ਪਾਠ 8
ਯੋਸੀਯਾਹ ਦੇ ਦੋਸਤ ਚੰਗੇ ਸਨ
ਤੇਰੇ ਖ਼ਿਆਲ ਵਿਚ ਕੀ ਸਹੀ ਕੰਮ ਕਰਨਾ ਔਖਾ ਹੈ?— ਕਈ ਲੋਕ ਕਹਿਣਗੇ: ‘ਹਾਂ, ਔਖਾ ਹੈ।’ ਬਾਈਬਲ ਸਾਨੂੰ ਇਕ ਛੋਟੇ ਜਿਹੇ ਮੁੰਡੇ ਯੋਸੀਯਾਹ ਬਾਰੇ ਦੱਸਦੀ ਹੈ ਜਿਸ ਦੇ ਲਈ ਸਹੀ ਕੰਮ ਕਰਨਾ ਬਹੁਤ ਮੁਸ਼ਕਲ ਸੀ। ਪਰ ਉਸ ਦੇ ਚੰਗੇ ਦੋਸਤ ਸਨ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ। ਆਓ ਆਪਾਂ ਯੋਸੀਯਾਹ ਅਤੇ ਉਸ ਦੇ ਦੋਸਤਾਂ ਬਾਰੇ ਹੋਰ ਜਾਣੀਏ।
ਯੋਸੀਯਾਹ ਦਾ ਡੈਡੀ ਆਮੋਨ ਯਹੂਦਾਹ ਦੇਸ਼ ਦਾ ਰਾਜਾ ਸੀ। ਆਮੋਨ ਬੜਾ ਖ਼ਰਾਬ ਬੰਦਾ ਸੀ ਅਤੇ ਮੂਰਤੀਆਂ ਦੀ ਪੂਜਾ ਕਰਦਾ ਸੀ। ਉਸ ਦੇ ਮਰਨ ਤੋਂ ਬਾਅਦ ਯੋਸੀਯਾਹ ਰਾਜਾ ਬਣ ਗਿਆ। ਪਰ ਉਹ ਸਿਰਫ਼ ਅੱਠ ਸਾਲ ਦਾ ਸੀ! ਤੇਰੇ ਖ਼ਿਆਲ ਵਿਚ ਕੀ ਉਹ ਆਪਣੇ ਪਿਤਾ ਵਾਂਗ ਖ਼ਰਾਬ ਸੀ?— ਨਹੀਂ, ਬਿਲਕੁਲ ਨਹੀਂ!
ਜਦੋਂ ਯੋਸੀਯਾਹ ਛੋਟਾ ਹੁੰਦਾ ਸੀ, ਉਦੋਂ ਵੀ ਉਹ ਯਹੋਵਾਹ ਦਾ ਕਹਿਣਾ ਮੰਨਣਾ ਚਾਹੁੰਦਾ ਸੀ। ਇਸ ਲਈ ਉਸ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਨਾਲ ਪਿਆਰ ਕਰਦੇ ਸੀ। ਅਤੇ ਉਨ੍ਹਾਂ ਨੇ ਯੋਸੀਯਾਹ ਦੀ ਸਹੀ ਕੰਮ ਕਰਨ ਵਿਚ ਮਦਦ ਕੀਤੀ। ਯੋਸੀਯਾਹ ਦੇ ਕਿਹੜੇ ਕੁਝ ਦੋਸਤ ਸਨ?
ਉਸ ਦਾ ਇਕ ਦੋਸਤ ਸੀ ਸਫ਼ਨਯਾਹ। ਸਫ਼ਨਯਾਹ ਪਰਮੇਸ਼ੁਰ ਦਾ ਬੰਦਾ ਸੀ ਅਤੇ ਉਸ ਨੇ ਲੋਕਾਂ ਨੂੰ ਸਮਝਾਇਆ ਕਿ ਜੇ ਉਹ ਮੂਰਤੀਆਂ ਦੀ ਪੂਜਾ ਕਰਨਗੇ,
ਤਾਂ ਉਨ੍ਹਾਂ ਉੱਤੇ ਮੁਸੀਬਤਾਂ ਆਉਣਗੀਆਂ। ਯੋਸੀਯਾਹ ਨੇ ਸਫ਼ਨਯਾਹ ਦੀ ਗੱਲ ਸੁਣੀ ਅਤੇ ਉਸ ਨੇ ਮੂਰਤੀਆਂ ਦੀ ਪੂਜਾ ਨਹੀਂ, ਸਗੋਂ ਯਹੋਵਾਹ ਦੀ ਪੂਜਾ ਕੀਤੀ।ਯਿਰਮਿਯਾਹ ਵੀ ਯੋਸੀਯਾਹ ਦਾ ਦੋਸਤ ਸੀ। ਉਹ ਲਗਭਗ ਇੱਕੋ ਉਮਰ ਦੇ ਸੀ ਅਤੇ ਵੱਡੇ ਹੁੰਦਿਆਂ ਉਹ ਇਕ-ਦੂਜੇ ਦੇ ਨੇੜੇ ਰਹਿੰਦੇ ਸੀ। ਉਨ੍ਹਾਂ ਦੀ ਦੋਸਤੀ ਇੰਨੀ ਪੱਕੀ ਸੀ ਕਿ ਯੋਸੀਯਾਹ ਦੇ ਮਰਨ ਪਿੱਛੋਂ ਯਿਰਮਿਯਾਹ ਨੇ ਇਕ ਖ਼ਾਸ ਗਾਣਾ ਲਿਖਿਆ ਕਿਉਂਕਿ ਉਹ ਨੂੰ ਉਸ ਦੀ ਬੜੀ ਯਾਦ ਆਉਂਦੀ ਸੀ। ਯਿਰਮਿਯਾਹ ਅਤੇ ਯੋਸੀਯਾਹ ਨੇ ਸਹੀ ਕੰਮ ਕਰਨ ਅਤੇ ਯਹੋਵਾਹ ਦਾ ਕਹਿਣਾ ਮੰਨਣ ਵਿਚ ਇਕ-ਦੂਜੇ ਦੀ ਬਹੁਤ ਮਦਦ ਕੀਤੀ।
ਯੋਸੀਯਾਹ ਅਤੇ ਯਿਰਮਿਯਾਹ ਨੇ ਸਹੀ ਕੰਮ ਕਰਨ ਵਿਚ ਇਕ-ਦੂਜੇ ਦੀ ਮਦਦ ਕੀਤੀ
ਤੂੰ ਯੋਸੀਯਾਹ ਦੀ ਮਿਸਾਲ ਤੋਂ ਕੀ ਸਿੱਖਿਆ?— ਜਦੋਂ ਯੋਸੀਯਾਹ ਛੋਟਾ ਹੁੰਦਾ ਸੀ, ਉਹ ਸਹੀ ਕੰਮ ਕਰਨਾ ਚਾਹੁੰਦਾ ਸੀ। ਉਸ ਨੂੰ ਪਤਾ ਸੀ ਕਿ ਉਸ ਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਸੀ ਜੋ ਯਹੋਵਾਹ ਨਾਲ ਪਿਆਰ ਕਰਦੇ ਸਨ। ਤੂੰ ਵੀ ਉਹ ਦੋਸਤ ਚੁਣੀਂ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ ਅਤੇ ਸਹੀ ਕੰਮ ਕਰਨ ਵਿਚ ਤੇਰੀ ਮਦਦ ਕਰ ਸਕਦੇ ਹਨ।