ਮੈਂ ਹੈਰਾਨ ਰਹਿ ਗਿਆ। ਇਕ ਸ਼ਾਮ ਮੈਂ ਕਾਲਜ ਵਿਚ ਕੁਝ ਵਿਦਿਆਰਥੀਆਂ ਨਾਲ ਭਵਿੱਖ ਬਾਰੇ ਗੱਲ ਕਰ ਰਿਹਾ ਸੀ। ਉਨ੍ਹਾਂ ਵਿਚ ਇਕ ਮੈਂਡੀ * ਨਾਂ ਦੀ ਕੁੜੀ ਵੀ ਸੀ ਜੋ ਯਹੋਵਾਹ ਦੀ ਗਵਾਹ ਸੀ। ਉਸ ਸ਼ਾਮ ਉਸ ਨੇ ਮੈਨੂੰ ਸਹੀ ਸਲਾਹ ਦਿੱਤੀ। ਉਸ ਨੇ ਕਿਹਾ: “ਆਂਡਰੇਸ, ਜੇ ਤੂੰ ਆਪਣੀ ਜ਼ਿੰਦਗੀ ਅਤੇ ਭਵਿੱਖ ਬਾਰੇ ਸਾਰੇ ਸਵਾਲਾਂ ਦੇ ਜਵਾਬ ਜਾਣਨੇ ਚਾਹੁੰਦਾ ਹੈ, ਤਾਂ ਧਿਆਨ ਨਾਲ ਬਾਈਬਲ ਪੜ੍ਹ ਕੇ ਦੇਖ।”
ਮੈਨੂੰ ਉਹ ਦੀ ਗੱਲ ’ਤੇ ਯਕੀਨ ਤਾਂ ਨਹੀਂ ਹੋਇਆ, ਪਰ ਮੈਂ ਜਾਣਨਾ ਵੀ ਚਾਹੁੰਦਾ ਸੀ। ਇਸ ਲਈ ਮੈਂ ਬਾਈਬਲ ਪੜ੍ਹਨ ਦਾ ਫ਼ੈਸਲਾ ਕੀਤਾ। ਮੈਂਡੀ ਨੇ ਮੈਨੂੰ ਦਾਨੀਏਲ ਦੀ ਕਿਤਾਬ ਦਾ ਦੂਜਾ ਅਧਿਆਇ ਦਿਖਾਇਆ ਜਿਸ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ। ਇਸ ਭਵਿੱਖਬਾਣੀ ਵਿਚ ਉਨ੍ਹਾਂ ਵਿਸ਼ਵ-ਸ਼ਕਤੀਆਂ ਅਤੇ ਸਰਕਾਰਾਂ ਬਾਰੇ ਦੱਸਿਆ ਗਿਆ ਹੈ ਜਿਹੜੀਆਂ ਅੱਜ ਸਾਡੇ ਸਮੇਂ ਨਾਲ ਗਹਿਰਾ ਸੰਬੰਧ ਰੱਖਦੀਆਂ ਹਨ। ਮੈਂਡੀ ਨੇ ਮੈਨੂੰ ਬਾਈਬਲ ਤੋਂ ਭਵਿੱਖ ਵਿਚ ਪੂਰੀਆਂ ਹੋਣ ਵਾਲੀਆਂ ਭਵਿੱਖਬਾਣੀਆਂ ਵੀ ਦਿਖਾਈਆਂ। ਅਖ਼ੀਰ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣ ਲੱਗੇ! ਪਰ ਇਹ ਭਵਿੱਖਬਾਣੀਆਂ ਕਿਸ ਨੇ ਲਿਖੀਆਂ ਅਤੇ ਕੌਣ ਭਵਿੱਖ ਬਾਰੇ ਬਿਲਕੁਲ ਸਹੀ-ਸਹੀ ਦੱਸ ਸਕਦਾ ਹੈ? ਕੀ ਇਸ ਦਾ ਮਤਲਬ ਰੱਬ ਸੱਚ-ਮੁੱਚ ਹੈ?
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ
ਮੈਂਡੀ ਨੇ ਮੈਨੂੰ ਹੋਰਸਟ ਅਤੇ ਐਨਜੈਲਿਕਾ ਨਾਂ ਦੇ ਜੋੜੇ ਨਾਲ ਮਿਲਾਇਆ, ਉਹ ਯਹੋਵਾਹ ਦੇ ਗਵਾਹ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮੇਰੀ ਮਦਦ ਕੀਤੀ। ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਸਿਰਫ਼ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਹੀ ਲਗਾਤਾਰ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਦਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਦੱਸਦਾ ਹੈ। (ਜ਼ਬੂਰ 83:18; ਮੱਤੀ 6:9) ਮੈਂ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਹਰ ਵਿਅਕਤੀ ਨੂੰ ਸੋਹਣੀ ਧਰਤੀ ’ਤੇ ਹਮੇਸ਼ਾ ਲਈ ਜੀਣ ਦੀ ਉਮੀਦ ਦਿੰਦਾ ਹੈ। ਜ਼ਬੂਰ 37:9 ਵਿਚ ਲਿਖਿਆ ਹੈ: “ਜਿਹੜੇ ਯਹੋਵਾਹ ’ਤੇ ਉਮੀਦ ਲਾਉਂਦੇ ਹਨ, ਉਹ ਧਰਤੀ ਦੇ ਵਾਰਸ ਬਣਨਗੇ।” ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਹਰ ਕੋਈ ਜਿਹੜਾ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਸਕਦਾ ਹੈ।
ਪਰ ਮੇਰੇ ਲਈ ਬਾਈਬਲ ਮੁਤਾਬਕ ਜ਼ਿੰਦਗੀ ਜੀਉਣੀ ਬਹੁਤ ਔਖੀ ਸੀ। ਇਕ ਕਾਮਯਾਬ ਸੰਗੀਤਕਾਰ ਅਤੇ ਚਿੱਤਰਕਾਰ ਹੋਣ ਕਰਕੇ ਮੇਰੇ ਵਿਚ ਘਮੰਡ ਆ ਗਿਆ ਸੀ। ਇਸ ਲਈ ਸਭ ਤੋਂ ਪਹਿਲਾਂ ਮੈਨੂੰ ਨਿਮਰ ਬਣਨਾ ਪੈਣਾ ਸੀ। ਨਾਲੇ ਮੇਰੇ ਲਈ ਅਨੈਤਿਕ ਕੰਮ ਛੱਡਣੇ ਵੀ ਸੌਖੇ ਨਹੀਂ ਸਨ। ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਉਨ੍ਹਾਂ ਲੋਕਾਂ ਨਾਲ ਧੀਰਜ, ਦਇਆ ਅਤੇ ਹਮਦਰਦੀ ਨਾਲ ਪੇਸ਼ ਆਉਂਦਾ ਹੈ ਜੋ ਬਾਈਬਲ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ!
18 ਸਾਲਾਂ ਦੀ ਉਮਰ ਤਕ ਸਾਮਵਾਦ ਅਤੇ ਨਾਸਤਿਕਤਾ ਨੇ ਮੇਰੀ ਜ਼ਿੰਦਗੀ ’ਤੇ ਅਸਰ ਪਾਇਆ। ਪਰ ਉਸ ਤੋਂ ਬਾਅਦ ਹੁਣ ਤਕ ਬਾਈਬਲ ਮੇਰੀ ਜ਼ਿੰਦਗੀ ਬਦਲਦੀ ਆ ਰਹੀ ਹੈ। ਇਸ ਵਿੱਚੋਂ ਸਿੱਖੀਆਂ ਗੱਲਾਂ ਕਰਕੇ ਮੈਂ ਹੁਣ ਆਪਣੀ ਜ਼ਿੰਦਗੀ ਜਾਂ ਭਵਿੱਖ ਬਾਰੇ ਸੋਚ ਕੇ ਡਰਦਾ ਨਹੀਂ। ਨਾਲੇ ਹੁਣ ਮੇਰੀ ਜ਼ਿੰਦਗੀ ਦਾ ਇਕ ਮਕਸਦ ਹੈ। ਸੰਨ 1993 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ ਅਤੇ ਸੰਨ 2000 ਵਿਚ ਮੈਂ ਤਬਿਥਾ ਨਾਲ ਵਿਆਹ ਕਰਾ ਲਿਆ, ਉਹ ਵੀ ਯਹੋਵਾਹ ਦੀ ਗਵਾਹ ਹੈ। ਅਸੀਂ ਆਪਣਾ ਜ਼ਿਆਦਾਤਰ ਸਮਾਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣ ’ਚ ਲਾਉਂਦੇ ਹਾਂ। ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ। ਉਨ੍ਹਾਂ ਵਿੱਚੋਂ ਕਈ ਸਾਮਵਾਦੀ ਅਤੇ ਨਾਸਤਿਕ ਹੁੰਦੇ ਹਨ, ਜਿੱਦਾਂ ਮੈਂ ਪਹਿਲਾਂ ਸੀ। ਜਦੋਂ ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਕਿੱਦਾਂ ਜਾਣ ਸਕਦੇ ਹਨ, ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ।
ਅੱਜ ਮੇਰੀ ਜ਼ਿੰਦਗੀ
ਪਹਿਲਾਂ-ਪਹਿਲ ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ ਸੀ, ਤਾਂ ਮੇਰੇ ਮਾਪਿਆਂ ਨੂੰ ਬਿਲਕੁਲ ਚੰਗਾ ਨਹੀਂ ਲੱਗਾ। ਪਰ ਫਿਰ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਦੇ ਗਵਾਹਾਂ ਨਾਲ ਮਿਲਣ-ਜੁਲਣ ਕਰਕੇ ਮੇਰੀ ਜ਼ਿੰਦਗੀ ’ਤੇ ਬਹੁਤ ਵਧੀਆ ਅਸਰ ਪਿਆ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਉਹ ਵੀ ਬਾਈਬਲ ਪੜ੍ਹਦੇ ਹਨ ਅਤੇ ਮਸੀਹੀ ਸਭਾਵਾਂ ’ਤੇ ਆਉਂਦੇ ਹਨ।
ਮੈਂ ਤੇ ਤਬਿਥਾ ਆਪਣੇ ਵਿਆਹ ਤੋਂ ਬਹੁਤ ਖ਼ੁਸ਼ ਹਾਂ ਅਤੇ ਅਸੀਂ ਵਿਆਹੇ ਜੋੜਿਆਂ ਨੂੰ ਦਿੱਤੀ ਬਾਈਬਲ ਦੀ ਸਲਾਹ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਮਿਸਾਲ ਲਈ, ਇਕ-ਦੂਜੇ ਦੇ ਵਫ਼ਾਦਾਰ ਬਣੇ ਰਹਿਣ ਦੀ ਸਲਾਹ ’ਤੇ ਚੱਲਣ ਕਰਕੇ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਰਿਹਾ ਹੈ।—ਇਬਰਾਨੀਆਂ 13:4.
ਹੁਣ ਮੈਂ ਭਵਿੱਖ ਜਾਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ ਪਰੇਸ਼ਾਨ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਮੈਂ ਪੂਰੀ ਦੁਨੀਆਂ ਵਿਚ ਫੈਲੇ ਯਹੋਵਾਹ ਦੇ ਗਵਾਹਾਂ ਦੇ ਪਰਿਵਾਰ ਦਾ ਹਿੱਸਾ ਹਾਂ, ਜਿੱਥੇ ਸ਼ਾਂਤੀ ਅਤੇ ਏਕਤਾ ਹੈ। ਮੈਂ ਹਮੇਸ਼ਾ ਤੋਂ ਇਹ ਮੰਨਦਾ ਆਇਆ ਹਾਂ ਕਿ ਸਾਰੇ ਇਨਸਾਨ ਬਰਾਬਰ ਹਨ। ਇਹ ਗੱਲ ਮੈਨੂੰ ਯਹੋਵਾਹ ਦੇ ਗਵਾਹਾਂ ਵਿਚ ਦੇਖਣ ਨੂੰ ਮਿਲੀ। ਮੈਂ ਇਹੀ ਤਾਂ ਚਾਹੁੰਦਾ ਸੀ।
^ ਪੈਰਾ 12 ਨਾਂ ਬਦਲਿਆ ਗਿਆ ਹੈ।