ਭਾਗ 2
ਇਕ-ਦੂਜੇ ਦੇ ਵਫ਼ਾਦਾਰ ਰਹੋ
“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮਰਕੁਸ 10:9
ਯਹੋਵਾਹ ਦੀਆਂ ਨਜ਼ਰਾਂ ਵਿਚ ਵਫ਼ਾਦਾਰੀ ਦਾ ਗੁਣ ਬਹੁਤ ਮਾਅਨੇ ਰੱਖਦਾ ਹੈ। (ਕਹਾਉਤਾਂ 5:15) ਪਤੀ-ਪਤਨੀ ਲਈ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਗੈਰ ਉਨ੍ਹਾਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਜਾਵੇਗਾ। ਪਿਆਰ ਦੀ ਡੋਰ ਤਦ ਹੀ ਮਜ਼ਬੂਤ ਹੋਵੇਗੀ ਜੇ ਤੁਸੀਂ ਇਕ-ਦੂਜੇ ʼਤੇ ਭਰੋਸਾ ਰੱਖੋਗੇ।
ਅੱਜ-ਕੱਲ੍ਹ ਬੇਵਫ਼ਾਈ ਕਰਕੇ ਰਿਸ਼ਤੇ ਟੁੱਟਦੇ ਜਾ ਰਹੇ ਹਨ। ਆਓ ਆਪਾਂ ਦੇਖੀਏ ਕਿ ਵਿਆਹੁਤਾ ਬੰਧਨ ਮਜ਼ਬੂਤ ਬਣਾਈ ਰੱਖਣ ਲਈ ਤੁਹਾਨੂੰ ਕਿਹੜੇ ਦੋ ਕੰਮ ਕਰਨੇ ਚਾਹੀਦੇ ਹਨ।
1 ਸਭ ਤੋਂ ਜ਼ਰੂਰੀ ਹੈ ਤੁਹਾਡਾ ਵਿਆਹੁਤਾ ਬੰਧਨ
ਬਾਈਬਲ ਕੀ ਕਹਿੰਦੀ ਹੈ: “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਰੱਬ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿਚ ਤੁਹਾਡਾ ਵਿਆਹੁਤਾ ਬੰਧਨ ਸਭ ਤੋਂ ਜ਼ਰੂਰੀ ਹੈ। ਉਸ ਨੂੰ ਦੂਜੇ-ਤੀਜੇ ਦਰਜੇ ʼਤੇ ਨਾ ਰੱਖੋ।
ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਸਾਥੀ ਬਾਰੇ ਸੋਚੋ ਅਤੇ ਇਕੱਠੇ ਜ਼ਿੰਦਗੀ ਦਾ ਮਜ਼ਾ ਲਓ। (ਉਪਦੇਸ਼ਕ ਦੀ ਪੋਥੀ 9:9) ਉਸ ਨੇ ਸਾਫ਼ ਦੱਸਿਆ ਹੈ ਕਿ ਤੁਸੀਂ ਇਕ-ਦੂਜੇ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਇਕ-ਦੂਜੇ ਨੂੰ ਖ਼ੁਸ਼ ਕਰਨ ਦੇ ਮੌਕੇ ਲੱਭੋ। (1 ਕੁਰਿੰਥੀਆਂ 10:24) ਆਪਣੇ ਸਾਥੀ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਨਾਲ ਅਹਿਸਾਸ ਕਰਾਓ ਕਿ ਤੁਹਾਨੂੰ ਉਸ ਦੀ ਲੋੜ ਹੈ ਅਤੇ ਤੁਹਾਡੀ ਜ਼ਿੰਦਗੀ ਵਿਚ ਉਸ ਦੀ ਬਹੁਤ ਅਹਿਮੀਅਤ ਹੈ।
ਤੁਸੀਂ ਕੀ ਕਰ ਸਕਦੇ ਹੋ:
-
ਇਕ-ਦੂਜੇ ਨਾਲ ਸਮਾਂ ਬਿਤਾਓ ਅਤੇ ਇਕ-ਦੂਜੇ ਦੀਆਂ ਗੱਲਾਂ ʼਤੇ ਪੂਰਾ ਧਿਆਨ ਦਿਓ
-
ਇਹ ਨਾ ਸੋਚੋ ਕਿ ‘ਮੈਨੂੰ ਕੀ ਚੰਗਾ ਲੱਗਦਾ,’ ਪਰ ਇੱਦਾਂ ਸੋਚੋ ਕਿ ‘ਸਾਨੂੰ ਕੀ ਚੰਗਾ ਲੱਗਦਾ’
2 ਆਪਣੇ ਦਿਲ ਦੀ ਰਾਖੀ ਕਰੋ
ਬਾਈਬਲ ਕੀ ਕਹਿੰਦੀ ਹੈ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” (ਮੱਤੀ 5:28) ਜੇ ਕੋਈ ਮਨ ਵਿਚ ਗੰਦੇ ਖ਼ਿਆਲ ਲਿਆਉਂਦਾ ਰਹਿੰਦਾ ਹੈ, ਤਾਂ ਉਹ ਇਕ ਤਰ੍ਹਾਂ ਨਾਲ ਆਪਣੇ ਸਾਥੀ ਨਾਲ ਬੇਵਫ਼ਾਈ ਕਰ ਰਿਹਾ ਹੈ।
ਯਹੋਵਾਹ ਕਹਿੰਦਾ ਹੈ ਕਿ ਤੁਹਾਨੂੰ ‘ਆਪਣੇ ਮਨ ਦੀ ਵੱਡੀ ਚੌਕਸੀ ਕਰਨੀ ਚਾਹੀਦੀ ਹੈ।’ (ਕਹਾਉਤਾਂ 4:23; ਯਿਰਮਿਯਾਹ 17:9) ਇਸ ਤਰ੍ਹਾਂ ਕਰਨ ਲਈ ਆਪਣੀਆਂ ਅੱਖਾਂ ਦੀ ਵੀ ਚੌਕਸੀ ਕਰਨੀ ਜ਼ਰੂਰੀ ਹੈ। (ਮੱਤੀ 5:29, 30) ਯਹੋਵਾਹ ਦੇ ਸੇਵਕ ਅੱਯੂਬ ਦੀ ਮਿਸਾਲ ʼਤੇ ਚੱਲੋ ਜਿਸ ਨੇ ਆਪਣੇ ਨਾਲ ਇਕਰਾਰ ਕੀਤਾ ਕਿ ਉਹ ਬੁਰੀ ਇੱਛਾ ਨਾਲ ਕਿਸੇ ਤੀਵੀਂ ਵੱਲ ਨਹੀਂ ਦੇਖੇਗਾ। (ਅੱਯੂਬ 31:1) ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਨਾ ਦੇਖੋ ਅਤੇ ਕਿਸੇ ਪਰਾਏ ਆਦਮੀ ਜਾਂ ਤੀਵੀਂ ਨਾਲ ਨਜ਼ਦੀਕੀਆਂ ਵਧਾਉਣ ਤੋਂ ਬਚੋ।
ਤੁਸੀਂ ਕੀ ਕਰ ਸਕਦੇ ਹੋ:
-
ਦੂਸਰਿਆਂ ਨੂੰ ਸਾਫ਼ ਦੱਸੋ ਕਿ ਤੁਸੀਂ ਵਿਆਹੇ ਹੋ ਅਤੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਬਹੁਤ ਪਿਆਰ ਕਰਦੇ ਹੋ
-
ਆਪਣੇ ਸਾਥੀ ਦੇ ਜਜ਼ਬਾਤਾਂ ਬਾਰੇ ਸੋਚੋ। ਜੇ ਤੁਹਾਡੀ ਕਿਸੇ ਨਾਲ ਦੋਸਤੀ ਹੈ ਅਤੇ ਇਹ ਗੱਲ ਤੁਹਾਡੇ ਜੀਵਨ ਸਾਥੀ ਨੂੰ ਚੰਗੀ ਨਹੀਂ ਲੱਗਦੀ, ਤਾਂ ਇਸ ਦੋਸਤੀ ਨੂੰ ਫ਼ੌਰਨ ਤੋੜ ਦਿਓ