ਇਕ ਸੂਬੇਦਾਰ ਦੀ ਵੱਡੀ ਨਿਹਚਾ
ਅਧਿਆਇ 36
ਇਕ ਸੂਬੇਦਾਰ ਦੀ ਵੱਡੀ ਨਿਹਚਾ
ਜਦੋਂ ਯਿਸੂ ਪਹਾੜ ਉੱਤੇ ਆਪਣਾ ਉਪਦੇਸ਼ ਦਿੰਦਾ ਹੈ, ਉਸ ਸਮੇਂ ਉਹ ਆਪਣੀ ਜਨਤਕ ਸੇਵਕਾਈ ਦੇ ਲਗਭਗ ਅੱਧ ਵਿਚ ਪਹੁੰਚ ਗਿਆ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਸ ਕੋਲ ਧਰਤੀ ਤੇ ਆਪਣਾ ਕੰਮ ਖ਼ਤਮ ਕਰਨ ਲਈ ਸਿਰਫ਼ ਇਕ ਵਰ੍ਹਾ ਅਤੇ ਨੌਂ-ਕੁ ਮਹੀਨੇ ਬਾਕੀ ਹਨ।
ਯਿਸੂ ਹੁਣ ਕਫ਼ਰਨਾਹੂਮ ਦੇ ਨਗਰ ਵਿਚ ਦਾਖ਼ਲ ਹੁੰਦਾ ਹੈ ਜਿਹੜਾ ਉਸ ਦੇ ਕੰਮਾਂ ਲਈ ਇਕ ਕਿਸਮ ਦਾ ਨਿਵਾਸ-ਸਥਾਨ ਹੈ। ਇੱਥੇ ਯਹੂਦੀਆਂ ਦੇ ਬਜ਼ੁਰਗ ਉਸ ਕੋਲ ਇਕ ਬੇਨਤੀ ਲੈ ਕੇ ਆਉਂਦੇ ਹਨ। ਉਹ ਰੋਮੀ ਸੈਨਾ ਦੇ ਇਕ ਸੂਬੇਦਾਰ ਵੱਲੋਂ ਭੇਜੇ ਗਏ ਹਨ ਜੋ ਗ਼ੈਰ-ਯਹੂਦੀ ਹੈ, ਅਰਥਾਤ ਯਹੂਦੀਆਂ ਨਾਲੋਂ ਇਕ ਵੱਖਰੀ ਨਸਲ ਦਾ ਆਦਮੀ।
ਸੂਬੇਦਾਰ ਦਾ ਪਿਆਰਾ ਨੌਕਰ ਇਕ ਗੰਭੀਰ ਬੀਮਾਰੀ ਦੇ ਕਾਰਨ ਮਰਨ ਵਾਲਾ ਹੈ, ਅਤੇ ਉਹ ਚਾਹੁੰਦਾ ਹੈ ਕਿ ਯਿਸੂ ਉਸ ਨੂੰ ਚੰਗਾ ਕਰੇ। ਇਹ ਯਹੂਦੀ, ਸੂਬੇਦਾਰ ਦੇ ਨਿਮਿੱਤ ਦਿਲੋਂ-ਮਨੋਂ ਸਿਫਾਰਸ਼ ਕਰਦੇ ਹਨ: “ਉਹ ਇਸ ਲਾਇਕ ਹੈ ਜੋ ਤੂੰ ਉਹ ਦੇ ਲਈ ਇਹ ਕੰਮ ਕਰੇਂ,” ਉਹ ਕਹਿੰਦੇ ਹਨ, “ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਹ ਨੇ ਆਪ ਸਾਡੇ ਲਈ ਸਮਾਜ ਮੰਦਰ ਬਣਵਾਇਆ ਹੈ।”
ਬਿਨਾਂ ਕਿਸੇ ਝਿਜਕ ਦੇ ਯਿਸੂ ਉਨ੍ਹਾਂ ਮਨੁੱਖਾਂ ਦੇ ਨਾਲ ਚਲ ਪੈਂਦਾ ਹੈ। ਪਰੰਤੂ, ਜਦੋਂ ਉਹ ਨੇੜੇ ਪਹੁੰਚਦੇ ਹਨ, ਤਾਂ ਸੂਬੇਦਾਰ ਇਹ ਕਹਿਣ ਲਈ ਆਪਣੇ ਮਿੱਤਰਾਂ ਨੂੰ ਬਾਹਰ ਭੇਜਦਾ ਹੈ: “ਪ੍ਰਭੁ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਲਾਇਕ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੇਂ। ਇਸੇ ਕਾਰਨ ਮੈਂ ਆਪਣੇ ਤਾਈਂ ਤੇਰੇ ਕੋਲ ਆਉਣ ਦੇ ਭੀ ਜੋਗ ਨਾ ਸਮਝਿਆ।”
ਇਕ ਸੂਬੇਦਾਰ ਵੱਲੋਂ ਕਿੰਨਾ ਹੀ ਨਿਮਰ ਪ੍ਰਗਟਾਵਾ ਜੋ ਦੂਜਿਆਂ ਨੂੰ ਹੁਕਮ ਦੇਣ ਦਾ ਆਦੀ ਹੈ! ਪਰੰਤੂ ਉਹ ਸ਼ਾਇਦ ਯਿਸੂ ਦੇ ਬਾਰੇ ਵੀ ਸੋਚ ਰਿਹਾ ਹੈ, ਇਹ ਅਹਿਸਾਸ ਕਰਦੇ ਹੋਏ ਕਿ ਇਕ ਯਹੂਦੀ ਦਾ ਗ਼ੈਰ-ਯਹੂਦੀਆਂ ਨਾਲ ਸਮਾਜਿਕ ਸੰਬੰਧ ਰੱਖਣਾ, ਰੀਤੀ ਅਨੁਸਾਰ ਮਨ੍ਹਾ ਹੈ। ਪਤਰਸ ਨੇ ਵੀ ਕਿਹਾ: “ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ ਮਿਲਾਪ ਰੱਖਣਾ ਯਾ ਉਹ ਦੇ ਘਰ ਜਾਣਾ ਮਨਾ ਹੈ।”
ਸ਼ਾਇਦ ਇਹ ਨਹੀਂ ਚਾਹੁੰਦੇ ਹੋਏ ਕਿ ਯਿਸੂ ਨੂੰ ਇਸ ਰੀਤੀ ਦੇ ਤੋੜਨ ਦੇ ਨਤੀਜੇ ਵਜੋਂ ਕਸ਼ਟ ਹੋਵੇ, ਸੂਬੇਦਾਰ ਆਪਣੇ ਮਿੱਤਰਾਂ ਦੁਆਰਾ ਬੇਨਤੀ ਕਰਵਾਉਂਦਾ ਹੈ: “ਤੂੰ ਨਿਰਾ ਬਚਨ ਹੀ ਉਚਾਰ ਤਾਂ ਮੇਰਾ ਛੋਕਰਾ ਚੰਗਾ ਹੋ ਜਾਵੇਗਾ। ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਕੀਤਾ ਹੋਇਆ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ ਕਿ ਆ, ਤਾਂ ਉਹ ਆਉਂਦਾ ਹੈ ਅਰ ਆਪਣੇ ਨੌਕਰ ਨੂੰ ਕਿ ਇਹ ਕਰ, ਤਾਂ ਉਹ ਕਰਦਾ ਹੈ।”
ਖ਼ੈਰ, ਜਦੋਂ ਯਿਸੂ ਇਹ ਸੁਣਦਾ ਹੈ, ਤਾਂ ਉਹ ਹੈਰਾਨ ਹੁੰਦਾ ਹੈ। “ਮੈਂ ਤੁਹਾਨੂੰ ਸਤ ਆਖਦਾ ਹਾਂ,” ਉਹ ਕਹਿੰਦਾ ਹੈ, “ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!” ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰਨ ਮਗਰੋਂ, ਯਿਸੂ ਮੌਕੇ ਦਾ ਫ਼ਾਇਦਾ ਉਠਾ ਕੇ ਦੱਸਦਾ ਹੈ ਕਿ ਕਿਵੇਂ ਨਿਹਚਾ ਵਾਲੇ ਗ਼ੈਰ-ਯਹੂਦੀ ਉਹ ਬਰਕਤਾਂ ਪ੍ਰਾਪਤ ਕਰਨਗੇ ਜੋ ਅਵਿਸ਼ਵਾਸੀ ਯਹੂਦੀਆਂ ਦੁਆਰਾ ਰੱਦ ਕੀਤੀਆਂ ਗਈਆਂ ਹਨ।
“ਬਥੇਰੇ,” ਯਿਸੂ ਕਹਿੰਦਾ ਹੈ, “ਚੜ੍ਹਦਿਓਂ ਅਤੇ ਲਹਿੰਦਿਓਂ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਬੈਠਣਗੇ। ਪਰ ਰਾਜ ਦੇ ਪੁੱਤ੍ਰ ਬਾਹਰ ਦੇ ਅੰਧਘੋਰ ਵਿੱਚ ਕੱਢੇ ਜਾਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।”
“ਰਾਜ ਦੇ ਪੁੱਤ੍ਰ” ਜੋ “ਬਾਹਰ ਅੰਧਘੋਰ ਵਿੱਚ ਕੱਢੇ” ਗਏ ਹਨ, ਉਹ ਪ੍ਰਾਕਿਰਤਕ ਯਹੂਦੀ ਹਨ ਜੋ ਮਸੀਹ ਨਾਲ ਸ਼ਾਸਕ ਬਣਨ ਦਾ ਮੌਕਾ ਕਬੂਲ ਨਹੀਂ ਕਰਦੇ ਹਨ ਜੋ ਪਹਿਲਾਂ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ। ਅਬਰਾਹਾਮ, ਇਸਹਾਕ, ਅਤੇ ਯਾਕੂਬ, ਪਰਮੇਸ਼ੁਰ ਦੇ ਰਾਜ ਪ੍ਰਬੰਧ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਯਿਸੂ ਬਿਆਨ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਗ਼ੈਰ-ਯਹੂਦੀ ਲੋਕਾਂ ਨੂੰ, ਮਾਨੋ, “ਸੁਰਗ ਦੇ ਰਾਜ ਵਿੱਚ” ਸਵਰਗੀ ਮੇਜ਼ ਤੇ ਬੈਠਣ ਲਈ, ਸੁਆਗਤ ਕੀਤਾ ਜਾਵੇਗਾ। ਲੂਕਾ 7:1-10; ਮੱਤੀ 8:5-13; ਰਸੂਲਾਂ ਦੇ ਕਰਤੱਬ 10:28.
▪ ਯਹੂਦੀ ਇਕ ਗ਼ੈਰ-ਯਹੂਦੀ ਸੂਬੇਦਾਰ ਦੇ ਨਿਮਿੱਤ ਕਿਉਂ ਸਿਫਾਰਸ਼ ਕਰਦੇ ਹਨ?
▪ ਕਿਹੜੀ ਗੱਲ ਸ਼ਾਇਦ ਸਮਝਾਏ ਕਿ ਕਿਉਂ ਸੂਬੇਦਾਰ ਨੇ ਯਿਸੂ ਨੂੰ ਆਪਣੇ ਘਰ ਵਿਚ ਆਉਣ ਲਈ ਨਹੀਂ ਸੱਦਿਆ?
▪ ਆਪਣੀ ਸਮਾਪਤੀ ਟਿੱਪਣੀ ਤੋਂ ਯਿਸੂ ਦਾ ਕੀ ਮਤਲਬ ਹੈ?