ਦੁਨੀਆਂ ਭਰ ਵਿਚ ਚੱਲੀ ਮੁਹਿੰਮ ਨਾਲ JW.ORG ਦੀ ਮਸ਼ਹੂਰੀ ਹੋਈ
ਅਗਸਤ 2014 ਦੌਰਾਨ ਯਹੋਵਾਹ ਦੇ ਗਵਾਹਾਂ ਨੇ jw.org ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਇਕ ਟ੍ਰੈਕਟ ਵੰਡਿਆ। ਨਤੀਜੇ ਵਜੋਂ, ਉਸ ਮਹੀਨੇ ਲੋਕ ਤਕਰੀਬਨ 6 ਕਰੋੜ 50 ਲੱਖ ਵਾਰ ਇਸ ਵੈੱਬਸਾਈਟ ʼਤੇ ਗਏ ਯਾਨੀ ਇਹ ਵਾਧਾ 20 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਸੀ। ਦੁਨੀਆਂ ਭਰ ਦੇ ਤਕਰੀਬਨ 10 ਹਜ਼ਾਰ ਲੋਕਾਂ ਨੇ ਵੈੱਬਸਾਈਟ ਰਾਹੀਂ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਜੋ ਜੁਲਾਈ ਮਹੀਨੇ ਦੀ ਤੁਲਨਾ ਵਿਚ 67 ਪ੍ਰਤਿਸ਼ਤ ਤੋਂ ਜ਼ਿਆਦਾ ਸੀ! ਇਸ ਮੁਹਿੰਮ ਕਰਕੇ ਸਾਰੀ ਦੁਨੀਆਂ ਦੇ ਲੋਕਾਂ ਦੀ ਮਦਦ ਹੋਈ।
ਉਨ੍ਹਾਂ ਲੋਕਾਂ ਲਈ ਮਦਦ ਜੋ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਲੱਭ ਰਹੇ ਹਨ
ਕੈਨੇਡਾ ਵਿਚ ਯਹੋਵਾਹ ਦੀ ਇਕ ਗਵਾਹ ਲਿਫਟ ਵਿਚ ਇਕ ਮੈਡਲਿਨ ਨਾਂ ਦੀ ਔਰਤ ਨੂੰ ਮਿਲੀ ਅਤੇ ਉਸ ਨੂੰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਮੁਹਿੰਮ ਵਾਲਾ ਟ੍ਰੈਕਟ ਦਿਖਾਇਆ। ਮੈਡਲਿਨ ਨੇ ਕਿਹਾ ਕਿ ਉਹ ਕੱਲ੍ਹ ਰਾਤ ਹੀ ਆਪਣੀ ਬਾਲਕਨੀ ਵਿਚ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਅਜਿਹੇ ਸਵਾਲਾਂ ਦੇ ਜਵਾਬ ਜਾਣਨ ਵਿਚ ਉਸ ਦੀ ਮਦਦ ਕਰੇ। ਉਸ ਨੇ ਕੁਝ ਸਮਾਂ ਪਹਿਲਾਂ ਵੀ ਫ਼ੋਨ ਕਰ ਕੇ ਕਈ ਚਰਚਾਂ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਸੀ, ਪਰ ਕਿਸੇ ਨੇ ਉਸ ਨੂੰ ਜਵਾਬ ਨਹੀਂ ਦਿੱਤਾ। ਜਲਦੀ ਹੀ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ।
ਉਨ੍ਹਾਂ ਲੋਕਾਂ ਲਈ ਮਦਦ ਜਿਨ੍ਹਾਂ ਨੂੰ ਬਾਈਬਲ ਬਾਰੇ ਪਤਾ ਨਹੀਂ
ਫ਼ਿਲਪੀਨ ਵਿਚ ਰੋਈਨਾ ਨਾਂ ਦੀ ਯਹੋਵਾਹ ਦੀ ਇਕ ਗਵਾਹ ਇਕ ਚੀਨੀ ਆਦਮੀ ਨੂੰ ਮਿਲੀ ਜੋ ਇਕ ਰੈਸਟੋਰੈਂਟ ਦੇ ਬਾਹਰ ਖੜ੍ਹਾ ਸੀ। ਰੋਈਨਾ ਨੇ ਉਸ ਨੂੰ ਟ੍ਰੈਕਟ ਦਿੱਤਾ ਅਤੇ ਕਿਹਾ ਕਿ ਯਹੋਵਾਹ ਦੇ ਗਵਾਹ ਲੋਕਾਂ ਦੀ ਬਾਈਬਲ ਦੀ ਸਿੱਖਿਆ ਲੈਣ ਵਿਚ ਮਦਦ ਕਰਨੀ ਚਾਹੁੰਦੇ ਹਨ।
ਉਸ ਆਦਮੀ ਨੇ ਕਿਹਾ ਕਿ ਉਸ ਨੇ ਜ਼ਿੰਦਗੀ ਵਿਚ ਕਦੇ ਬਾਈਬਲ ਦੇਖੀ ਤਕ ਨਹੀਂ। ਰੋਈਨਾ ਨਾਲ ਗੱਲ ਕਰਨ ਤੋਂ ਬਾਅਦ ਉਸ ਦਾ ਮਨ ਕੀਤਾ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਹਾਜ਼ਰ ਹੋਵੇ। ਬਾਅਦ ਵਿਚ ਉਸ ਨੇ ਕਿਹਾ ਕਿ ਉਹ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਅਤੇ ਸਾਡੀ ਵੈੱਬਸਾਈਟ ਤੋਂ ਬਾਈਬਲ ਡਾਊਨਲੋਡ ਕਰਨ ਬਾਰੇ ਸੋਚ ਰਿਹਾ ਸੀ।
ਬੋਲ਼ਿਆਂ ਲਈ ਮਦਦ
ਸਪੇਨ ਦਾ ਰਹਿਣ ਵਾਲਾ ਗੀਯਰਮੋ ਨਾਂ ਦਾ ਇਕ ਯਹੋਵਾਹ ਦਾ ਗਵਾਹ ਬੋਲ਼ਾ ਹੈ। ਇਕ ਵਾਰ ਉਹ ਆਪਣੇ ਸਕੂਲ ਟਾਈਮ ਦੇ ਹੌਰਹੇ ਨਾਂ ਦੇ ਦੋਸਤ ਨੂੰ ਮਿਲਿਆ। ਹੌਰਹੇ ਵੀ ਬੋਲ਼ਾ ਹੈ। ਹੌਰਹੇ ਨੇ ਕਿਹਾ ਕਿ ਹਾਲ ਹੀ ਵਿਚ ਉਸ ਦੇ ਮਾਤਾ ਜੀ ਗੁਜ਼ਰ ਗਏ ਅਤੇ ਉਸ ਦੇ ਮਨ ਵਿਚ ਬਹੁਤ ਸਾਰੇ ਸਵਾਲ ਅਤੇ ਸ਼ੱਕ ਹਨ। ਗੀਯਰਮੋ ਨੇ ਉਸ ਨੂੰ ਮੁਹਿੰਮ ਵਾਲਾ ਟ੍ਰੈਕਟ ਦਿੱਤਾ ਅਤੇ ਦਿਖਾਇਆ ਕਿ ਉਹ jw.org ਤੋਂ ਸੈਨਤ ਭਾਸ਼ਾ ਵਿਚ ਜਾਣਕਾਰੀ ਕਿਵੇਂ ਲੱਭ ਸਕਦਾ ਹੈ ਜਿਸ ਨਾਲ ਉਸ ਨੂੰ ਉਸ ਦੇ ਸਵਾਲਾਂ ਦੇ ਜਵਾਬ ਮਿਲਣਗੇ। ਗੀਯਰਮੋ ਨੇ ਉਸ ਨੂੰ ਕਿੰਗਡਮ ਹਾਲ ਵਿਚ ਮੀਟਿੰਗ ਲਈ ਵੀ ਸੱਦਿਆ। ਹੌਰਹੇ ਮੀਟਿੰਗ ਵਿਚ ਆਇਆ ਅਤੇ ਉਦੋਂ ਤੋਂ ਉਸ ਨੇ ਕੋਈ ਮੀਟਿੰਗ ਨਹੀਂ ਛੱਡੀ, ਭਾਵੇਂ ਉਸ ਦਾ ਘਰ ਕਿੰਗਡਮ ਹਾਲ ਤੋਂ 60 ਕਿਲੋਮੀਟਰ (37 ਮੀਲ) ਦੂਰ ਹੈ।
ਦੂਰ-ਦੁਰੇਡੇ ਰਹਿੰਦੇ ਲੋਕਾਂ ਲਈ ਮਦਦ
ਗ੍ਰੀਨਲੈਂਡ ਦੇ ਰਹਿਣ ਵਾਲੇ ਦੋ ਵਿਆਹੇ ਜੋੜੇ ਜੋ ਯਹੋਵਾਹ ਦੇ ਗਵਾਹ ਹਨ, ਕਾਫ਼ੀ ਖ਼ਰਚਾ ਕਰ ਕੇ ਛੇ ਘੰਟੇ ਇਕ ਛੋਟੀ ਜਿਹੀ ਕਿਸ਼ਤੀ ਵਿਚ ਸਫ਼ਰ ਕਰਦੇ ਹੋਏ ਇਸ ਤਰ੍ਹਾਂ ਦੀ ਬਸਤੀ ਵਿਚ ਪਹੁੰਚੇ ਜਿੱਥੇ ਗਿਣਤੀ ਦੇ 280 ਲੋਕ ਰਹਿੰਦੇ ਹਨ। ਉਨ੍ਹਾਂ ਨੇ ਉੱਥੇ ਪ੍ਰਚਾਰ ਕੀਤਾ, ਟ੍ਰੈਕਟ ਵੰਡੇ ਅਤੇ jw.org ਤੋਂ ਗ੍ਰੀਨਲੈਂਡਿਕ ਭਾਸ਼ਾ ਵਿਚ ਇਕ ਵੀਡੀਓ ਵੀ ਦਿਖਾਇਆ। ਉਨ੍ਹਾਂ ਨੇ ਇਕ ਜੋੜੇ ਨਾਲ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ। ਹੁਣ ਉਹ ਉਸ ਜੋੜੇ ਨਾਲ ਫ਼ੋਨ ਰਾਹੀਂ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਦੇ ਹਨ।
ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਿਰਫ਼ ਉੱਤਰ ਵਾਲੇ ਪਾਸੇ ਹੀ ਨਹੀਂ ਕੀਤੀਆਂ ਗਈਆਂ। ਨਿਕਾਰਾਗੁਆ ਦੇ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਕੈਰਿਬੀ ਜੰਗਲਾਂ ਵਿਚ ਰਹਿੰਦੇ ਮਾਯਾਂਗਨਾ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਟ੍ਰੈਕਟ ਵੰਡਣ ਦਾ ਇੰਤਜ਼ਾਮ ਕੀਤਾ। ਥਾਂ-ਥਾਂ ਤੋਂ ਟੁੱਟੀ ਸੜਕ ʼਤੇ ਲਗਾਤਾਰ 20 ਘੰਟੇ ਖ਼ਸਤਾ ਹਾਲਤ ਬਸ ਵਿਚ ਸਫ਼ਰ ਕਰਨ ਤੋਂ ਬਾਅਦ, ਉਨ੍ਹਾਂ ਨੂੰ 11 ਘੰਟੇ ਪੈਦਲ ਚੱਲਣਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਚਿੱਕੜ ਵਿੱਚੋਂ ਵੀ ਲੰਘਣਾ ਪਿਆ। ਆਖ਼ਰ, ਉਹ ਬਸਤੀਆਂ ਵਿਚ ਪਹੁੰਚ ਗਏ। ਉਨ੍ਹਾਂ ਨੇ ਟ੍ਰੈਕਟ ਵੰਡੇ ਅਤੇ ਮਾਯਾਂਗਨਾ ਭਾਸ਼ਾ ਵਿਚ ਵੀਡੀਓ ਵੀ ਦਿਖਾਏ ਜਿਸ ਤੋਂ ਉੱਥੋਂ ਦੇ ਰਹਿਣ ਵਾਲੇ ਬਹੁਤ ਹੈਰਾਨ ਅਤੇ ਖ਼ੁਸ਼ ਹੋਏ।
ਐੱਸਟੈਲਾ ਨੇ ਇਕ ਆਦਮੀ ਨੂੰ ਟ੍ਰੈਕਟ ਪੇਸ਼ ਕੀਤਾ ਜੋ ਬ੍ਰਾਜ਼ੀਲ ਦੇ ਐਮਜ਼ਨ ਜੰਗਲ ਦੇ ਇਕ ਇਲਾਕੇ ਵਿੱਚੋਂ ਲੰਘ ਰਿਹਾ ਸੀ। ਉਸ ਆਦਮੀ ਨੇ ਟ੍ਰੈਕਟ ਲੈ ਤਾਂ ਲਿਆ, ਪਰ ਲੈ ਕੇ ਆਪਣੀ ਜੇਬ ਵਿਚ ਰੱਖ ਲਿਆ। ਉਸ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਘਰ ਜਾਂਦੇ ਵੇਲੇ ਉਸ ਆਦਮੀ ਦੀ ਕਿਸ਼ਤੀ ਦਾ ਇੰਜਣ ਖ਼ਰਾਬ ਹੋ ਗਿਆ ਅਤੇ ਉਹ ਨਦੀ ਵਿਚ ਹੀ ਫਸ ਗਿਆ। ਉਹ ਮਦਦ ਲਈ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਉਸ ਨੇ ਟ੍ਰੈਕਟ ਪੜ੍ਹਿਆ। ਉਸ ਨੇ ਆਪਣੇ ਮੋਬਾਇਲ ਤੋਂ jw.org ਵੈੱਬਸਾਈਟ ਖੋਲ੍ਹ ਕੇ ਬਹੁਤ ਸਾਰੇ ਲੇਖ ਪੜ੍ਹੇ ਅਤੇ ਕਈ ਵੀਡੀਓ ਵੀ ਡਾਊਨਲੋਡ ਕੀਤੇ। ਕੁਝ ਦਿਨਾਂ ਬਾਅਦ ਉਹ ਐੱਸਟੈਲਾ ਦੇ ਪਤੀ ਨੂੰ ਮਿਲਿਆ ਅਤੇ ਟ੍ਰੈਕਟ ਲਈ ਐੱਸਟੈਲਾ ਦਾ ਧੰਨਵਾਦ ਕਰਨ ਲਈ ਕਿਹਾ। ਉਸ ਨੇ ਕਿਹਾ: “ਜਦ ਮੈਂ ਨਦੀ ਵਿਚ ਫੱਸਿਆ ਹੋਇਆ ਸੀ, ਤਾਂ ਮੈਂ ਕਈ ਲੇਖ ਪੜ੍ਹੇ ਜਿਸ ਕਾਰਨ ਮੈਨੂੰ ਖਿੱਝ ਨਹੀਂ ਚੜ੍ਹੀ ਅਤੇ ਤਦ ਤਕ ਇੰਤਜ਼ਾਰ ਕਰ ਪਾਇਆ ਜਦ ਤਕ ਕੋਈ ਮਦਦ ਲਈ ਨਹੀਂ ਆ ਗਿਆ। ਮੇਰੇ ਬੱਚਿਆਂ ਨੂੰ ਕੇਲਬ ਵਾਲੇ ਵੀਡੀਓ ਬਹੁਤ ਪਸੰਦ ਹਨ। ਮੈਂ jw.org ਵੈੱਬਸਾਈਟ ਇਸਤੇਮਾਲ ਕਰਦਾ ਰਹਾਂਗਾ।”