Skip to content

4 ਨਵੰਬਰ 2023 ਨੂੰ ਭਾਰਤ ਦੇ ਕੇਰਲਾ ਸ਼ਹਿਰ ਵਿਚ ਹੋਈ ਖ਼ਾਸ ਮੀਟਿੰਗ ʼਤੇ ਗਵਾਹ ਇਕ-ਦੂਜੇ ਨੂੰ ਦਿਲੋਂ ਮਿਲਦੇ ਹੋਏ

17 ਨਵੰਬਰ 2023
ਭਾਰਤ

ਭਾਰਤ ਵਿਚ ਬੰਬ ਧਮਾਕੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ

ਭਾਰਤ ਵਿਚ ਬੰਬ ਧਮਾਕੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ

ਐਤਵਾਰ 29 ਅਕਤੂਬਰ 2023 ਨੂੰ ਭਾਰਤ ਦੇ ਕੇਰਲਾ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਵੱਡੇ ਸੰਮੇਲਨ ਵਿਚ ਬੰਬ ਧਮਾਕੇ ਹੋਏ। ਦੁੱਖ ਦੀ ਗੱਲ ਹੈ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਤਿੰਨ ਜਣਿਆਂ ਦੀ ਮੌਤ ਹੋ ਗਈ, ਪਰ ਉਨ੍ਹਾਂ ਤੋਂ ਇਲਾਵਾ ਇਕ ਹੋਰ ਭਰਾ ਅਤੇ ਦੋ ਭੈਣਾਂ ਦੀ ਵੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇਕ ਭੈਣ ਅਤੇ ਭਰਾ ਉਸ 12 ਸਾਲਾਂ ਦੀ ਛੋਟੀ ਕੁੜੀ ਦੀ ਮੰਮੀ ਅਤੇ ਭਰਾ ਸਨ ਜਿਸ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਨਾਲੇ 11 ਹੋਰ ਭੈਣ-ਭਰਾ ਹਨ ਜੋ ਹਾਲੇ ਵੀ ਹਸਪਤਾਲ ਵਿਚ ਦਾਖ਼ਲ ਹਨ।

ਬੰਬ ਧਮਾਕੇ ਦੇ ਪ੍ਰਭਾਵ ਹੇਠ ਆਏ ਭੈਣਾਂ-ਭਰਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਿਲਾਸਾ ਅਤੇ ਹੌਸਲਾ ਦੇਣ ਲਈ ਭਾਰਤ ਦੇ ਬ੍ਰਾਂਚ ਆਫ਼ਿਸ ਨੇ ਇਕ ਖ਼ਾਸ ਮੀਟਿੰਗ ਦਾ ਪ੍ਰਬੰਧ ਕੀਤਾ। ਇਹ ਮੀਟਿੰਗ 4 ਨਵੰਬਰ 2023 ਨੂੰ ਰੱਖੀ ਗਈ। ਵੱਡਾ ਸੰਮੇਲਨ ਜਿੱਥੇ ਬੰਬ ਧਮਾਕੇ ਹੋਏ ਸਨ, ਉੱਥੇ ਆਏ 21 ਮੰਡਲੀਆਂ ਦੇ ਭੈਣਾਂ-ਭਰਾਵਾਂ ਨੂੰ ਇਸ ਖ਼ਾਸ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਗਿਆ। ਇਹ ਮੀਟਿੰਗ ਉੱਥੇ ਦੇ ਸਥਾਨਕ ਕਿੰਗਡਮ ਹਾਲ ਵਿਚ ਹੋਈ ਤੇ ਉੱਥੇ ਲਗਭਗ 200 ਜਣੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ 1300 ਜਣਿਆਂ ਨੇ ਇਹ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਸੁਣੀ ਅਤੇ ਹਸਪਤਾਲ ਵਿਚ ਦਾਖ਼ਲ ਭੈਣਾਂ-ਭਰਾਵਾਂ ਲਈ ਇਸ ਮੀਟਿੰਗ ਨੂੰ ਰਿਕਾਰਡ ਕੀਤਾ ਗਿਆ। ਬ੍ਰਾਂਚ ਆਫ਼ਿਸ ਤੋਂ ਆਏ ਇਕ ਬਜ਼ੁਰਗ ਨੇ ਜ਼ਬੂਰ 23:1 ਆਇਤ ʼਤੇ ਚਰਚਾ ਕੀਤੀ ਅਤੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਯਹੋਵਾਹ ਕਿਵੇਂ ਆਪਣੇ ਇਕੱਲੇ-ਇਕੱਲੇ ਸੇਵਕ ਦੀ ਪਰਵਾਹ ਕਰਦਾ ਹੈ। “ਇਸ ਆਇਤ ਵਿਚ ਜ਼ਬੂਰ ਦੇ ਲਿਖਾਰੀ ਨੇ ਇਹ ਨਹੀਂ ਕਿਹਾ ਕਿ ਯਹੋਵਾਹ ਇਕ ਚਰਵਾਹਾ ਹੈ ਜਾਂ ਉਹ ਕਿੰਨਾ ਵਧੀਆ ਚਰਵਾਹਾ ਹੈ। ਇਸ ਦੀ ਬਜਾਇ ਉਸ ਨੇ ਕਿਹਾ ਕਿ ਯਹੋਵਾਹ ‘ਮੇਰਾ ਚਰਵਾਹਾ ’ਹੈ। ਇਹ ਜਾਣ ਕਿ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨੂੰ ਸਾਡੇ ਵਿੱਚੋਂ ਹਰੇਕ ਦੀ ਪਰਵਾਹ ਕਰਦਾ ਹੈ।”

ਭੈਣਾਂ ਇਕ-ਦੂਜੇ ਨੂੰ ਪਿਆਰ ਨਾਲ ਦਿਲਾਸਾ ਦਿੰਦੀਆਂ ਹੋਈਆਂ

ਇਕ ਭਰਾ ਜੋ ਬੰਬ ਧਮਾਕੇ ਦੌਰਾਨ ਮੌਜੂਦ ਸੀ, ਦੱਸਦਾ ਹੈ ਕਿ ਉਸ ਨੂੰ ਹਾਲੇ ਵੀ ਚੱਜ ਨਾਲ ਨੀਂਦ ਨਹੀਂ ਆਉਂਦੀ। ਫਿਰ ਵੀ ਉਹ ਹਸਪਤਾਲ ਵਿਚ ਦਾਖ਼ਲ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ। ਉਹ ਕਹਿੰਦਾ ਹੈ: “ਉਨ੍ਹਾਂ ਦੀ ਨਿਹਚਾ ਅਤੇ ਸਹੀ ਨਜ਼ਰੀਏ ਨੂੰ ਦੇਖ ਕੇ ਮੈਂ ਆਪਣੀਆਂ ਚਿੰਤਾਵਾਂ ਭੁੱਲ ਗਿਆ। ਚਾਹੇ ਕਿ ਉਹ ਬਹੁਤ ਜ਼ਖ਼ਮੀ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਦਰਦ ਹੁੰਦਾ ਸੀ, ਫਿਰ ਵੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਖ਼ੁਸ਼ੀ ਨਾਲ ਰਾਜ ਦੇ ਗੀਤ ਗਾਉਂਦੇ ਸਨ।” ਇਕ ਹੋਰ ਭਰਾ ਨੇ ਦੱਸਿਆ: “ਸਾਡੇ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਵਿੱਚੋਂ ਕੁਝ ਜਣਿਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਸ਼ਾਇਦ ਲੰਬਾ ਸਮਾਂ ਲੱਗੇ। ਫਿਰ ਵੀ ਮੈਂ ਜਾਣਦਾ ਹਾਂ ਕਿ ਸਾਡੇ ਭੈਣ-ਭਰਾ ਇਨ੍ਹਾਂ ਨਾਲ ਹੋਰ ਵੀ ਜ਼ਿਆਦਾ ਪਿਆਰ ਕਰਦੇ ਰਹਿਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਪਰਵਾਹ ਕਰਨ ਵਾਲੇ ਪਰਮੇਸ਼ੁਰ ਨੇ ਇਨ੍ਹਾਂ ਵਿੱਚੋਂ ਹਰੇਕ ਨੂੰ ਆਪਣੇ ਤਾਕਤਵਰ ਹੱਥਾਂ ਨਾਲ ਚੁੱਕਿਆ ਹੋਇਆ ਹੈ। ਇਹ ਦੇਖ ਕੇ ਕਿੰਨਾ ਹੌਸਲਾ ਮਿਲਦਾ ਹੈ!”

ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਇਕ ਪਰਿਵਾਰ ਹਨ ਅਤੇ ਸਾਨੂੰ ਇਹ ਜਾਣ ਕਿ ਕਿੰਨਾ ਦਿਲਾਸਾ ਅਤੇ ਭਰੋਸਾ ਮਿਲਦਾ ਹੈ ਕਿ ਯਹੋਵਾਹ ‘ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ ਅਤੇ ਉਹ ਉਨ੍ਹਾਂ ਦੇ ਜ਼ਖ਼ਮਾਂ ʼਤੇ ਪੱਟੀਆਂ ਬੰਨ੍ਹਦਾ ਹੈ।’​—ਜ਼ਬੂਰ 147:3.