ਅਧਿਆਇ 14
“ਅਸੀਂ ਸਾਰਿਆਂ ਨੇ ਸਹਿਮਤ ਹੋ ਕੇ ਫ਼ੈਸਲਾ ਲਿਆ ਹੈ”
ਪ੍ਰਬੰਧਕ ਸਭਾ ਨੇ ਕਿਵੇਂ ਫ਼ੈਸਲਾ ਕੀਤਾ ਜਿਸ ਕਰਕੇ ਮੰਡਲੀਆਂ ਵਿਚ ਏਕਤਾ ਹੋਈ?
ਰਸੂਲਾਂ ਦੇ ਕੰਮ 15:13-35 ਵਿੱਚੋਂ
1, 2. (ੳ) ਪਹਿਲੀ ਸਦੀ ਦੀ ਮਸੀਹੀ ਮੰਡਲੀ ਦੀ ਪ੍ਰਬੰਧਕ ਸਭਾ ਨੂੰ ਕਿਹੜੇ ਗੰਭੀਰ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ? (ਅ) ਕਿਨ੍ਹਾਂ ਗੱਲਾਂ ਦੀ ਮਦਦ ਨਾਲ ਉਹ ਭਰਾ ਸਹੀ ਫ਼ੈਸਲਾ ਕਰ ਸਕਦੇ ਹਨ?
ਕਮਰੇ ਵਿਚ ਚੁੱਪ ਛਾਈ ਹੋਈ ਹੈ। ਯਰੂਸ਼ਲਮ ਵਿਚ ਇਕੱਠੇ ਹੋਏ ਰਸੂਲ ਅਤੇ ਬਜ਼ੁਰਗ ਇਕ-ਦੂਜੇ ਵੱਲ ਦੇਖਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਫ਼ੈਸਲੇ ਦੀ ਘੜੀ ਆ ਗਈ ਹੈ। ਸੁੰਨਤ ਦੇ ਮਸਲੇ ਕਾਰਨ ਗੰਭੀਰ ਸਵਾਲ ਖੜ੍ਹੇ ਹੋਏ ਹਨ। ਕੀ ਮਸੀਹੀ ਮੂਸਾ ਦੇ ਕਾਨੂੰਨ ਅਧੀਨ ਹਨ? ਕੀ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਵਿਚ ਕੋਈ ਫ਼ਰਕ ਹੋਣਾ ਚਾਹੀਦਾ ਹੈ?
2 ਮੋਹਰੀ ਭਰਾਵਾਂ ਨੇ ਸਬੂਤਾਂ ਉੱਤੇ ਕਾਫ਼ੀ ਸੋਚ-ਵਿਚਾਰ ਕੀਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਭਵਿੱਖਬਾਣੀਆਂ ʼਤੇ ਗੌਰ ਕੀਤਾ ਹੈ ਅਤੇ ਪਤਰਸ ਤੇ ਹੋਰ ਭਰਾਵਾਂ ਦੀ ਗਵਾਹੀ ਸੁਣੀ ਕਿ ਯਹੋਵਾਹ ਨੇ ਗ਼ੈਰ-ਯਹੂਦੀ ਲੋਕਾਂ ਉੱਤੇ ਕਿਵੇਂ ਮਿਹਰ ਕੀਤੀ ਹੈ। ਉਨ੍ਹਾਂ ਸਾਰਿਆਂ ਨੇ ਖੁੱਲ੍ਹ ਕੇ ਆਪੋ-ਆਪਣੀ ਰਾਇ ਪ੍ਰਗਟਾਈ ਹੈ। ਉਨ੍ਹਾਂ ਕੋਲ ਇਸ ਮਸਲੇ ਸੰਬੰਧੀ ਕਾਫ਼ੀ ਸਬੂਤ ਜਮ੍ਹਾ ਹੋ ਗਏ ਹਨ ਜਿਨ੍ਹਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸੇਧ ਦੇ ਰਿਹਾ ਹੈ। ਕੀ ਇਹ ਭਰਾ ਇਸ ਸੇਧ ਮੁਤਾਬਕ ਚੱਲਣਗੇ?
3. ਰਸੂਲਾਂ ਦੇ ਕੰਮ ਦੇ 15ਵੇਂ ਅਧਿਆਇ ਵਿਚ ਦਿੱਤੇ ਬਿਰਤਾਂਤ ਉੱਤੇ ਗੌਰ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
3 ਇਸ ਮਾਮਲੇ ਵਿਚ ਪਵਿੱਤਰ ਸ਼ਕਤੀ ਦੀ ਸੇਧ ਮੁਤਾਬਕ ਚੱਲਣ ਲਈ ਪੱਕੀ ਨਿਹਚਾ ਅਤੇ ਹਿੰਮਤ ਦਿਖਾਉਣ ਦੀ ਲੋੜ ਪਵੇਗੀ। ਕਿਉਂ? ਕਿਉਂਕਿ ਇਸ ਕਾਰਨ ਯਹੂਦੀ ਧਾਰਮਿਕ ਆਗੂ ਮਸੀਹੀਆਂ ਦੀ ਜਾਨ ਪਿੱਛੇ ਹੱਥ ਧੋ ਕੇ ਪੈ ਜਾਣਗੇ। ਨਾਲੇ ਮੰਡਲੀਆਂ ਵਿਚ ਕੁਝ ਭਰਾ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਜਿਹੜੇ ਪਰਮੇਸ਼ੁਰ ਦੇ ਲੋਕਾਂ ਨੂੰ ਮੂਸਾ ਦੇ ਕਾਨੂੰਨ ਦੇ ਜੂਲੇ ਹੇਠ ਦੁਬਾਰਾ ਲਿਆਉਣਾ ਚਾਹੁੰਦੇ ਹਨ। ਪ੍ਰਬੰਧਕ ਸਭਾ ਕੀ ਕਰੇਗੀ? ਆਓ ਦੇਖੀਏ। ਇਸ ਬਿਰਤਾਂਤ ʼਤੇ ਗੌਰ ਕਰ ਕੇ ਅਸੀਂ ਦੇਖਾਂਗੇ ਕਿ ਉਨ੍ਹਾਂ ਭਰਾਵਾਂ ਨੇ ਇਸ ਮਸਲੇ ਨੂੰ ਹੱਲ ਕਰ ਕੇ ਜੋ ਨਮੂਨਾ ਕਾਇਮ ਕੀਤਾ ਸੀ, ਉਸ ਉੱਤੇ ਅੱਜ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵੀ ਚੱਲਦੀ ਹੈ। ਸਾਨੂੰ ਵੀ ਇਸ ਨਮੂਨੇ ਉੱਤੇ ਚੱਲਣ ਦੀ ਲੋੜ ਹੈ ਕਿਉਂਕਿ ਮਸੀਹੀ ਹੋਣ ਕਰਕੇ ਸਾਨੂੰ ਵੀ ਜ਼ਿੰਦਗੀ ਵਿਚ ਕਈ ਫ਼ੈਸਲੇ ਕਰਨੇ ਪੈਂਦੇ ਹਨ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
‘ਨਬੀਆਂ ਦੀਆਂ ਲਿਖਤਾਂ ਸਹਿਮਤ ਹਨ’ (ਰਸੂ. 15:13-21)
4, 5. ਯਾਕੂਬ ਨੇ ਚਰਚਾ ਦੌਰਾਨ ਪਰਮੇਸ਼ੁਰ ਦੇ ਬਚਨ ਵਿੱਚੋਂ ਕਿਹੜੀ ਭਵਿੱਖਬਾਣੀ ਦਾ ਜ਼ਿਕਰ ਕੀਤਾ ਸੀ?
4 ਪਤਰਸ, ਪੌਲੁਸ ਤੇ ਬਰਨਾਬਾਸ ਦੀ ਗੱਲ ਸੁਣਨ ਤੋਂ ਬਾਅਦ ਯਿਸੂ ਦੇ ਭਰਾ ਤੇ ਚੇਲੇ ਯਾਕੂਬ ਨੇ ਗੱਲ ਕਰਨੀ ਸ਼ੁਰੂ ਕੀਤੀ। a ਲੱਗਦਾ ਹੈ ਕਿ ਇਸ ਮੌਕੇ ʼਤੇ ਉਹ ਮੀਟਿੰਗ ਦਾ ਚੇਅਰਮੈਨ ਸੀ। ਉਸ ਨੇ ਆਪਣੇ ਸ਼ਬਦਾਂ ਵਿਚ ਸਾਰੀਆਂ ਗੱਲਾਂ ਦਾ ਸਾਰ ਦਿੱਤਾ ਜਿਨ੍ਹਾਂ ਨਾਲ ਸ਼ਾਇਦ ਪ੍ਰਬੰਧਕ ਸਭਾ ਦੇ ਸਾਰੇ ਮੈਂਬਰ ਸਹਿਮਤ ਸਨ। ਉਸ ਨੇ ਕਿਹਾ: “ਸ਼ਿਮਓਨ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ। ਨਬੀਆਂ ਦੀਆਂ ਲਿਖਤਾਂ ਵੀ ਇਸ ਗੱਲ ਨਾਲ ਸਹਿਮਤ ਹਨ।”—ਰਸੂ. 15:14, 15.
5 ਸ਼ਮਊਨ ਪਤਰਸ ਦੇ ਭਾਸ਼ਣ ਅਤੇ ਬਰਨਾਬਾਸ ਤੇ ਪੌਲੁਸ ਦੁਆਰਾ ਪੇਸ਼ ਕੀਤੇ ਸਬੂਤ ਉੱਤੇ ਗੌਰ ਕਰ ਕੇ ਯਾਕੂਬ ਨੂੰ ਉਹ ਢੁਕਵੇਂ ਹਵਾਲੇ ਯਾਦ ਆਏ ਹੋਣੇ ਜਿਨ੍ਹਾਂ ਨੇ ਇਸ ਮਸਲੇ ʼਤੇ ਹੋਰ ਚਾਨਣਾ ਪਾਇਆ। (ਯੂਹੰ. 14:26) ਇਹ ਕਹਿਣ ਤੋਂ ਬਾਅਦ ਕਿ ‘ਨਬੀਆਂ ਦੀਆਂ ਲਿਖਤਾਂ ਵੀ ਸਹਿਮਤ ਹਨ,’ ਯਾਕੂਬ ਨੇ ਆਮੋਸ 9:11, 12 ਦਾ ਹਵਾਲਾ ਦਿੱਤਾ। ਇਹ ਕਿਤਾਬ ਇਬਰਾਨੀ ਲਿਖਤਾਂ ਦੇ ਉਸ ਹਿੱਸੇ ਵਿਚ ਹੈ ਜਿਸ ਨੂੰ ਆਮ ਤੌਰ ਤੇ “ਨਬੀਆਂ ਦੀਆਂ ਸਿੱਖਿਆਵਾਂ” ਕਿਹਾ ਜਾਂਦਾ ਸੀ। (ਮੱਤੀ 22:40; ਰਸੂ. 15:16-18) ਤੁਸੀਂ ਦੇਖੋਗੇ ਕਿ ਯਾਕੂਬ ਨੇ ਜਿਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ ਸੀ, ਉਹ ਅੱਜ ਆਮੋਸ ਦੀ ਕਿਤਾਬ ਵਿਚ ਪਾਏ ਜਾਂਦੇ ਸ਼ਬਦਾਂ ਨਾਲੋਂ ਵੱਖਰੇ ਸਨ। ਇਹ ਫ਼ਰਕ ਸ਼ਾਇਦ ਇਸ ਲਈ ਹੈ ਕਿਉਂਕਿ ਉਸ ਨੇ ਇਬਰਾਨੀ ਲਿਖਤਾਂ ਦੇ ਯੂਨਾਨੀ ਅਨੁਵਾਦ ਸੈਪਟੁਜਿੰਟ ਵਿੱਚੋਂ ਹਵਾਲਾ ਦਿੱਤਾ ਸੀ।
6. ਪਰਮੇਸ਼ੁਰ ਦੇ ਬਚਨ ਨੇ ਇਸ ਮਸਲੇ ʼਤੇ ਕਿਵੇਂ ਹੋਰ ਚਾਨਣਾ ਪਾਇਆ?
6 ਯਹੋਵਾਹ ਨੇ ਆਮੋਸ ਨਬੀ ਰਾਹੀਂ ਭਵਿੱਖਬਾਣੀ ਕੀਤੀ ਸੀ ਕਿ ਸਮਾਂ ਆਉਣ ਤੇ ਉਹ ‘ਦਾਊਦ ਦਾ ਘਰ’ ਦੁਬਾਰਾ ਬਣਾਵੇਗਾ ਯਾਨੀ ਉਸ ਦੀ ਪੀੜ੍ਹੀ ਵਿਚ ਪੈਦਾ ਹੋਣ ਵਾਲੀ ਇਕ ਸੰਤਾਨ ਨੂੰ ਰਾਜ ਦੇਵੇਗਾ ਅਤੇ ਮਸੀਹ ਦਾ ਰਾਜ ਸਥਾਪਿਤ ਕਰੇਗਾ। (ਹਿਜ਼. 21:26, 27) ਕੀ ਯਹੋਵਾਹ ਇਕ ਵਾਰ ਫਿਰ ਪੈਦਾਇਸ਼ੀ ਯਹੂਦੀ ਕੌਮ ਨਾਲ ਹੀ ਵਾਸਤਾ ਰੱਖੇਗਾ? ਨਹੀਂ। ਭਵਿੱਖਬਾਣੀ ਵਿਚ ਅੱਗੇ ਦੱਸਿਆ ਹੈ ਕਿ “ਸਾਰੀਆਂ ਕੌਮਾਂ ਦੇ ਲੋਕਾਂ” ਨੂੰ ਇਕੱਠਾ ਕੀਤਾ ਜਾਵੇਗਾ ‘ਜਿਨ੍ਹਾਂ ਵਿੱਚੋਂ ਪਰਮੇਸ਼ੁਰ ਆਪਣੇ ਨਾਂ ਲਈ ਲੋਕਾਂ ਨੂੰ ਚੁਣੇਗਾ।’ ਯਾਦ ਕਰੋ, ਪਤਰਸ ਨੇ ਹੁਣੇ-ਹੁਣੇ ਗਵਾਹੀ ਦਿੱਤੀ ਸੀ ਕਿ ਪਰਮੇਸ਼ੁਰ ਨੇ “ਸਾਡੇ ਵਿਚ [ਯਾਨੀ ਯਹੂਦੀ ਮਸੀਹੀਆਂ] ਅਤੇ ਉਨ੍ਹਾਂ ਵਿਚ [ਯਾਨੀ ਗ਼ੈਰ-ਯਹੂਦੀ ਮਸੀਹੀਆਂ ਵਿਚ] ਕੋਈ ਫ਼ਰਕ ਨਹੀਂ ਕੀਤਾ, ਪਰ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।” (ਰਸੂ. 15:9) ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੋਵਾਂ ਨੂੰ ਰਾਜ ਦੇ ਵਾਰਸ ਬਣਾਉਣਾ ਚਾਹੁੰਦਾ ਸੀ। (ਰੋਮੀ. 8:17; ਅਫ਼. 2:17-19) ਭਵਿੱਖਬਾਣੀਆਂ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਹੈ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਵਾਰਸ ਬਣਨ ਤੋਂ ਪਹਿਲਾਂ ਸੁੰਨਤ ਕਰਾਉਣ ਜਾਂ ਯਹੂਦੀ ਧਰਮ ਅਪਣਾਉਣ ਦੀ ਲੋੜ ਹੈ।
7, 8. (ੳ) ਯਾਕੂਬ ਨੇ ਕਿਹੜਾ ਸੁਝਾਅ ਪੇਸ਼ ਕੀਤਾ? (ਅ) ਯਾਕੂਬ ਨੇ ਮੀਟਿੰਗ ਵਿਚ ਕੀ ਨਹੀਂ ਕੀਤਾ?
7 ਧਰਮ-ਗ੍ਰੰਥ ਦੇ ਇਸ ਸਬੂਤ ਅਤੇ ਭਰਾਵਾਂ ਦੀ ਗਵਾਹੀ ਸੁਣ ਕੇ ਯਾਕੂਬ ਨੇ ਪ੍ਰਬੰਧਕ ਸਭਾ ਸਾਮ੍ਹਣੇ ਇਹ ਸੁਝਾਅ ਰੱਖਿਆ: “ਇਸ ਲਈ ਮੇਰੀ ਸਲਾਹ ਇਹੀ ਹੈ ਕਿ ਪਰਮੇਸ਼ੁਰ ਵੱਲ ਮੁੜ ਰਹੇ ਗ਼ੈਰ-ਯਹੂਦੀ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਨਾ ਕੀਤੀਆਂ ਜਾਣ, ਪਰ ਉਨ੍ਹਾਂ ਨੂੰ ਲਿਖ ਕੇ ਦੱਸਿਆ ਜਾਵੇ ਕਿ ਉਹ ਮੂਰਤੀ-ਪੂਜਾ ਨਾਲ ਭ੍ਰਿਸ਼ਟ ਹੋਈਆਂ ਚੀਜ਼ਾਂ ਤੋਂ, ਹਰਾਮਕਾਰੀ ਤੋਂ, ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਖ਼ੂਨ ਤੋਂ ਦੂਰ ਰਹਿਣ। ਪੁਰਾਣੇ ਸਮਿਆਂ ਤੋਂ ਲੋਕ ਹਰ ਸ਼ਹਿਰ ਵਿਚ ਮੂਸਾ ਦੀਆਂ ਗੱਲਾਂ ਦਾ ਪ੍ਰਚਾਰ ਕਰਦੇ ਆਏ ਹਨ ਕਿਉਂਕਿ ਉਸ ਦੀਆਂ ਲਿਖੀਆਂ ਗੱਲਾਂ ਸਭਾ ਘਰਾਂ ਵਿਚ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ।”—ਰਸੂ. 15:19-21.
8 ਧਿਆਨ ਦਿਓ ਕਿ ਮੀਟਿੰਗ ਦਾ ਚੇਅਰਮੈਨ ਹੋਣ ਕਰਕੇ ਯਾਕੂਬ ਨੇ ਆਪਣੀ ਚੌਧਰ ਝਾੜਦੇ ਹੋਏ ਦੂਜੇ ਭਰਾਵਾਂ ਉੱਤੇ ਆਪਣਾ ਫ਼ੈਸਲਾ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਕਿਹਾ: “ਮੇਰੀ ਸਲਾਹ ਇਹੀ ਹੈ।” ਇਸ ਤਰ੍ਹਾਂ ਉਸ ਨੇ ਆਪਣਾ ਸੁਝਾਅ ਹੀ ਪੇਸ਼ ਕੀਤਾ ਜੋ ਮੀਟਿੰਗ ਵਿਚ ਪੇਸ਼ ਕੀਤੇ ਸਬੂਤ ਅਤੇ ਧਰਮ-ਗ੍ਰੰਥ ਦੀਆਂ ਗੱਲਾਂ ਉੱਤੇ ਆਧਾਰਿਤ ਸੀ। ਸਾਰੇ ਭਰਾ ਉਸ ਦੇ ਸੁਝਾਅ ਉੱਤੇ ਵਿਚਾਰ ਕਰ ਸਕਦੇ ਸਨ।
9. ਯਾਕੂਬ ਦੀ ਸਲਾਹ ਦੇ ਕਿਹੜੇ ਫ਼ਾਇਦੇ ਹੋਣੇ ਸਨ?
9 ਕੀ ਯਾਕੂਬ ਨੇ ਚੰਗੀ ਸਲਾਹ ਦਿੱਤੀ ਸੀ? ਹਾਂ, ਕਿਉਂਕਿ ਬਾਅਦ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਉਸ ਦੀ ਸਲਾਹ ਮੰਨ ਕੇ ਫ਼ੈਸਲਾ ਕੀਤਾ ਸੀ। ਇਸ ਦੇ ਫ਼ਾਇਦੇ ਕੀ ਹੋਏ? ਇਕ ਤਾਂ ਇਹ ਸੀ ਕਿ ਇਹ ਫ਼ੈਸਲਾ ਲਾਗੂ ਕਰਨ ਨਾਲ ਗ਼ੈਰ-ਯਹੂਦੀ ਮਸੀਹੀਆਂ ਲਈ ਹੋਰ “ਮੁਸੀਬਤਾਂ ਖੜ੍ਹੀਆਂ” ਨਹੀਂ ਹੋਣੀਆਂ ਸਨ ਜੋ ਮੂਸਾ ਦੇ ਕਾਨੂੰਨ ਦੀਆਂ ਮੰਗਾਂ ਥੋਪਣ ਨਾਲ ਖੜ੍ਹੀਆਂ ਹੋਣੀਆਂ ਸਨ। (ਰਸੂ. 15:19) ਨਾਲੇ ਇਹ ਫ਼ੈਸਲਾ ਯਹੂਦੀ ਮਸੀਹੀਆਂ ਦੀ ਜ਼ਮੀਰ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਸੀ ਜਿਹੜੇ ਸਾਲਾਂ ਤੋਂ ‘ਮੂਸਾ ਦੀਆਂ ਲਿਖੀਆਂ ਗੱਲਾਂ’ ਸੁਣਦੇ ਆਏ ਸਨ ਜੋ ‘ਸਭਾ ਘਰਾਂ ਵਿਚ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਸਨ।’ b (ਰਸੂ. 15:21) ਇਸ ਫ਼ੈਸਲੇ ਕਾਰਨ ਯਹੂਦੀ ਮਸੀਹੀਆਂ ਅਤੇ ਗ਼ੈਰ-ਯਹੂਦੀ ਮਸੀਹੀਆਂ ਦਾ ਰਿਸ਼ਤਾ ਆਪਸ ਵਿਚ ਮਜ਼ਬੂਤ ਹੋਣਾ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਤੋਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ੀ ਮਿਲਣੀ ਸੀ ਕਿਉਂਕਿ ਇਹ ਫ਼ੈਸਲਾ ਉਸ ਦੇ ਮਕਸਦ ਦੇ ਅਨੁਸਾਰ ਸੀ। ਭਰਾਵਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਇਆ ਕਿਉਂਕਿ ਇਸ ਕਾਰਨ ਪਰਮੇਸ਼ੁਰ ਦੇ ਲੋਕਾਂ ਦੀ ਪੂਰੀ ਮੰਡਲੀ ਦੀ ਏਕਤਾ ਅਤੇ ਭਲਾਈ ਖ਼ਤਰੇ ਵਿਚ ਪੈ ਗਈ ਸੀ। ਉਨ੍ਹਾਂ ਨੇ ਅੱਜ ਦੀ ਮਸੀਹੀ ਮੰਡਲੀ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
10. ਅੱਜ ਪ੍ਰਬੰਧਕ ਸਭਾ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੇ ਨਮੂਨੇ ਉੱਤੇ ਕਿਵੇਂ ਚੱਲਦੀ ਹੈ?
10 ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਪਹਿਲੀ ਸਦੀ ਵਾਂਗ ਅੱਜ ਵੀ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹਰ ਮਾਮਲੇ ਵਿਚ ਸਾਰੇ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਅਤੇ ਮੰਡਲੀ ਦੇ ਮੁਖੀ ਯਿਸੂ ਮਸੀਹ ਦੀ ਸੇਧ ਲੈਂਦੀ ਹੈ। c (1 ਕੁਰਿੰ. 11:3) ਉਹ ਕਿਵੇਂ ਸੇਧ ਲੈਂਦੀ ਹੈ? ਐਲਬਰਟ ਡੀ. ਸ਼੍ਰੋਡਰ 1974 ਤੋਂ ਲੈ ਕੇ ਮਾਰਚ 2006 ਵਿਚ ਆਪਣੀ ਮੌਤ ਤਕ ਪ੍ਰਬੰਧਕ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਕਿਹਾ ਸੀ: “ਪ੍ਰਬੰਧਕ ਸਭਾ ਦੇ ਮੈਂਬਰ ਬੁੱਧਵਾਰ ਇਕੱਠੇ ਹੁੰਦੇ ਹਨ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਹ ਯਹੋਵਾਹ ਨੂੰ ਪਵਿੱਤਰ ਸ਼ਕਤੀ ਦੇ ਨਿਰਦੇਸ਼ਨ ਲਈ ਪ੍ਰਾਰਥਨਾ ਕਰਦੇ ਹਨ। ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਹਰ ਮਾਮਲੇ ਦਾ ਹੱਲ ਅਤੇ ਹਰ ਫ਼ੈਸਲਾ ਪਰਮੇਸ਼ੁਰ ਦੇ ਬਚਨ ਦੀ ਸਲਾਹ ਮੁਤਾਬਕ ਕੀਤਾ ਜਾਵੇ।” ਇਸੇ ਤਰ੍ਹਾਂ ਭਰਾ ਮਿਲਟਨ ਜੀ. ਹੈੱਨਸ਼ਲ ਮਾਰਚ 2003 ਵਿਚ ਆਪਣੀ ਮੌਤ ਤਕ ਲੰਬਾ ਸਮਾਂ ਪ੍ਰਬੰਧਕ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 101ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਕ ਸਵਾਲ ਪੁੱਛਿਆ: “ਕੀ ਧਰਤੀ ਉੱਤੇ ਕੋਈ ਹੋਰ ਸੰਗਠਨ ਹੈ ਜਿਸ ਦੀ ਪ੍ਰਬੰਧਕ ਸਭਾ ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਲਾਹ ਲੈਂਦੀ ਹੋਵੇ?” ਨਹੀਂ, ਕੋਈ ਨਹੀਂ।
‘ਚੁਣੇ ਹੋਏ ਆਦਮੀਆਂ ਨੂੰ ਘੱਲਿਆ ਜਾਵੇ’ (ਰਸੂ. 15:22-29)
11. ਪ੍ਰਬੰਧਕ ਸਭਾ ਦਾ ਫ਼ੈਸਲਾ ਮੰਡਲੀਆਂ ਨੂੰ ਕਿਵੇਂ ਸੁਣਾਇਆ ਗਿਆ ਸੀ?
11 ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਸਹਿਮਤ ਹੋ ਕੇ ਸੁੰਨਤ ਦੇ ਮਸਲੇ ਬਾਰੇ ਫ਼ੈਸਲਾ ਲਿਆ ਸੀ। ਇਸ ਫ਼ੈਸਲੇ ਬਾਰੇ ਭਰਾਵਾਂ ਨੂੰ ਪਿਆਰ ਨਾਲ ਸਮਝਾ ਕੇ ਸਾਫ਼-ਸਾਫ਼ ਦੱਸਣ ਦੀ ਲੋੜ ਸੀ ਤਾਂਕਿ ਮੰਡਲੀਆਂ ਵਿਚ ਏਕਤਾ ਕਾਇਮ ਰਹੇ ਅਤੇ ਉਨ੍ਹਾਂ ਦਾ ਹੌਸਲਾ ਵਧੇ। ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਸੀ? ਬਿਰਤਾਂਤ ਦੱਸਦਾ ਹੈ: “ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਚੁਣੇ ਹੋਏ ਆਦਮੀਆਂ ਨੂੰ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ; ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।” ਇਸ ਤੋਂ ਇਲਾਵਾ, ਇਕ ਚਿੱਠੀ ਵੀ ਲਿਖ ਕੇ ਇਨ੍ਹਾਂ ਭਰਾਵਾਂ ਦੇ ਹੱਥ ਘੱਲੀ ਗਈ ਤਾਂਕਿ ਅੰਤਾਕੀਆ, ਸੀਰੀਆ ਤੇ ਕਿਲਿਕੀਆ ਦੀਆਂ ਸਾਰੀਆਂ ਮੰਡਲੀਆਂ ਵਿਚ ਪੜ੍ਹੀ ਜਾਵੇ।—ਰਸੂ. 15:22-26.
12, 13. (ੳ) ਯਹੂਦਾ ਅਤੇ ਸੀਲਾਸ ਨੂੰ ਭੇਜਣ ਦਾ ਕੀ ਫ਼ਾਇਦਾ ਹੋਇਆ? (ਅ) ਪ੍ਰਬੰਧਕ ਸਭਾ ਦੁਆਰਾ ਚਿੱਠੀ ਭੇਜਣ ਦਾ ਕੀ ਚੰਗਾ ਨਤੀਜਾ ਨਿਕਲਿਆ?
12 ਯਹੂਦਾ ਅਤੇ ਸੀਲਾਸ ‘ਭਰਾਵਾਂ ਦੀ ਅਗਵਾਈ ਕਰਦੇ ਸਨ,’ ਇਸ ਲਈ ਉਹ ਪ੍ਰਬੰਧਕ ਸਭਾ ਦੇ ਪ੍ਰਤੀਨਿਧੀਆਂ ਵਜੋਂ ਕੰਮ ਕਰਨ ਦੇ ਪੂਰੀ ਤਰ੍ਹਾਂ ਲਾਇਕ ਸਨ। ਇਨ੍ਹਾਂ ਚਾਰਾਂ ਦੇ ਹੱਥੀਂ ਭੇਜੀ ਚਿੱਠੀ ਵਿਚ ਪ੍ਰਬੰਧਕ ਸਭਾ ਨੇ ਸੁੰਨਤ ਦੇ ਮਾਮਲੇ ਬਾਰੇ ਪੁੱਛੇ ਸਵਾਲ ਦਾ ਨਾ ਸਿਰਫ਼ ਜਵਾਬ ਦਿੱਤਾ ਸੀ, ਸਗੋਂ ਇਸ ਵਿਚ ਪ੍ਰਬੰਧਕ ਸਭਾ ਨੇ ਸਾਫ਼-ਸਾਫ਼ ਹਿਦਾਇਤ ਵੀ ਦਿੱਤੀ ਸੀ। ‘ਚੁਣੇ ਹੋਏ ਆਦਮੀ’ ਯਹੂਦਾ ਅਤੇ ਸੀਲਾਸ ਯਰੂਸ਼ਲਮ ਦੇ ਯਹੂਦੀ ਮਸੀਹੀਆਂ ਦਾ ਵੱਖੋ-ਵੱਖਰੀਆਂ ਮੰਡਲੀਆਂ ਦੇ ਗ਼ੈਰ-ਯਹੂਦੀ ਮਸੀਹੀਆਂ ਨਾਲ ਰਿਸ਼ਤਾ ਮਜ਼ਬੂਤ ਕਰਨਗੇ। ਵਾਕਈ, ਇਨ੍ਹਾਂ ਭਰਾਵਾਂ ਨੂੰ ਭੇਜਣਾ ਅਕਲਮੰਦੀ ਦਾ ਫ਼ੈਸਲਾ ਸੀ। ਇਸ ਕਾਰਨ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਅਤੇ ਏਕਤਾ ਬਣੀ ਰਹੀ।
13 ਇਸ ਚਿੱਠੀ ਤੋਂ ਗ਼ੈਰ-ਯਹੂਦੀ ਮਸੀਹੀਆਂ ਨੂੰ ਨਾ ਸਿਰਫ਼ ਸੁੰਨਤ ਦੇ ਮਸਲੇ ਬਾਰੇ ਸਾਫ਼-ਸਾਫ਼ ਹਿਦਾਇਤ ਮਿਲੀ, ਸਗੋਂ ਇਹ ਵੀ ਪਤਾ ਲੱਗਾ ਕਿ ਪਰਮੇਸ਼ੁਰ ਦੀ ਮਿਹਰ ਤੇ ਬਰਕਤ ਪਾਉਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ। ਚਿੱਠੀ ਦੀ ਮੁੱਖ ਗੱਲ ਇਹ ਸੀ: “ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ: ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਖ਼ੂਨ ਤੋਂ, ਗਲ਼ਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹੋ। ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!”—ਰਸੂ. 15:28, 29.
14. ਅੱਜ ਯਹੋਵਾਹ ਦੇ ਲੋਕਾਂ ਵਿਚ ਏਕਤਾ ਕਿਉਂ ਹੈ ਜਦ ਕਿ ਦੁਨੀਆਂ ਵਿਚ ਫੁੱਟ ਪਈ ਹੋਈ ਹੈ?
14 ਅੱਜ ਦੁਨੀਆਂ ਭਰ ਦੀਆਂ ਇਕ ਲੱਖ ਨਾਲੋਂ ਜ਼ਿਆਦਾ ਮੰਡਲੀਆਂ ਵਿਚ 80 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਇੱਕੋ ਜਿਹੀਆਂ ਸਿੱਖਿਆਵਾਂ ʼਤੇ ਚੱਲਦੇ ਹਨ ਅਤੇ ਉਨ੍ਹਾਂ ਦਾ ਭਗਤੀ ਕਰਨ ਦਾ ਤਰੀਕਾ ਵੀ ਇੱਕੋ ਜਿਹਾ ਹੈ। ਇਹ ਏਕਤਾ ਕਿਵੇਂ ਸੰਭਵ ਹੋਈ ਹੈ, ਜਦ ਕਿ ਇਸ ਦੁਨੀਆਂ ਵਿਚ ਉਥਲ-ਪੁਥਲ ਮਚੀ ਹੋਈ ਹੈ ਤੇ ਲੋਕਾਂ ਵਿਚ ਫੁੱਟ ਪਈ ਹੋਈ ਹੈ? ਇਸ ਦਾ ਮੁੱਖ ਕਾਰਨ ਇਹ ਹੈ ਕਿ ਮੰਡਲੀ ਦਾ ਮੁਖੀ ਯਿਸੂ ਮਸੀਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਯਾਨੀ ਪ੍ਰਬੰਧਕ ਸਭਾ ਦੇ ਜ਼ਰੀਏ ਉਨ੍ਹਾਂ ਨੂੰ ਸਾਫ਼-ਸਾਫ਼ ਸੇਧ ਦਿੰਦਾ ਹੈ। (ਮੱਤੀ 24:45-47) ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਵਿਚ ਇਸ ਲਈ ਵੀ ਏਕਤਾ ਹੈ ਕਿਉਂਕਿ ਉਹ ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਨੁਸਾਰ ਖ਼ੁਸ਼ੀ-ਖ਼ੁਸ਼ੀ ਚੱਲਦੇ ਹਨ।
“ਉਨ੍ਹਾਂ ਨੂੰ ਹੌਸਲਾ ਮਿਲਿਆ ਤੇ ਬੇਹੱਦ ਖ਼ੁਸ਼ੀ ਹੋਈ” (ਰਸੂ. 15:30-35)
15, 16. ਸੁੰਨਤ ਦੇ ਮਸਲੇ ਬਾਰੇ ਫ਼ੈਸਲੇ ਦਾ ਕੀ ਨਤੀਜਾ ਨਿਕਲਿਆ ਅਤੇ ਕਿਉਂ?
15 ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਿੱਤਾ ਬਿਰਤਾਂਤ ਅੱਗੇ ਦੱਸਦਾ ਹੈ ਕਿ ਜਦੋਂ ਯਰੂਸ਼ਲਮ ਤੋਂ ਭਰਾ ਅੰਤਾਕੀਆ ਪਹੁੰਚੇ, ਤਾਂ “ਉਨ੍ਹਾਂ ਨੇ ਚੇਲਿਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਚਿੱਠੀ ਦੇ ਦਿੱਤੀ।” ਉੱਥੇ ਦੇ ਭਰਾਵਾਂ ਨੇ ਪ੍ਰਬੰਧਕ ਸਭਾ ਦੀ ਸੇਧ ਮਿਲਣ ਤੇ ਕਿਹੋ ਜਿਹਾ ਰਵੱਈਆ ਦਿਖਾਇਆ? “ਚਿੱਠੀ ਪੜ੍ਹ ਕੇ ਉਨ੍ਹਾਂ ਨੂੰ ਹੌਸਲਾ ਮਿਲਿਆ ਤੇ ਬੇਹੱਦ ਖ਼ੁਸ਼ੀ ਹੋਈ।” (ਰਸੂ. 15:30, 31) ਨਾਲੇ ਯਹੂਦਾ ਅਤੇ ਸੀਲਾਸ ਨੇ “ਆਪਣੀਆਂ ਗੱਲਾਂ ਨਾਲ ਭਰਾਵਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਤਕੜਾ ਕੀਤਾ।” ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਭਰਾ ਬਰਨਾਬਾਸ, ਪੌਲੁਸ ਅਤੇ ਹੋਰ ਭਰਾਵਾਂ ਵਾਂਗ “ਨਬੀ” ਸਨ ਕਿਉਂਕਿ ਨਬੀ ਪਰਮੇਸ਼ੁਰ ਦੀ ਇੱਛਾ ਬਾਰੇ ਦੂਸਰਿਆਂ ਨੂੰ ਦੱਸਦੇ ਸਨ।—ਰਸੂ. 13:1; 15:32; ਕੂਚ 7:1, 2.
16 ਸੁੰਨਤ ਦੇ ਮਸਲੇ ਬਾਰੇ ਫ਼ੈਸਲੇ ਕਰਨ ਲਈ ਜੋ ਕੁਝ ਵੀ ਕੀਤਾ ਗਿਆ ਸੀ, ਉਸ ਉੱਤੇ ਯਹੋਵਾਹ ਦੀ ਬਰਕਤ ਸਾਫ਼ ਦੇਖੀ ਜਾ ਸਕਦੀ ਸੀ। ਕਿਹੜੀ ਗੱਲ ਕਰਕੇ ਇਸ ਫ਼ੈਸਲੇ ਦਾ ਚੰਗਾ ਨਤੀਜਾ ਨਿਕਲਿਆ ਸੀ? ਪ੍ਰਬੰਧਕ ਸਭਾ ਨੇ ਸਮੇਂ ਸਿਰ ਪਰਮੇਸ਼ੁਰ ਦੇ ਬਚਨ ਵਿੱਚੋਂ ਅਤੇ ਪਵਿੱਤਰ ਸ਼ਕਤੀ ਦੇ ਨਿਰਦੇਸ਼ਨ ਅਧੀਨ ਸੇਧ ਦਿੱਤੀ ਸੀ। ਨਾਲੇ ਮੰਡਲੀਆਂ ਨੂੰ ਬੜੇ ਪਿਆਰ ਨਾਲ ਇਹ ਫ਼ੈਸਲਾ ਸੁਣਾਇਆ ਗਿਆ ਸੀ।
17. ਅੱਜ ਸਰਕਟ ਓਵਰਸੀਅਰ ਪੌਲੁਸ, ਬਰਨਾਬਾਸ, ਯਹੂਦਾ ਤੇ ਸੀਲਾਸ ਦੀ ਮਿਸਾਲ ਉੱਤੇ ਕਿਵੇਂ ਚੱਲਦੇ ਹਨ?
17 ਇਸ ਮਿਸਾਲ ਉੱਤੇ ਚੱਲਦੇ ਹੋਏ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਅੱਜ ਦੁਨੀਆਂ ਭਰ ਦੇ ਭੈਣ-ਭਰਾਵਾਂ ਨੂੰ ਸਮੇਂ ਸਿਰ ਸੇਧ ਦਿੰਦੀ ਹੈ। ਜਦੋਂ ਕੋਈ ਫ਼ੈਸਲਾ ਕੀਤਾ ਜਾਂਦਾ ਹੈ, ਤਾਂ ਇਹ ਮੰਡਲੀਆਂ ਨੂੰ ਸਾਫ਼-ਸਾਫ਼ ਸੁਣਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਦਾ ਇਕ ਜ਼ਰੀਆ ਹੈ ਸਰਕਟ ਓਵਰਸੀਅਰ। ਇਹ ਆਪਾ ਵਾਰਨ ਵਾਲੇ ਭਰਾ ਇਕ ਮੰਡਲੀ ਤੋਂ ਦੂਜੀ ਮੰਡਲੀ ਵਿਚ ਜਾ ਕੇ ਸਾਫ਼-ਸਾਫ਼ ਹਿਦਾਇਤਾਂ ਦਿੰਦੇ ਹਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਪੌਲੁਸ ਅਤੇ ਬਰਨਾਬਾਸ ਵਾਂਗ ਉਹ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਂਦੇ ਹਨ, ‘ਸਿੱਖਿਆ ਦਿੰਦੇ ਹਨ ਅਤੇ ਦੂਸਰਿਆਂ ਨਾਲ ਮਿਲ ਕੇ ਯਹੋਵਾਹ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ।’ (ਰਸੂ. 15:35) ਯਹੂਦਾ ਅਤੇ ਸੀਲਾਸ ਵਾਂਗ ਉਹ “ਆਪਣੀਆਂ ਗੱਲਾਂ ਨਾਲ ਭਰਾਵਾਂ ਨੂੰ” ਹੌਸਲਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਤਕੜਾ ਕਰਦੇ ਹਨ।
18. ਯਹੋਵਾਹ ਤੋਂ ਬਰਕਤ ਪਾਉਂਦੇ ਰਹਿਣ ਲਈ ਉਸ ਦੇ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ?
18 ਅੱਜ ਦੁਨੀਆਂ ਵਿਚ ਫੁੱਟ ਪਈ ਹੋਈ ਹੈ। ਤਾਂ ਫਿਰ, ਕਿਨ੍ਹਾਂ ਗੱਲਾਂ ਸਦਕਾ ਸਾਰੀਆਂ ਮੰਡਲੀਆਂ ਵਿਚ ਸ਼ਾਂਤੀ ਤੇ ਏਕਤਾ ਬਰਕਰਾਰ ਰਹੇਗੀ? ਯਾਦ ਕਰੋ ਕਿ ਚੇਲੇ ਯਾਕੂਬ ਨੇ ਬਾਅਦ ਵਿਚ ਲਿਖਿਆ ਸੀ: ‘ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ, ਫਿਰ ਸ਼ਾਂਤੀ-ਪਸੰਦ, ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ ਅਤੇ ਕਹਿਣਾ ਮੰਨਣ ਲਈ ਤਿਆਰ ਹੁੰਦਾ ਹੈ। ਇਸ ਤੋਂ ਇਲਾਵਾ, ਸ਼ਾਂਤੀ-ਪਸੰਦ ਲੋਕਾਂ ਲਈ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਧਾਰਮਿਕਤਾ ਦੇ ਫਲ ਦਾ ਬੀ ਬੀਜਿਆ ਜਾਂਦਾ ਹੈ।’ (ਯਾਕੂ. 3:17, 18) ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਇਹ ਗੱਲ ਲਿਖਣ ਵੇਲੇ ਯਾਕੂਬ ਯਰੂਸ਼ਲਮ ਵਿਚ ਹੋਈ ਸਭਾ ਬਾਰੇ ਸੋਚ ਰਿਹਾ ਸੀ ਜਾਂ ਨਹੀਂ। ਪਰ ਰਸੂਲਾਂ ਦੇ ਕੰਮ ਦੇ 15ਵੇਂ ਅਧਿਆਇ ਵਿਚ ਦਿੱਤੀ ਜਾਣਕਾਰੀ ਉੱਤੇ ਗੌਰ ਕਰਨ ਤੋਂ ਬਾਅਦ ਅਸੀਂ ਪੱਕਾ ਕਹਿ ਸਕਦੇ ਹਾਂ ਕਿ ਜਦ ਮੰਡਲੀ ਦੇ ਭੈਣਾਂ-ਭਰਾਵਾਂ ਵਿਚ ਏਕਤਾ ਹੁੰਦੀ ਹੈ ਅਤੇ ਸਾਰੇ ਇਕ-ਦੂਜੇ ਦਾ ਸਾਥ ਦਿੰਦੇ ਹਨ, ਤਦ ਹੀ ਯਹੋਵਾਹ ਬਰਕਤ ਦਿੰਦਾ ਹੈ।
19, 20. (ੳ) ਅੰਤਾਕੀਆ ਦੀ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਕਿਵੇਂ ਸਾਫ਼ ਨਜ਼ਰ ਆਉਂਦੀ ਸੀ? (ਅ) ਪੌਲੁਸ ਅਤੇ ਬਰਨਾਬਾਸ ਹੁਣ ਕੀ ਕਰ ਸਕਦੇ ਸਨ?
19 ਇਹ ਗੱਲ ਸਾਫ਼ ਨਜ਼ਰ ਆ ਰਹੀ ਸੀ ਕਿ ਅੰਤਾਕੀਆ ਦੀ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਕਾਇਮ ਹੋ ਗਈ ਸੀ। ਯਰੂਸ਼ਲਮ ਤੋਂ ਆਏ ਭਰਾਵਾਂ ਯਹੂਦਾ ਅਤੇ ਸੀਲਾਸ ਨਾਲ ਬਹਿਸ ਕਰਨ ਦੀ ਬਜਾਇ ਅੰਤਾਕੀਆ ਦੇ ਭਰਾਵਾਂ ਨੂੰ ਖ਼ੁਸ਼ੀ ਸੀ ਕਿ ਯਹੂਦਾ ਅਤੇ ਸੀਲਾਸ ਨੇ ਮੰਡਲੀ ਨਾਲ ਸਮਾਂ ਬਿਤਾਇਆ ਅਤੇ ਸਾਰਿਆਂ ਨੂੰ ਹੌਸਲਾ ਦਿੱਤਾ। ਬਿਰਤਾਂਤ ਦੱਸਦਾ ਹੈ: “ਕੁਝ ਸਮੇਂ ਬਾਅਦ ਭਰਾਵਾਂ ਨੇ ਉਨ੍ਹਾਂ ਨੂੰ ਸੁੱਖ-ਸਾਂਦ ਨਾਲ ਵਿਦਾ ਕੀਤਾ ਕਿ ਉਹ [ਯਰੂਸ਼ਲਮ ਵਿਚ] ਆਪਣੇ ਘੱਲਣ ਵਾਲਿਆਂ ਕੋਲ ਵਾਪਸ ਜਾਣ।” d (ਰਸੂ. 15:33) ਸਾਨੂੰ ਪੱਕਾ ਯਕੀਨ ਹੈ ਕਿ ਯਰੂਸ਼ਲਮ ਦੇ ਭਰਾ ਵੀ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੇ ਇਨ੍ਹਾਂ ਦੋਵਾਂ ਭਰਾਵਾਂ ਦੇ ਸਫ਼ਰ ਬਾਰੇ ਸੁਣਿਆ ਹੋਣਾ। ਯਹੋਵਾਹ ਦੀ ਅਪਾਰ ਕਿਰਪਾ ਨਾਲ ਉਹ ਆਪਣੇ ਕੰਮ ਵਿਚ ਕਾਮਯਾਬ ਹੋਏ ਸਨ।
20 ਪੌਲੁਸ ਅਤੇ ਬਰਨਾਬਾਸ ਅੰਤਾਕੀਆ ਵਿਚ ਰਹਿ ਗਏ ਸਨ ਅਤੇ ਹੁਣ ਆਪਣਾ ਪੂਰਾ ਧਿਆਨ ਪ੍ਰਚਾਰ ਦੇ ਕੰਮ ʼਤੇ ਲਾ ਸਕਦੇ ਸਨ, ਜਿਵੇਂ ਅੱਜ ਮੰਡਲੀਆਂ ਦਾ ਦੌਰਾ ਕਰਦੇ ਸਮੇਂ ਸਰਕਟ ਓਵਰਸੀਅਰ ਕਰਦੇ ਹਨ। (ਰਸੂ. 13:2, 3) ਸਰਕਟ ਓਵਰਸੀਅਰਾਂ ਦੇ ਦੌਰੇ ਯਹੋਵਾਹ ਦੇ ਲੋਕਾਂ ਲਈ ਕਿੰਨੀ ਵੱਡੀ ਬਰਕਤ ਹਨ! ਪਰ ਯਹੋਵਾਹ ਨੇ ਇਨ੍ਹਾਂ ਦੋਵਾਂ ਜੋਸ਼ੀਲੇ ਪ੍ਰਚਾਰਕਾਂ ਨੂੰ ਅੱਗੋਂ ਕਿਵੇਂ ਵਰਤਿਆ ਅਤੇ ਬਰਕਤ ਦਿੱਤੀ? ਆਪਾਂ ਇਸ ਬਾਰੇ ਅਗਲੇ ਅਧਿਆਇ ਵਿਚ ਦੇਖਾਂਗੇ।
a “ ਯਾਕੂਬ—‘ਪ੍ਰਭੂ ਦਾ ਭਰਾ’” ਨਾਂ ਦੀ ਡੱਬੀ ਦੇਖੋ।
b ਯਾਕੂਬ ਨੇ ਸਮਝਦਾਰੀ ਨਾਲ ਮੂਸਾ ਦੀਆਂ ਲਿਖਤਾਂ ਦਾ ਹਵਾਲਾ ਦਿੱਤਾ ਸੀ। ਇਨ੍ਹਾਂ ਲਿਖਤਾਂ ਵਿਚ ਮੂਸਾ ਦੁਆਰਾ ਦਿੱਤੇ ਕਾਨੂੰਨ ਹੀ ਸ਼ਾਮਲ ਨਹੀਂ ਸਨ, ਸਗੋਂ ਕਾਨੂੰਨ ਦੇਣ ਤੋਂ ਪਹਿਲਾਂ ਲੋਕਾਂ ਨਾਲ ਪਰਮੇਸ਼ੁਰ ਦੇ ਵਰਤਾਅ ਤੇ ਉਸ ਦੀ ਇੱਛਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਮਿਸਾਲ ਲਈ, ਉਤਪਤ ਦੀ ਕਿਤਾਬ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਲਹੂ, ਹਰਾਮਕਾਰੀ ਅਤੇ ਮੂਰਤੀ-ਪੂਜਾ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। (ਉਤ. 9:3, 4; 20:2-9; 35:2, 4) ਇਸ ਤਰ੍ਹਾਂ ਇਨ੍ਹਾਂ ਲਿਖਤਾਂ ਵਿਚ ਯਹੋਵਾਹ ਨੇ ਜਿਹੜੇ ਅਸੂਲ ਦੱਸੇ ਸਨ, ਉਹ ਸਾਰੀ ਮਨੁੱਖਜਾਤੀ ਉੱਤੇ ਲਾਗੂ ਹੁੰਦੇ ਹਨ, ਭਾਵੇਂ ਕੋਈ ਯਹੂਦੀ ਹੈ ਜਾਂ ਗ਼ੈਰ-ਯਹੂਦੀ।
c “ ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?” ਨਾਂ ਦੀ ਡੱਬੀ ਦੇਖੋ।
d ਬਾਈਬਲ ਦੇ ਕੁਝ ਅਨੁਵਾਦਾਂ ਵਿਚ 34ਵੀਂ ਆਇਤ ਵਿਚ ਕਿਹਾ ਹੈ ਕਿ ਸੀਲਾਸ ਨੇ ਅੰਤਾਕੀਆ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ। (ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਲੱਗਦਾ ਕਿ ਇਹ ਸ਼ਬਦ ਬਾਅਦ ਵਿਚ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਜੋੜੇ ਗਏ ਸਨ।