1 ਨਵੰਬਰ 2023
ਭਾਰਤ
ਭਾਰਤ ਵਿਚ ਵੱਡੇ ਸੰਮੇਲਨ ਦੌਰਾਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਭੈਣ-ਭਰਾ ਇਕ-ਦੂਜੇ ਨੂੰ ਮਦਦ ਤੇ ਦਿਲਾਸਾ ਦੇ ਰਹੇ ਹਨ
ਜਿਵੇਂ ਕਿ ਸਾਡੀ ਵੈੱਬਸਾਈਟ ʼਤੇ ਤਾਜ਼ਾ ਖ਼ਬਰਾਂ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਐਤਵਾਰ 29 ਅਕਤੂਬਰ 2023 ਨੂੰ ਭਾਰਤ ਦੇ ਕੇਰਲਾ ਸ਼ਹਿਰ ਵਿਚ ਇਕ ਵੱਡੇ ਸੰਮੇਲਨ ਦੌਰਾਨ ਕੁਝ ਬੰਬ ਧਮਾਕੇ ਹੋਏ। ਇਸ ਦਿਲ ਦਹਿਲਾਉਣ ਵਾਲੇ ਹਾਦਸੇ ਵਿਚ ਸਾਡੀਆਂ ਦੋ ਭੈਣਾਂ ਦੀ ਮੌਤ ਹੋ ਗਈ। ਪਰ ਅਫ਼ਸੋਸ ਦੀ ਗੱਲ ਕਿ ਇਨ੍ਹਾਂ ਤੋਂ ਇਲਾਵਾ ਇਕ 12 ਸਾਲਾਂ ਦੀ ਕੁੜੀ ਦੀ ਗੰਭੀਰ ਸੱਟਾਂ ਲੱਗਣ ਕਰਕੇ ਮੌਤ ਹੋ ਗਈ। ਨਾਲੇ 55 ਭੈਣ-ਭਰਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਕੁਝ ਜਣੇ ਬੁਰੀ ਤਰ੍ਹਾਂ ਸੜ ਗਏ।
ਫਿਲਹਾਲ ਸਾਡੀਆਂ ਤਿੰਨ ਭੈਣਾਂ ਤੇ ਦੋ ਭਰਾਵਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਹ ਹਸਪਤਾਲ ਵਿਚ ਦਾਖ਼ਲ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸਵੇਰੇ ਲਗਭਗ 9:40 ʼਤੇ ਸ਼ੁਰੂਆਤੀ ਪ੍ਰਾਰਥਨਾ ਦੌਰਾਨ ਘੱਟੋ-ਘੱਟ ਤਿੰਨ ਬੰਬ ਧਮਾਕੇ ਹੋਏ। ਇਹ ਹਮਲਾ ਕਰਨਾ ਵਾਲਾ ਅਪਰਾਧੀ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਜਾਂਚ-ਪੜਤਾਲ ਚੱਲ ਰਹੀ ਹੈ।
ਕਈ ਅਧਿਕਾਰੀ ਅਤੇ ਸੇਵਾ ਕਰਮਚਾਰੀ ਫਟਾਫਟ ਉੱਥੇ ਪਹੁੰਚ ਗਏ। ਇਸ ਹਾਦਸੇ ਤੋਂ ਤੁਰੰਤ ਬਾਅਦ ਸਾਨੂੰ ਜੋ ਐਮਰਜੈਂਸੀ ਸੇਵਾਵਾਂ ਮਿਲੀਆਂ, ਉਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਨਾਲੇ ਅਸੀਂ ਹਸਪਤਾਲ ਦੇ ਸਟਾਫ਼ ਦੇ ਵੀ ਬਹੁਤ ਅਹਿਸਾਨਮੰਦ ਹਾਂ ਜੋ ਜ਼ਖ਼ਮੀ ਲੋਕਾਂ ਦੀ ਦੇਖ-ਭਾਲ ਕਰ ਰਹੇ ਹਨ।
ਜਦੋਂ ਹਾਜ਼ਰ ਲੋਕਾਂ ਨੇ ਦੇਖਿਆ ਕਿ ਸਾਰੇ ਭੈਣ-ਭਰਾ ਕਿਵੇਂ ਇਕ-ਦੂਜੇ ਦੀ ਮਦਦ ਕਰ ਰਹੇ ਹਨ, ਤਾਂ ਇਹ ਗੱਲ ਉਨ੍ਹਾਂ ਦੇ ਦਿਲਾਂ ਨੂੰ ਛੂਹ ਗਈ। ਇਕ ਭੈਣ ਜੋ ਉੱਥੇ ਹਾਲ ਵਿਚ ਹੀ ਮੌਜੂਦ ਸੀ, ਦੱਸਦੀ ਹੈ: “ਜਦੋਂ ਬੰਬ ਧਮਾਕੇ ਹੋਏ, ਤਾਂ ਮੈਂ ਫ਼ੌਰਨ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗ ਪਈ। ਅਟੈਂਡੈਂਟ ਤੇ ਹੋਰ ਭਰਾਵਾਂ ਨੇ ਤੁਰੰਤ ਸਾਨੂੰ ਸੁਰੱਖਿਅਤ ਬਾਹਰ ਕੱਢਿਆ, ਉਨ੍ਹਾਂ ਨੇ ਸਾਡਾ ਬਹੁਤ ਧਿਆਨ ਰੱਖਿਆ। ਅਸੀਂ ਦੇਖ ਪਾਏ ਕਿ ਯਹੋਵਾਹ ਸਾਡੇ ਵਿੱਚੋਂ ਹਰੇਕ ਦਾ ਕਿੰਨਾ ਧਿਆਨ ਰੱਖ ਰਿਹਾ ਸੀ!”
ਭਾਰਤ ਦੇ ਬ੍ਰਾਂਚ ਆਫ਼ਿਸ ਵੱਲੋਂ ਆਏ ਭਰਾ, ਸਰਕਟ ਓਵਰਸੀਅਰ ਅਤੇ ਉੱਥੇ ਦੇ ਬਜ਼ੁਰਗ ਭੈਣਾਂ-ਭਰਾਵਾਂ ਨੂੰ ਬਾਈਬਲ ਤੋਂ ਹੌਸਲਾ ਦੇ ਰਹੇ ਹਨ। ਨਾਲੇ ਜ਼ਰੂਰਤ ਦੀਆਂ ਚੀਜ਼ਾਂ ਦਾ ਪ੍ਰਬੰਧ ਕਰ ਰਹੇ ਹਨ। ਇਕ ਬਜ਼ੁਰਗ ਜੋ ਬ੍ਰਾਂਚ ਆਫ਼ਿਸ ਤੋਂ ਕੇਰਲਾ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਗਿਆ ਸੀ, ਦੱਸਦਾ ਹੈ: “ਇਹ ਸੱਚ ਹੈ ਕਿ ਭੈਣ-ਭਰਾ ਸਦਮੇ ਵਿਚ ਹਨ, ਡਰੇ ਹੋਏ ਹਨ ਅਤੇ ਕੁਝ ਜਣੇ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਵੀ ਹਨ। ਪਰ ਉਨ੍ਹਾਂ ਨੇ ਚੰਗੀਆਂ ਗੱਲਾਂ ʼਤੇ ਧਿਆਨ ਲਾਇਆ ਹੋਇਆ ਹੈ। ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ, ਤਾਂ ਮੇਰਾ ਹੌਸਲਾ ਵਧਿਆ। ਇਸ ਔਖੀ ਘੜੀ ਵਿਚ ਉਨ੍ਹਾਂ ਨੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ ਹੋਇਆ ਹੈ ਅਤੇ ਇਹ ਸਾਰਾ ਕੁਝ ਆਪਣੀ ਅੱਖੀਂ ਦੇਖ ਕੇ ਮੇਰਾ ਭਰੋਸਾ ਹੋਰ ਵੀ ਪੱਕਾ ਹੋ ਗਿਆ ਹੈ।”
ਦੁਨੀਆਂ ਭਰ ਦੇ ਭੈਣ-ਭਰਾ ਭਾਰਤ ਵਿਚ ਹੋਏ ਇਸ ਭਿਆਨਕ ਹਾਦਸੇ ਦੇ ਸ਼ਿਕਾਰ ਲੋਕਾਂ ਅਤੇ ਉਨ੍ਹਾਂ ਦੇ ਘਰਦਿਆਂ ਲਈ ਪ੍ਰਾਰਥਨਾ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸਾਨੂੰ ਬਾਈਬਲ ਵਿਚ ਦਿੱਤੀ ਉਮੀਦ ਤੋਂ ਦਿਲਾਸਾ ਅਤੇ ਸਕੂਨ ਮਿਲਦਾ ਹੈ ਕਿ ਬਹੁਤ ਜਲਦ ਹਿੰਸਾ, ਦੁੱਖ-ਤਕਲੀਫ਼ਾਂ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਹਰ ਹਾਲ ਵਿਚ ਯਹੋਵਾਹ ʼਤੇ ਪੂਰਾ ਭਰੋਸਾ ਰੱਖਾਂਗੇ।—ਜ਼ਬੂਰ 56:3.