ਨੌਜਵਾਨ ਪੁੱਛਦੇ ਹਨ
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 1: ਆਪਣੀ ਬਾਈਬਲ ਤੋਂ ਜਾਣੂ ਹੋਵੋ
“ਮੈਂ ਬਾਈਬਲ ਪੜ੍ਹਨ ਦੀ ਕੋਸ਼ਿਸ਼ ਤਾਂ ਕਰਦੀ ਹਾਂ, ਪਰ ਜਦੋਂ ਮੈਂ ਦੇਖਦੀ ਕਿ ਇਹ ਕਿੰਨੀ ਮੋਟੀ ਕਿਤਾਬ ਹੈ, ਤਾਂ ਮੈਨੂੰ ਲੱਗਦਾ ਕਿ ਇਸ ਨੂੰ ਪੜ੍ਹਨਾ ਮੇਰੇ ਵੱਸ ਦੀ ਗੱਲ ਨਹੀਂ!”—ਬ੍ਰਿਆਨਾ, ਉਮਰ 15 ਸਾਲ।
ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ!
ਬਾਈਬਲ ਪੜ੍ਹਨ ਦਾ ਕੀ ਫ਼ਾਇਦਾ ਹੈ?
ਕੀ ਬਾਈਬਲ ਪੜ੍ਹਨ ਦੇ ਖ਼ਿਆਲ ਨਾਲ ਹੀ ਤੁਸੀਂ ਬੋਰ ਹੋਣ ਲੱਗ ਪੈਂਦੇ ਹੋ? ਜੇ ਹਾਂ, ਤਾਂ ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਬਾਈਬਲ ਨੂੰ ਅਜਿਹੀ ਕਿਤਾਬ ਸਮਝਦੇ ਹੋ ਜੋ ਬਹੁਤ ਹੀ ਮੋਟੀ ਹੈ, ਜਿਸ ਦੀ ਲਿਖਾਈ ਬਹੁਤ ਛੋਟੀ ਹੈ ਤੇ ਜਿਸ ਵਿਚ ਇਕ ਵੀ ਤਸਵੀਰ ਨਹੀਂ। ਇਸ ਲਈ ਸ਼ਾਇਦ ਤੁਹਾਨੂੰ ਕੋਈ ਫ਼ਿਲਮ ਵਗੈਰਾ ਦੇਖਣੀ ਜ਼ਿਆਦਾ ਵਧੀਆ ਲੱਗੇ।
ਜ਼ਰਾ ਸੋਚੋ ਕਿ ਜੇ ਤੁਹਾਨੂੰ ਖ਼ਜ਼ਾਨੇ ਨਾਲ ਭਰਿਆ ਇਕ ਪੁਰਾਣਾ ਸੰਦੂਕ ਮਿਲੇ, ਤਾਂ ਕੀ ਤੁਹਾਡਾ ਦਿਲ ਨਹੀਂ ਕਰੇਗਾ ਕਿ ਤੁਸੀਂ ਇਸ ਨੂੰ ਖੋਲ੍ਹ ਕੇ ਦੇਖੋ ਕਿ ਇਸ ਵਿਚ ਕੀ ਹੈ?
ਬਾਈਬਲ ਵੀ ਇਕ ਖ਼ਜ਼ਾਨੇ ਵਾਂਗ ਹੈ। ਇਸ ਵਿੱਚੋਂ ਤੁਹਾਨੂੰ ਕੀਮਤੀ ਹੀਰੇ-ਮੋਤੀਆਂ ਵਰਗੀਆਂ ਬੁੱਧ ਦੀਆਂ ਗੱਲਾਂ ਅਤੇ ਸਲਾਹਾਂ ਮਿਲਣਗੀਆਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ
ਚੰਗੇ ਫ਼ੈਸਲੇ ਲੈ ਸਕੋਗੇ
ਆਪਣੇ ਮਾਪਿਆਂ ਨਾਲ ਪਿਆਰ ਨਾਲ ਰਹਿ ਸਕੋਗੇ
ਚੰਗੇ ਦੋਸਤ ਬਣਾ ਸਕੋਗੇ
ਪਰੇਸ਼ਾਨੀਆਂ ਨਾਲ ਨਿਪਟ ਸਕੋਗੇ
ਪਰ ਇੰਨੀ ਪੁਰਾਣੀ ਕਿਤਾਬ ਅੱਜ ਵੀ ਫ਼ਾਇਦੇਮੰਦ ਕਿੱਦਾਂ ਹੋ ਸਕਦੀ ਹੈ? ਇਸ ਦਾ ਕਾਰਨ ਇਹ ਹੈ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।” (2 ਤਿਮੋਥਿਉਸ 3:16) ਇਸ ਦਾ ਮਤਲਬ ਹੈ ਕਿ ਬਾਈਬਲ ਵਿਚ ਦਿੱਤੀਆਂ ਸਲਾਹਾਂ ਕਾਇਨਾਤ ਦੇ ਸਭ ਤੋਂ ਸਮਝਦਾਰ ਸ਼ਖ਼ਸ ਤੋਂ ਹਨ।
ਮੈਨੂੰ ਬਾਈਬਲ ਕਿਵੇਂ ਪੜ੍ਹਨੀ ਚਾਹੀਦੀ ਹੈ?
ਇਕ ਤਰੀਕਾ ਹੈ ਕਿ ਤੁਸੀਂ ਬਾਈਬਲ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਪੜ੍ਹੋ। ਇੱਦਾਂ ਤੁਸੀਂ ਬਾਈਬਲ ਦਾ ਸੰਦੇਸ਼ ਜਾਣ ਸਕੋਗੇ। ਤੁਸੀਂ ਬਾਈਬਲ ਪੜ੍ਹਨ ਦੇ ਕਈ ਤਰੀਕੇ ਅਜ਼ਮਾ ਸਕਦੇ ਹੋ। ਜ਼ਰਾ ਇਨ੍ਹਾਂ ਦੋ ਤਰੀਕਿਆਂ ʼਤੇ ਗੌਰ ਕਰੋ:
ਤੁਸੀਂ ਬਾਈਬਲ ਦੀਆਂ 66 ਕਿਤਾਬਾਂ ਨੂੰ ਉਸੇ ਤਰਤੀਬ ਵਿਚ ਪੜ੍ਹ ਸਕਦੇ ਹੋ ਜਿਸ ਵਿਚ ਇਨ੍ਹਾਂ ਨੂੰ ਲਿਖਿਆ ਗਿਆ ਹੈ ਯਾਨੀ ਉਤਪਤ ਤੋਂ ਪ੍ਰਕਾਸ਼ ਦੀ ਕਿਤਾਬ ਤਕ।
ਤੁਸੀਂ ਬਾਈਬਲ ਦੇ ਕਿੱਸੇ ਉਸੇ ਤਰਤੀਬ ਵਿਚ ਪੜ੍ਹ ਸਕਦੇ ਹੋ ਜਿਸ ਵਿਚ ਉਹ ਹੋਏ ਸਨ।
ਸੁਝਾਅ: ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ, ਵਧੇਰੇ ਜਾਣਕਾਰੀ 1.7 ਵਿਚ ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ ਬਾਰੇ ਤਰਤੀਬ ਵਿਚ ਦੱਸਿਆ ਗਿਆ ਹੈ।
ਦੂਸਰਾ ਤਰੀਕਾ ਹੈ ਕਿ ਤੁਸੀਂ ਬਾਈਬਲ ਦਾ ਕੋਈ ਅਜਿਹਾ ਹਿੱਸਾ ਪੜ੍ਹੋ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਮੁਸ਼ਕਲ ਦਾ ਸਾਮ੍ਹਣਾ ਕਰ ਸਕੋਗੇ। ਮਿਸਾਲ ਲਈ:
ਕੀ ਤੁਸੀਂ ਅਜਿਹੇ ਦੋਸਤ ਬਣਾਉਣੇ ਚਾਹੁੰਦੇ ਹੋ ਜਿਨ੍ਹਾਂ ʼਤੇ ਤੁਸੀਂ ਭਰੋਸਾ ਕਰ ਸਕੋ? ਬਾਈਬਲ ਵਿਚ ਦਾਊਦ ਤੇ ਯੋਨਾਥਾਨ ਦੀ ਕਹਾਣੀ ਪੜ੍ਹੋ। (1 ਸਮੂਏਲ ਅਧਿਆਇ 18-20) ਸੋਚੋ ਕਿ ਦਾਊਦ ਵਿਚ ਕਿਹੜੀਆਂ ਖੂਬੀਆਂ ਸਨ ਜਿਸ ਕਰਕੇ ਯੋਨਾਥਾਨ ਨੇ ਉਸ ਨਾਲ ਦੋਸਤੀ ਕੀਤੀ ਹੋਣੀ।
ਕੀ ਤੁਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਖ਼ੁਦ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ? ਜੇ ਹਾਂ, ਤਾਂ ਕਿਉਂ ਨਾ ਤੁਸੀਂ ਯੂਸੁਫ਼ ਦੀ ਕਹਾਣੀ ʼਤੇ ਗੌਰ ਕਰੋ ਤੇ ਦੇਖੋ ਕਿ ਉਸ ਨੇ ਇਕ ਅਜ਼ਮਾਇਸ਼ ਦਾ ਕਿਵੇਂ ਸਾਮ੍ਹਣਾ ਕੀਤਾ। (ਉਤਪਤ ਅਧਿਆਇ 39) ਫਿਰ “ਯਹੋਵਾਹ ਅਟੱਲ ਪਿਆਰ ਦਿਖਾਉਂਦਾ ਰਿਹਾ” ਆਡੀਓ ਸੁਣੋ ਤੇ ਜਾਣੋ ਕਿ ਯੂਸੁਫ਼ ਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਕਿੱਥੋਂ ਮਿਲੀ।
ਕੀ ਤੁਸੀਂ ਜਾਣਨਾ ਚਾਹੁੰਦੇ ਕਿ ਪ੍ਰਾਰਥਨਾ ਵਿਚ ਕਿੰਨੀ ਤਾਕਤ ਹੈ? ਤਾਂ ਫਿਰ ਨਹਮਯਾਹ ਬਾਰੇ ਪੜ੍ਹੋ। (ਨਹਮਯਾਹ ਅਧਿਆਇ 2) ਫਿਰ ਡਰਾਮਾ ਨਹਮਯਾਹ: “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”—ਭਾਗ 1 ਅਤੇ ਭਾਗ 2 ਦੇਖੋ ਅਤੇ ਜਾਣੋ ਕਿ ਨਹਮਯਾਹ ਨੂੰ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਮਿਲਿਆ।
ਸੁਝਾਅ: ਕਿਸੇ ਅਜਿਹੀ ਜਗ੍ਹਾ ਬਾਈਬਲ ਪੜ੍ਹੋ ਜਿੱਥੇ ਰੌਲ਼ਾ-ਰੱਪਾ ਨਾ ਹੋਵੇ। ਇੱਦਾਂ ਕਰ ਕੇ ਤੁਸੀਂ ਪੂਰੇ ਧਿਆਨ ਨਾਲ ਬਾਈਬਲ ਪੜ੍ਹ ਸਕੋਗੇ।
ਤੀਸਰਾ ਤਰੀਕਾ ਹੈ ਕਿ ਤੁਸੀਂ ਬਾਈਬਲ ਦੀਆਂ ਕੁਝ ਆਇਤਾਂ ਜਾਂ ਜ਼ਬੂਰ ਚੁਣੋ ਅਤੇ ਗੌਰ ਕਰੋ ਕਿ ਪੜ੍ਹੀਆਂ ਗੱਲਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਪੜ੍ਹਨ ਤੋਂ ਬਾਅਦ ਆਪਣੇ ਆਪ ਤੋਂ ਕੁਝ ਅਜਿਹੇ ਸਵਾਲ ਪੁੱਛੋ:
ਯਹੋਵਾਹ ਨੇ ਇਹ ਗੱਲ ਬਾਈਬਲ ਵਿਚ ਕਿਉਂ ਲਿਖਵਾਈ ਹੋਣੀ?
ਇਸ ਤੋਂ ਮੈਨੂੰ ਯਹੋਵਾਹ ਤੇ ਉਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੀ ਪਤਾ ਲੱਗਦਾ ਹੈ?
ਇਸ ਜਾਣਕਾਰੀ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦਾ ਹਾਂ?
ਸੁਝਾਅ: ਜਦੋਂ ਤੁਸੀਂ ਬਾਈਬਲ ਪੜ੍ਹਨੀ ਸ਼ੁਰੂ ਕਰਦੇ ਹੋ, ਤਾਂ ਉਹ ਤਾਰੀਖ਼ ਲਿਖ ਲਿਆ ਕਰੋ। ਇੱਦਾਂ ਕਰਨ ਲਈ ਸਾਡੀ ਵੈੱਬਸਾਈਟ ʼਤੇ ਦਿੱਤਾ “ਬਾਈਬਲ ਪੜ੍ਹਾਈ ਲਈ ਸ਼ਡਿਉਲ” ਵਰਤੋ।