ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ
ਅਧਿਆਇ 93
ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ
ਜਦੋਂ ਕਿ ਯਿਸੂ ਅਜੇ ਉੱਤਰ ਵਿਚ (ਸਾਮਰਿਯਾ ਜਾਂ ਗਲੀਲ ਵਿਚ) ਹੀ ਹੈ, ਫ਼ਰੀਸੀ ਉਸ ਨੂੰ ਰਾਜ ਦੇ ਆਗਮਨ ਬਾਰੇ ਪੁੱਛਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਇਹ ਵੱਡੀ ਸ਼ਾਨ ਅਤੇ ਦਿਖਾਵੇ ਨਾਲ ਆਵੇਗਾ, ਪਰੰਤੂ ਯਿਸੂ ਕਹਿੰਦਾ ਹੈ: “ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀਂ ਆਉਂਦਾ। ਅਤੇ ਨਾ ਓਹ ਕਹਿਣਗੇ ਭਈ ਵੇਖੋ ਐੱਥੇ ਯਾ ਉੱਥੇ ਹੈ ਕਿਉਂਕਿ ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।”
ਯਿਸੂ ਦੇ ਸ਼ਬਦ “ਤੁਹਾਡੇ ਵਿੱਚੇ ਹੈ” ਨੂੰ ਕਈ ਵਾਰੀ “ਤੁਹਾਡੇ ਅੰਦਰ ਹੈ” ਅਨੁਵਾਦ ਕੀਤਾ ਗਿਆ ਹੈ। ਇਸ ਲਈ ਕਈ ਸੋਚਦੇ ਹਨ ਕਿ ਯਿਸੂ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਪਰਮੇਸ਼ੁਰ ਦੇ ਸੇਵਕਾਂ ਦੇ ਦਿਲਾਂ ਵਿਚ ਰਾਜ ਕਰਦਾ ਹੈ। ਪਰੰਤੂ ਸਪੱਸ਼ਟ ਹੈ ਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਅਵਿਸ਼ਵਾਸੀ ਫ਼ਰੀਸੀਆਂ ਦੇ ਦਿਲਾਂ ਅੰਦਰ ਰਾਜ ਨਹੀਂ ਕਰਦਾ ਹੈ ਜਿਨ੍ਹਾਂ ਨਾਲ ਯਿਸੂ ਗੱਲ ਕਰ ਰਿਹਾ ਹੈ। ਫਿਰ ਵੀ, ਇਹ ਉਨ੍ਹਾਂ ਵਿੱਚੇ ਹੈ, ਕਿਉਂਕਿ ਪਰਮੇਸ਼ੁਰ ਦੇ ਰਾਜ ਦਾ ਮਨੋਨੀਤ ਰਾਜਾ, ਯਿਸੂ ਮਸੀਹ, ਠੀਕ ਉਨ੍ਹਾਂ ਦੇ ਵਿਚਕਾਰ ਹੈ।
ਸੰਭਵ ਹੈ ਕਿ ਫ਼ਰੀਸੀਆਂ ਦੇ ਜਾਣ ਤੋਂ ਬਾਅਦ ਯਿਸੂ ਅੱਗੋਂ ਆਪਣੇ ਚੇਲਿਆਂ ਨਾਲ ਰਾਜ ਦੇ ਆਗਮਨ ਬਾਰੇ ਹੋਰ ਗੱਲਾਂ ਕਰਦਾ ਹੈ। ਖ਼ਾਸ ਤੌਰ ਤੇ ਰਾਜ ਸ਼ਕਤੀ ਵਿਚ ਆਪਣੀ ਭਾਵੀ ਮੌਜੂਦਗੀ ਨੂੰ ਮਨ ਵਿਚ ਰੱਖਦੇ ਹੋਏ ਉਹ ਚੇਤਾਵਨੀ ਦਿੰਦਾ ਹੈ: “ਓਹ ਤੁਹਾਨੂੰ ਕਹਿਣਗੇ, ਵੇਖੋ ਉੱਥੇ ਹੈ, ਵੇਖੋ ਐੱਥੇ ਹੈ! ਤੁਸਾਂ ਨਾ ਜਾਣਾ ਅਤੇ [ਇਨ੍ਹਾਂ ਝੂਠੇ ਮਸੀਹੀਆਂ] ਮਗਰ ਨਾ ਲੱਗਣਾ। ਕਿਉਂਕਿ ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੇ ਦੂਏ ਪਾਸੇ ਤੀਕੁਰ ਚਮਕਦੀ ਹੈ ਓਸੇ ਤਰਾਂ ਮਨੁੱਖ ਦਾ ਪੁੱਤ੍ਰ ਆਪਣੇ ਦਿਨ ਵਿੱਚ ਹੋਵੇਗਾ।” ਇਸ ਤਰ੍ਹਾਂ, ਯਿਸੂ ਇਸ਼ਾਰਾ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਬਿਜਲੀ ਦੂਰ ਇਲਾਕੇ ਤੱਕ ਦੇਖੀ ਜਾਂਦੀ ਹੈ, ਉਸੇ ਤਰ੍ਹਾਂ ਰਾਜ ਸ਼ਕਤੀ ਵਿਚ ਉਸ ਦੀ ਮੌਜੂਦਗੀ ਦਾ ਸਬੂਤ ਉਨ੍ਹਾਂ ਸਾਰਿਆਂ ਨੂੰ ਸਪੱਸ਼ਟ ਦਿਖਾਈ ਦੇਵੇਗਾ ਜਿਹੜੇ ਉਸ ਨੂੰ ਦੇਖਣਾ ਚਾਹੁੰਦੇ ਹਨ।
ਫਿਰ ਯਿਸੂ ਪ੍ਰਾਚੀਨ ਘਟਨਾਵਾਂ ਨਾਲ ਤੁਲਨਾ ਕਰਦੇ ਹੋਏ ਇਹ ਦਿਖਾਉਂਦਾ ਹੈ ਕਿ ਉਸ ਦੀ ਭਾਵੀ ਮੌਜੂਦਗੀ ਦੇ ਦੌਰਾਨ ਲੋਕਾਂ ਦਾ ਕੀ ਰਵੱਈਆ ਹੋਵੇਗਾ। ਉਹ ਸਮਝਾਉਂਦਾ ਹੈ: “ਅਰ ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ। . . . ਅਰ ਜਿਸ ਤਰਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ। ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।”
ਯਿਸੂ ਇਹ ਨਹੀਂ ਕਹਿ ਰਿਹਾ ਹੈ ਕਿ ਨੂਹ ਦੇ ਦਿਨਾਂ ਵਿਚ ਅਤੇ ਲੂਤ ਦੇ ਦਿਨਾਂ ਵਿਚ ਲੋਕੀ ਕੇਵਲ ਇਸ ਲਈ ਨਾਸ਼ ਕੀਤੇ ਗਏ ਸਨ ਕਿਉਂਕਿ ਉਹ ਖਾਣ, ਪੀਣ, ਮੁੱਲ ਲੈਣ, ਵੇਚਣ, ਬੀਜਣ, ਅਤੇ ਘਰ ਬਣਾਉਣ ਦੇ ਆਮ ਕੰਮਾਂ ਵਿਚ ਲੱਗੇ ਹੋਏ ਸਨ। ਨੂਹ ਅਤੇ ਲੂਤ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਤਾਂ ਇਹ ਕੰਮ ਕੀਤੇ ਸਨ। ਪਰੰਤੂ ਦੂਜੇ ਲੋਕ ਅਜਿਹਿਆਂ ਰੋਜ਼ਾਨਾ ਦਿਆਂ ਕੰਮਾਂ ਵਿਚ ਪਰਮੇਸ਼ੁਰ ਦੀ ਇੱਛਾ ਵੱਲ ਧਿਆਨ ਕੀਤੇ ਬਿਨਾਂ ਲੱਗੇ ਰਹੇ, ਅਤੇ ਇਸੇ ਕਾਰਨ ਉਹ ਨਾਸ਼ ਕੀਤੇ ਗਏ ਸਨ। ਇਸੇ ਹੀ ਕਾਰਨ, ਲੋਕੀ ਨਾਸ਼ ਕੀਤੇ ਜਾਣਗੇ ਜਦੋਂ ਮਸੀਹ ਇਸ ਰੀਤੀ-ਵਿਵਸਥਾ ਦੇ ਉੱਤੇ ਵੱਡੇ ਕਸ਼ਟ ਦੌਰਾਨ ਪ੍ਰਗਟ ਹੋਵੇਗਾ।
ਰਾਜ ਸ਼ਕਤੀ ਵਿਚ ਉਸ ਦੀ ਭਾਵੀ ਮੌਜੂਦਗੀ ਦੇ ਸਬੂਤ ਪ੍ਰਤੀ ਜਲਦੀ ਪ੍ਰਤਿਕ੍ਰਿਆ ਦਿਖਾਉਣ ਦੀ ਮਹੱਤਤਾ ਉੱਪਰ ਜ਼ੋਰ ਦਿੰਦੇ ਹੋਏ, ਯਿਸੂ ਅੱਗੇ ਕਹਿੰਦਾ ਹੈ: “ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹ ਦਾ ਅਸਬਾਬ ਘਰ ਵਿੱਚ ਹੋਵੇ ਉਹ ਉਸ ਦੇ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰਾਂ ਪਿਛਾਹਾਂ ਨਾ ਮੁੜੇ। ਲੂਤ ਦੀ ਤੀਵੀਂ ਨੂੰ ਚੇਤੇ ਰੱਖੋ।”
ਜਦੋਂ ਮਸੀਹ ਦੀ ਮੌਜੂਦਗੀ ਦਾ ਸਬੂਤ ਜ਼ਾਹਰ ਹੁੰਦਾ ਹੈ, ਤਾਂ ਲੋਕੀ ਆਪਣੀ ਭੌਤਿਕ ਜਾਇਦਾਦ ਨਾਲ ਲਗਾਉ ਨੂੰ ਤੁਰੰਤ ਕਾਰਵਾਈ ਕਰਨ ਵਿਚ ਰੁਕਾਵਟ ਨਹੀਂ ਬਣਨ ਦੇ ਸਕਦੇ ਹਨ। ਸਦੂਮ ਤੋਂ ਬਾਹਰ ਨਿਕਲਦੇ ਸਮੇਂ, ਸਪੱਸ਼ਟ ਹੈ ਕਿ ਲੂਤ ਦੀ ਤੀਵੀਂ ਨੇ ਪਿੱਛੇ ਛੱਡੀਆਂ ਹੋਈਆਂ ਚੀਜ਼ਾਂ ਲਈ ਲੋਚਦਿਆਂ ਹੋਇਆਂ ਮੁੜ ਕੇ ਦੇਖਿਆ, ਅਤੇ ਉਹ ਲੂਣ ਦਾ ਇਕ ਥੰਮ੍ਹ ਬਣ ਗਈ।
ਉਹ ਸਥਿਤੀ ਜਿਹੜੀ ਉਸ ਦੀ ਭਾਵੀ ਮੌਜੂਦਗੀ ਦੇ ਦੌਰਾਨ ਹੋਵੇਗੀ, ਦੇ ਬਾਰੇ ਆਪਣੇ ਵਰਣਨ ਨੂੰ ਜਾਰੀ ਰੱਖਦੇ ਹੋਏ, ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲੀਤਾ ਜਾਵੇਗਾ ਅਤੇ ਦੂਆ ਛੱਡਿਆ ਜਾਵੇਗਾ। ਦੋ ਤੀਵੀਆਂ ਇਕੱਠੀਆਂ ਪੀਹੰਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਈ ਛੱਡੀ ਜਾਵੇਗੀ।”
ਲੈ ਲੀਤੇ ਜਾਣਾ ਨੂਹ ਦਾ ਆਪਣੇ ਪਰਿਵਾਰ ਨਾਲ ਕਿਸ਼ਤੀ ਵਿਚ ਦਾਖ਼ਲ ਹੋਣ ਅਤੇ ਦੂਤ ਦਾ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਦੂਮ ਵਿੱਚੋਂ ਬਾਹਰ ਲਿਆਉਣ ਨਾਲ ਮੇਲ ਖਾਂਦਾ ਹੈ। ਇਸ ਦਾ ਮਤਲਬ ਮੁਕਤੀ ਹੈ। ਦੂਜੇ ਪਾਸੇ, ਛੱਡੇ ਜਾਣ ਦਾ ਮਤਲਬ ਨਾਸ਼ ਭੋਗਣਾ ਹੈ।
ਇਸ ਮੁੱਦੇ ਉੱਤੇ, ਚੇਲੇ ਪੁੱਛਦੇ ਹਨ: “ਪ੍ਰਭੁ ਜੀ ਕਿੱਥੇ?”
“ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ,” ਯਿਸੂ ਜਵਾਬ ਦਿੰਦਾ ਹੈ। ਜਿਹੜੇ ਮੁਕਤੀ ਲਈ ‘ਲੈ ਲੀਤੇ’ ਗਏ ਹਨ ਉਹ ਉਨ੍ਹਾਂ ਦੂਰ-ਦਰਸ਼ੀ ਗਿਰਝਾਂ ਵਾਂਗ ਹਨ ਕਿਉਂ ਜੋ ਉਹ “ਲੋਥ” ਦੇ ਕੋਲ ਇਕੱਠੇ ਹੁੰਦੇ ਹਨ। ਲੋਥ ਦਾ ਹਵਾਲਾ ਸੱਚੇ ਮਸੀਹ ਦਾ ਰਾਜ ਸ਼ਕਤੀ ਵਿਚ ਉਸ ਦੀ ਅਦਿੱਖ ਮੌਜੂਦਗੀ ਅਤੇ ਉਸ ਅਧਿਆਤਮਿਕ ਭੋਜਨ ਨੂੰ ਸੰਕੇਤ ਕਰਦਾ ਹੈ, ਜਿਹੜਾ ਯਹੋਵਾਹ ਪ੍ਰਦਾਨ ਕਰਦਾ ਹੈ। ਲੂਕਾ 17:20-37; ਉਤਪਤ 19:26.
▪ ਰਾਜ ਕਿਸ ਤਰ੍ਹਾਂ ਫ਼ਰੀਸੀਆਂ ਦੇ ਵਿੱਚੇ ਸੀ?
▪ ਮਸੀਹ ਦੀ ਮੌਜੂਦਗੀ ਕਿਸ ਢੰਗ ਨਾਲ ਬਿਜਲੀ ਵਾਂਗ ਹੈ?
▪ ਮਸੀਹ ਦੀ ਮੌਜੂਦਗੀ ਦੇ ਦੌਰਾਨ ਲੋਕੀ ਕਿਉਂ ਆਪਣੇ ਕੰਮਾਂ ਲਈ ਨਾਸ਼ ਕੀਤੇ ਜਾਣਗੇ?
▪ ਲੈ ਲੀਤੇ ਜਾਣ ਦਾ ਅਤੇ ਛੱਡ ਦਿੱਤੇ ਜਾਣ ਦਾ ਕੀ ਮਤਲਬ ਹੈ?