ਕੀ ਯਹੋਵਾਹ ਦੇ ਗਵਾਹ ਚਮਤਕਾਰੀ ਇਲਾਜ ਕਰਦੇ ਹਨ?
ਪਾਠਕਾਂ ਦੇ ਸਵਾਲ
ਕੀ ਯਹੋਵਾਹ ਦੇ ਗਵਾਹ ਚਮਤਕਾਰੀ ਇਲਾਜ ਕਰਦੇ ਹਨ?
▪ ਯਹੋਵਾਹ ਦੇ ਗਵਾਹਾਂ ਨੇ ਕਦੇ ਵੀ ਚਮਤਕਾਰੀ ਇਲਾਜ ਨਹੀਂ ਕੀਤੇ। ਯਿਸੂ ਵਾਂਗ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਮੁੱਖ ਮਕਸਦ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਹੈ। ਉਹ ਇਹ ਵੀ ਮੰਨਦੇ ਹਨ ਕਿ ਸੱਚੇ ਮਸੀਹੀਆਂ ਦੀ ਪਛਾਣ ਚਮਤਕਾਰੀ ਇਲਾਜ ਕਰਨਾ ਨਹੀਂ, ਸਗੋਂ ਪਿਆਰ ਹੈ।
ਇਹ ਗੱਲ ਅੱਜ ਵੀ ਸਾਡੇ ਲਈ ਮਾਅਨੇ ਰੱਖਦੀ ਹੈ ਕਿ ਯਿਸੂ ਮਸੀਹ ਨੇ ਪਹਿਲੀ ਸਦੀ ਵਿਚ ਬੀਮਾਰ ਲੋਕਾਂ ਨੂੰ ਚੰਗਾ ਕੀਤਾ ਸੀ। ਉਸ ਨੇ ਚਮਤਕਾਰ ਕਰਕੇ ਇਸ ਗੱਲ ਦੀ ਗਾਰੰਟੀ ਦਿੱਤੀ ਕਿ ਜਦੋਂ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣੇਗਾ, ਤਾਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
ਅੱਜ ਦੇ ਬਾਰੇ ਕੀ? ਈਸਾਈ-ਜਗਤ ਅਤੇ ਹੋਰ ਧਰਮਾਂ ਵਿਚ ਚਮਤਕਾਰ ਨਾਲ ਬੀਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਯਿਸੂ ਨੇ ਖ਼ੁਦ ਉਨ੍ਹਾਂ ਲੋਕਾਂ ਨੂੰ ਸਖ਼ਤ ਤਾੜਨਾ ਦਿੱਤੀ ਜੋ ਉਸ ਦਾ ਨਾਂ ਲੈ ਕੇ “ਬਹੁਤੀਆਂ ਕਰਾਮਾਤਾਂ” ਕਰਨ ਦਾ ਦਾਅਵਾ ਕਰਨਗੇ। ਉਹ ਉਨ੍ਹਾਂ ਨੂੰ ਕਹੇਗਾ: “ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:22, 23) ਸੋ ਅੱਜ ਜਿਹੜੇ ਲੋਕ ਚਮਤਕਾਰੀ ਇਲਾਜ ਕਰਦੇ ਹਨ, ਕੀ ਉਨ੍ਹਾਂ ’ਤੇ ਸੱਚ-ਮੁੱਚ ਰੱਬ ਦੀ ਮਿਹਰ ਜਾਂ ਬਰਕਤ ਹੈ?
ਜ਼ਰਾ ਇਸ ਗੱਲ ’ਤੇ ਗੌਰ ਕਰੋ ਕਿ ਯਿਸੂ ਦੇ ਚਮਤਕਾਰਾਂ ਬਾਰੇ ਬਾਈਬਲ ਕੀ ਦੱਸਦੀ ਹੈ। ਬਾਈਬਲ ਵਿਚ ਦਰਜ ਚਮਤਕਾਰਾਂ ਅਤੇ ਅੱਜ ਦੇ ਚਮਤਕਾਰੀ ਇਲਾਜਾਂ ਦੀ ਤੁਲਨਾ ਕਰ ਕੇ ਅਸੀਂ ਪਤਾ ਲੱਗਾ ਸਕਦੇ ਹਾਂ ਕਿ ਕੀ ਇਹ ਪਰਮੇਸ਼ੁਰ ਦੀ ਬਰਕਤ ਨਾਲ ਕੀਤੇ ਜਾਂਦੇ ਹਨ ਕਿ ਨਹੀਂ।
ਯਿਸੂ ਨੇ ਕਦੀ ਵੀ ਚਮਤਕਾਰ ਕਰ ਕੇ ਚੇਲਿਆਂ ਜਾਂ ਲੋਕਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਉਲਟ, ਉਸ ਨੇ ਕਈ ਚਮਤਕਾਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿ ਕੇ ਕੀਤੇ। ਕਈ ਵਾਰ ਉਸ ਨੇ ਕਿਸੇ ਦਾ ਇਲਾਜ ਕਰ ਕੇ ਕਿਹਾ ਕਿ ਉਹ ਦੂਸਰਿਆਂ ਨੂੰ ਉਸ ਬਾਰੇ ਨਾ ਦੱਸੇ।—ਲੂਕਾ 5:13, 14.
ਯਿਸੂ ਨੇ ਚਮਤਕਾਰ ਕਰਨ ਦੇ ਕਦੇ ਪੈਸੇ ਨਹੀਂ ਲਏ। (ਮੱਤੀ 10:8) ਉਸ ਕੋਲ ਜਿਹੜਾ ਵੀ ਆਉਂਦਾ ਸੀ, ਉਹ ਉਸ ਨੂੰ ਠੀਕ ਕਰ ਦਿੰਦਾ ਸੀ। ਕੋਈ ਵੀ ਬੀਮਾਰ ਠੀਕ ਹੋਏ ਬਿਨਾਂ ਨਹੀਂ ਮੁੜਿਆ। ਬੀਮਾਰ ਲੋਕਾਂ ਦਾ ਠੀਕ ਹੋਣਾ ਉਨ੍ਹਾਂ ਦੀ ਨਿਹਚਾ ਨਾਲ ਕੋਈ ਤਅੱਲਕ ਨਹੀਂ ਸੀ। (ਲੂਕਾ 6:19; ਯੂਹੰਨਾ 5:5-9, 13) ਇੱਥੋਂ ਤਕ ਕਿ ਯਿਸੂ ਨੇ ਮਰੇ ਹੋਏ ਲੋਕਾਂ ਨੂੰ ਵੀ ਜ਼ਿੰਦਾ ਕੀਤਾ!—ਲੂਕਾ 7:11-17; 8:40-56; ਯੂਹੰਨਾ 11:38-44.
ਭਾਵੇਂ ਯਿਸੂ ਨੇ ਕਈ ਚਮਤਕਾਰ ਕੀਤੇ ਸਨ, ਪਰ ਉਸ ਦੀ ਸੇਵਕਾਈ ਦਾ ਇਹ ਮਕਸਦ ਨਹੀਂ ਸੀ ਕਿ ਚਮਤਕਾਰੀ ਇਲਾਜਾਂ ਰਾਹੀਂ ਲੋਕਾਂ ਨੂੰ ਆਪਣੇ ਮਗਰ ਲਾ ਕੇ ਚੇਲੇ ਬਣਾਵੇ। ਇਸ ਦੀ ਬਜਾਇ ਉਸ ਦਾ ਮੁੱਖ ਕੰਮ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਾ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਤਾਂਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਕਿਉਂਕਿ ਇਸ ਰਾਜ ਅਧੀਨ ਹੀ ਸਾਰਿਆਂ ਦੀ ਸਿਹਤ ਚੰਗੀ ਹੋਵੇਗੀ।—ਮੱਤੀ 28:19, 20.
ਇਹ ਸੱਚ ਹੈ ਕਿ ਪਹਿਲੀ ਸਦੀ ਵਿਚ ਯਿਸੂ ਦੇ ਕੁਝ ਚੇਲਿਆਂ ਨੂੰ ਚਮਤਕਾਰੀ ਇਲਾਜ ਕਰਨ ਦੀ ਸ਼ਕਤੀ ਦਿੱਤੀ ਗਈ ਸੀ। ਪਰ ਇਹ ਹਮੇਸ਼ਾ ਲਈ ਨਹੀਂ ਰਹਿਣੀ ਸੀ। (1 ਕੁਰਿੰਥੀਆਂ 12:29, 30; 13:8, 13) ਅੱਜ ਸੱਚੇ ਮਸੀਹੀਆਂ ਦੀ ਪਛਾਣ ਚਮਤਕਾਰੀ ਇਲਾਜ ਕਰਨਾ ਨਹੀਂ, ਸਗੋਂ ਪਿਆਰ ਦਾ ਬੰਧਨ ਹੈ। (ਯੂਹੰਨਾ 13:35) ਭਾਵੇਂ ਕਿ ਅੱਜ ਬਹੁਤ ਸਾਰੇ ਚਰਚਾਂ ਵਿਚ ਚਮਤਕਾਰੀ ਇਲਾਜ ਹੁੰਦੇ ਹਨ, ਪਰ ਇਨ੍ਹਾਂ ਕਰਕੇ ਲੋਕਾਂ ਵਿਚ ਏਕਤਾ ਅਤੇ ਪਿਆਰ ਪੈਦਾ ਨਹੀਂ ਹੋਇਆ।
ਪਰ ਅਜਿਹੇ ਮਸੀਹੀ ਵੀ ਹਨ ਜਿਨ੍ਹਾਂ ਵਿਚ ਪਿਆਰ ਦਾ ਬੰਧਨ ਇੰਨਾ ਮਜ਼ਬੂਤ ਹੈ ਕਿ ਚਾਹੇ ਦੁਨੀਆਂ ਦੇ ਹਾਲਾਤ ਕਿੰਨੇ ਹੀ ਮਾੜੇ ਕਿਉਂ ਨਾ ਹੋਣ, ਉਹ ਨਾ ਤਾਂ ਇਕ-ਦੂਜੇ ਦਾ ਨੁਕਸਾਨ ਕਰਦੇ ਹਨ ਤੇ ਨਾ ਹੀ ਕਿਸੇ ਹੋਰ ਦਾ। ਉਹ ਕੌਣ ਹਨ? ਯਹੋਵਾਹ ਦੇ ਗਵਾਹ। ਪੂਰੀ ਦੁਨੀਆਂ ਵਿਚ ਉਨ੍ਹਾਂ ਦਾ ਪਿਆਰ ਮਸ਼ਹੂਰ ਹੈ। ਹਰ ਜਾਤ, ਕੌਮ ਅਤੇ ਸਭਿਆਚਾਰ ਦੇ ਲੋਕਾਂ ਦੀ ਆਪਸੀ ਏਕਤਾ ਇਕ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇੱਦਾਂ ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਦਕਾ ਹੀ ਹੋ ਸਕਿਆ ਹੈ। ਕਿਉਂ ਨਾ ਤੁਸੀਂ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਖ਼ੁਦ ਜਾ ਕੇ ਦੇਖੋ? (w10-E 10/01)
[ਸਫ਼ਾ 27 ਉੱਤੇ ਤਸਵੀਰ]
ਕੀ ਅੱਜ ਦੇ ਚਮਤਕਾਰੀ ਇਲਾਜ ਕਰਨ ਵਾਲਿਆਂ ਪਿੱਛੇ ਪਰਮੇਸ਼ੁਰ ਦਾ ਹੱਥ ਹੈ?