ਯਹੋਵਾਹ ਦੇ ਬਚਨ ਦਾ ਪ੍ਰੇਮੀ
ਯਹੋਵਾਹ ਦੇ ਬਚਨ ਦਾ ਪ੍ਰੇਮੀ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਐਲਬਰਟ ਡੀ. ਸ਼੍ਰੋਡਰ 8 ਮਾਰਚ 2006 ਨੂੰ ਆਪਣੀ ਜ਼ਮੀਨੀ ਜ਼ਿੰਦਗੀ ਖ਼ਤਮ ਕਰ ਕੇ ਸਵਰਗਵਾਸ ਹੋ ਗਏ। ਉਹ 94 ਸਾਲਾਂ ਦੇ ਸਨ। ਉਨ੍ਹਾਂ ਨੇ 73 ਤੋਂ ਜ਼ਿਆਦਾ ਸਾਲ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ।
ਭਰਾ ਸ਼੍ਰੋਡਰ ਦਾ ਜਨਮ 1911 ਵਿਚ ਅਮਰੀਕਾ ਦੇ ਮਿਸ਼ੀਗਨ ਰਾਜ ਦੇ ਸਾਗਨੌ ਸ਼ਹਿਰ ਵਿਚ ਹੋਇਆ ਸੀ। ਬਚਪਨ ਵਿਚ ਉਨ੍ਹਾਂ ਨੇ ਆਪਣੀ ਨਾਨੀ ਤੋਂ ਬਾਈਬਲ ਬਾਰੇ ਕਾਫ਼ੀ ਕੁਝ ਸਿੱਖਿਆ ਸੀ। ਭਰਾ ਸ਼੍ਰੋਡਰ ਦੀ ਨਾਨੀ ਨੇ ਉਨ੍ਹਾਂ ਵਿਚ ਯਹੋਵਾਹ ਦੇ ਬਚਨ ਨੂੰ ਪੜ੍ਹਨ ਦੀ ਲਗਨ ਵੀ ਪੈਦਾ ਕੀਤੀ। ਭਰਾ ਸ਼੍ਰੋਡਰ ਨੇ ਮਿਸ਼ੀਗਨ ਦੀ ਯੂਨੀਵਰਸਿਟੀ ਵਿਚ ਲਾਤੀਨੀ ਅਤੇ ਜਰਮਨ ਭਾਸ਼ਾਵਾਂ ਵਿਚ ਡਿਗਰੀ ਹਾਸਲ ਕੀਤੀ ਅਤੇ ਇਲੈਕਟ੍ਰੀਕਲ ਇੰਜੀਨੀਅਰੀ ਵੀ ਕੀਤੀ। ਉਨ੍ਹਾਂ ਦੇ ਦਿਲ ਵਿਚ ਬਾਈਬਲ ਲਈ ਕਦਰ ਵਧਦੀ ਗਈ ਜਿਸ ਕਰਕੇ ਉਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। 1932 ਵਿਚ ਉਹ ਬਰੁਕਲਿਨ, ਨਿਊਯਾਰਕ ਵਿਚ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ।
1937 ਵਿਚ 26 ਸਾਲ ਦੀ ਉਮਰ ਤੇ ਭਰਾ ਸ਼੍ਰੋਡਰ ਨੂੰ ਬਰਤਾਨੀਆ ਵਿਚ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਨ ਲਈ ਭੇਜਿਆ ਗਿਆ। ਪ੍ਰਚਾਰ ਦੇ ਕੰਮ ਲਈ ਭਰਾ ਸ਼੍ਰੋਡਰ ਦਾ ਜੋਸ਼ ਦੇਖ ਕੇ ਕਈ ਭੈਣਾਂ-ਭਰਾਵਾਂ ਨੂੰ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਮਿਲੀ। ਲੰਡਨ ਬੈਥਲ ਵਿਚ ਉਨ੍ਹਾਂ ਦੀ ਦੋਸਤੀ ਭਰਾ ਜੌਨ ਈ. ਬਾਰ ਨਾਲ ਹੋ ਗਈ। ਬਾਅਦ ਵਿਚ ਇਨ੍ਹਾਂ ਦੋਹਾਂ ਨੇ ਕਈ ਸਾਲਾਂ ਤਕ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਕੰਮ ਕੀਤਾ।
ਯੁੱਧ ਦੇ ਸਾਲਾਂ ਦੌਰਾਨ ਭਰਾ ਸ਼੍ਰੋਡਰ ਦਾ ਕੰਮ ਸਰਕਾਰ ਦੀਆਂ ਨਜ਼ਰਾਂ ਵਿਚ ਆ ਗਿਆ। ਅਗਸਤ 1942 ਵਿਚ ਉਨ੍ਹਾਂ ਨੂੰ ਬਰਤਾਨੀਆ ਵਿੱਚੋਂ ਕੱਢ ਦਿੱਤਾ ਗਿਆ। ਐਟਲਾਂਟਿਕ ਮਹਾਂਸਾਗਰ ਵਿਚ ਜਰਮਨ ਜਲ ਸੈਨਾ ਦੀ ਬੰਬਾਰੀ ਤੋਂ ਬਚਦੇ-ਬਚਾਉਂਦੇ ਉਹ ਸਤੰਬਰ ਵਿਚ ਬਰੁਕਲਿਨ ਪਹੁੰਚੇ।
ਉਸ ਸਮੇਂ ਯਹੋਵਾਹ ਦੇ ਗਵਾਹ ਸੋਚ ਰਹੇ ਸਨ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਪਵੇਗੀ। ਇਸੇ ਸਮੇਂ ਦੌਰਾਨ ਭਰਾ ਸ਼੍ਰੋਡਰ ਨੂੰ ਇਕ ਹੋਰ ਜ਼ਿੰਮੇਵਾਰੀ ਸੌਂਪੀ ਗਈ ਜਿਸ ਕਰਕੇ ਉਹ ਹੈਰਾਨ ਵੀ ਸਨ ਤੇ ਖ਼ੁਸ਼ ਵੀ। ਉਨ੍ਹਾਂ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦਾ ਕੋਰਸ ਤਿਆਰ ਕਰਨ ਦਾ ਕੰਮ ਦਿੱਤਾ ਗਿਆ। ਉਹ ਕੁਝ ਸਾਲਾਂ ਤਕ ਇੰਸਟ੍ਰਕਟਰ ਦੇ ਤੌਰ ਤੇ ਇਸ ਸਕੂਲ ਵਿਚ ਮਿਸ਼ਨਰੀਆਂ ਨੂੰ ਸਿਖਲਾਈ ਦਿੰਦੇ ਰਹੇ। ਗਿਲਿਅਡ ਸਕੂਲ ਅਤੇ ਬਾਅਦ ਵਿਚ ਕਿੰਗਡਮ ਮਿਨਿਸਟਰੀ ਸਕੂਲ ਵਿਚ ਸਿਖਲਾਈ ਲੈ ਚੁੱਕੇ ਵਿਦਿਆਰਥੀਆਂ ਦੇ ਮਨਾਂ ਵਿਚ ਅਜੇ ਵੀ ਭਰਾ ਦੀਆਂ ਕਲਾਸਾਂ ਦੀਆਂ ਮਿੱਠੀਆਂ ਯਾਦਾਂ ਤਾਜ਼ਾ ਹਨ। ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਵਿਦਿਆਰਥੀਆਂ ਦੇ ਮਨਾਂ ਵਿਚ ਪਰਮੇਸ਼ੁਰ ਦੇ ਬਚਨ ਲਈ ਪਿਆਰ ਬਿਠਾਇਆ ਅਤੇ ਯਹੋਵਾਹ ਨੂੰ ਜਾਣਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
1956 ਵਿਚ ਭਰਾ ਸ਼੍ਰੋਡਰ ਦਾ ਵਿਆਹ ਸ਼ਾਰਲਟ ਬੋਅਨ ਨਾਲ ਹੋਇਆ ਤੇ 1958 ਵਿਚ ਉਨ੍ਹਾਂ ਦੇ ਪੁੱਤਰ ਜੂਡਾ ਬੈੱਨ ਦਾ ਜਨਮ ਹੋਇਆ। ਭਰਾ ਸ਼੍ਰੋਡਰ ਬਹੁਤ ਹੀ ਚੰਗੇ ਪਤੀ ਤੇ ਪਿਤਾ ਸਾਬਤ ਹੋਏ। 1974 ਵਿਚ ਉਹ ਪ੍ਰਬੰਧਕ ਸਭਾ ਦੇ ਮੈਂਬਰ ਬਣ ਗਏ ਜਿੱਥੇ ਉਨ੍ਹਾਂ ਦੀ ਸਮਝਦਾਰੀ ਦੀ ਬਹੁਤ ਦਾਦ ਦਿੱਤੀ ਜਾਂਦੀ ਸੀ। ਉਹ ਬੜੇ ਦਇਆਵਾਨ ਤੇ ਨਿਮਰ ਵਿਅਕਤੀ ਸਨ ਜੋ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ੁਰ ਦੇ ਮਹਾਨ ਨਾਂ ਨੂੰ ਰੌਸ਼ਨ ਕਰਨਾ ਚਾਹੁੰਦੇ ਸਨ। ਸਾਨੂੰ ਪੱਕਾ ਯਕੀਨ ਹੈ ਕਿ ਭਰਾ ਸ਼੍ਰੋਡਰ, ਜੋ ਹਮੇਸ਼ਾ ‘ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦੇ’ ਸਨ, ਹੁਣ ਸਵਰਗੀ ਜ਼ਿੰਦਗੀ ਦਾ ਇਨਾਮ ਪਾ ਚੁੱਕੇ ਹਨ।—ਜ਼ਬੂਰਾਂ ਦੀ ਪੋਥੀ 1:2.