ਬਾਈਬਲ ਮਹਾਂਮਾਰੀਆਂ ਬਾਰੇ ਕੀ ਕਹਿੰਦੀ ਹੈ?
ਬਾਈਬਲ ਵਿੱਚੋਂ ਜਵਾਬ
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅੰਤ ਦੇ ਦਿਨਾਂ ਵਿਚ ਮਹਾਂਮਾਰੀਆਂ ਯਾਨੀ ਵੱਡੇ ਪੱਧਰ ʼਤੇ ਬੀਮਾਰੀਆਂ ਫੈਲਣਗੀਆਂ। (ਲੂਕਾ 21:11) ਅਜਿਹੀਆਂ ਮਹਾਂਮਾਰੀਆਂ ਰੱਬ ਵੱਲੋਂ ਸਜ਼ਾ ਨਹੀਂ ਹਨ। ਇਸ ਦੀ ਬਜਾਇ, ਰੱਬ ਬਹੁਤ ਜਲਦ ਆਪਣੇ ਰਾਜ ਦੇ ਜ਼ਰੀਏ ਸਾਰੀਆਂ ਮਹਾਂਮਾਰੀਆਂ ਅਤੇ ਸਿਹਤ ਸਮੱਸਿਆਵਾਂ ਨੂੰ ਖ਼ਤਮ ਕਰੇਗਾ।
ਕੀ ਬਾਈਬਲ ਵਿਚ ਮਹਾਂਮਾਰੀਆਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ?
ਬਾਈਬਲ ਵਿਚ ਮਹਾਂਮਾਰੀਆਂ ਜਾਂ ਬੀਮਾਰੀਆਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ, ਪਰ ਬਾਈਬਲ ਵਿਚ ਕਿਤੇ ਵੀ ਕੋਰੋਨਾਵਾਇਰਸ (ਕੋਵਿਡ-19), ਏਡਜ਼ ਜਾਂ ਸਪੈਨਿਸ਼ ਫਲੂ ਵਰਗੀਆਂ ਬੀਮਾਰੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਮਹਾਂਮਾਰੀਆਂ” ਅਤੇ “ਜਾਨਲੇਵਾ ਬੀਮਾਰੀਆਂ” ਫੈਲਣਗੀਆਂ। (ਲੂਕਾ 21:11; ਪ੍ਰਕਾਸ਼ ਦੀ ਕਿਤਾਬ 6:8) ਇਹ ਘਟਨਾਵਾਂ ‘ਆਖ਼ਰੀ ਦਿਨਾਂ’ ਦੀ ਨਿਸ਼ਾਨੀ ਦਾ ਹਿੱਸਾ ਹਨ ਜਿਸ ਨੂੰ ‘ਯੁਗ ਦਾ ਆਖ਼ਰੀ ਸਮਾਂ’ ਵੀ ਕਿਹਾ ਗਿਆ ਹੈ।—2 ਤਿਮੋਥਿਉਸ 3:1; ਮੱਤੀ 24:3.
ਕੀ ਰੱਬ ਨੇ ਕਦੇ ਲੋਕਾਂ ਨੂੰ ਬੀਮਾਰੀਆਂ ਲਾ ਕੇ ਸਜ਼ਾ ਦਿੱਤੀ ਹੈ?
ਬਾਈਬਲ ਕੁਝ ਖ਼ਾਸ ਮੌਕਿਆਂ ਦਾ ਜ਼ਿਕਰ ਕਰਦੀ ਹੈ ਜਦੋਂ ਰੱਬ ਨੇ ਬੀਮਾਰੀ ਲਾ ਕੇ ਲੋਕਾਂ ਨੂੰ ਸਜ਼ਾ ਦਿੱਤੀ ਸੀ। ਮਿਸਾਲ ਲਈ, ਉਸ ਨੇ ਕੁਝ ਲੋਕਾਂ ਨੂੰ ਕੋੜ੍ਹ ਦੀ ਬੀਮਾਰੀ ਲਗਾਈ ਸੀ। (ਗਿਣਤੀ 12:1-16; 2 ਰਾਜਿਆਂ 5:20-27; 2 ਇਤਹਾਸ 26:16-21) ਪਰ ਇਹ ਬੀਮਾਰੀਆਂ ਬੇਕਸੂਰ ਲੋਕਾਂ ਨੂੰ ਨਹੀਂ ਲੱਗੀਆਂ ਸਨ, ਸਗੋਂ ਇਨ੍ਹਾਂ ਦੇ ਜ਼ਰੀਏ ਰੱਬ ਨੇ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਸੀ ਜਿਨ੍ਹਾਂ ਨੇ ਉਸ ਖ਼ਿਲਾਫ਼ ਬਗਾਵਤ ਕੀਤੀ ਸੀ।
ਕੀ ਅੱਜ ਫੈਲ ਰਹੀਆਂ ਮਹਾਂਮਾਰੀਆਂ ਰੱਬ ਵੱਲੋਂ ਸਜ਼ਾ ਹਨ?
ਨਹੀਂ। ਕੁਝ ਲੋਕ ਇਹ ਦਾਅਵਾ ਕਰਦੇ ਹਨ ਕਿ ਅੱਜ ਰੱਬ ਮਹਾਂਮਾਰੀਆਂ ਅਤੇ ਹੋਰ ਬੀਮਾਰੀਆਂ ਲਾ ਕੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ। ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਹੈ। ਇਸ ਦਾ ਕੀ ਕਾਰਨ ਹੈ?
ਪਹਿਲੀ ਗੱਲ, ਰੱਬ ਦੇ ਸੇਵਕਾਂ ਨੂੰ ਵੀ ਬੀਮਾਰੀਆਂ ਲੱਗਦੀਆਂ ਹਨ ਭਾਵੇਂ ਉਹ ਪੁਰਾਣੇ ਜ਼ਮਾਨੇ ਦੇ ਸੇਵਕ ਹੋਣ ਜਾਂ ਫਿਰ ਅੱਜ ਦੇ। ਮਿਸਾਲ ਲਈ, ਵਫ਼ਾਦਾਰ ਤਿਮੋਥਿਉਸ “ਵਾਰ-ਵਾਰ ਬੀਮਾਰ” ਹੋ ਜਾਂਦਾ ਸੀ। (1 ਤਿਮੋਥਿਉਸ 5:23) ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਰੱਬ ਉਸ ਤੋਂ ਖ਼ੁਸ਼ ਨਹੀਂ ਸੀ। ਇਸੇ ਤਰ੍ਹਾਂ ਅੱਜ ਵੀ ਰੱਬ ਦੇ ਬਹੁਤ ਸਾਰੇ ਸੇਵਕ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਇਸ ਲਈ ਹੁੰਦਾ ਕਿਉਂਕਿ ਉਹ ਕਈ ਵਾਰ ਗ਼ਲਤ ਜਗ੍ਹਾ ਅਤੇ ਗ਼ਲਤ ਸਮੇਂ ʼਤੇ ਹੁੰਦੇ ਹਨ।—ਉਪਦੇਸ਼ਕ ਦੀ ਪੋਥੀ 9:11.
ਦੂਜੀ ਗੱਲ, ਬਾਈਬਲ ਦੱਸਦੀ ਹੈ ਕਿ ਰੱਬ ਵੱਲੋਂ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਦਾ ਸਮਾਂ ਹਾਲੇ ਨਹੀਂ ਆਇਆ। ਨਾਲੇ ਅਸੀਂ “ਮੁਕਤੀ ਦੇ ਦਿਨ” ਵਿਚ ਜੀ ਰਹੇ ਹਾਂ ਯਾਨੀ ਅਜਿਹੇ ਸਮੇਂ ਵਿਚ ਜਦੋਂ ਰੱਬ ਪਿਆਰ ਨਾਲ ਲੋਕਾਂ ਨੂੰ ਉਸ ਦੇ ਨੇੜੇ ਆਉਣ ਅਤੇ ਆਪਣਾ ਬਚਾਅ ਕਰਨ ਦਾ ਸੱਦਾ ਦੇ ਰਿਹਾ ਹੈ। (2 ਕੁਰਿੰਥੀਆਂ 6:2) ਉਹ ਲੋਕਾਂ ਨੂੰ ਇਹ ਸੱਦਾ ਪੂਰੀ ਦੁਨੀਆਂ ਵਿਚ ਹੋ ਰਹੇ ‘ਖ਼ੁਸ਼ ਖ਼ਬਰੀ ਦੇ ਪ੍ਰਚਾਰ’ ਦੇ ਜ਼ਰੀਏ ਦੇ ਰਿਹਾ ਹੈ।—ਮੱਤੀ 24:14.
ਕੀ ਮਹਾਂਮਾਰੀਆਂ ਦਾ ਕਦੇ ਅੰਤ ਹੋਵੇਗਾ?
ਹਾਂ ਬਿਲਕੁਲ! ਬਾਈਬਲ ਦੱਸਦੀ ਹੈ ਕਿ ਬਹੁਤ ਜਲਦ ਇਕ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ। ਆਪਣੇ ਰਾਜ ਵਿਚ ਰੱਬ ਹਰ ਤਰ੍ਹਾਂ ਦੀ ਸਿਹਤ ਸਮੱਸਿਆ ਨੂੰ ਠੀਕ ਕਰੇਗਾ। (ਯਸਾਯਾਹ 33:24; 35:5, 6) ਉਹ ਦੁੱਖ-ਦਰਦ ਅਤੇ ਮੌਤ ਨੂੰ ਵੀ ਖ਼ਤਮ ਕਰੇਗਾ। (ਪ੍ਰਕਾਸ਼ ਦੀ ਕਿਤਾਬ 21:4) ਨਾਲੇ ਉਹ ਮਰ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਤਾਂਕਿ ਉਹ ਧਰਤੀ ʼਤੇ ਵਧੀਆ ਹਾਲਾਤਾਂ ਵਿਚ ਚੰਗੀ ਸਿਹਤ ਦਾ ਮਜ਼ਾ ਲੈ ਸਕਣ।—ਜ਼ਬੂਰਾਂ ਦੀ ਪੋਥੀ 37:29; ਰਸੂਲਾਂ ਦੇ ਕੰਮ 24:15.
ਬਾਈਬਲ ਬੀਮਾਰੀਆਂ ਬਾਰੇ ਕੀ ਕਹਿੰਦੀ ਹੈ?
ਮੱਤੀ 4:23: “ਯਿਸੂ ਪੂਰੇ ਗਲੀਲ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ।”
ਮਤਲਬ: ਯਿਸੂ ਵੱਲੋਂ ਕੀਤੇ ਚਮਤਕਾਰ ਇਸ ਗੱਲ ਦੀ ਇਕ ਛੋਟੀ ਜਿਹੀ ਝਲਕ ਸਨ ਕਿ ਬਹੁਤ ਜਲਦ ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ ਕਰੇਗਾ।
ਲੂਕਾ 21:11: “ਮਹਾਂਮਾਰੀਆਂ ਫੈਲਣਗੀਆਂ।”
ਮਤਲਬ: ਪੂਰੀ ਦੁਨੀਆਂ ਵਿਚ ਫੈਲੀਆਂ ਬੀਮਾਰੀਆਂ ਆਖ਼ਰੀ ਦਿਨਾਂ ਦੀ ਨਿਸ਼ਾਨੀ ਦਾ ਹਿੱਸਾ ਹਨ।
ਪ੍ਰਕਾਸ਼ ਦੀ ਕਿਤਾਬ 6:8: “ਮੈਂ ਇਕ ਪੀਲ਼ਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦਾ ਨਾਂ “ਮੌਤ” ਸੀ ਅਤੇ ਉਸ ਦੇ ਬਿਲਕੁਲ ਪਿੱਛੇ-ਪਿੱਛੇ “ਕਬਰ” ਆ ਰਹੀ ਸੀ। ਉਨ੍ਹਾਂ ਨੂੰ . . . ਜਾਨਲੇਵਾ ਬੀਮਾਰੀ ਨਾਲ . . . ਜਾਨੋਂ ਮਾਰਨ ਦਾ ਅਧਿਕਾਰ ਦਿੱਤਾ ਗਿਆ।”
ਮਤਲਬ: ਚਾਰ ਘੋੜਸਵਾਰਾਂ ਬਾਰੇ ਕੀਤੀ ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਮੇਂ ਵਿਚ ਮਹਾਂਮਾਰੀਆਂ ਫੈਲਣੀਆਂ ਹੀ ਸਨ।