“ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ”
“ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ”
ਰਾਜਾ ਆਸਾ ਆਪਣੇ ਫ਼ੌਜ ਦੇ ਅੱਗੇ-ਅੱਗੇ ਜਾ ਰਿਹਾ ਹੈ। ਉਹ ਸਾਰੇ ਯਹੂਦਾਹ ਦੇ ਪਹਾੜੀ ਇਲਾਕੇ ਤੋਂ ਥੱਲੇ ਵਾਦੀ ਵਿਚ ਉੱਤਰ ਕੇ ਆਉਂਦੇ ਹਨ। ਖੁੱਲ੍ਹੀ ਵਾਦੀ ਵਿਚ ਆ ਕੇ ਆਸਾ ਖੜ੍ਹ ਜਾਂਦਾ ਹੈ ਅਤੇ ਦੁਸ਼ਮਣ ਫ਼ੌਜ ਦੇ ਡੇਰੇ ਨੂੰ ਦੇਖ ਕੇ ਲੰਬਾ ਸਾਰਾ ਹਉਕਾ ਲੈਂਦਾ ਹੈ। ਕੂਸ਼ੀਆਂ ਦੀ ਫ਼ੌਜ ਬਹੁਤ ਹੀ ਵੱਡੀ ਹੈ, ਉਨ੍ਹਾਂ ਦੀ ਗਿਣਤੀ 10 ਲੱਖ ਹੈ। ਪਰ ਆਸਾ ਦੀ ਫ਼ੌਜ ਇਸ ਨਾਲੋਂ ਅੱਧੀ ਹੈ।
ਇੰਨੀ ਵੱਡੀ ਫ਼ੌਜ ਨਾਲ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਆਸਾ ਕੀ ਕਰਨ ਬਾਰੇ ਸੋਚ ਰਿਹਾ ਹੈ? ਆਪਣੇ ਸੈਨਾਪਤੀਆਂ ਨੂੰ ਹੁਕਮ ਦੇਣ ਬਾਰੇ? ਆਪਣੇ ਫ਼ੌਜੀਆਂ ਨੂੰ ਹੱਲਾਸ਼ੇਰੀ ਦੇਣ ਬਾਰੇ? ਆਪਣੇ ਪਰਿਵਾਰ ਨੂੰ ਚਿੱਠੀਆਂ ਲਿਖਣ ਬਾਰੇ? ਨਹੀਂ! ਉਹ ਇਸ ਮੁਸੀਬਤ ਵਿਚ ਇਨ੍ਹਾਂ ਗੱਲਾਂ ਬਾਰੇ ਸੋਚਣ ਦੀ ਬਜਾਇ ਪ੍ਰਾਰਥਨਾ ਕਰਦਾ ਹੈ।
ਇਹ ਦੇਖਣ ਤੋਂ ਪਹਿਲਾਂ ਕਿ ਉਸ ਨੇ ਕੀ ਪ੍ਰਾਰਥਨਾ ਕੀਤੀ ਸੀ ਅਤੇ ਲੜਾਈ ਦਾ ਨਤੀਜਾ ਕੀ ਨਿਕਲਿਆ, ਅਸੀਂ ਦੇਖਾਂਗੇ ਕਿ ਆਸਾ ਕਿਹੋ ਜਿਹਾ ਇਨਸਾਨ ਸੀ। ਉਸ ਨੇ ਉਸ ਵੇਲੇ ਜੋ ਵੀ ਕੀਤਾ, ਕਿਉਂ ਕੀਤਾ? ਕੀ ਆਸਾ ਕੋਲ ਯਕੀਨ ਕਰਨ ਦਾ ਕਾਰਨ ਸੀ ਕਿ ਪਰਮੇਸ਼ੁਰ ਉਸ ਦੀ ਮਦਦ ਕਰੇਗਾ? ਇਸ ਬਿਰਤਾਂਤ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਉਨ੍ਹਾਂ ਦੇ ਕੰਮਾਂ ਦਾ ਫਲ ਦਿੰਦਾ ਹੈ?
ਆਸਾ ਦੀ ਵਫ਼ਾਦਾਰੀ
ਇਜ਼ਰਾਈਲ ਰਾਜ ਦੇ ਦੋ ਹਿੱਸਿਆਂ ਵਿਚ ਵੰਡ ਜਾਣ ਤੋਂ ਬਾਅਦ 20 ਸਾਲਾਂ ਦੌਰਾਨ ਯਹੂਦਾਹ ਦੇ ਲੋਕ ਹੋਰ ਦੇਵੀ-ਦੇਵਤਿਆਂ ਦੀ ਭਗਤੀ ਵਿਚ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਜਦੋਂ ਆਸਾ ਸੰਨ 977 ਈ. ਪੂ. ਵਿਚ ਰਾਜਾ ਬਣਿਆ ਸੀ, ਉਸੇ ਵੇਲੇ ਉਸ ਦੇ ਦਰਬਾਰ ਵਿਚ ਵੀ ਕਈ ਲੋਕ ਕਨਾਨੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਬਾਈਬਲ ਵਿਚ ਕਿਹਾ ਗਿਆ ਹੈ ਕਿ ਆਸਾ ਨੇ ਆਪਣੇ ਰਾਜ ਦੌਰਾਨ “ਉਹੀ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਠੀਕ ਸੀ।” ਉਸ ਨੇ “ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।” (2 ਇਤ. 14:2, 3) ਆਸਾ ਨੇ ਯਹੂਦਾਹ ਵਿੱਚੋਂ “ਗਾਂਡੂਆਂ” ਯਾਨੀ ਪੂਜਾ ਸਥਾਨਾਂ ਉੱਤੇ ਔਰਤਾਂ ਵਾਂਗ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਵੀ ਕੱਢ ਦਿੱਤਾ। ਆਸਾ ਨੇ ਗ਼ਲਤ ਕੰਮਾਂ ਨੂੰ ਹੀ ਨਹੀਂ ਰੋਕਿਆ, ਸਗੋਂ ਉਸ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ।”—1 ਰਾਜ. 15:12, 13; 2 ਇਤ. 14:4.
ਸੱਚੀ ਭਗਤੀ ਲਈ ਆਸਾ ਦਾ ਜੋਸ਼ ਦੇਖ ਕੇ ਯਹੋਵਾਹ ਬਹੁਤ ਖ਼ੁਸ਼ ਹੋਇਆ ਅਤੇ ਉਸ ਦੀ ਬਰਕਤ ਨਾਲ ਆਸਾ ਦੇ ਰਾਜ ਵਿਚ ਕਈ ਸਾਲ ਸ਼ਾਂਤੀ ਰਹੀ। ਰਾਜਾ ਆਸਾ ਨੇ ਆਪ ਵੀ ਕਿਹਾ ਸੀ: “ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ। ਅਸਾਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫੇਰਿਓਂ ਅਰਾਮ ਬਖ਼ਸ਼ਿਆ ਹੈ।” ਇਸ ਸ਼ਾਂਤੀ ਭਰੇ ਮਾਹੌਲ ਵਿਚ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਨੂੰ ਹੋਰ ਮਜ਼ਬੂਤ ਕੀਤਾ। ਬਾਈਬਲ ਵਿਚ ਲਿਖਿਆ ਹੈ: ‘ਓਹਨਾਂ ਨੇ ਸ਼ਹਿਰਾਂ ਨੂੰ ਬਣਾਇਆ ਅਤੇ ਸਫਲ ਹੋਏ।’—2 ਇਤ. 14:1, 6, 7.
ਜੰਗ ਦੇ ਮੈਦਾਨ ਵਿਚ
ਆਸਾ ਦੀ ਵਫ਼ਾਦਾਰੀ ਨੂੰ ਦੇਖਦੇ ਹੋਏ ਸਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੁੰਦੀ ਕਿ ਇੰਨੀ ਵੱਡੀ ਫ਼ੌਜ ਨਾਲ ਲੜਨ ਵੇਲੇ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ। ਕੂਸ਼ੀ ਫ਼ੌਜ ਬਾਈਬਲ ਵਿਚ ਜ਼ਿਕਰ ਕੀਤੀ ਗਈ ਸਭ ਤੋਂ ਵੱਡੀ ਇਨਸਾਨੀ ਫ਼ੌਜ ਸੀ। ਆਸਾ ਜਾਣਦਾ ਸੀ ਕਿ ਯਹੋਵਾਹ ਨਿਹਚਾ ਰੱਖਣ ਵਾਲਿਆਂ ਦੀ ਮਦਦ ਕਰਦਾ ਹੈ ਤੇ ਉਨ੍ਹਾਂ ਨੂੰ ਫਲ ਦਿੰਦਾ ਹੈ। ਪ੍ਰਾਰਥਨਾ ਕਰ ਕੇ ਉਸ ਨੇ ਯਹੋਵਾਹ ਨੂੰ ਮਦਦ ਲਈ ਬੇਨਤੀ ਕੀਤੀ। ਆਸਾ ਨੂੰ ਪਤਾ ਸੀ ਕਿ ਜੇ ਉਹ ਯਹੋਵਾਹ ’ਤੇ ਭਰੋਸਾ ਰੱਖੇਗਾ, ਤਾਂ ਉਹ ਵੱਡੀ ਤੋਂ ਵੱਡੀ ਜਾਂ ਤਾਕਤਵਰ ਤੋਂ ਤਾਕਤਵਰ ਫ਼ੌਜ ਦਾ ਮੁਕਾਬਲਾ ਕਰ ਸਕਦਾ ਸੀ। ਇਸ ਲੜਾਈ ਵਿਚ ਜਿੱਤ-ਹਾਰ ਦਾ ਅਸਰ ਯਹੋਵਾਹ ਦੇ ਨਾਂ ਉੱਤੇ ਵੀ ਪੈਣਾ ਸੀ ਅਤੇ ਆਸਾ ਨੇ ਇਸ ਨਾਂ ਦਾ ਵਾਸਤਾ ਪਾਉਂਦਿਆਂ ਪਰਮੇਸ਼ੁਰ ਨੂੰ ਬੇਨਤੀ ਕੀਤੀ ਸੀ: “ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ!” (2 ਇਤ. 14:11) ਆਸਾ ਇਕ ਤਰ੍ਹਾਂ ਨਾਲ ਕਹਿ ਰਿਹਾ ਸੀ: ‘ਹੇ ਯਹੋਵਾਹ, ਇਹ ਕੂਸ਼ੀ ਫ਼ੌਜ ਤੇਰੇ ਉੱਤੇ ਹਮਲਾ ਕਰਨ ਆਈ ਹੈ। ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਉਣ ਲਈ ਕਮਜ਼ੋਰ ਇਨਸਾਨਾਂ ਦੇ ਹੱਥੋਂ ਆਪਣੇ ਲੋਕਾਂ ਨੂੰ ਹਾਰਨ ਨਾ ਦੇਈਂ।’ ਇਸ ਲਈ “ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਭੱਜ ਤੁਰੇ।”—2 ਇਤ. 14:12.
ਅੱਜ ਯਹੋਵਾਹ ਦੇ ਲੋਕ ਬਹੁਤ ਸਾਰੇ ਤਾਕਤਵਰ ਵਿਰੋਧੀਆਂ ਦਾ ਸਾਮ੍ਹਣਾ ਕਰਦੇ ਹਨ। ਅਸੀਂ ਉਨ੍ਹਾਂ ਨਾਲ ਕਿਸੇ ਜੰਗ ਦੇ ਮੈਦਾਨ ਵਿਚ ਹਥਿਆਰਾਂ ਨਾਲ ਨਹੀਂ ਲੜਦੇ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸਾਰੇ ਵਫ਼ਾਦਾਰ ਲੋਕਾਂ ਨੂੰ ਜਿਤਾਵੇਗਾ ਜਿਹੜੇ ਉਸ ਦੇ ਨਾਂ ਦੀ ਖ਼ਾਤਰ ਲੜਦੇ ਹਨ। ਸਾਨੂੰ ਸ਼ਾਇਦ ਆਪਣੀਆਂ ਕਮਜ਼ੋਰੀਆਂ ਨਾਲ ਲੜਨਾ ਪਵੇ ਜਾਂ ਫਿਰ ਦੁਨੀਆਂ ਦੇ ਗੰਦੇ ਮਾਹੌਲ ਤੋਂ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਜੱਦੋ-ਜਹਿਦ ਕਰਨੀ ਪਵੇ। ਆਸਾ ਦੀ ਪ੍ਰਾਰਥਨਾ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। ਉਸ ਦੀ ਜਿੱਤ ਯਹੋਵਾਹ ਦੀ ਜਿੱਤ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਲੋਕ ਜਿੱਤ ਦੀ ਉਮੀਦ ਰੱਖ ਸਕਦੇ ਹਨ। ਕੋਈ ਵੀ ਇਨਸਾਨੀ ਤਾਕਤ ਯਹੋਵਾਹ ਅੱਗੇ ਨਹੀਂ ਖੜ੍ਹ ਸਕਦੀ।
ਹੱਲਾਸ਼ੇਰੀ ਅਤੇ ਚੇਤਾਵਨੀ
ਲੜਾਈ ਤੋਂ ਵਾਪਸ ਆਉਂਦਿਆਂ ਆਸਾ ਨੂੰ ਨਬੀ ਅਜ਼ਰਯਾਹ ਮਿਲਿਆ। ਉਸ ਨਬੀ ਨੇ ਆਸਾ ਨੂੰ ਹੱਲਾਸ਼ੇਰੀ ਵੀ ਦਿੱਤੀ ਅਤੇ ਚੇਤਾਵਨੀ ਵੀ ਦਿੱਤੀ: “ਹੇ ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਸੁਣੋ। ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ। ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।” (2 ਇਤ. 15:1, 2) ਉਸ ਨੇ ਅੱਗੇ ਕਿਹਾ: “ਤੁਸੀਂ ਤਕੜੇ ਹੋਵੋ। ਹਿੰਮਤ ਨਾ ਹਾਰੋ, ਕਮਜ਼ੋਰ ਨਾ ਪਵੋ ਕਿਉਂ ਕਿ ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ।”—2 ਇਤ. 15:7, ERV.
ਇਨ੍ਹਾਂ ਸ਼ਬਦਾਂ ਤੋਂ ਸਾਡੀ ਨਿਹਚਾ ਪੱਕੀ ਹੁੰਦੀ ਹੈ। ਇਹ ਸ਼ਬਦ ਸਾਨੂੰ ਦੱਸਦੇ ਹਨ ਕਿ ਅਸੀਂ ਜਿੰਨਾ ਚਿਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ, ਯਹੋਵਾਹ ਸਾਡੇ ਨਾਲ ਰਹੇਗਾ। ਅਸੀਂ ਪੂਰੇ ਭਰੋਸਾ ਨਾਲ ਉਸ ਨੂੰ ਮਦਦ ਲਈ ਪ੍ਰਾਰਥਨਾ ਕਰ ਸਕਦੇ ਹਾਂ। ਅਜ਼ਰਯਾਹ ਨੇ ਕਿਹਾ ਸੀ: “ਤੁਸੀਂ ਤਕੜੇ ਹੋਵੋ।” ਸਹੀ ਕੰਮ ਕਰਨ ਲਈ ਸਾਨੂੰ ਤਕੜੇ ਹੋਣ ਜਾਂ ਦਲੇਰ ਬਣਨ ਦੀ ਲੋੜ ਹੈ ਅਤੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਸਹੀ ਕੰਮ ਕਰ ਸਕਦੇ ਹਾਂ।
ਆਸਾ ਸਾਮ੍ਹਣੇ ਇਕ ਹੋਰ ਵੱਡੀ ਮੁਸ਼ਕਲ ਸੀ। ਉਸ ਦੀ ਦਾਦੀ ਮਆਕਾਹ ਨੇ “ਇੱਕ ਅੱਤ ਘਿਣਾਉਣੀ ਮੂਰਤ ਬਣਾਈ” ਸੀ, ਇਸ ਲਈ ਉਸ ਨੂੰ “ਦਾਦੀ ਰਾਣੀ” ਦੀ ਪਦਵੀ ਤੋਂ ਹਟਾਉਣਾ ਆਸਾ ਲਈ ਮੁਸ਼ਕਲ ਕੰਮ ਸੀ। ਪਰ ਉਸ ਨੇ ਆਪਣੀ ਦਾਦੀ ਨੂੰ ਨਾ ਸਿਰਫ਼ ਇਸ ਪਦਵੀ ਤੋਂ ਹਟਾਇਆ, ਸਗੋਂ ਉਸ ਦੁਆਰਾ ਬਣਾਈ ਮੂਰਤੀ ਨੂੰ ਵੀ ਸਾੜ ਦਿੱਤਾ। (1 ਰਾਜ. 15:13) ਯਹੋਵਾਹ ਨੇ ਆਸਾ ਨੂੰ ਉਸ ਦੇ ਪੱਕੇ ਇਰਾਦੇ ਅਤੇ ਦਲੇਰੀ ਕਰਕੇ ਬਰਕਤਾਂ ਦਿੱਤੀਆਂ। ਸਾਨੂੰ ਵੀ ਯਹੋਵਾਹ ਅਤੇ ਉਸ ਦੇ ਅਸੂਲਾਂ ਨੂੰ ਛੱਡਣਾ ਨਹੀਂ ਚਾਹੀਦਾ, ਭਾਵੇਂ ਸਾਡੇ ਰਿਸ਼ਤੇਦਾਰ ਯਹੋਵਾਹ ਦੇ ਵਫ਼ਾਦਾਰ ਹੋਣ ਜਾਂ ਨਾ ਹੋਣ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਯਹੋਵਾਹ ਜ਼ਰੂਰ ਸਾਨੂੰ ਸਾਡੀ ਵਫ਼ਾਦਾਰੀ ਦਾ ਇਨਾਮ ਦੇਵੇਗਾ।
ਆਸਾ ਦੀ ਵਫ਼ਾਦਾਰੀ ਦਾ ਇਕ ਇਨਾਮ ਇਹ ਸੀ ਕਿ ਯਹੋਵਾਹ ਦੇ ਖ਼ਿਲਾਫ਼ ਚੱਲ ਰਹੇ ਉੱਤਰੀ ਰਾਜ ਵਿੱਚੋਂ ਬਹੁਤ ਸਾਰੇ ਇਜ਼ਰਾਈਲੀ ਯਹੂਦਾਹ ਆ ਗਏ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਆਸਾ ਦੇ ਨਾਲ ਸੀ। ਉਨ੍ਹਾਂ ਦੇ ਅੰਦਰ ਯਹੋਵਾਹ ਦੀ ਭਗਤੀ ਕਰਨ ਦੀ ਇੰਨੀ ਇੱਛਾ ਸੀ ਕਿ ਉਹ ਆਪਣਾ ਘਰ-ਬਾਰ ਛੱਡ ਕੇ ਯਹੋਵਾਹ ਦੇ ਸੇਵਕਾਂ ਵਿਚ ਰਹਿਣ ਲਈ ਆ ਗਏ। ਆਸਾ ਅਤੇ ਸਾਰੇ ਯਹੂਦਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ‘ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਉਹ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਨੂੰ ਭਾਲਣਗੇ।’ ਇਸ ਦਾ ਨਤੀਜਾ ਕੀ ਨਿਕਲਿਆ? ਯਹੋਵਾਹ “ਓਹਨਾਂ ਨੂੰ ਮਿਲ ਗਿਆ ਅਤੇ ਯਹੋਵਾਹ ਨੇ ਓਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।” (2 ਇਤ. 15:9-15) ਸਾਨੂੰ ਵੀ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਸੱਚਾਈ ਨਾਲ ਪਿਆਰ ਕਰਨ ਵਾਲੇ ਲੋਕ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰਦੇ ਹਨ!
ਪਰ ਨਬੀ ਅਜ਼ਰਯਾਹ ਨੇ ਇਕ ਚੇਤਾਵਨੀ ਵੀ ਦਿੱਤੀ ਸੀ। ਉਸ ਨੇ ਕਿਹਾ ਸੀ: “ਜੇ ਤੁਸੀਂ [ਯਹੋਵਾਹ] ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।” ਆਓ ਆਪਾਂ ਕਦੀ ਯਹੋਵਾਹ ਨੂੰ ਨਾ ਛੱਡੀਏ ਕਿਉਂਕਿ ਇਸ ਦੇ ਬੁਰੇ ਨਤੀਜੇ ਨਿਕਲਣਗੇ। (2 ਪਤ. 2:20-22) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਆਸਾ ਨੂੰ ਇਹ ਚੇਤਾਵਨੀ ਕਿਉਂ ਦਿੱਤੀ ਸੀ, ਪਰ ਆਸਾ ਨੇ ਇਸ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ।
“ਤੈਂ ਮੂਰਖਤਾਈ ਕੀਤੀ”
ਆਸਾ ਦੇ ਰਾਜ ਦੇ 36ਵੇਂ ਸਾਲ ਵਿਚ ਇਜ਼ਰਾਈਲ ਦਾ ਰਾਜਾ ਬਆਸ਼ਾ ਯਹੂਦਾਹ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਲੱਗ ਪਿਆ। ਉਹ ਸ਼ਾਇਦ ਨਹੀਂ ਚਾਹੁੰਦਾ ਸੀ ਕਿ ਉਸ ਦੀ ਪਰਜਾ ਵਿੱਚੋਂ ਲੋਕ ਰਾਜਾ ਆਸਾ ਦੇ ਵਫ਼ਾਦਾਰ ਬਣਨ ਅਤੇ ਯਹੋਵਾਹ ਦੀ ਭਗਤੀ ਕਰਨ। ਉਨ੍ਹਾਂ ਨੂੰ ਰੋਕਣ ਲਈ ਉਸ ਨੇ ਇਜ਼ਰਾਈਲ-ਯਹੂਦਾਹ ਦੀ ਸਰਹੱਦ ’ਤੇ ਯਰੂਸ਼ਲਮ ਤੋਂ 8 ਕਿਲੋਮੀਟਰ (5 ਮੀਲ) ਦੂਰ ਰਾਮਾਹ ਨਾਂ ਦੇ ਸ਼ਹਿਰ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਆਸਾ ਨੇ ਕੂਸ਼ ਦੀ ਫ਼ੌਜ ਦੇ ਹਮਲੇ ਸਮੇਂ ਯਹੋਵਾਹ ਦੀ ਮਦਦ ਲਈ ਸੀ, ਉਹ ਇਸ ਵਾਰ ਵੀ ਪਰਮੇਸ਼ੁਰ ਤੋਂ ਮਦਦ ਲੈ ਸਕਦਾ ਸੀ। ਇਸ ਦੀ ਬਜਾਇ ਉਸ ਨੇ ਇਨਸਾਨ ਤੋਂ ਮਦਦ ਮੰਗੀ। ਉਸ ਨੇ ਅਰਾਮ ਦੇ ਰਾਜੇ ਨੂੰ ਨਜ਼ਰਾਨਾ ਘੱਲਿਆ ਅਤੇ ਕਿਹਾ ਕਿ ਉਹ ਉੱਤਰੀ ਰਾਜ ਇਜ਼ਰਾਈਲ ਉੱਤੇ ਹਮਲਾ ਕਰੇ। ਜਦੋਂ ਅਰਾਮੀਆਂ ਨੇ ਇਜ਼ਰਾਈਲ ਦੇ ਕੁਝ ਇਲਾਕਿਆਂ ਉੱਤੇ ਹਮਲਾ ਕੀਤਾ, ਤਾਂ ਬਆਸ਼ਾ ਰਾਮਾਹ ਨੂੰ ਛੱਡ ਕੇ ਚਲਾ ਗਿਆ।—2 ਇਤ. 16:1-5.
ਯਹੋਵਾਹ ਆਸਾ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਹੋਇਆ ਅਤੇ ਉਸ ਨੇ ਆਸਾ ਨੂੰ ਇਹ ਗੱਲ ਦੱਸਣ ਲਈ ਨਬੀ ਹਨਾਨੀ ਨੂੰ ਘੱਲਿਆ। ਆਸਾ ਨੂੰ ਪਤਾ ਸੀ ਕਿ ਯਹੋਵਾਹ ਨੇ ਕੂਸ਼ ਦੀ ਫ਼ੌਜ ਨੂੰ ਕਿਵੇਂ ਹਰਾਇਆ ਸੀ, ਇਸ ਲਈ ਉਸ ਨੂੰ ਅਹਿਸਾਸ ਹੋਣਾ ਚਾਹੀਦਾ ਸੀ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਸ਼ਾਇਦ ਆਸਾ ਨੂੰ ਗ਼ਲਤ ਸਲਾਹ ਦਿੱਤੀ ਗਈ ਸੀ ਜਾਂ ਫਿਰ ਉਸ ਨੇ ਸੋਚਿਆ ਹੋਣਾ ਕਿ ਬਆਸ਼ਾ ਦੀ ਫ਼ੌਜ ਉਸ ਲਈ ਇੰਨਾ ਵੱਡਾ ਖ਼ਤਰਾ ਨਹੀਂ ਸੀ ਅਤੇ ਉਹ ਆਪ ਉਸ ਨਾਲ ਨਜਿੱਠ ਸਕਦਾ ਸੀ। ਜੋ ਵੀ ਸੀ, ਆਸਾ ਨੇ ਇਨਸਾਨੀ ਸੋਚ ਦਾ ਸਹਾਰਾ ਲਿਆ ਅਤੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ। ਨਬੀ ਹਨਾਨੀ ਨੇ ਉਸ ਨੂੰ ਕਿਹਾ: “ਏਸ ਗੱਲ ਵਿੱਚ ਤੈਂ ਮੂਰਖਤਾਈ ਕੀਤੀ ਏਸ ਲਈ ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ!”—2 ਇਤ. 16:7-9.
ਆਸਾ ਨੇ ਇਕ ਹੋਰ ਗ਼ਲਤੀ ਕੀਤੀ। ਗੁੱਸੇ ਵਿਚ ਆ ਕੇ ਉਸ ਨੇ ਨਬੀ ਹਨਾਨੀ ਨੂੰ ਕਾਠ ਵਿਚ ਜਕੜ ਦਿੱਤਾ। (2 ਇਤ. 16:10) ਸ਼ਾਇਦ ਆਸਾ ਦੇ ਮਨ ਵਿਚ ਆਇਆ ਹੋਵੇ, ‘ਇੰਨੇ ਸਾਲ ਸੇਵਾ ਕਰਨ ਦਾ ਕੀ ਮੈਨੂੰ ਇਹੀ ਬਦਲਾ ਮਿਲਿਆ?’ ਕੀ ਬੁਢਾਪੇ ਵਿਚ ਉਸ ਦੀ ਮੱਤ ਮਾਰੀ ਗਈ ਸੀ? ਬਾਈਬਲ ਇਸ ਬਾਰੇ ਨਹੀਂ ਦੱਸਦੀ।
ਆਪਣੇ ਰਾਜ ਦੇ 39ਵੇਂ ਸਾਲ ਵਿਚ ਆਸਾ ਦੇ ਪੈਰਾਂ ਨੂੰ ਇਕ ਰੋਗ ਲੱਗ ਗਿਆ। ਬਾਈਬਲ ਕਹਿੰਦੀ ਹੈ: “ਉਹ ਆਪਣੀ ਬਿਮਾਰੀ ਵਿੱਚ ਯਹੋਵਾਹ ਦਾ ਚਾਹਵੰਦ ਨਾ ਹੋਇਆ ਸਗੋਂ ਵੈਦਾਂ ਦੇ ਮਗਰ ਲੱਗਾ।” ਉਸ ਸਮੇਂ ਸ਼ਾਇਦ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ। ਇਸੇ ਹਾਲਤ ਵਿਚ ਉਹ ਆਪਣੇ ਰਾਜ ਦੇ 41ਵੇਂ ਸਾਲ ਵਿਚ ਮਰ ਗਿਆ।—2 ਇਤ. 16:12-14.
ਫਿਰ ਵੀ, ਆਸਾ ਦੀਆਂ ਗ਼ਲਤੀਆਂ ਨਾਲੋਂ ਉਸ ਦੇ ਗੁਣ ਅਤੇ ਯਹੋਵਾਹ ਦੀ ਭਗਤੀ ਲਈ ਜੋਸ਼ ਜ਼ਿਆਦਾ ਸੀ। ਉਸ ਨੇ ਕਦੀ ਵੀ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ। (1 ਰਾਜ. 15:14) ਅਸੀਂ ਉਸ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਬੀਤੇ ਸਮੇਂ ਵਿਚ ਕਿਵੇਂ ਸਾਡੀ ਮਦਦ ਕੀਤੀ ਸੀ। ਉਨ੍ਹਾਂ ਗੱਲਾਂ ਨੂੰ ਯਾਦ ਕਰਨ ਨਾਲ ਸਾਨੂੰ ਹੱਲਾਸ਼ੇਰੀ ਮਿਲੇਗੀ ਕਿ ਅਸੀਂ ਅੱਗੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਉਸ ਤੋਂ ਮਦਦ ਮੰਗੀਏ। ਪਰ ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਕਰਕੇ ਸਾਨੂੰ ਬਾਈਬਲ ਵਿੱਚੋਂ ਤਾੜਨਾ ਦੀ ਲੋੜ ਨਹੀਂ ਹੈ। ਅਸੀਂ ਜਦੋਂ ਵੀ ਗ਼ਲਤੀ ਕਰਦੇ ਹਾਂ, ਯਹੋਵਾਹ ਸਾਨੂੰ ਤਾੜਦਾ ਹੈ ਭਾਵੇਂ ਅਸੀਂ ਕਈ ਸਾਲਾਂ ਤੋਂ ਉਸ ਦੀ ਸੇਵਾ ਕਰ ਰਹੇ ਹਾਂ। ਸਾਨੂੰ ਇਸ ਤਾੜਨਾ ਨੂੰ ਹਲੀਮੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਤਾਂਕਿ ਸਾਨੂੰ ਇਸ ਤੋਂ ਫ਼ਾਇਦਾ ਹੋਵੇ। ਸਭ ਤੋਂ ਜ਼ਰੂਰੀ ਗੱਲ ਅਸੀਂ ਇਹ ਸਿੱਖਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਡੇ ਨਾਲ ਉਦੋਂ ਤਕ ਰਹੇਗਾ ਜਦੋਂ ਤਕ ਅਸੀਂ ਉਸ ਨਾਲ ਰਹਾਂਗੇ। ਯਹੋਵਾਹ ਦੀ ਨਿਗਾਹ ਉਨ੍ਹਾਂ ਸਾਰਿਆਂ ’ਤੇ ਹੈ ਜਿਹੜੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਦੇ ਹਨ। ਉਹ ਆਪਣੀ ਸ਼ਕਤੀ ਉਨ੍ਹਾਂ ਲਈ ਵਰਤ ਕੇ ਉਨ੍ਹਾਂ ਨੂੰ ਇਨਾਮ ਦਿੰਦਾ ਹੈ। ਉਸ ਨੇ ਆਸਾ ਦੀ ਮਦਦ ਕੀਤੀ ਸੀ ਅਤੇ ਉਹ ਸਾਡੀ ਵੀ ਕਰੇਗਾ।
[ਸਫ਼ਾ 9 ਉੱਤੇ ਸੁਰਖੀ]
ਯਹੋਵਾਹ ਅੱਜ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਰ ਮੁਸ਼ਕਲ ਨਾਲ ਲੜਨ ਦੀ ਤਾਕਤ ਦਿੰਦਾ ਹੈ
[ਸਫ਼ਾ 10 ਉੱਤੇ ਸੁਰਖੀ]
ਯਹੋਵਾਹ ਦੀਆਂ ਨਜ਼ਰਾਂ ਵਿਚ ਜੋ ਕੰਮ ਸਹੀ ਹੈ, ਉਹ ਕੰਮ ਕਰਨ ਲਈ ਦਲੇਰੀ ਦੀ ਲੋੜ ਹੈ