ਇਤਿਹਾਸ ਦੇ ਪੰਨਿਆਂ ਤੋਂ
ਸਫ਼ਰੀ ਨਿਗਾਹਬਾਨਾਂ ਦਾ ਸਫ਼ਰ
“ਮੈਂ ਘਰ-ਘਰ ਨਹੀਂ ਜਾ ਸਕਦਾ!” ਬਾਈਬਲ ਸਟੱਡੀ ਕਰਨ ਵਾਲੇ ਬਹੁਤ ਸਾਰੇ ਲੋਕ ਸ਼ੁਰੂ-ਸ਼ੁਰੂ ਵਿਚ ਕਹਿੰਦੇ ਹਨ ਕਿ ਉਹ ਅਣਜਾਣ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕਣਗੇ। ਪਰ ਇਹ ਗੱਲ ਇਕ ਨਵੇਂ ਬੰਦੇ ਨੇ ਨਹੀਂ, ਸਗੋਂ ਇਕ ਸਫ਼ਰੀ ਨਿਗਾਹਬਾਨ ਨੇ ਕਹੀ ਸੀ ਜੋ ਇਕ ਤਜਰਬੇਕਾਰ ਭਾਸ਼ਣਕਾਰ ਤੇ ਬਾਈਬਲ ਦਾ ਸਿੱਖਿਅਕ ਸੀ! ਸਫ਼ਰੀ ਨਿਗਾਹਬਾਨਾਂ ਨੂੰ ਪਹਿਲਾਂ ਪਿਲਗ੍ਰਿਮ ਕਿਹਾ ਜਾਂਦਾ ਸੀ।
ਜ਼ਾਯੰਸ ਵਾਚ ਟਾਵਰ ਰਸਾਲਾ ਪੜ੍ਹਨ ਵਾਲੇ ਬਹੁਤ ਸਾਰੇ ਲੋਕਾਂ ਨੇ ਚਰਚ ਜਾਣਾ ਛੱਡ ਦਿੱਤਾ ਸੀ ਅਤੇ ਉਹ ਦੂਸਰੇ ਲੋਕਾਂ ਨਾਲ ਸੰਗਤ ਕਰਨੀ ਚਾਹੁੰਦੇ ਸਨ ਜਿਹੜੇ ਬਾਈਬਲ ਵਿਚ ਦੱਸੀ ਸੱਚਾਈ ਜਾਣਨ ਲਈ ਉਤਾਵਲੇ ਸਨ। ਇਸ ਰਸਾਲੇ ਵਿਚ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਨਿਹਚਾ ਰੱਖਣ ਵਾਲੇ ਲੋਕਾਂ ਦੀ ਭਾਲ ਕਰਨ ਅਤੇ ਗਰੁੱਪ ਬਣਾ ਕੇ ਬਾਈਬਲ ਦੀ ਸਟੱਡੀ ਕਰਨ। 1894 ਤੋਂ ਵਾਚ ਟਾਵਰ ਸੋਸਾਇਟੀ ਨੇ ਸਫ਼ਰੀ ਨਿਗਾਹਬਾਨਾਂ ਨੂੰ ਅਜਿਹੇ ਗਰੁੱਪਾਂ ਨੂੰ ਮਿਲਣ ਲਈ ਘੱਲਣਾ ਸ਼ੁਰੂ ਕੀਤਾ। ਤਜਰਬੇਕਾਰ ਤੇ ਮਿਹਨਤੀ ਭਰਾਵਾਂ ਨੂੰ ਸਫ਼ਰੀ ਨਿਗਾਹਬਾਨ ਬਣਾਇਆ ਜਾਂਦਾ ਸੀ ਕਿਉਂਕਿ ਉਹ ਨਿਮਰ ਹੁੰਦੇ ਸਨ, ਉਨ੍ਹਾਂ ਨੂੰ ਬਾਈਬਲ ਦਾ ਗਿਆਨ ਹੁੰਦਾ ਸੀ, ਉਹ ਵਧੀਆ ਢੰਗ ਨਾਲ ਬਾਈਬਲ ਦੀ ਸਿੱਖਿਆ ਦਿੰਦੇ ਸਨ ਅਤੇ ਉਹ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਦਾ ਸਬੂਤ ਦਿੰਦੇ ਸਨ। ਉਹ ਹਰ ਗਰੁੱਪ ਨਾਲ ਇਕ-ਦੋ ਦਿਨ ਬਿਤਾਉਂਦੇ ਸਨ। ਬਹੁਤ ਸਾਰੇ ਬਾਈਬਲ ਸਟੂਡੈਂਟਸ ਨੇ ਪਹਿਲੀ ਵਾਰ ਪ੍ਰਚਾਰ ਕਰਨਾ ਉਦੋਂ ਸ਼ੁਰੂ ਕੀਤਾ ਜਦੋਂ ਉਹ ਸਫ਼ਰੀ ਨਿਗਾਹਬਾਨ ਦੇ ਪਬਲਿਕ ਭਾਸ਼ਣ ਦੇ ਸੱਦਾ-ਪੱਤਰ ਵੰਡਣ ਗਏ। ਹੂਗੋ ਰੀਮਰ, ਜੋ ਬਾਅਦ ਵਿਚ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ, ਨੇ ਇਕ ਵਾਰ ਸ਼ਾਮ ਨੂੰ ਇਕ ਸਕੂਲ ਵਿਚ ਭਾਸ਼ਣ ਦਿੱਤਾ ਤੇ ਫਿਰ ਅੱਧੀ ਰਾਤ ਤਕ ਬਾਈਬਲ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਉਹ ਕਾਫ਼ੀ ਥੱਕ ਗਿਆ ਸੀ, ਪਰ ਖ਼ੁਸ਼ ਸੀ ਤੇ ਉਸ ਨੇ ਕਿਹਾ ਕਿ ਮੀਟਿੰਗ “ਬਹੁਤ ਵਧੀਆ” ਰਹੀ।
ਜ਼ਾਯੰਸ ਵਾਚ ਟਾਵਰ ਰਸਾਲੇ ਨੇ ਦੱਸਿਆ ਕਿ ਸਫ਼ਰੀ ਨਿਗਾਹਬਾਨਾਂ ਦਾ ਮੁੱਖ ਕੰਮ ਹੈ ਵਿਸ਼ਵਾਸੀ ਲੋਕਾਂ ਦੇ ਘਰਾਂ ਵਿਚ ਮੀਟਿੰਗਾਂ ਕਰ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨੀ। ਆਲੇ-ਦੁਆਲੇ ਦੇ ਇਲਾਕਿਆਂ ਤੋਂ ਬਾਈਬਲ ਸਟੂਡੈਂਟਸ ਆ ਕੇ ਭਾਸ਼ਣ ਸੁਣਦੇ ਸਨ ਅਤੇ ਸਵਾਲ-ਜਵਾਬ ਵਿਚ ਹਿੱਸਾ ਲੈਂਦੇ ਸਨ। ਇਸ ਤੋਂ ਬਾਅਦ ਖਾਣ-ਪੀਣ ਦਾ ਪ੍ਰਬੰਧ ਹੁੰਦਾ ਸੀ। ਭੈਣ ਮੋਡ ਐਬਟ ਯਾਦ ਕਰਦਿਆਂ ਦੱਸਦੀ ਹੈ ਕਿ ਉਸ ਨੇ ਛੋਟੇ ਹੁੰਦਿਆਂ ਇਕ ਵਾਰ ਸਵੇਰ ਨੂੰ ਸਫ਼ਰੀ ਨਿਗਾਹਬਾਨ ਦਾ ਭਾਸ਼ਣ ਸੁਣਿਆ ਤੇ ਉਸ ਤੋਂ ਬਾਅਦ ਸਾਰੇ ਜਣੇ ਵਿਹੜੇ ਵਿਚ ਵੱਡੇ ਸਾਰੇ ਮੇਜ਼ ਦੇ ਆਲੇ-ਦੁਆਲੇ ਬੈਠ ਗਏ। ਉਹ ਦੱਸਦੀ ਹੈ: “ਮੇਜ਼ ਸੁਆਦੀ ਚੀਜ਼ਾਂ ਨਾਲ ਭਰਿਆ ਪਿਆ ਸੀ—ਭੁੰਨਿਆ ਹੋਇਆ ਮੁਰਗਾ, ਤਰ੍ਹਾਂ-ਤਰ੍ਹਾਂ ਦੀ ਬਰੈੱਡ, ਕੇਕ ਤੇ ਹੋਰ ਪਤਾ ਨਹੀਂ ਕੀ-ਕੀ! ਸਾਰਿਆਂ ਨੇ ਰੱਜ-ਰੱਜ ਕੇ ਖਾਧਾ ਤੇ ਫਿਰ ਦੁਪਹਿਰ ਨੂੰ ਦੋ ਕੁ ਵਜੇ ਇਕ ਹੋਰ ਭਾਸ਼ਣ ਸੁਣਨ ਲਈ ਇਕੱਠੇ ਹੋਏ। ਪਰ ਸਾਰਿਆਂ ਦੀਆਂ ਅੱਖਾਂ ਨੀਂਦ ਨਾਲ ਬੰਦ ਹੋ ਰਹੀਆਂ ਸਨ।” ਲੰਬੇ ਸਮੇਂ ਤੋਂ ਸਫ਼ਰੀ ਨਿਗਾਹਬਾਨ ਦਾ ਕੰਮ ਕਰਨ ਵਾਲੇ ਭਰਾ ਬੈਂਜਾਮਿਨ ਬਾਰਟਨ ਨੇ ਇਕ ਵਾਰ ਕਿਹਾ, ‘ਮੇਰੇ ਸਾਮ੍ਹਣੇ ਵੰਨ-ਸੁਵੰਨੇ ਪਕਵਾਨ ਰੱਖੇ ਜਾਂਦੇ ਸਨ। ਜੇ ਮੈਂ ਉਹ ਸਾਰੇ ਪਕਵਾਨ ਖਾਂਦਾ ਰਹਿੰਦਾ, ਤਾਂ ਮੇਰਾ ਸਫ਼ਰ ਤਾਂ ਕਦੋਂ ਦਾ ਖ਼ਤਮ ਹੋ ਗਿਆ ਹੋਣਾ ਸੀ।’ ਅਖ਼ੀਰ ਵਿਚ ਬਰੁਕਲਿਨ ਵਿਚ ਹੈੱਡ-ਕੁਆਰਟਰ ਤੋਂ ਇਕ ਚਿੱਠੀ ਲਿਖ ਕੇ ਭੈਣਾਂ ਨੂੰ ਸਲਾਹ ਦਿੱਤੀ ਗਈ ਕਿ ਨਿਗਾਹਬਾਨਾਂ ਨੂੰ ‘ਖਾਣ ਨੂੰ ਸਾਦਾ ਖਾਣਾ ਤੇ ਰਾਤ ਨੂੰ ਪੂਰਾ ਆਰਾਮ ਕਰਨ ਦਿੱਤਾ ਜਾਵੇ।’
ਸਫ਼ਰੀ ਨਿਗਾਹਬਾਨ ਵਧੀਆ ਢੰਗ ਨਾਲ ਸਿਖਾਉਂਦੇ ਸਨ ਤੇ ਚਾਰਟਾਂ, ਮਾਡਲਾਂ ਅਤੇ ਹੋਰ ਚੀਜ਼ਾਂ ਇਸਤੇਮਾਲ ਕਰ ਕੇ ਆਪਣੇ ਵਿਸ਼ੇ ਨੂੰ ਦਿਲਚਸਪ ਬਣਾਉਂਦੇ ਸਨ। ਆਰ. ਐੱਚ. ਬਾਰਬਰ ਦੇ ਭਾਸ਼ਣ “ਹਮੇਸ਼ਾ ਬੜੇ ਮਜ਼ੇਦਾਰ” ਹੁੰਦੇ ਸਨ। ਬਜ਼ੁਰਗ ਭਰਾ ਵਾਲਟਰ ਜੇ. ਥੋਰਨ ਦੇ ਗੱਲ ਕਰਨ ਦਾ ਅੰਦਾਜ਼ ਇੱਦਾਂ ਸੀ ਜਿਵੇਂ ਬਾਈਬਲ ਦੇ ਸਮੇਂ ਦਾ ਕੋਈ ਵਫ਼ਾਦਾਰ ਸੇਵਕ ਗੱਲ ਕਰਦਾ ਹੋਵੇ। ਇਕ ਵਾਰ ਭਰਾ ਸ਼ੀਲਡ ਟੂਟਜੀਅਨ ਕਾਰ ਵਿਚ ਸਫ਼ਰ ਕਰ ਰਿਹਾ ਸੀ। ਉਸ ਨੇ ਅਚਾਨਕ ਉੱਚੀ-ਉੱਚੀ ਕਿਹਾ, “ਰੁਕੋ-ਰੁਕੋ!” ਤੇ ਉਹ ਕਾਰ ਵਿੱਚੋਂ ਛਾਲ ਮਾਰ ਕੇ ਉੱਤਰ ਗਿਆ ਤੇ ਕੁਝ ਜੰਗਲੀ ਫੁੱਲ ਤੋੜ ਲਿਆਇਆ। ਫਿਰ ਉਸ ਨੇ ਕਾਰ ਵਿਚ ਬੈਠੇ ਆਪਣੇ ਸਾਥੀਆਂ ਨੂੰ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਸਿਖਾਇਆ।
ਸਫ਼ਰੀ ਨਿਗਾਹਬਾਨਾਂ ਦਾ ਕੰਮ ਕਾਫ਼ੀ ਔਖਾ ਸੀ, ਖ਼ਾਸ ਕਰਕੇ ਸਿਆਣੇ ਭਰਾਵਾਂ ਲਈ। ਪਰ ਕੁਝ ਭਰਾਵਾਂ ਲਈ ਸਭ ਤੋਂ ਵੱਡੀ ਪਰੀਖਿਆ ਉਸ ਵੇਲੇ ਆਈ ਜਦੋਂ ਉਨ੍ਹਾਂ ਦੇ ਕੰਮ ਵਿਚ ਤਬਦੀਲੀ ਕੀਤੀ ਗਈ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਘਰ-ਘਰ ਪ੍ਰਚਾਰ ਕਰਨ ਵਿਚ ਅਗਵਾਈ ਕਰਨ। 15 ਮਾਰਚ 1924 ਦੇ ਜ਼ਾਯੰਸ ਵਾਚ ਟਾਵਰ ਰਸਾਲੇ ਵਿਚ ਕਿਹਾ ਗਿਆ ਸੀ ਕਿ ਸੱਚੇ ਮਸੀਹੀਆਂ ਦਾ “ਮੁੱਖ ਕੰਮ ਰਾਜ ਬਾਰੇ ਗਵਾਹੀ ਦੇਣੀ ਹੈ। ਸਫ਼ਰੀ ਨਿਗਾਹਬਾਨਾਂ ਨੂੰ ਇਸੇ ਕੰਮ ਲਈ ਘੱਲਿਆ ਜਾਂਦਾ ਹੈ।”
ਕੁਝ ਸਫ਼ਰੀ ਨਿਗਾਹਬਾਨਾਂ ਨੂੰ ਘਰ-ਘਰ ਪ੍ਰਚਾਰ ਕਰਨਾ ਚੰਗਾ ਨਹੀਂ ਲੱਗਾ, ਇਸ ਕਰਕੇ ਉਨ੍ਹਾਂ ਨੇ ਸਫ਼ਰੀ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਨੀ ਛੱਡ ਦਿੱਤੀ ਅਤੇ ਕਈ ਤਾਂ ਆਪਣੇ ਚੇਲੇ ਬਣਾਉਣ ਲੱਗ ਪਏ। ਭਰਾ ਰੋਬੀ ਡੀ. ਐਡਕਿਨਜ਼ ਨੇ ਇਕ ਸਫ਼ਰੀ ਨਿਗਾਹਬਾਨ ਬਾਰੇ ਦੱਸਿਆ ਜੋ ਬਹੁਤ ਵਧੀਆ ਤਰੀਕੇ ਨਾਲ ਭਾਸ਼ਣ ਦਿੰਦਾ ਹੁੰਦਾ ਸੀ। ਉਸ ਸਫ਼ਰੀ ਨਿਗਾਹਬਾਨ ਨੇ ਗੁੱਸੇ ਵਿਚ ਲਾਲ-ਪੀਲ਼ਾ ਹੋ ਕੇ ਕਿਹਾ: “ਮੈਂ ਸਟੇਜ ਤੋਂ ਭਾਸ਼ਣ ਦੇਣਾ ਜਾਣਦਾ ਹਾਂ। ਮੈਂ ਘਰ-ਘਰ ਨਹੀਂ ਜਾ ਸਕਦਾ!” ਭਰਾ ਐਡਕਿਨਜ਼ ਨੇ ਅੱਗੇ ਦੱਸਿਆ: “ਮੈਂ ਫਿਰ ਉਸ ਨੂੰ 1924 ਵਿਚ ਕਲੰਬਸ, ਓਹੀਓ ਵਿਚ ਹੋਏ ਇਕ ਸੰਮੇਲਨ ਵਿਚ ਦੇਖਿਆ। ਸੰਮੇਲਨ ਵਿਚ ਹਜ਼ਾਰਾਂ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਨੂੰ ਮਿਲ ਰਹੇ ਸਨ, ਪਰ ਉਹ ਇਕ ਦਰਖ਼ਤ ਦੀ ਛਾਵੇਂ ਇਕੱਲਾ ਮੂੰਹ ਫੁਲਾਈ ਖੜ੍ਹਾ ਸੀ। ਮੈਂ ਉਸ ਨੂੰ ਦੁਬਾਰਾ ਕਦੇ ਨਹੀਂ ਦੇਖਿਆ। ਫਿਰ ਛੇਤੀ ਉਸ ਨੇ ਸੰਸਥਾ ਨਾਲੋਂ ਨਾਤਾ ਤੋੜ ਲਿਆ।” ਦੂਸਰੇ ਪਾਸੇ, “ਬਹੁਤ ਸਾਰੇ ਭਰਾ ਉਸ ਦੇ ਲਾਗਿਓਂ ਦੀ ਖ਼ੁਸ਼ੀ-ਖ਼ੁਸ਼ੀ ਕਿਤਾਬਾਂ ਨਾਲ ਭਰੇ ਬਕਸੇ ਚੁੱਕੀ ਲਿਜਾ ਰਹੇ ਸਨ” ਤੇ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਘਰ-ਘਰ ਪ੍ਰਚਾਰ ਕਰਨ ਲਈ ਉਤਾਵਲੇ ਸਨ।—ਰਸੂ. 20:20, 21.
ਭਾਵੇਂ ਬਹੁਤ ਸਾਰੇ ਸਫ਼ਰੀ ਨਿਗਾਹਬਾਨ ਸ਼ਾਇਦ ਹੋਰ ਭੈਣਾਂ-ਭਰਾਵਾਂ ਵਾਂਗ ਇਹ ਕੰਮ ਸ਼ੁਰੂ ਕਰਨ ਵੇਲੇ ਘਬਰਾਏ ਹੋਏ ਸਨ, ਫਿਰ ਵੀ ਉਨ੍ਹਾਂ ਨੇ ਇਹ ਕੰਮ ਜੋਸ਼ ਨਾਲ ਕੀਤਾ। ਘਰ-ਘਰ ਪ੍ਰਚਾਰ ਕਰਨ ਬਾਰੇ ਜਰਮਨ ਭਾਸ਼ਾ ਬੋਲਣ ਵਾਲੇ ਸਫ਼ਰੀ ਨਿਗਾਹਬਾਨ ਮੈਕਸਵੈੱਲ ਜੀ. ਫਰੈਂਡ ਨੇ ਲਿਖਿਆ, “ਘਰ-ਘਰ ਪ੍ਰਚਾਰ ਕਰਨ ਨਾਲ ਸਫ਼ਰੀ ਨਿਗਾਹਬਾਨਾਂ ਨੂੰ ਹੋਰ ਬਰਕਤਾਂ ਮਿਲੀਆਂ ਹਨ।” ਸਫ਼ਰੀ ਨਿਗਾਹਬਾਨ ਜੌਨ ਏ. ਬੋਨੈਟ ਨੇ ਦੱਸਿਆ ਕਿ ਜ਼ਿਆਦਾਤਰ ਭੈਣ-ਭਰਾ ਰਾਜ ਦਾ ਪ੍ਰਚਾਰ ਕਰਨ ਲਈ ਦਿਲੋਂ ਰਾਜ਼ੀ ਸਨ ਅਤੇ ਉਹ ਜੋਸ਼ ਨਾਲ ਇਹ ਕੰਮ ਕਰ ਰਹੇ ਸਨ।
ਸਾਲਾਂ ਦੌਰਾਨ ਵਫ਼ਾਦਾਰ ਸਫ਼ਰੀ ਨਿਗਾਹਬਾਨਾਂ ਨੇ ਦੂਜਿਆਂ ਉੱਤੇ ਚੰਗਾ ਪ੍ਰਭਾਵ ਪਾਇਆ ਹੈ। ਬਹੁਤ ਸਮਾਂ ਪਹਿਲਾਂ ਗਵਾਹ ਬਣੇ ਭਰਾ ਨੋਰਮਨ ਲਾਰਸਨ ਨੇ ਕਿਹਾ: “ਇਸ ਗੱਲ ਵਿਚ ਕੋਈ ਸ਼ੱਕ ਨਹੀਂ ਸੀ ਕਿ ਸਫ਼ਰੀ ਨਿਗਾਹਬਾਨਾਂ ਦਾ ਕੰਮ ਜ਼ਰੂਰੀ ਅਤੇ ਫ਼ਾਇਦੇਮੰਦ ਸੀ। ਮੈਂ ਛੋਟੀ ਉਮਰ ਤੋਂ ਹੀ ਇਹ ਗੱਲ ਦੇਖੀ। ਉਨ੍ਹਾਂ ਨੇ ਮੇਰੇ ਲਈ ਚੰਗੀ ਮਿਸਾਲ ਰੱਖੀ।” ਅੱਜ ਵੀ ਅਜਿਹੇ ਮਿਹਨਤੀ ਤੇ ਵਫ਼ਾਦਾਰ ਸਫ਼ਰੀ ਨਿਗਾਹਬਾਨ ਆਪਣੇ ਭੈਣਾਂ-ਭਰਾਵਾਂ ਦੀ ਇਹ ਕਹਿਣ ਵਿਚ ਮਦਦ ਕਰ ਰਹੇ ਹਨ, “ਹਾਂ, ਅਸੀਂ ਘਰ-ਘਰ ਜਾ ਸਕਦੇ ਹਾਂ!”
[ਸਫ਼ਾ 32 ਉੱਤੇ ਸੁਰਖੀ]
ਸਫ਼ਰੀ ਨਿਗਾਹਬਾਨ ਦੇ ਆਉਣ ਨਾਲ ਭੈਣਾਂ-ਭਰਾਵਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ!
[ਸਫ਼ਾ 31 ਉੱਤੇ ਤਸਵੀਰ]
ਸੰਨ 1905 ਵਿਚ ਬੈਂਜਾਮਿਨ ਬਾਰਟਨ ਦੇ ਸਫ਼ਰ ਦੀ ਸਮਾਂ-ਸਾਰਣੀ ਜਿਸ ਅਨੁਸਾਰ ਉਸ ਨੇ ਤਕਰੀਬਨ 170 ਥਾਵਾਂ ’ਤੇ ਜਾਣਾ ਸੀ
[ਸਫ਼ਾ 32 ਉੱਤੇ ਤਸਵੀਰ]
ਸਫ਼ਰੀ ਨਿਗਾਹਬਾਨ ਵਾਲਟਰ ਜੇ. ਥੋਰਨ ਨੂੰ ਸਾਰੇ ਪਿਆਰ ਕਰਦੇ ਸਨ ਕਿਉਂਕਿ ਉਸ ਦਾ ਸੁਭਾਅ ਮਸੀਹ ਵਾਂਗ ਨਰਮ ਸੀ
[ਸਫ਼ਾ 32 ਉੱਤੇ ਤਸਵੀਰ]
ਜੇ. ਏ. ਬਰਾਊਨ ਨੂੰ 1902 ਵਿਚ ਜਮੈਕਾ ਘੱਲਿਆ ਗਿਆ ਸੀ ਤਾਂਕਿ ਉਹ ਉੱਥੇ 14 ਛੋਟੇ ਗਰੁੱਪਾਂ ਨੂੰ ਮਜ਼ਬੂਤ ਕਰੇ ਤੇ ਹੌਸਲਾ ਦੇਵੇ
[ਸਫ਼ਾ 32 ਉੱਤੇ ਤਸਵੀਰ]
ਸਫ਼ਰੀ ਨਿਗਾਹਬਾਨ ਭੈਣਾਂ-ਭਰਾਵਾਂ ਦੀ ਨਿਹਚਾ ਤੇ ਏਕਤਾ ਮਜ਼ਬੂਤ ਕਰਦੇ ਸਨ ਤੇ ਉਨ੍ਹਾਂ ਦਾ ਸੰਸਥਾ ਉੱਤੇ ਭਰੋਸਾ ਵਧਾਉਂਦੇ ਸਨ