ਡਿਊਟੀ ਤੇ ਨਾ ਹੋਣ ਦੇ ਬਾਵਜੂਦ ਫਾਇਰ ਫਾਈਟਰ ਨੇ ਜਾਨਾਂ ਬਚਾਈਆਂ
ਐਤਵਾਰ 5 ਜਨਵਰੀ 2014 ਨੂੰ ਸਰਜ ਜ਼ੇਰਾਰਡਨ ਬੱਸ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਲਈ ਜਾ ਰਿਹਾ ਸੀ ਜੋ ਪੈਰਿਸ, ਫਰਾਂਸ ਦੇ ਨੇੜੇ ਹੋਣਾ ਸੀ। ਸਫ਼ਰ ਦੌਰਾਨ ਉਸ ਨੇ ਇਕ ਭਿਆਨਕ ਹਾਦਸਾ ਦੇਖਿਆ। ਉਹ ਕਹਿੰਦਾ ਹੈ, “ਇਕ ਕਾਰ ਪੁਲ ਦੀ ਕੰਧ ਵਿਚ ਜਾ ਕੇ ਲੱਗੀ ਤੇ ਹਵਾ ਵਿਚ ਉੱਡ ਗਈ। ਫਿਰ ਕਾਰ ਪੁਲ ਵਿਚ ਵੱਜੀ ਤੇ ਇਸ ਨੂੰ ਅੱਗ ਲੱਗ ਗਈ ਤੇ ਮੂਧੀ ਹੋ ਕੇ ਡਿਗੀ।”
ਸਰਜ 40 ਤੋਂ ਜ਼ਿਆਦਾ ਸਾਲਾਂ ਤੋਂ ਅੱਗ ਬੁਝਾਉਣ ਦਾ ਕੰਮ ਕਰ ਰਿਹਾ ਹੈ। ਫਾਇਰ ਬ੍ਰਿਗੇਡ ਦਾ ਕਪਤਾਨ ਹੋਣ ਕਰਕੇ ਉਸ ਨੇ ਫਟਾਫਟ ਕਦਮ ਉਠਾਇਆ। ਉਹ ਕਹਿੰਦਾ ਹੈ, “ਅਸੀਂ ਸੜਕ ਦੇ ਦੂਜੇ ਪਾਸਿਓਂ ਦੀ ਜਾ ਰਹੇ ਸੀ, ਫਿਰ ਵੀ ਮੈਂ ਡ੍ਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਤੇ ਕਾਰ ਵੱਲ ਨੂੰ ਦੌੜ ਪਿਆ।” ਸਰਜ ਨੇ “ਬਚਾਓ! ਬਚਾਓ!” ਦੀਆਂ ਚੀਕਾਂ ਸੁਣੀਆਂ। ਸਰਜ ਕਹਿੰਦਾ ਹੈ: “ਮੈਂ ਸੂਟ-ਬੂਟ ਪਾਇਆ ਹੋਇਆ ਸੀ ਅਤੇ ਮੇਰੇ ਕੋਲ ਸੁਰੱਖਿਆ ਦਾ ਕੋਈ ਸਾਮਾਨ ਨਹੀਂ ਸੀ। ਪਰ ਚੀਕਾਂ ਸੁਣ ਕੇ ਮੈਨੂੰ ਲੱਗਾ ਕਿ ਹਾਲੇ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ!”
ਸਰਜ ਨੇ ਕਾਰ ਦੇ ਦੁਆਲੇ ਘੁੰਮ ਕੇ ਇਕ ਬੰਦੇ ਨੂੰ ਦੇਖਿਆ ਜੋ ਸਦਮੇ ਵਿਚ ਸੀ ਤੇ ਉਸ ਨੂੰ ਸੁਰੱਖਿਅਤ ਥਾਂ ʼਤੇ ਲਿਆਂਦਾ। ਸਰਜ ਨੇ ਕਿਹਾ, “ਉਸ ਨੇ ਮੈਨੂੰ ਦੱਸਿਆ ਕਿ ਕਾਰ ਵਿਚ ਦੋ ਜਣੇ ਹੋਰ ਹਨ। ਹੁਣ ਤਕ ਕਈ ਕਾਰਾਂ ਰੁਕ ਗਈਆਂ ਸਨ। ਪਰ ਤੇਜ਼ ਸੇਕ ਅਤੇ ਲਪਟਾਂ ਕਰਕੇ ਲੋਕ ਕਾਰ ਦੇ ਨੇੜੇ ਨਹੀਂ ਜਾ ਸਕਦੇ ਸਨ।”
ਕਈ ਟਰੱਕ ਡ੍ਰਾਈਵਰ ਅੱਗ ਬੁਝਾਉਣ ਵਾਲੇ ਯੰਤਰ ਲੈ ਕੇ ਆਏ। ਸਰਜ ਦੇ ਕਹੇ ਅਨੁਸਾਰ ਉਨ੍ਹਾਂ ਨੇ ਇਹ ਯੰਤਰ ਵਰਤ ਕੇ ਅੱਗ ਦੀਆਂ ਲਪਟਾਂ ʼਤੇ ਥੋੜ੍ਹੇ ਚਿਰ ਲਈ ਕਾਬੂ ਪਾ ਲਿਆ। ਪਰ ਕਾਰ ਦਾ ਡ੍ਰਾਈਵਰ ਕਾਰ ਦੇ ਥੱਲੇ ਫਸਿਆ ਹੋਇਆ ਸੀ। ਇਸ ਲਈ ਸਰਜ ਅਤੇ ਹੋਰ ਲੋਕਾਂ ਨੇ ਕਾਰ ਨੂੰ ਉੱਪਰ ਚੁੱਕਿਆ ਤੇ ਡ੍ਰਾਈਵਰ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ʼਤੇ ਲੈ ਗਏ।
ਸਰਜ ਨੇ ਕਿਹਾ, “ਉਸੇ ਵੇਲੇ ਦੁਬਾਰਾ ਅੱਗ ਦਾ ਭਾਂਬੜ ਮਚ ਗਿਆ!” ਪਰ ਹਾਲੇ ਵੀ ਇਕ ਆਦਮੀ ਸੀਟ ਬੈਲਟ ਬੱਝੀ ਹੋਣ ਕਰਕੇ ਪੁੱਠਾ ਲਟਕਿਆ ਹੋਇਆ ਸੀ। ਇਕ ਹੋਰ ਫਾਇਰ ਫਾਈਟਰ ਉੱਥੇ ਪਹੁੰਚ ਗਿਆ ਜੋ ਉਸ ਸਮੇਂ ਡਿਊਟੀ ʼਤੇ ਨਹੀਂ ਸੀ। ਉਸ ਨੇ ਮੋਟਰ ਸਾਈਕਲ ਚਲਾਉਣ ਵਾਲਿਆਂ ਦੇ ਲੈਦਰ ਕੱਪੜੇ ਪਾਏ ਹੋਏ ਸਨ। ਸਰਜ ਕਹਿੰਦਾ ਹੈ, “ਮੈਂ ਕਿਹਾ ਕਿ ਕਾਰ ਦਾ ਕਿਸੇ ਵੀ ਪਲ ਧਮਾਕਾ ਹੋ ਸਕਦਾ ਹੈ। ਇਸ ਲਈ ਅਸੀਂ ਆਦਮੀ ਨੂੰ ਬਾਹਾਂ ਤੋਂ ਘੜੀਸ ਕੇ ਸੁਰੱਖਿਅਤ ਜਗ੍ਹਾ ਲੈ ਗਏ।” ਇਕ ਮਿੰਟ ਦੇ ਅੰਦਰ-ਅੰਦਰ ਕਾਰ ਵਿਚ ਧਮਾਕਾ ਹੋ ਗਿਆ।
ਜਦੋਂ ਫਾਇਰ ਬ੍ਰਿਗੇਡ ਅਤੇ ਡਾਕਟਰ ਉੱਥੇ ਪਹੁੰਚ ਗਏ, ਤਾਂ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਤੇ ਅੱਗ ਬੁਝਾ ਦਿੱਤੀ। ਸਰਜ ਦੇ ਹੱਥ ਜਲ਼ ਗਏ ਤੇ ਜ਼ਖ਼ਮੀ ਹੋ ਗਏ ਜਿਸ ਕਰਕੇ ਉਸ ਦੇ ਵੀ ਮਲ੍ਹਮ-ਪੱਟੀ ਕੀਤੀ ਗਈ। ਜਦੋਂ ਉਹ ਅਸੈਂਬਲੀ ਜਾਣ ਲਈ ਬੱਸ ʼਤੇ ਚੜ੍ਹਿਆ, ਤਾਂ ਬਹੁਤ ਸਾਰੇ ਆਦਮੀ ਉਸ ਦਾ ਸ਼ੁਕਰੀਆ ਅਦਾ ਕਰਨ ਲਈ ਭੱਜੇ ਆਏ।
ਸਰਜ ਖ਼ੁਸ਼ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਿਆ। ਉਸ ਨੇ ਕਿਹਾ: “ਮੈਂ ਸੋਚਿਆ ਕਿ ਉਨ੍ਹਾਂ ਜ਼ਿੰਦਗੀਆਂ ਲਈ ਮੈਂ ਆਪਣੇ ਯਹੋਵਾਹ ਪਰਮੇਸ਼ੁਰ ਅੱਗੇ ਜਵਾਬਦੇਹ ਹਾਂ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਕਰ ਸਕਿਆ।”