Skip to content

ਇਕ ਆਦਮੀ ਦੀਆਂ ਅੱਖਾਂ

“ਅੱਖ ਦੇ ਬਦਲੇ ਅੱਖ” ਕਾਨੂੰਨ ਦਾ ਕੀ ਮਤਲਬ ਹੈ?

“ਅੱਖ ਦੇ ਬਦਲੇ ਅੱਖ” ਕਾਨੂੰਨ ਦਾ ਕੀ ਮਤਲਬ ਹੈ?

ਬਾਈਬਲ ਕਹਿੰਦੀ ਹੈ

 “ਅੱਖ ਦੇ ਬਦਲੇ ਅੱਖ” ਕਾਨੂੰਨ ਮੂਸਾ ਦੇ ਕਾਨੂੰਨ ਦਾ ਹਿੱਸਾ ਸੀ। ਪਰਮੇਸ਼ੁਰ ਨੇ ਮੂਸਾ ਦਾ ਕਾਨੂੰਨ ਇਜ਼ਰਾਈਲੀਆਂ ਨੂੰ ਦਿੱਤਾ ਸੀ। ਨਾਲੇ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਵੀ ਇਸ ਦਾ ਹਵਾਲਾ ਦਿੱਤਾ ਸੀ। (ਮੱਤੀ 5:38, ਪਵਿੱਤਰ ਬਾਈਬਲ, OV; ਕੂਚ 21:24, 25; ਬਿਵਸਥਾ ਸਾਰ 19:21) ਇਸ ਦਾ ਮਤਲਬ ਸੀ ਕਿ ਮੁਜਰਮ ਨੂੰ ਉਸ ਦੇ ਜੁਰਮ ਦੇ ਹਿਸਾਬ ਨਾਲ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। a

 ਜਾਣ-ਬੁੱਝ ਕੇ ਕਿਸੇ ਦਾ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਸੀ। ਅਜਿਹੇ ਅਪਰਾਧੀ ਬਾਰੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ: “ਹੱਡੀ ਦੇ ਬਦਲੇ ਹੱਡੀ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹਾਂ, ਉਸ ਨੇ ਜੋ ਸੱਟ ਮਾਰੀ ਹੈ, ਉਸ ਨੂੰ ਵੀ ਉਹੀ ਸੱਟ ਮਾਰੀ ਜਾਵੇ।”—ਲੇਵੀਆਂ 24:20.

 “ਅੱਖ ਦੇ ਬਦਲੇ ਅੱਖ” ਕਾਨੂੰਨ ਕਿਸ ਮਕਸਦ ਨਾਲ ਦਿੱਤਾ ਗਿਆ ਸੀ?

 “ਅੱਖ ਦੇ ਬਦਲੇ ਅੱਖ” ਕਾਨੂੰਨ ਕਿਸੇ ਵਿਅਕਤੀ ਨੂੰ ਆਪ ਬਦਲਾ ਲੈਣ ਦੀ ਮਨਜ਼ੂਰੀ ਨਹੀਂ ਦਿੰਦਾ ਸੀ। ਇਸ ਦੀ ਬਜਾਇ, ਇਸ ਦੀ ਮਦਦ ਨਾਲ ਨਿਆਂਕਾਰ ਜਾਇਜ਼ ਸਜ਼ਾ ਦੇ ਸਕਦੇ ਸਨ। ਇਸ ਤਰ੍ਹਾਂ ਸਜ਼ਾ ਨਾ ਤਾਂ ਬਹੁਤ ਸਖ਼ਤ ਹੋਣੀ ਸੀ ਤੇ ਨਾ ਹੀ ਬਹੁਤ ਮਾਮੂਲੀ।

 ਇਸ ਕਾਨੂੰਨ ਦੇ ਡਰੋਂ ਲੋਕ ਜਾਣ-ਬੁੱਝ ਕੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਦੂਰ ਰਹਿੰਦੇ ਸਨ ਜਾਂ ਫਿਰ ਨੁਕਸਾਨ ਪਹੁੰਚਾਉਣ ਦੀਆਂ ਸਕੀਮਾਂ ਨਹੀਂ ਘੜਦੇ ਸਨ। ਕਾਨੂੰਨ ਵਿਚ ਸਮਝਾਇਆ ਗਿਆ ਸੀ: “ਜਦੋਂ ਬਾਕੀ ਲੋਕ [ਯਾਨੀ ਪਰਮੇਸ਼ੁਰ ਦਾ ਨਿਆਂ ਦੇਖਣ ਵਾਲੇ ਲੋਕ] ਇਸ ਬਾਰੇ ਸੁਣਨਗੇ, ਤਾਂ ਉਹ ਡਰਨਗੇ ਅਤੇ ਫਿਰ ਉਹ ਕਦੇ ਦੁਬਾਰਾ ਅਜਿਹਾ ਬੁਰਾ ਕੰਮ ਨਹੀਂ ਕਰਨਗੇ।”—ਬਿਵਸਥਾ ਸਾਰ 19:20.

 ਕੀ “ਅੱਖ ਦੇ ਬਦਲੇ ਅੱਖ” ਕਾਨੂੰਨ ਮਸੀਹੀਆਂ ʼਤੇ ਲਾਗੂ ਹੁੰਦਾ ਹੈ?

 ਨਹੀਂ, ਇਹ ਕਾਨੂੰਨ ਮਸੀਹੀਆਂ ʼਤੇ ਲਾਗੂ ਨਹੀਂ ਹੁੰਦਾ। ਇਹ ਕਾਨੂੰਨ ਮੂਸਾ ਦੇ ਕਾਨੂੰਨ ਦਾ ਹਿੱਸਾ ਸੀ ਜੋ ਯਿਸੂ ਦੀ ਕੁਰਬਾਨੀ ਦੇਣ ਨਾਲ ਰੱਦ ਹੋ ਗਿਆ ਸੀ।—ਰੋਮੀਆਂ 10:4.

 ਫਿਰ ਵੀ ਇਸ ਕਾਨੂੰਨ ਤੋਂ ਪਰਮੇਸ਼ੁਰ ਦੀ ਸੋਚ ਪਤਾ ਲੱਗਦੀ ਹੈ। ਮਿਸਾਲ ਲਈ, ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨਿਆਂ ਨਾਲ ਪਿਆਰ ਕਰਦਾ ਹੈ। (ਜ਼ਬੂਰ 89:14) ਨਾਲੇ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਨਿਆਂ ਦੇ ਅਸੂਲ ਮੁਤਾਬਕ ਅਪਰਾਧੀ ਨੂੰ “ਜਾਇਜ਼ ਹੱਦ ਤਕ” ਅਨੁਸ਼ਾਸਨ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ।—ਯਿਰਮਿਯਾਹ 30:11.

 “ਅੱਖ ਦੇ ਬਦਲੇ ਅੱਖ” ਕਾਨੂੰਨ ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: “ਅੱਖ ਦੇ ਬਦਲੇ ਅੱਖ” ਕਾਨੂੰਨ ਬਹੁਤ ਸਖ਼ਤ ਸੀ।

 ਸੱਚਾਈ: ਇਹ ਕਾਨੂੰਨ ਸਖ਼ਤੀ ਜਾਂ ਬੇਰਹਿਮੀ ਨਾਲ ਇਨਸਾਫ਼ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ। ਇਸ ਦਾ ਬਜਾਇ, ਜਦੋਂ ਇਸ ਕਾਨੂੰਨ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਂਦੀ ਸੀ, ਤਾਂ ਕਾਬਲ ਨਿਆਂਕਾਰ ਸਜਾ ਸੁਣਾਉਣ ਤੋਂ ਪਹਿਲਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਸੀ ਅਤੇ ਦੇਖਦੇ ਸੀ ਕਿ ਅਪਰਾਧ ਜਾਣ-ਬੁੱਝ ਕੇ ਕੀਤਾ ਗਿਆ ਸੀ ਜਾਂ ਅਣਜਾਣੇ ਵਿਚ। (ਕੂਚ 21:28-30; ਗਿਣਤੀ 35:22-25) ਇਸ ਤਰ੍ਹਾਂ “ਅੱਖ ਦੇ ਬਦਲੇ ਅੱਖ” ਕਾਨੂੰਨ ਬਹੁਤ ਸਖ਼ਤ ਸਜ਼ਾ ਸੁਣਾਉਣ ਤੋਂ ਰੋਕਦਾ ਸੀ।

 ਗ਼ਲਤਫ਼ਹਿਮੀ: “ਅੱਖ ਦੇ ਬਦਲੇ ਅੱਖ” ਕਾਨੂੰਨ ਕਰਕੇ ਦੋ ਧਿਰਾਂ ਵਿਚ ਕਦੇ ਵੀ ਦੁਸ਼ਮਣੀ ਖ਼ਤਮ ਨਹੀਂ ਹੁੰਦੀ ਸੀ

 ਸੱਚਾਈ: ਮੂਸਾ ਦੇ ਕਾਨੂੰਨ ਵਿਚ ਦੱਸਿਆ ਸੀ: “ਤੁਸੀਂ ਬਦਲਾ ਨਾ ਲਓ ਅਤੇ ਆਪਣੇ ਲੋਕਾਂ ਦੇ ਖ਼ਿਲਾਫ਼ ਦਿਲ ਵਿਚ ਨਾਰਾਜ਼ਗੀ ਨਾ ਪਾਲ਼ੋ।” (ਲੇਵੀਆਂ 19:18) ਕਾਨੂੰਨ ਲੋਕਾਂ ਨੂੰ ਉਤਸ਼ਾਹਿਤ ਕਰਦਾ ਸੀ ਕਿ ਉਹ ਆਪ ਬਦਲਾ ਲੈਣ ਦੀ ਬਜਾਇ ਪਰਮੇਸ਼ੁਰ ਅਤੇ ਉਸ ਦੇ ਕਾਨੂੰਨਾਂ ʼਤੇ ਭਰੋਸਾ ਰੱਖਣ ਜਿਨ੍ਹਾਂ ਮੁਤਾਬਕ ਅਪਰਾਧੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।—ਬਿਵਸਥਾ ਸਾਰ 32:35.

a ਲਾਤੀਨੀ ਵਿਚ ਇਸ ਕਾਨੂੰਨ ਨੂੰ ਲੈਕਸ ਟੇਲੀਓਨਿਸ ਕਿਹਾ ਜਾਂਦਾ ਹੈ ਅਤੇ ਕੁਝ ਪੁਰਾਣੇ ਸਮਾਜਾਂ ਵਿਚ ਵੀ ਇਹ ਕਾਨੂੰਨ ਬਣਾਇਆ ਗਿਆ ਸੀ।