ਮਸੀਹ ਦੀ ਰਾਜ ਮਹਿਮਾ ਦਾ ਪੂਰਵ-ਦਰਸ਼ਨ
ਅਧਿਆਇ 60
ਮਸੀਹ ਦੀ ਰਾਜ ਮਹਿਮਾ ਦਾ ਪੂਰਵ-ਦਰਸ਼ਨ
ਯਿਸੂ ਕੈਸਰੀਆ ਫ਼ਿਲਿੱਪੀ ਦੇ ਇਲਾਕਿਆਂ ਵਿਚ ਆਇਆ ਹੋਇਆ ਹੈ, ਅਤੇ ਉਹ ਇਕ ਭੀੜ ਨੂੰ ਸਿਖਾ ਰਿਹਾ ਹੈ ਜਿਸ ਵਿਚ ਉਸ ਦੇ ਰਸੂਲ ਵੀ ਸ਼ਾਮਲ ਹਨ। ਉਹ ਉਨ੍ਹਾਂ ਨੂੰ ਇਹ ਹੈਰਾਨੀਜਨਕ ਘੋਸ਼ਣਾ ਕਰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।”
‘ਯਿਸੂ ਦਾ ਕੀ ਮਤਲਬ ਹੋ ਸਕਦਾ ਹੈ?’ ਚੇਲੇ ਜ਼ਰੂਰ ਸੋਚਦੇ ਹੋਣਗੇ। ਲਗਭਗ ਇਕ ਹਫ਼ਤੇ ਬਾਅਦ, ਯਿਸੂ ਪਤਰਸ, ਯਾਕੂਬ, ਅਤੇ ਯੂਹੰਨਾ ਨੂੰ ਆਪਣੇ ਨਾਲ ਲੈ ਜਾਂਦਾ ਹੈ, ਅਤੇ ਉਹ ਇਕ ਉੱਚੇ ਪਹਾੜ ਉੱਤੇ ਚੜ੍ਹਦੇ ਹਨ। ਸੰਭਵ ਹੈ ਕਿ ਇਹ ਰਾਤ ਨੂੰ ਹੁੰਦਾ ਹੈ, ਕਿਉਂਕਿ ਚੇਲੇ ਊਂਘਦੇ ਹਨ। ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਤਾਂ ਉਸ ਦਾ ਉਨ੍ਹਾਂ ਦੇ ਸਾਮ੍ਹਣੇ ਰੂਪਾਂਤਰਣ ਹੁੰਦਾ ਹੈ। ਉਹ ਦਾ ਮੁਖੜਾ ਸੂਰਜ ਵਾਂਗੁ ਚਮਕਣ ਲੱਗ ਪੈਂਦਾ ਹੈ, ਅਤੇ ਉਸ ਦੇ ਕੱਪੜੇ ਚਾਨਣ ਵਾਂਗੁ ਉੱਜਲ ਬਣ ਜਾਂਦੇ ਹਨ।
ਫਿਰ, ਦੋ ਵਿਅਕਤੀ, ਜਿਨ੍ਹਾਂ ਦੀ ਸ਼ਨਾਖਤ “ਮੂਸਾ ਅਤੇ ਏਲੀਯਾਹ” ਦੇ ਤੌਰ ਤੇ ਕੀਤੀ ਜਾਂਦੀ ਹੈ, ਪ੍ਰਗਟ ਹੁੰਦੇ ਹਨ ਅਤੇ ਯਿਸੂ ਨਾਲ ਉਸ ਦੇ ‘ਕੂਚ ਜਿਹੜਾ ਯਰੂਸ਼ਲਮ ਤੋਂ ਹੋਣ ਵਾਲਾ ਹੈ,’ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਕੂਚ ਸਪੱਸ਼ਟ ਤੌਰ ਤੇ ਯਿਸੂ ਦੀ ਮੌਤ ਅਤੇ ਬਾਅਦ ਦੇ ਪੁਨਰ-ਉਥਾਨ ਨੂੰ ਸੰਕੇਤ ਕਰਦਾ ਹੈ। ਇਸ ਤਰ੍ਹਾਂ, ਇਹ ਵਾਰਤਾਲਾਪ ਸਾਬਤ ਕਰਦੀ ਹੈ ਕਿ ਉਸ ਦੀ ਅਪਮਾਨਜਨਕ ਮੌਤ ਇਕ ਟਾਲ ਦੇਣ ਵਾਲੀ ਗੱਲ ਨਹੀਂ ਹੈ, ਜਿਵੇਂ ਕਿ ਪਤਰਸ ਦੀ ਇੱਛਾ ਸੀ।
ਹੁਣ ਪੂਰੀ ਤਰ੍ਹਾਂ ਨਾਲ ਜਾਗੇ ਹੋਏ, ਚੇਲੇ ਹੈਰਾਨੀ ਨਾਲ ਦੇਖਦੇ ਅਤੇ ਸੁਣਦੇ ਹਨ। ਭਾਵੇਂ ਕਿ ਇਹ ਇਕ ਦਰਸ਼ਨ ਹੈ, ਇਹ ਇੰਨਾ ਅਸਲੀ ਲੱਗਦਾ ਹੈ ਕਿ ਪਤਰਸ ਇਹ ਕਹਿੰਦੇ ਹੋਏ ਦ੍ਰਿਸ਼ ਵਿਚ ਸ਼ਾਮਲ ਹੋਣ ਲੱਗਦਾ ਹੈ: “ਪ੍ਰਭੁ ਜੀ ਸਾਡਾ ਐਥੇ ਹੋਣਾ ਚੰਗਾ ਹੈ। ਜੇ ਤੂੰ ਚਾਹੇਂ ਤਾਂ ਐਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”
ਜਦੋਂ ਪਤਰਸ ਹਾਲੇ ਬੋਲ ਹੀ ਰਿਹਾ ਹੁੰਦਾ ਹੈ, ਤਾਂ ਇਕ ਜੋਤਮਾਨ ਬੱਦਲ ਉਨ੍ਹਾਂ ਨੂੰ ਢੱਕ ਲੈਂਦਾ ਹੈ, ਅਤੇ ਬੱਦਲ ਵਿੱਚੋਂ ਇਕ ਆਵਾਜ਼ ਇਹ ਕਹਿੰਦੀ ਹੈ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” ਇਹ ਆਵਾਜ਼ ਸੁਣਨ ਤੇ, ਚੇਲੇ ਆਪਣੇ ਮੂੰਹ ਦੇ ਭਾਰ ਡਿੱਗ ਪੈਂਦੇ ਹਨ। ਪਰੰਤੂ ਯਿਸੂ ਕਹਿੰਦਾ ਹੈ: “ਉੱਠੋ ਅਤੇ ਨਾ ਡਰੋ।” ਜਦੋਂ ਉਹ ਉਠਦੇ ਹਨ, ਤਾਂ ਉਹ ਯਿਸੂ ਦੇ ਸਿਵਾਏ ਕਿਸੇ ਹੋਰ ਨੂੰ ਨਹੀਂ ਦੇਖਦੇ ਹਨ।
ਅਗਲੇ ਦਿਨ ਪਹਾੜ ਤੋਂ ਹੇਠਾਂ ਜਾਂਦੇ ਹੋਏ, ਯਿਸੂ ਹੁਕਮ ਦਿੰਦਾ ਹੈ: “ਜਦ ਤੀਕ ਮਨੁੱਖ ਦਾ ਪੁੱਤ੍ਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ।” ਦਰਸ਼ਨ ਵਿਚ ਏਲੀਯਾਹ ਦਾ ਪ੍ਰਗਟਾਵਾ ਚੇਲਿਆਂ ਦੇ ਮਨ ਵਿਚ ਇਕ ਸਵਾਲ ਪੈਦਾ ਕਰਦਾ ਹੈ। ਉਹ ਪੁੱਛਦੇ ਹਨ, “ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜਰੂਰ ਹੈ?”
“ਏਲੀਯਾਹ ਤਾਂ ਆ ਚੁੱਕਿਆ,” ਯਿਸੂ ਕਹਿੰਦਾ ਹੈ, “ਅਤੇ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ।” ਲੇਕਿਨ, ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਜ਼ਿਕਰ ਕਰ ਰਿਹਾ ਹੈ, ਜਿਸ ਨੇ ਏਲੀਯਾਹ ਵਾਂਗ ਦੀ ਭੂਮਿਕਾ ਨਿਭਾਈ। ਯੂਹੰਨਾ ਨੇ ਮਸੀਹ ਵਾਸਤੇ ਰਾਹ ਤਿਆਰ ਕੀਤਾ, ਜਿਵੇਂ ਏਲੀਯਾਹ ਨੇ ਅਲੀਸ਼ਾ ਦੇ ਲਈ ਕੀਤਾ ਸੀ।
ਯਿਸੂ ਅਤੇ ਚੇਲਿਆਂ ਦੋਨਾਂ ਲਈ ਇਹ ਦਰਸ਼ਨ ਕਿੰਨਾ ਸਮਰਥਾਦਾਇਕ ਸਾਬਤ ਹੁੰਦਾ ਹੈ! ਇਹ ਦਰਸ਼ਨ ਜਿਵੇਂ ਕਿ ਮਸੀਹ ਦੀ ਰਾਜ ਮਹਿਮਾ ਦਾ ਪੂਰਵ-ਦਰਸ਼ਨ ਹੈ। ਚੇਲਿਆਂ ਨੇ, ਅਸਲ ਵਿਚ, ‘ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦੇ’ ਦੇਖਿਆ ਹੈ, ਠੀਕ ਜਿਵੇਂ ਯਿਸੂ ਨੇ ਇਕ ਹਫ਼ਤੇ ਪਹਿਲਾਂ ਵਾਅਦਾ ਕੀਤਾ ਸੀ। ਯਿਸੂ ਦੀ ਮੌਤ ਤੋਂ ਬਾਅਦ, ਪਤਰਸ ਨੇ ਲਿਖਿਆ ਕਿ ਉਨ੍ਹਾਂ ਨੇ ‘ਮਸੀਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖਿਆ ਜਿਸ ਵੇਲੇ ਉਹ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਨ।’
ਫ਼ਰੀਸੀਆਂ ਨੇ ਯਿਸੂ ਕੋਲੋਂ ਇਕ ਨਿਸ਼ਾਨ ਮੰਗਿਆ ਸੀ ਜੋ ਇਹ ਸਾਬਤ ਕਰੇ ਕਿ ਉਹ ਸ਼ਾਸਤਰਾਂ ਵਿਚ ਵਾਅਦਾ ਕੀਤਾ ਹੋਇਆ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਹੈ। ਉਨ੍ਹਾਂ ਨੂੰ ਅਜਿਹਾ ਕੋਈ ਨਿਸ਼ਾਨ ਨਹੀਂ ਦਿੱਤਾ ਗਿਆ। ਦੂਜੇ ਪਾਸੇ, ਯਿਸੂ ਦੇ ਨਜ਼ਦੀਕੀ ਚੇਲਿਆਂ ਨੂੰ ਰਾਜ ਭਵਿੱਖਬਾਣੀਆਂ ਦੀ ਪੁਸ਼ਟੀਕਰਣ ਦੇ ਤੌਰ ਤੇ ਯਿਸੂ ਦਾ ਰੂਪਾਂਤਰਣ ਦੇਖਣ ਨੂੰ ਮਿਲਿਆ। ਇਸ ਲਈ, ਪਤਰਸ ਨੇ ਬਾਅਦ ਵਿਚ ਲਿਖਿਆ: “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ।” ਮੱਤੀ 16:13, 28–17:13; ਮਰਕੁਸ 9:1-13; ਲੂਕਾ 9:27-37; 2 ਪਤਰਸ 1:16-19.
▪ ਮੌਤ ਅਨੁਭਵ ਕਰਨ ਤੋਂ ਪਹਿਲਾਂ, ਕਿਸ ਤਰ੍ਹਾਂ ਕੁਝ ਵਿਅਕਤੀ ਮਸੀਹ ਨੂੰ ਰਾਜ ਵਿਚ ਆਉਂਦੇ ਹੋਏ ਦੇਖਦੇ ਹਨ?
▪ ਦਰਸ਼ਨ ਵਿਚ, ਮੂਸਾ ਅਤੇ ਏਲੀਯਾਹ ਯਿਸੂ ਨਾਲ ਕਿਸ ਬਾਰੇ ਗੱਲ ਕਰਦੇ ਹਨ?
▪ ਇਹ ਦਰਸ਼ਨ ਚੇਲਿਆਂ ਲਈ ਇਕ ਇੰਨਾ ਸਮਰਥਾਦਾਇਕ ਸਹਾਇਕ ਕਿਉਂ ਹੈ?