ਯਿਸੂ ਦੀ ਕੁਰਬਾਨੀ ਕਿਵੇਂ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ” ਹੈ?
ਬਾਈਬਲ ਕਹਿੰਦੀ ਹੈ
ਯਿਸੂ ਦੀ ਕੁਰਬਾਨੀ ਜ਼ਰੀਏ ਪਰਮੇਸ਼ੁਰ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿੰਦਾ ਹੈ। ਬਾਈਬਲ ਵਿਚ ਲਿਖਿਆ ਹੈ ਕਿ ਯਿਸੂ ਦਾ ਵਹਾਇਆ ਗਿਆ ਖ਼ੂਨ ਇਨਸਾਨਾਂ ਨੂੰ ਰਿਹਾ ਕਰਨ ਦੀ ਕੀਮਤ ਹੈ। (ਅਫ਼ਸੀਆਂ 1:7; 1 ਪਤਰਸ 1:18, 19) ਇਸ ਲਈ ਯਿਸੂ ਨੇ ਕਿਹਾ ਸੀ ਕਿ ਉਹ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”—ਮੱਤੀ 20:28.
“ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ” ਦੇਣ ਦੀ ਕਿਉਂ ਲੋੜ ਸੀ?
ਪਹਿਲੇ ਆਦਮੀ ਨੂੰ ਮੁਕੰਮਲ ਬਣਾਇਆ ਗਿਆ ਸੀ। ਉਸ ਵਿਚ ਕੋਈ ਪਾਪ ਨਹੀਂ ਸੀ। ਉਹ ਹਮੇਸ਼ਾ ਲਈ ਜੀ ਸਕਦਾ ਸੀ, ਪਰ ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਉਹ ਪਾਪੀ ਬਣ ਗਿਆ ਅਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਹੱਥੋਂ ਗੁਆ ਦਿੱਤਾ। (ਉਤਪਤ 3:17-19) ਫਿਰ ਜਦੋਂ ਉਸ ਦੇ ਬੱਚੇ ਹੋਏ, ਤਾਂ ਉਸ ਦਾ ਪਾਪ ਉਨ੍ਹਾਂ ਵਿਚ ਵੀ ਆ ਗਿਆ। (ਰੋਮੀਆਂ 5:12) ਇਸੇ ਕਰਕੇ ਬਾਈਬਲ ਕਹਿੰਦੀ ਹੈ ਕਿ ਆਦਮ ਨੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਵਿਚ ਵੇਚ ਦਿੱਤਾ। (ਰੋਮੀਆਂ 7:14) ਆਦਮ ਨੇ ਜੋ ਗੁਆ ਦਿੱਤਾ ਸੀ, ਉਸ ਨੂੰ ਕੋਈ ਵੀ ਇਨਸਾਨ ਵਾਪਸ ਨਹੀਂ ਖ਼ਰੀਦ ਸਕਦਾ ਸੀ ਕਿਉਂਕਿ ਸਾਰੇ ਨਾਮੁਕੰਮਲ ਹਨ।—ਜ਼ਬੂਰ 49:7, 8.
ਆਦਮ ਦੀ ਬੇਬੱਸ ਔਲਾਦ ਦੀ ਹਾਲਤ ਦੇਖ ਕੇ ਪਰਮੇਸ਼ੁਰ ਨੂੰ ਤਰਸ ਆਇਆ। (ਯੂਹੰਨਾ 3:16) ਪਰ ਯਹੋਵਾਹ ਨਿਆਂ ਦਾ ਪਰਮੇਸ਼ੁਰ ਹੋਣ ਕਰਕੇ ਉਨ੍ਹਾਂ ਦੇ ਪਾਪਾਂ ਨੂੰ ਐਵੇਂ ਮਾਫ਼ ਨਹੀਂ ਕਰ ਸਕਦਾ ਸੀ। ਇਸ ਦੇ ਲਈ ਕੋਈ ਕਾਨੂੰਨੀ ਆਧਾਰ ਹੋਣਾ ਜ਼ਰੂਰੀ ਸੀ। (ਜ਼ਬੂਰ 89:14; ਰੋਮੀਆਂ 3:23-26) ਇਨਸਾਨਾਂ ਨਾਲ ਗਹਿਰਾ ਪਿਆਰ ਹੋਣ ਕਰਕੇ ਪਰਮੇਸ਼ੁਰ ਨੇ ਖ਼ੁਦ ਇਕ ਕਾਨੂੰਨੀ ਇੰਤਜ਼ਾਮ ਕੀਤਾ ਜਿਸ ਦੇ ਆਧਾਰ ʼਤੇ ਉਹ ਉਨ੍ਹਾਂ ਦੇ ਪਾਪ ਮਾਫ਼ ਕਰ ਸਕਦਾ ਸੀ, ਇੱਥੋਂ ਤਕ ਕਿ ਪੂਰੀ ਤਰ੍ਹਾਂ ਮਿਟਾ ਸਕਦਾ ਸੀ। (ਰੋਮੀਆਂ 5:6-8) ਉਹ ਕਾਨੂੰਨੀ ਇੰਤਜ਼ਾਮ ਹੈ, ਰਿਹਾਈ ਦੀ ਕੀਮਤ।
ਰਿਹਾਈ ਦੀ ਕੀਮਤ ਦੇ ਆਧਾਰ ʼਤੇ ਪਾਪ ਕਿਵੇਂ ਮਿਟਾਏ ਜਾ ਸਕਦੇ ਹਨ?
ਬਾਈਬਲ ਵਿਚ ਦੱਸੀ “ਰਿਹਾਈ ਦੀ ਕੀਮਤ” ਵਿਚ ਇਹ ਤਿੰਨ ਗੱਲਾਂ ਸ਼ਾਮਲ ਹਨ:
ਇਹ ਚੁਕਾਈ ਗਈ ਕੀਮਤ ਹੁੰਦੀ ਹੈ।—ਗਿਣਤੀ 3:46, 47.
ਇਸ ਨਾਲ ਕਿਸੇ ਨੂੰ ਰਿਹਾਈ ਜਾਂ ਛੁਟਕਾਰਾ ਮਿਲਦਾ ਹੈ।—ਕੂਚ 21:30.
ਇਹ ਕੀਮਤ ਉਸ ਚੀਜ਼ ਦੀ ਕੀਮਤ ਦੇ ਬਰਾਬਰ ਹੁੰਦੀ ਹੈ ਜਿਸ ਨੂੰ ਛੁਡਾਇਆ ਜਾਣਾ ਹੈ। a
ਧਿਆਨ ਦਿਓ ਕਿ ਯਿਸੂ ਮਸੀਹ ਨੇ ਕੁਰਬਾਨੀ ਦੇ ਕੇ ਜੋ ਰਿਹਾਈ ਦੀ ਕੀਮਤ ਦਿੱਤੀ, ਉਸ ਵਿਚ ਇਹ ਗੱਲਾਂ ਕਿਵੇਂ ਸ਼ਾਮਲ ਹਨ।
ਚੁਕਾਈ ਗਈ ਕੀਮਤ। ਬਾਈਬਲ ਦੱਸਦੀ ਹੈ ਕਿ ਮਸੀਹੀਆਂ ਨੂੰ “ਵੱਡੀ ਕੀਮਤ ਚੁਕਾ ਕੇ ਖ਼ਰੀਦਿਆ ਗਿਆ ਹੈ।” (1 ਕੁਰਿੰਥੀਆਂ 6:20; 7:23) ਇਹ ਕੀਮਤ ਹੈ, ਯਿਸੂ ਦਾ ਖ਼ੂਨ। ਇਹ ਕੀਮਤ ਦੇ ਕੇ ਉਸ ਨੇ “ਹਰ ਕਬੀਲੇ, ਭਾਸ਼ਾ, ਨਸਲ ਅਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਲਈ ਮੁੱਲ ਲਿਆ।”—ਪ੍ਰਕਾਸ਼ ਦੀ ਕਿਤਾਬ 5:8, 9.
ਛੁਟਕਾਰਾ। ਯਿਸੂ ਦੀ ਕੁਰਬਾਨੀ ਦੇ ਕੇ “ਰਿਹਾਈ ਦੀ ਕੀਮਤ” ਅਦਾ ਕੀਤੀ ਗਈ ਜਿਸ ਨਾਲ ਇਨਸਾਨਾਂ ਨੂੰ ਪਾਪ ਤੋਂ “ਛੁਡਾਇਆ” ਜਾਵੇਗਾ।—1 ਕੁਰਿੰਥੀਆਂ 1:30; ਕੁਲੁੱਸੀਆਂ 1:14; ਇਬਰਾਨੀਆਂ 9:15.
ਬਰਾਬਰ ਦੀ ਕੀਮਤ। ਯਿਸੂ ਦਾ ਜੀਵਨ ਆਦਮ ਦੇ ਮੁਕੰਮਲ ਜੀਵਨ ਦੇ ਬਰਾਬਰ ਸੀ। (1 ਕੁਰਿੰਥੀਆਂ 15:21, 22, 45, 46) ਬਾਈਬਲ ਕਹਿੰਦੀ ਹੈ: “ਜਿਵੇਂ ਇਕ ਆਦਮੀ [ਆਦਮ] ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਇਕ ਹੋਰ ਆਦਮੀ [ਯਿਸੂ ਮਸੀਹ] ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।” (ਰੋਮੀਆਂ 5:19) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਇਕ ਆਦਮੀ ਦੀ ਕੁਰਬਾਨੀ ਨਾਲ ਬਹੁਤ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਅਦਾ ਕੀਤੀ ਜਾ ਸਕਦੀ ਹੈ। ਅਸਲ ਵਿਚ ਯਿਸੂ ਦੀ ਕੁਰਬਾਨੀ ਉਨ੍ਹਾਂ “ਸਾਰੇ ਲੋਕਾਂ ਦੀ ਰਿਹਾਈ ਦੀ ਬਰਾਬਰ ਕੀਮਤ” ਹੈ ਜੋ ਇਸ ਤੋਂ ਫ਼ਾਇਦਾ ਲੈਣ ਲਈ ਕਦਮ ਚੁੱਕਦੇ ਹਨ।—1 ਤਿਮੋਥਿਉਸ 2:5, 6.
a ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਰਿਹਾਈ ਦੀ ਕੀਮਤ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿਸੇ ਚੀਜ਼ ਲਈ ਚੁਕਾਈ ਗਈ ਰਕਮ। ਮਿਸਾਲ ਲਈ, ਇਬਰਾਨੀ ਕਿਰਿਆ ਖਾਫ਼ਰ ਦਾ ਮਤਲਬ ਹੈ “ਢਕਣਾ।” ਇਹ ਸ਼ਬਦ ਆਮ ਤੌਰ ਤੇ ਪਾਪਾਂ ਦੀ ਮਾਫ਼ੀ ਨੂੰ ਦਰਸਾਉਂਦਾ ਹੈ। (ਜ਼ਬੂਰ 65:3) ਇਸੇ ਸ਼ਬਦ ਨਾਲ ਮਿਲਦਾ-ਜੁਲਦਾ ਨਾਂਵ ਹੈ ਕੋਫੇਰ ਜਿਸ ਦਾ ਮਤਲਬ ਹੈ ਉਹ ਰਕਮ ਜੋ ਪਾਪਾਂ ਨੂੰ ਢਕਣ ਯਾਨੀ ਉਨ੍ਹਾਂ ਦੀ ਮਾਫ਼ੀ ਲਈ ਚੁਕਾਈ ਜਾਂਦੀ ਹੈ। (ਕੂਚ 21:30) ਇਸੇ ਤਰ੍ਹਾਂ ਯੂਨਾਨੀ ਸ਼ਬਦ ਲਾਈਟ੍ਰੋਨ ਦਾ ਅਨੁਵਾਦ ਅਕਸਰ “ਰਿਹਾਈ ਦੀ ਕੀਮਤ” ਕੀਤਾ ਜਾਂਦਾ ਹੈ, ਪਰ ਇਸ ਦਾ ਅਨੁਵਾਦ “ਮੁਕਤੀ ਦਾ ਮੁੱਲ” ਵੀ ਕੀਤਾ ਗਿਆ ਹੈ। (ਮੱਤੀ 20:28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯੂਨਾਨੀ ਲਿਖਾਰੀਆਂ ਨੇ ਇਹ ਸ਼ਬਦ ਉਸ ਰਕਮ ਲਈ ਵੀ ਵਰਤਿਆ ਜੋ ਯੁੱਧ ਵਿਚ ਬੰਦੀ ਬਣਾਏ ਵਿਅਕਤੀ ਜਾਂ ਗ਼ੁਲਾਮ ਨੂੰ ਰਿਹਾ ਕਰਨ ਲਈ ਅਦਾ ਕੀਤੀ ਜਾਂਦੀ ਸੀ।