ਆਪਣੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦੇਣਾ
ਅਧਿਆਇ 30
ਆਪਣੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦੇਣਾ
ਜਦੋਂ ਯਹੂਦੀ ਧਾਰਮਿਕ ਆਗੂ ਯਿਸੂ ਤੇ ਸਬਤ ਤੋੜਨ ਦਾ ਦੋਸ਼ ਲਾਉਂਦੇ ਹਨ, ਤਾਂ ਉਹ ਜਵਾਬ ਦਿੰਦਾ ਹੈ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।”
ਫ਼ਰੀਸੀਆਂ ਦੇ ਦਾਅਵੇ ਦੇ ਬਾਵਜੂਦ, ਯਿਸੂ ਦੇ ਕੰਮ ਅਜਿਹੇ ਨਹੀਂ ਜੋ ਕਿ ਸਬਤ ਨਿਯਮ ਦੁਆਰਾ ਮਨ੍ਹਾਂ ਕੀਤੇ ਗਏ ਹੋਣ। ਉਸ ਦਾ ਪ੍ਰਚਾਰ ਕਰਨ ਅਤੇ ਚੰਗਾ ਕਰਨ ਦਾ ਕੰਮ ਪਰਮੇਸ਼ੁਰ ਵੱਲੋਂ ਇਕ ਕਾਰਜ-ਨਿਯੁਕਤੀ ਹੈ, ਅਤੇ ਪਰਮੇਸ਼ੁਰ ਦੇ ਉਦਾਹਰਣ ਦੇ ਅਨੁਕਰਣ ਵਿਚ, ਉਹ ਇਸ ਨੂੰ ਰੋਜ਼ਾਨਾ ਜਾਰੀ ਰੱਖਦਾ ਹੈ। ਪਰੰਤੂ, ਉਸ ਦਾ ਜਵਾਬ ਯਹੂਦੀਆਂ ਨੂੰ ਪਹਿਲਾਂ ਨਾਲੋਂ ਹੋਰ ਜ਼ਿਆਦਾ ਕ੍ਰੋਧਿਤ ਕਰ ਦਿੰਦਾ ਹੈ, ਅਤੇ ਉਹ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂ?
ਕਿਉਂਕਿ ਹੁਣ ਉਹ ਕੇਵਲ ਇਹੀ ਯਕੀਨ ਨਹੀਂ ਕਰਦੇ ਕਿ ਯਿਸੂ ਸਬਤ ਦਾ ਨਿਯਮ ਤੋੜ ਰਿਹਾ ਹੈ ਪਰ ਇਹ ਵੀ ਕਿ ਪਰਮੇਸ਼ੁਰ ਦਾ ਨਿੱਜੀ ਪੁੱਤਰ ਹੋਣ ਦੇ ਉਸ ਦੇ ਦਾਅਵੇ ਨੂੰ ਉਹ ਕੁਫ਼ਰ ਵਿਚਾਰਦੇ ਹਨ। ਪਰ ਯਿਸੂ ਬਿਨਾਂ ਡਰੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਆਪਣੇ ਕਿਰਪਾ-ਪ੍ਰਾਪਤ ਰਿਸ਼ਤੇ ਸੰਬੰਧੀ ਹੋਰ ਜਵਾਬ ਦਿੰਦਾ ਹੈ। “ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ,” ਉਹ ਕਹਿੰਦਾ ਹੈ, “ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਕੁਝ ਉਸ ਨੂੰ ਵਿਖਾਲਦਾ ਹੈ।”
“ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ . . . ਹੈ,” ਯਿਸੂ ਅੱਗੇ ਕਹਿੰਦਾ ਹੈ, “ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ।” ਅਸਲ ਵਿਚ, ਪੁੱਤਰ ਪਹਿਲਾਂ ਹੀ ਅਧਿਆਤਮਿਕ ਤਰੀਕੇ ਨਾਲ ਮੁਰਦਿਆਂ ਨੂੰ ਜੀ ਉਠਾ ਰਿਹਾ ਹੈ! “ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ,” ਯਿਸੂ ਕਹਿੰਦਾ ਹੈ, “ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ।” ਜੀ ਹਾਂ, ਉਹ ਅੱਗੇ ਕਹਿੰਦਾ ਹੈ: “ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ੁਰ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ।”
ਭਾਵੇਂ ਕਿ ਕੋਈ ਰਿਕਾਰਡ ਨਹੀਂ ਹੈ ਕਿ ਯਿਸੂ ਨੇ ਅਜੇ ਤਕ ਕਿਸੇ ਨੂੰ ਮੁਰਦਿਆਂ ਵਿੱਚੋਂ ਵਾਸਤਵ ਵਿਚ ਜੀ ਉਠਾਇਆ ਹੈ, ਉਹ ਆਪਣੇ ਦੋਸ਼ ਲਾਉਣ ਵਾਲਿਆਂ ਨੂੰ ਦੱਸਦਾ ਹੈ ਕਿ ਮੁਰਦਿਆਂ ਦਾ ਅਜਿਹਾ ਵਾਸਤਵਿਕ ਪੁਨਰ-ਉਥਾਨ ਹੋਵੇਗਾ। “ਇਹ ਨੂੰ ਅਚਰਜ ਨਾ ਜਾਣੋ,” ਉਹ ਕਹਿੰਦਾ ਹੈ, “ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ [“ਸਮਾਰਕ ਕਬਰਾਂ,” ਨਿ ਵ] ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”
ਸਪੱਸ਼ਟ ਤੌਰ ਤੇ, ਇਸ ਸਮੇਂ ਤਕ, ਯਿਸੂ ਨੇ ਕਦੀ ਵੀ ਪਰਮੇਸ਼ੁਰ ਦੇ ਉਦੇਸ਼ ਵਿਚ ਆਪਣੇ ਮਹੱਤਵਪੂਰਣ ਭਾਗ ਨੂੰ ਇੰਨੇ ਸਪੱਸ਼ਟ ਅਤੇ ਨਿਸ਼ਚਿਤ ਰੂਪ ਵਿਚ ਖੁਲ੍ਹੇਆਮ ਬਿਆਨ ਨਹੀਂ ਕੀਤਾ ਹੈ। ਪਰੰਤੂ ਇਨ੍ਹਾਂ ਗੱਲਾਂ ਬਾਰੇ, ਯਿਸੂ ਦੇ ਦੋਸ਼ ਲਾਉਣ ਵਾਲਿਆਂ ਕੋਲ ਉਸ ਦੀ ਖ਼ੁਦ ਦੀ ਸਾਖੀ ਨਾਲੋਂ ਹੋਰ ਵੀ ਕੁਝ ਹੈ। “ਤੁਸਾਂ ਯੂਹੰਨਾ ਕੋਲੋਂ ਪੁਛਾ ਭੇਜਿਆ,” ਯਿਸੂ ਉਨ੍ਹਾਂ ਨੂੰ ਯਾਦ ਦਿਵਾਉਂਦਾ ਹੈ, “ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ।”
ਸਿਰਫ਼ ਦੋ ਵਰ੍ਹੇ ਪਹਿਲਾਂ ਹੀ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਨ੍ਹਾਂ ਯਹੂਦੀ ਧਾਰਮਿਕ ਆਗੂਆਂ ਨੂੰ ਆਪਣੇ ਮਗਰੋਂ ਆਉਣ ਵਾਲੇ ਦੇ ਬਾਰੇ ਦੱਸਿਆ ਸੀ। ਯਿਸੂ ਉਨ੍ਹਾਂ ਨੂੰ ਉਸ ਸਤਕਾਰ ਦੀ ਯਾਦ ਦਿਵਾਉਂਦੇ ਹੋਏ, ਜੋ ਇਸ ਸਮੇਂ ਕੈਦ ਯੂਹੰਨਾ ਦੇ ਪ੍ਰਤੀ ਉਨ੍ਹਾਂ ਨੇ ਇਕ ਸਮੇਂ ਤੇ ਦਿਖਾਇਆ ਸੀ, ਕਹਿੰਦਾ ਹੈ: “ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਪਰਸਿੰਨ ਸਾਓ।” ਯਿਸੂ ਉਨ੍ਹਾਂ ਦੀ ਮਦਦ ਕਰਨ, ਜੀ ਹਾਂ, ਉਨ੍ਹਾਂ ਨੂੰ ਬਚਾਉਣ ਦੀ ਉਮੀਦ ਨਾਲ ਉਨ੍ਹਾਂ ਨੂੰ ਇਹ ਯਾਦ ਕਰਾਉਂਦਾ ਹੈ। ਫਿਰ ਵੀ ਉਹ ਯੂਹੰਨਾ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ ਹੈ।
“ਏਹੋ ਕੰਮ ਜੋ ਮੈਂ ਕਰਦਾ ਹਾਂ [ਉਸ ਚਮਤਕਾਰ ਸਮੇਤ ਜੋ ਹੁਣੇ ਉਸ ਨੇ ਕੀਤਾ ਹੈ] ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ।” ਪਰੰਤੂ ਇਸ ਤੋਂ ਇਲਾਵਾ, ਯਿਸੂ ਅੱਗੇ ਕਹਿੰਦਾ ਹੈ: “ਪਿਤਾ ਜਿਨ੍ਹ ਮੈਨੂੰ ਘੱਲਿਆ ਉਸੇ ਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ ਹੈ।” ਉਦਾਹਰਣ ਦੇ ਤੌਰ ਤੇ, ਪਰਮੇਸ਼ੁਰ ਨੇ ਯਿਸੂ ਦੇ ਬਪਤਿਸਮੇ ਸਮੇਂ ਇਹ ਕਹਿੰਦੇ ਹੋਏ ਉਸ ਬਾਰੇ ਸਾਖੀ ਦਿੱਤੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ।”
ਸੱਚ-ਮੁੱਚ ਹੀ, ਯਿਸੂ ਦੇ ਦੋਸ਼ ਲਾਉਣ ਵਾਲਿਆਂ ਕੋਲ ਉਸ ਨੂੰ ਰੱਦ ਕਰਨ ਦਾ ਕੋਈ ਬਹਾਨਾ ਨਹੀਂ ਹੈ। ਉਹੀ ਸ਼ਾਸਤਰ, ਜਿਨ੍ਹਾਂ ਦੀ ਉਹ ਖੋਜ ਕਰਨ ਦਾ ਦਾਅਵਾ ਕਰਦੇ ਹਨ, ਉਸ ਦੇ ਬਾਰੇ ਗਵਾਹੀ ਦਿੰਦੇ ਹਨ! “ਜੇ ਤੁਸੀਂ ਮੂਸਾ ਦੀ ਪਰਤੀਤ ਕਰਦੇ ਤਾਂ ਮੇਰੀ ਵੀ ਪਰਤੀਤ ਕਰਦੇ,” ਯਿਸੂ ਸਮਾਪਤ ਕਰਦਾ ਹੈ, “ਕਿਉਂ ਜੋ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ। ਪਰ ਜਾਂ ਤੁਸੀਂ ਉਹ ਦੀਆਂ ਲਿਖਤਾਂ ਦੀ ਪਰਤੀਤ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਦੀ ਕਿਵੇਂ ਪਰਤੀਤ ਕਰੋਗੇ?” ਯੂਹੰਨਾ 5:17-47; 1:19-27; ਮੱਤੀ 3:17.
▪ ਯਿਸੂ ਦਾ ਕੰਮ ਸਬਤ ਦਾ ਉਲੰਘਣ ਕਿਉਂ ਨਹੀਂ ਹੈ?
▪ ਯਿਸੂ ਪਰਮੇਸ਼ੁਰ ਦੇ ਉਦੇਸ਼ ਵਿਚ ਆਪਣਾ ਮਹੱਤਵਪੂਰਣ ਭਾਗ ਕਿਸ ਤਰ੍ਹਾਂ ਬਿਆਨ ਕਰਦਾ ਹੈ?
▪ ਇਹ ਸਾਬਤ ਕਰਨ ਲਈ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ, ਯਿਸੂ ਕਿਸ ਦੀ ਗਵਾਹੀ ਵੱਲ ਸੰਕੇਤ ਕਰਦਾ ਹੈ?