ਰੋਟੀਆਂ ਅਤੇ ਖ਼ਮੀਰ
ਅਧਿਆਇ 58
ਰੋਟੀਆਂ ਅਤੇ ਖ਼ਮੀਰ
ਦਿਕਾਪੁਲਿਸ ਵਿਚ ਯਿਸੂ ਦੇ ਕੋਲ ਵੱਡੀ ਭੀੜ ਆਈ ਹੈ। ਬਹੁਤੇਰੇ ਲੋਕ ਉਸ ਨੂੰ ਸੁਣਨ ਲਈ ਅਤੇ ਆਪਣੀਆਂ ਬੀਮਾਰੀਆਂ ਤੋਂ ਚੰਗੇ ਹੋਣ ਲਈ ਬਹੁਤ ਦੂਰ ਤੋਂ ਇਸ ਜ਼ਿਆਦਾਤਰ ਗ਼ੈਰ-ਯਹੂਦੀਆਂ ਨਾਲ ਵਸੇ ਹੋਏ ਖੇਤਰ ਵਿਚ ਆਏ ਹਨ। ਉਹ ਆਪਣੇ ਨਾਲ ਵੱਡੀਆਂ ਟੋਕਰੀਆਂ, ਜਾਂ ਛਾਬੇ ਲਿਆਏ ਹਨ, ਜੋ ਉਹ ਆਮ ਤੌਰ ਤੇ ਖਾਣ-ਪੀਣ ਦਾ ਸਮਾਨ ਲਿਆਉਣ ਲਈ ਇਸਤੇਮਾਲ ਕਰਦੇ ਹਨ ਜਦੋਂ ਉਹ ਗ਼ੈਰ-ਯਹੂਦੀ ਇਲਾਕਿਆਂ ਵਿੱਚੋਂ ਲੰਘਦੇ ਹਨ।
ਤਾਂ ਵੀ, ਅੰਤ ਵਿਚ ਯਿਸੂ ਆਪਣੇ ਚੇਲਿਆਂ ਨੂੰ ਸੱਦ ਕੇ ਕਹਿੰਦਾ ਹੈ: “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਹੁਣ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ। ਜੇ ਮੈਂ ਉਨ੍ਹਾਂ ਨੂੰ ਘਰਾਂ ਵੱਲ ਭੁੱਖਿਆ ਤੋਰ ਦਿਆਂ ਤਾਂ ਓਹ ਰਸਤੇ ਵਿੱਚ ਨਿਤਾਣੇ ਹੋ ਜਾਣਗੇ ਅਤੇ ਕਈ ਉਨ੍ਹਾਂ ਵਿੱਚੋਂ ਦੂਰੋਂ ਆਏ ਹਨ।”
“ਇਸ ਉਜਾੜ ਵਿੱਚ ਕੋਈ ਇਨ੍ਹਾਂ ਨੂੰ ਰੋਟੀਆਂ ਨਾਲ ਕਿੱਥੋਂ ਰਜਾ ਸੱਕੇ?” ਚੇਲੇ ਪੁੱਛਦੇ ਹਨ।
ਯਿਸੂ ਪੁੱਛਦਾ ਹੈ: “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”
“ਸੱਤ,” ਉਹ ਜਵਾਬ ਦਿੰਦੇ ਹਨ, “ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।”
ਲੋਕਾਂ ਨੂੰ ਜ਼ਮੀਨ ਉੱਤੇ ਬੈਠਣ ਦੀ ਹਿਦਾਇਤ ਦਿੰਦੇ ਹੋਏ, ਯਿਸੂ ਰੋਟੀਆਂ ਅਤੇ ਮੱਛੀਆਂ ਲੈ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਨੂੰ ਤੋੜਦਾ ਹੈ, ਅਤੇ ਉਨ੍ਹਾਂ ਨੂੰ ਆਪਣੇ ਚੇਲਿਆਂ ਨੂੰ ਦੇਣਾ ਸ਼ੁਰੂ ਕਰਦਾ ਹੈ। ਉਹ, ਵਾਰੀ ਸਿਰ ਲੋਕਾਂ ਨੂੰ ਪਰੋਸਦੇ ਹਨ, ਜੋ ਸਾਰੇ ਰੱਜ ਕੇ ਖਾਂਦੇ ਹਨ। ਬਾਅਦ ਵਿਚ, ਜਦੋਂ ਬਚਿਆਂ ਹੋਇਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਤਾਂ ਸੱਤ ਟੋਕਰੇ ਭਰ ਜਾਂਦੇ ਹਨ, ਭਾਵੇਂ ਕਿ ਲਗਭਗ 4,000 ਆਦਮੀਆਂ ਤੋਂ ਇਲਾਵਾ ਔਰਤਾਂ ਅਤੇ ਬੱਚੇ ਖਾ ਹਟੇ ਹਨ!
ਯਿਸੂ ਭੀੜ ਨੂੰ ਵਿਦਾ ਕਰਦਾ ਹੈ, ਅਤੇ ਆਪਣੇ ਚੇਲਿਆਂ ਨਾਲ ਬੇੜੀ ਉੱਤੇ ਚੜ੍ਹ ਕੇ ਗਲੀਲ ਦੀ ਝੀਲ ਦੇ ਪੱਛਮੀ ਕੰਢੇ ਨੂੰ ਚਲੇ ਜਾਂਦਾ ਹੈ। ਇੱਥੇ ਫ਼ਰੀਸੀ, ਇਸ ਵਾਰੀ ਸਦੂਕੀਆਂ ਦੇ ਧਾਰਮਿਕ ਮੱਤ ਦੇ ਸਦੱਸਾਂ ਦੇ ਨਾਲ, ਯਿਸੂ ਨੂੰ ਸਵਰਗ ਤੋਂ ਇਕ ਨਿਸ਼ਾਨ ਦਿਖਾਉਣ ਲਈ ਮੰਗ ਕਰ ਕੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਦੇ ਉਸ ਨੂੰ ਭਰਮਾਉਣ ਦੇ ਯਤਨਾਂ ਤੋਂ ਜਾਣੂ ਹੋ ਕੇ, ਯਿਸੂ ਜਵਾਬ ਦਿੰਦਾ ਹੈ: “ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ। ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ।”
ਇਸ ਨਾਲ, ਯਿਸੂ ਉਨ੍ਹਾਂ ਨੂੰ ਬੁਰੀ ਅਤੇ ਹਰਾਮਕਾਰ ਪੀੜ੍ਹੀ ਆਖਦਾ ਹੈ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹੈ, ਜਿਵੇਂ ਉਸ ਨੇ ਪਹਿਲਾਂ ਫ਼ਰੀਸੀਆਂ ਨੂੰ ਕਿਹਾ ਸੀ, ਉਨ੍ਹਾਂ ਨੂੰ ਯੂਨਾਹ ਦੇ ਨਿਸ਼ਾਨ ਤੋਂ ਇਲਾਵਾ ਹੋਰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਉੱਥੋਂ ਰਵਾਨਾ ਹੁੰਦੇ ਹੋਏ, ਯਿਸੂ ਅਤੇ ਉਸ ਦੇ ਚੇਲੇ ਇਕ ਬੇੜੀ ਵਿਚ ਚੜ੍ਹ ਕੇ ਬੈਤਸੈਦਾ ਦੀ ਵੱਲ ਵਧਦੇ ਹਨ, ਜੋ ਗਲੀਲ ਦੀ ਝੀਲ ਦੇ ਉੱਤਰ-ਪੂਰਵੀ ਕੰਢੇ ਤੇ ਹੈ। ਰਾਹ ਵਿਚ ਚੇਲਿਆਂ ਨੂੰ ਚੇਤਾ ਆਉਂਦਾ ਹੈ ਕਿ ਉਹ ਰੋਟੀ ਲਿਆਉਣੀ ਭੁਲ ਗਏ ਹਨ, ਅਤੇ ਉਨ੍ਹਾਂ ਕੋਲ ਇਕ ਹੀ ਰੋਟੀ ਹੈ।
ਫ਼ਰੀਸੀਆਂ ਅਤੇ ਹੇਰੋਦੇਸ ਦੇ ਸਦੂਕੀ ਸਮਰਥਕਾਂ ਨਾਲ ਆਪਣੀ ਹਾਲ ਹੀ ਦੀ ਟੱਕਰ ਨੂੰ ਧਿਆਨ ਵਿਚ ਰੱਖਦੇ ਹੋਏ, ਯਿਸੂ ਤਾੜਨਾ ਦਿੰਦਾ ਹੈ: “ਖਬਰਦਾਰ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ!” ਸਪੱਸ਼ਟ ਤੌਰ ਤੇ, ਖ਼ਮੀਰ ਦੇ ਜ਼ਿਕਰ ਤੋਂ ਚੇਲੇ ਸੋਚਦੇ ਹਨ ਕਿ ਯਿਸੂ ਉਨ੍ਹਾਂ ਦਾ ਰੋਟੀ ਲਿਆਉਣੀ ਭੁਲ ਜਾਣ ਵੱਲ ਸੰਕੇਤ ਕਰ ਰਿਹਾ ਹੈ, ਇਸ ਲਈ ਉਹ ਇਸ ਮਾਮਲੇ ਬਾਰੇ ਬਹਿਸ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀ ਗ਼ਲਤ-ਫ਼ਹਿਮੀ ਨੂੰ ਦੇਖਦੇ ਹੋਏ, ਯਿਸੂ ਕਹਿੰਦਾ ਹੈ: “ਤੁਸੀਂ ਕਿਉਂ ਵਿਚਾਰ ਕਰਦੇ ਹੋ ਭਈ ਸਾਡੇ ਕੋਲ ਰੋਟੀ ਨਹੀਂ?”
ਹਾਲ ਹੀ ਵਿਚ, ਯਿਸੂ ਨੇ ਹਜ਼ਾਰਾਂ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਰੋਟੀ ਮੁਹੱਈਆ ਕੀਤੀ ਸੀ, ਇਹ ਪਿਛਲਾ ਚਮਤਕਾਰ ਸ਼ਾਇਦ ਸਿਰਫ਼ ਇਕ ਜਾਂ ਦੋ ਦਿਨ ਪਹਿਲਾਂ ਹੀ ਕੀਤਾ ਸੀ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਾਸਤਵਿਕ ਰੋਟੀ ਦੀ ਘਾਟ ਦੇ ਬਾਰੇ ਵਿਚ ਚਿੰਤਿਤ ਨਹੀਂ ਹੈ। ‘ਕੀ ਤੁਸੀਂ ਚੇਤੇ ਨਹੀਂ ਰੱਖਦੇ,’ ਉਹ ਉਨ੍ਹਾਂ ਨੂੰ ਯਾਦ ਦਿਵਾਉਂਦਾ ਹੈ, “ਜਦ ਮੈਂ ਓਹ ਪੰਜ ਰੋਟੀਆਂ ਪੰਜਾਂ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ?”
“ਬਾਰਾਂ,” ਉਹ ਜਵਾਬ ਦਿੰਦੇ ਹਨ।
“ਜਦ ਸੱਤ ਰੋਟੀਆਂ ਚੌਹੁੰ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਹੋਏ ਚੁੱਕੇ?”
“ਸੱਤ,” ਉਹ ਜਵਾਬ ਦਿੰਦੇ ਹਨ।
“ਤੁਹਾਨੂੰ ਅਜੇ ਸਮਝ ਨਹੀਂ ਆਈ?” ਯਿਸੂ ਪੁੱਛਦਾ ਹੈ। “ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ?”
ਆਖ਼ਰਕਾਰ ਚੇਲਿਆਂ ਨੂੰ ਗੱਲ ਸਮਝ ਆ ਜਾਂਦੀ ਹੈ। ਖ਼ਮੀਰ, ਅਰਥਾਤ ਖ਼ਮੀਰਨ-ਕ੍ਰਿਆ ਪੈਦਾ ਕਰਨ ਵਾਲਾ ਅਤੇ ਰੋਟੀ ਨੂੰ ਫੁਲਾਉਣ ਵਾਲਾ ਇਕ ਪਦਾਰਥ, ਇਕ ਅਜਿਹਾ ਸ਼ਬਦ ਸੀ ਜੋ ਭ੍ਰਿਸ਼ਟਾਚਾਰ ਨੂੰ ਸੰਕੇਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੋ ਹੁਣ ਚੇਲੇ ਸਮਝ ਜਾਂਦੇ ਹਨ ਕਿ ਯਿਸੂ ਪ੍ਰਤੀਕਵਾਦ ਇਸਤੇਮਾਲ ਕਰ ਰਿਹਾ ਹੈ, ਕਿ ਉਹ ਉਨ੍ਹਾਂ ਨੂੰ “ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ” ਵਿਰੁੱਧ ਚੌਕਸ ਰਹਿਣ ਦੀ ਚੇਤਾਵਨੀ ਦੇ ਰਿਹਾ ਹੈ, ਜਿਹੜੀ ਸਿੱਖਿਆ ਭ੍ਰਿਸ਼ਟ ਕਰਨ ਦਾ ਪ੍ਰਭਾਵ ਪਾਉਂਦੀ ਹੈ। ਮਰਕੁਸ 8:1-21; ਮੱਤੀ 15:32–16:12.
▪ ਲੋਕੀ ਆਪਣੇ ਨਾਲ ਵੱਡੇ-ਵੱਡੇ ਟੋਕਰੇ ਕਿਉਂ ਰੱਖਦੇ ਹਨ?
▪ ਦਿਕਾਪੁਲਿਸ ਛੱਡਣ ਤੋਂ ਬਾਅਦ, ਯਿਸੂ ਬੇੜੀ ਤੇ ਕਿੱਥੇ-ਕਿੱਥੇ ਸਫਰ ਕਰਦਾ ਹੈ?
▪ ਖ਼ਮੀਰ ਬਾਰੇ ਯਿਸੂ ਦੀ ਟਿੱਪਣੀ ਦੇ ਸੰਬੰਧ ਵਿਚ ਚੇਲਿਆਂ ਨੂੰ ਕਿਹੜੀ ਗ਼ਲਤ-ਫ਼ਹਿਮੀ ਹੈ?
▪ “ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ” ਦੀ ਅਭਿਵਿਅਕਤੀ ਤੋਂ ਯਿਸੂ ਦਾ ਕੀ ਮਤਲਬ ਹੈ?