Skip to content

1,65,000 ਤੋਂ ਵੀ ਜ਼ਿਆਦਾ ਪ੍ਰਕਾਸ਼ਨਾਂ ਵਾਲੀਆਂ ਰੇੜ੍ਹੀਆਂ

1,65,000 ਤੋਂ ਵੀ ਜ਼ਿਆਦਾ ਪ੍ਰਕਾਸ਼ਨਾਂ ਵਾਲੀਆਂ ਰੇੜ੍ਹੀਆਂ

ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰਨ ਲਈ ਮਸ਼ਹੂਰ ਹਨ, ਪਰ ਹੁਣ ਉਹ ਪਬਲਿਕ ਥਾਵਾਂ ʼਤੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ।

ਅੱਜ-ਕੱਲ੍ਹ ਪ੍ਰਚਾਰ ਕਰਨ ਦੇ ਇਸ ਤਰੀਕੇ ʼਤੇ ਕਾਫ਼ੀ ਜ਼ੋਰ ਦਿੱਤਾ ਜਾ ਰਿਹਾ ਹੈ। ਨਵੰਬਰ 2011 ਵਿਚ, ਯਹੋਵਾਹ ਦੇ ਕੁਝ ਗਵਾਹਾਂ ਨੇ ਨਿਊਯਾਰਕ ਵਿਚ ਇਨ੍ਹਾਂ ਪ੍ਰਕਾਸ਼ਨਾਂ ਵਾਲੀਆਂ ਰੇੜ੍ਹੀਆਂ ਅਤੇ ਮੇਜ਼ਾਂ ਦੀ ਮਦਦ ਸਦਕਾ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੇ ਸੰਦੇਸ਼ ਤੋਂ ਜਾਣੂ ਕਰਵਾਇਆ। ਇਹ ਕੋਸ਼ਿਸ਼ ਇੰਨੀ ਕਾਰਗਰ ਸਾਬਤ ਹੋਈ ਕਿ ਛੇਤੀ ਹੀ ਹੋਰ ਸ਼ਹਿਰਾਂ ਵਿਚ ਵੀ ਇਹੀ ਤਰੀਕਾ ਵਰਤਿਆ ਜਾਣ ਲੱਗਾ।

ਮਾਰਚ 2015 ਵਿਚ ਪੂਰੀ ਦੁਨੀਆਂ ਦੇ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਨੂੰ 1,65,390 ਰੇੜ੍ਹੀਆਂ ਭੇਜੀਆਂ ਗਈਆਂ।ਹਜ਼ਾਰਾਂ ਹੀ ਸਟੈਂਡ, ਮੇਜ਼ ਅਤੇ ਬੂਥ ਵੀ ਮੰਗਵਾਏ ਜਾ ਰਹੇ ਹਨ।

ਅੱਜ ਵੀ ਯਹੋਵਾਹ ਦੇ ਗਵਾਹਾਂ ਦਾ ਬਾਈਬਲ ਸੱਚਾਈ ਦੱਸਣ ਦਾ ਮੁੱਖ ਤਰੀਕਾ ਹੈ ਘਰ-ਘਰ ਪ੍ਰਚਾਰ ਕਰਨਾ।ਫਿਰ ਵੀ, ਰੇੜ੍ਹੀਆਂ ਕਾਫ਼ੀ ਅਸਰਕਾਰੀ ਸਾਬਤ ਹੋਈਆਂ ਹਨ। ਕੁਝ ਮਿਸਾਲਾਂ ʼਤੇ ਗੌਰ ਕਰੋ।

ਪੀਰੂ ਵਿਚ ਰਾਊਲ ਨਾਂ ਦਾ ਇਕ ਆਦਮੀ ਰੇੜ੍ਹੀ ਕੋਲ ਗਵਾਹਾਂ ਨੂੰ ਮਿਲਿਆ ਅਤੇ ਉਸ ਨੇ ਕਿਹਾ: “ਤੁਸੀਂ ਕਿੱਥੇ ਸੀ? ਮੈਂ ਗਵਾਹਾਂ ਨੂੰ ਤਿੰਨ ਸਾਲਾਂ ਤੋਂ ਲੱਭ ਰਿਹਾ ਹਾਂ! ਜਦੋਂ ਮੈਂ ਤੁਹਾਡੀ ਰੇੜ੍ਹੀ ਦੇਖੀ, ਤਾਂ ਮੈਂ ਰੱਬ ਦਾ ਸ਼ੁਕਰ ਕੀਤਾ।”

ਜਿਸ ਇਲਾਕੇ ਵਿਚ ਉਹ ਰਹਿੰਦਾ ਸੀ, ਉੱਥੇ ਯਹੋਵਾਹ ਦੇ ਗਵਾਹ ਅਕਸਰ ਜਾਇਆ ਕਰਦੇ ਸਨ, ਪਰ ਰਾਊਲ ਕਦੇ ਦਿਨੇ ਜਾਂ ਸ਼ਨੀ-ਐਤਵਾਰ ਘਰ ਨਹੀਂ ਸੀ ਹੁੰਦਾ।ਉਸ ਨੇ ਦੱਸਿਆ ਕਿ ਉਹ ਪਹਿਲਾਂ ਗਵਾਹਾਂ ਨਾਲ ਸਟੱਡੀ ਕਰਦਾ ਹੁੰਦਾ ਸੀ ਅਤੇ ਉਹ ਫਿਰ ਤੋਂ ਸਟੱਡੀ ਕਰਨੀ ਚਾਹੁੰਦਾ ਹੈ। ਉਸ ਨਾਲ ਸਟੱਡੀ ਕਰਨ ਦਾ ਪ੍ਰਬੰਧ ਕੀਤਾ ਗਿਆ।

ਇਕ ਨੌਜਵਾਨ ਜੋੜਾ ਬਲਗੇਰੀਆ ਵਿਚ ਰੇੜ੍ਹੀ ਕੋਲ ਆ ਕੇ ਰੁਕਿਆ ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਲਈ।ਅਗਲੇ ਹਫ਼ਤੇ ਉਹ ਫਿਰ ਆਏ ਅਤੇ ਦੋ ਹੋਰ ਕਿਤਾਬਾਂ ਬਾਈਬਲ ਕਹਾਣੀਆਂ ਦੀ ਕਿਤਾਬ ਅਤੇ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਲਈ।ਜਿਹੜਾ ਗਵਾਹ ਰੇੜ੍ਹੀ ਨਾਲ ਖੜ੍ਹਾ ਸੀ, ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਹਨ। ਉਨ੍ਹਾਂ ਨੇ ਦੱਸਿਆ ਕਿ “ਅਜੇ ਤਕ ਤਾਂ ਕੋਈ ਨਹੀਂ, ਪਰ ਜਦ ਹੋਣਗੇ ਤਾਂ ਅਸੀਂ ਉਨ੍ਹਾਂ ਨੂੰ ਰੱਬ ਬਾਰੇ ਸਿਖਾਵਾਂਗੇ।ਇਹੀ ਕਿਤਾਬਾਂ ਤਾਂ ਸਾਨੂੰ ਚਾਹੀਦੀਆਂ।”

ਯੂਕਰੇਨ ਵਿਚ ਫ਼ੌਜੀਆਂ ਵਾਲੇ ਕੱਪੜੇ ਪਾਈ ਇਕ ਆਦਮੀ ਗਵਾਹਾਂ ਕੋਲ ਗਿਆ ਜੋ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਖੜ੍ਹੇ ਸਨ। ਉਹ ਕਹਿੰਦਾ ਹੈ: “ਕੁੜੀਓ, ਮੈਨੂੰ ਦੱਸੋ ਕਿ ਆਰਮਾਗੇਡਨ ਕਦੋਂ ਆਉਣਾ।” ਇਸ ਬੰਦੇ ਨੇ ਹਾਲ ਹੀ ਵਿਚ ਯੂਕਰੇਨ ਵਿਚ ਹੋਈ ਲੜਾਈ ਵਿਚ ਹਿੱਸਾ ਲਿਆ ਸੀ। ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਨੂੰ ਦੇਖ ਕੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਆਰਮਾਗੇਡਨ ਛੇਤੀ ਹੀ ਆਉਣ ਵਾਲਾ ਸੀ। ਉਹ ਇਸ ਗੱਲੋਂ ਹੈਰਾਨ ਸੀ ਕਿ ਰੱਬ ਨੇ ਹਾਲੇ ਤਕ ਕੋਈ ਕਦਮ ਕਿਉਂ ਨਹੀਂ ਸੀ ਚੁੱਕਿਆ। ਪ੍ਰਚਾਰਕਾਂ ਨੇ ਬਾਈਬਲ ਵਿੱਚੋਂ ਸਮਝਾਇਆ ਕਿ ਰੱਬ ਨੇ ਇਕ ਚੰਗੇ ਕਾਰਨ ਕਰਕੇ ਹੁਣ ਤਕ ਇਨਸਾਨੀ ਮਸਲਿਆਂ ਵਿਚ ਦਖ਼ਲ ਨਹੀਂ ਦਿੱਤਾ, ਪਰ ਉਹ ਜਲਦੀ ਹੀ ਸਾਰੇ ਦੁਸ਼ਟਾਂ ਦਾ ਨਾਸ਼ ਕਰੇਗਾ।ਉਸ ਬੰਦੇ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਕਿਤਾਬ ਲਈ।

ਮਕਦੂਨੀਆ ਵਿਚ ਇਕ ਨੌਜਵਾਨ ਆਦਮੀ ਨੇ ਰੇੜ੍ਹੀ ਨਾਲ ਖੜ੍ਹੇ ਗਵਾਹਾਂ ਨੂੰ ਦੱਸਿਆ ਕਿ ਉਹ ਸਾਡੇ ਰਸਾਲਿਆਂ ਤੋਂ ਜਾਣੂ ਹੈ, ਪਰ ਹੁਣ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲੈਣੀ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਹੁਣੇ ਇਹ ਕਿਤਾਬ ਪਬਲਿਕ ਲਾਇਬ੍ਰੇਰੀ ਜਾ ਕੇ ਪੜ੍ਹੇਗਾ।

ਤਕਰੀਬਨ ਦੋ ਘੰਟਿਆਂ ਬਾਅਦ ਉਹ ਆਦਮੀ ਕਿਤਾਬ ਦੇ ਪਹਿਲੇ 79 ਸਫ਼ੇ ਪੜ੍ਹਨ ਤੋਂ ਬਾਅਦ ਵਾਪਸ ਆਇਆ।ਉਸ ਨੇ ਕਿਹਾ: “ਇਹ ਕਿਤਾਬ ਜ਼ਿੰਦਗੀਆਂ ਬਦਲਦੀ ਹੈ! ਮੈਂ ਜਾਣ ਗਿਆ ਹਾਂ ਕਿ ਜੋ ਮੈਂ ਮੰਨਦਾ ਸੀ ਉਹ ਬਿਲਕੁਲ ਗ਼ਲਤ ਸੀ। ਇਸ ਕਿਤਾਬ ਵਿਚ ਜੋ ਵੀ ਦਲੀਲਾਂ ਦਿੱਤੀਆਂ ਗਈਆਂ ਹਨ ਉਹ ਮੈਨੂੰ ਸਹੀ ਲੱਗੀਆਂ।ਇਸ ਨੇ ਤਾਂ ਜ਼ਿੰਦਗੀ ਬਾਰੇ ਮੇਰੀ ਸਮਝ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ!”