ਪਰਮੇਸ਼ੁਰ ਦਾ ਰਾਜ ਕੀ ਹੈ?
ਪਾਠ 6
ਪਰਮੇਸ਼ੁਰ ਦਾ ਰਾਜ ਕੀ ਹੈ?
ਪਰਮੇਸ਼ੁਰ ਦਾ ਰਾਜ ਕਿੱਥੇ ਸਥਿਤ ਹੈ? (1)
ਇਸ ਦਾ ਰਾਜਾ ਕੌਣ ਹੈ? (2)
ਕੀ ਰਾਜੇ ਦੇ ਨਾਲ ਰਾਜ ਕਰਨ ਵਿਚ ਦੂਸਰੇ ਲੋਕ ਵੀ ਹਿੱਸਾ ਲੈਂਦੇ ਹਨ? ਜੇਕਰ ਹਾਂ, ਤਾਂ ਕਿੰਨੇ? (3)
ਕੀ ਦਿਖਾਉਂਦਾ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ? (4)
ਪਰਮੇਸ਼ੁਰ ਦਾ ਰਾਜ ਭਵਿੱਖ ਵਿਚ ਮਨੁੱਖਜਾਤੀ ਲਈ ਕੀ ਕਰੇਗਾ? (5-7)
1. ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਆਪਣੇ ਅਨੁਯਾਈਆਂ ਨੂੰ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਨੀ ਸਿਖਾਈ। ਰਾਜ ਇਕ ਸਰਕਾਰ ਹੈ, ਜਿਸ ਦਾ ਮੁਖੀ ਇਕ ਰਾਜਾ ਹੁੰਦਾ ਹੈ। ਪਰਮੇਸ਼ੁਰ ਦਾ ਰਾਜ ਇਕ ਖ਼ਾਸ ਸਰਕਾਰ ਹੈ। ਇਹ ਸਵਰਗ ਵਿਚ ਸਥਾਪਿਤ ਹੈ ਅਤੇ ਇਸ ਧਰਤੀ ਉੱਤੇ ਰਾਜ ਕਰੇਗਾ। ਇਹ ਪਰਮੇਸ਼ੁਰ ਦੇ ਨਾਂ ਦਾ ਪਵਿੱਤਰੀਕਰਣ ਕਰੇਗਾ, ਜਾਂ ਇਸ ਨੂੰ ਪਵਿੱਤਰ ਕਰੇਗਾ। ਇਹ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ ਜਿਵੇਂ ਕਿ ਇਹ ਸਵਰਗ ਵਿਚ ਪੂਰੀ ਹੁੰਦੀ ਹੈ।—ਮੱਤੀ 6:9, 10.
2. ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਯਿਸੂ ਉਸ ਦੇ ਰਾਜ ਦਾ ਰਾਜਾ ਬਣੇਗਾ। (ਲੂਕਾ 1:30-33) ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਸਾਬਤ ਕੀਤਾ ਕਿ ਉਹ ਇਕ ਦਿਆਲੂ, ਨਿਆਂਪੂਰਣ, ਅਤੇ ਸੰਪੂਰਣ ਸ਼ਾਸਕ ਹੋਵੇਗਾ। ਸਵਰਗ ਨੂੰ ਪਰਤਣ ਤੇ, ਉਸ ਨੂੰ ਪਰਮੇਸ਼ੁਰ ਦੇ ਰਾਜ ਦਾ ਰਾਜਾ ਵਜੋਂ ਤੁਰੰਤ ਹੀ ਸਿੰਘਾਸਣ ਉੱਤੇ ਨਹੀਂ ਬਿਠਾਇਆ ਗਿਆ ਸੀ। (ਇਬਰਾਨੀਆਂ 10:12, 13) ਸੰਨ 1914 ਵਿਚ, ਯਹੋਵਾਹ ਨੇ ਯਿਸੂ ਨੂੰ ਉਹ ਅਧਿਕਾਰ ਦਿੱਤਾ ਜਿਸ ਦਾ ਉਸ ਨੇ ਉਸ ਨੂੰ ਵਾਅਦਾ ਕੀਤਾ ਸੀ। ਉਦੋਂ ਤੋਂ, ਯਿਸੂ ਨੇ ਸਵਰਗ ਵਿਚ ਯਹੋਵਾਹ ਦਾ ਨਿਯੁਕਤ ਰਾਜਾ ਵਜੋਂ ਰਾਜ ਕੀਤਾ ਹੈ।—ਦਾਨੀਏਲ 7:13, 14.
3. ਯਹੋਵਾਹ ਨੇ ਧਰਤੀ ਤੋਂ ਕੁਝ ਵਫ਼ਾਦਾਰ ਪੁਰਸ਼ ਅਤੇ ਇਸਤਰੀਆਂ ਨੂੰ ਸਵਰਗ ਜਾਣ ਲਈ ਵੀ ਚੁਣਿਆ ਹੈ। ਉਹ ਰਾਜਿਆਂ, ਨਿਆਂਕਾਰਾਂ, ਅਤੇ ਜਾਜਕਾਂ ਦੀ ਹੈਸੀਅਤ ਵਿਚ ਯਿਸੂ ਦੇ ਨਾਲ ਮਨੁੱਖਜਾਤੀ ਉੱਤੇ ਰਾਜ ਕਰਨਗੇ। (ਲੂਕਾ 22:28-30; ਪਰਕਾਸ਼ ਦੀ ਪੋਥੀ 5:9, 10) ਯਿਸੂ ਨੇ ਆਪਣੇ ਰਾਜ ਵਿਚ ਇਨ੍ਹਾਂ ਸੰਗੀ ਸ਼ਾਸਕਾਂ ਨੂੰ ‘ਛੋਟਾ ਝੁੰਡ’ ਆਖਿਆ। ਉਨ੍ਹਾਂ ਦੀ ਗਿਣਤੀ 1,44,000 ਹੈ।—ਲੂਕਾ 12:32; ਪਰਕਾਸ਼ ਦੀ ਪੋਥੀ 14:1-3.
4. ਜਿਉਂ ਹੀ ਯਿਸੂ ਰਾਜਾ ਬਣਿਆ, ਉਸ ਨੇ ਸ਼ਤਾਨ ਅਤੇ ਉਸ ਦਿਆਂ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢਿਆ ਅਤੇ ਹੇਠਾਂ ਧਰਤੀ ਦੇ ਖੇਤਰ ਵਿਚ ਸੁੱਟ ਦਿੱਤਾ। ਇਸੇ ਲਈ 1914 ਤੋਂ ਇੱਥੇ ਧਰਤੀ ਉੱਤੇ ਹਾਲਤਾਂ ਇੰਨੀਆਂ ਖ਼ਰਾਬ ਹੋ ਗਈਆਂ ਹਨ। (ਪਰਕਾਸ਼ ਦੀ ਪੋਥੀ 12:9, 12) ਯੁੱਧ, ਕਾਲ, ਮਹਾਂਮਾਰੀ, ਵਧਦਾ ਕੁਧਰਮ—ਇਹ ਸਭ ਗੱਲਾਂ ਉਸ “ਲੱਛਣ” ਦਾ ਭਾਗ ਹਨ ਜੋ ਸੰਕੇਤ ਕਰਦਾ ਹੈ ਕਿ ਯਿਸੂ ਰਾਜ ਕਰ ਰਿਹਾ ਹੈ ਅਤੇ ਕਿ ਇਹ ਵਿਵਸਥਾ ਆਪਣੇ ਅੰਤ ਦਿਆਂ ਦਿਨਾਂ ਵਿਚ ਪਹੁੰਚ ਗਈ ਹੈ।—ਮੱਤੀ 24:3, 7, 8, 12; ਲੂਕਾ 21:10, 11; 2 ਤਿਮੋਥਿਉਸ 3:1-5.
5. ਜਲਦੀ ਹੀ ਯਿਸੂ ਲੋਕਾਂ ਦਾ ਨਿਆਉਂ ਕਰਦੇ ਹੋਏ, ਉਨ੍ਹਾਂ ਨੂੰ ਇਕ ਦੂਸਰੇ ਤੋਂ ਵੱਖਰਿਆਂ ਕਰੇਗਾ, ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਾ ਕਰਦਾ ਹੈ। “ਭੇਡਾਂ” ਉਹ ਲੋਕ ਹਨ ਜੋ ਖ਼ੁਦ ਨੂੰ ਉਸ ਦੀ ਨਿਸ਼ਠਾਵਾਨ ਪਰਜਾ ਸਾਬਤ ਕਰ ਚੁੱਕੇ ਹੋਣਗੇ। ਉਹ ਧਰਤੀ ਉੱਤੇ ਸਦੀਪਕ ਜੀਵਨ ਹਾਸਲ ਕਰਨਗੇ। “ਬੱਕਰੀਆਂ” ਉਹ ਲੋਕ ਹਨ ਜੋ ਪਰਮੇਸ਼ੁਰ ਦੇ ਰਾਜ ਨੂੰ ਰੱਦ ਕਰ ਚੁੱਕੇ ਹੋਣਗੇ। (ਮੱਤੀ 25:31-34, 46) ਨੇੜੇ ਭਵਿੱਖ ਵਿਚ, ਯਿਸੂ ਸਾਰੇ ਬੱਕਰੀ-ਸਮਾਨ ਲੋਕਾਂ ਨੂੰ ਨਾਸ਼ ਕਰੇਗਾ। (2 ਥੱਸਲੁਨੀਕੀਆਂ 1:6-9) ਜੇਕਰ ਤੁਸੀਂ ਯਿਸੂ ਦੀਆਂ “ਭੇਡਾਂ” ਵਿੱਚੋਂ ਇਕ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਜ ਸੰਦੇਸ਼ ਨੂੰ ਸੁਣਨਾ ਅਤੇ ਜੋ ਕੁਝ ਤੁਸੀਂ ਸਿੱਖਦੇ ਹੋ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ।—ਮੱਤੀ 24:14.
6. ਇਸ ਸਮੇਂ ਧਰਤੀ ਬਹੁਤ ਸਾਰੇ ਦੇਸ਼ਾਂ ਵਿਚ ਵਿਭਾਜਿਤ ਹੈ। ਹਰੇਕ ਦੀ ਆਪਣੀ ਸਰਕਾਰ ਹੈ। ਇਹ ਕੌਮਾਂ ਅਕਸਰ ਇਕ ਦੂਜੇ ਨਾਲ ਲੜਦੀਆਂ ਹਨ। ਪਰੰਤੂ ਪਰਮੇਸ਼ੁਰ ਦਾ ਰਾਜ ਸਾਰੀਆਂ ਮਾਨਵ ਸਰਕਾਰਾਂ ਦੀ ਥਾਂ ਲੈ ਲਵੇਗਾ। ਇਹ ਪੂਰੀ ਧਰਤੀ ਉੱਤੇ ਇੱਕੋ-ਇਕ ਸਰਕਾਰ ਵਜੋਂ ਰਾਜ ਕਰੇਗਾ। (ਦਾਨੀਏਲ 2:44) ਫਿਰ ਕਦੇ ਵੀ ਯੁੱਧ, ਅਪਰਾਧ, ਅਤੇ ਹਿੰਸਾ ਨਹੀਂ ਹੋਣਗੇ। ਸਾਰੇ ਲੋਕੀ ਸ਼ਾਂਤੀ ਅਤੇ ਏਕਤਾ ਵਿਚ ਇਕੱਠੇ ਰਹਿਣਗੇ।—ਮੀਕਾਹ 4:3, 4.
7. ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਦੌਰਾਨ, ਵਫ਼ਾਦਾਰ ਮਾਨਵ ਸੰਪੂਰਣ ਹੋ ਜਾਣਗੇ, ਅਤੇ ਪੂਰੀ ਧਰਤੀ ਇਕ ਪਰਾਦੀਸ ਬਣ ਜਾਵੇਗੀ। ਹਜ਼ਾਰ ਵਰ੍ਹਿਆਂ ਦੇ ਅੰਤ ਤੇ, ਯਿਸੂ ਉਹ ਸਭ ਕੁਝ ਕਰ ਚੁੱਕਿਆ ਹੋਵੇਗਾ ਜੋ ਪਰਮੇਸ਼ੁਰ ਨੇ ਉਸ ਨੂੰ ਕਰਨ ਲਈ ਕਿਹਾ ਸੀ। ਤਦ ਉਹ ਉਸ ਰਾਜ ਨੂੰ ਆਪਣੇ ਪਿਤਾ ਨੂੰ ਵਾਪਸ ਸੌਂਪ ਦੇਵੇਗਾ। (1 ਕੁਰਿੰਥੀਆਂ 15:24) ਕਿਉਂ ਨਾ ਆਪਣੇ ਮਿੱਤਰਾਂ ਅਤੇ ਪਿਆਰਿਆਂ ਨੂੰ ਦੱਸੋ ਕਿ ਪਰਮੇਸ਼ੁਰ ਦਾ ਰਾਜ ਕੀ ਕੁਝ ਕਰਨ ਵਾਲਾ ਹੈ?
[ਸਫ਼ਾ 13 ਉੱਤੇ ਤਸਵੀਰ]
ਯਿਸੂ ਦੇ ਰਾਜ ਦੇ ਅਧੀਨ, ਫਿਰ ਕਦੇ ਵੀ ਨਫ਼ਰਤ ਜਾਂ ਪੱਖਪਾਤ ਨਹੀਂ ਹੋਵੇਗਾ