ਮੈਂ ਪਾਇਨੀਅਰ ਬਣਨ ਦੀ ਠਾਣ ਲਈ ਸੀ
ਮੈਂ ਪਾਇਨੀਅਰ ਬਣਨ ਦੀ ਠਾਣ ਲਈ ਸੀ
ਮਾਰਟਾ ਚਾਵਸ ਸਰਨਾ ਦੀ ਜ਼ਬਾਨੀ
ਮੈਂ ਸੋਲਾਂ ਸਾਲਾਂ ਦੀ ਸੀ ਜਦੋਂ ਇਕ ਦਿਨ ਘਰ ਦਾ ਕੰਮ ਕਰਦਿਆਂ ਮੈਂ ਬੇਹੋਸ਼ ਹੋ ਗਈ। ਹੋਸ਼ ਆਉਣ ਤੇ ਮੈਂ ਮੰਜੇ ਤੇ ਪਈ ਸੀ। ਮੈਨੂੰ ਪਤਾ ਨਹੀਂ ਕੀ ਹੋਇਆ ਸੀ ਤੇ ਮੇਰਾ ਸਿਰ ਦਰਦ ਨਾਲ ਫਟਦਾ ਜਾ ਰਿਹਾ ਸੀ। ਕਿੰਨੇ ਹੀ ਮਿੰਟਾਂ ਤਾਈਂ ਮੈਨੂੰ ਨਾ ਤਾਂ ਕੁਝ ਦਿਖਾਈ ਦਿੱਤਾ ਤੇ ਨਾ ਹੀ ਸੁਣਾਈ ਦਿੱਤਾ। ਮੈਂ ਡਰ ਗਈ। ਆਖ਼ਰ ਮੈਨੂੰ ਹੋਇਆ ਕੀ ਸੀ?
ਮੇਰੇ ਪਰੇਸ਼ਾਨ ਮਾਪੇ ਮੈਨੂੰ ਡਾਕਟਰ ਕੋਲ ਲੈ ਗਏ ਤੇ ਡਾਕਟਰ ਨੇ ਮੈਨੂੰ ਵਿਟਾਮਿਨ ਲੈਣ ਦੀ ਸਲਾਹ ਦਿੱਤੀ। ਉਸ ਨੇ ਕਿਹਾ ਕਿ ਨੀਂਦ ਪੂਰੀ ਨਾ ਹੋਣ ਕਰਕੇ ਮੈਨੂੰ ਦੌਰਾ ਪਿਆ ਸੀ। ਦੋ ਕੁ ਮਹੀਨਿਆਂ ਬਾਅਦ ਮੈਨੂੰ ਦੂਸਰਾ ਦੌਰਾ ਪਿਆ ਤੇ ਫਿਰ ਤੀਸਰਾ। ਅਸੀਂ ਇਕ ਹੋਰ ਡਾਕਟਰ ਕੋਲ ਗਏ ਜਿਹਨੇ ਦੱਸਿਆ ਕਿ ਨਸਾਂ ਦੀ ਬੀਮਾਰੀ ਕਾਰਨ ਮੈਨੂੰ ਇਹ ਦੌਰਾ ਪਿਆ ਸੀ ਤੇ ਉਹ ਨੇ ਮੈਨੂੰ ਨਸਾਂ ਨੂੰ ਸ਼ਾਂਤ ਕਰਨ ਵਾਲੀਆਂ ਗੋਲੀਆਂ (tranquilizers) ਦਿੱਤੀਆਂ।
ਪਰ ਮੈਨੂੰ ਤਾਂ ਵਾਰ-ਵਾਰ ਦੌਰੇ ਪੈਣ ਲੱਗ ਪਏ ਸਨ। ਮੈਂ ਬੇਹੋਸ਼ ਹੋ ਕੇ ਡਿੱਗ ਪੈਂਦੀ ਸੀ ਤੇ ਮੇਰੇ ਕਿਤੇ ਨਾ ਕਿਤੇ ਸੱਟ ਲੱਗ ਜਾਂਦੀ ਸੀ। ਕਦੇ-ਕਦੇ ਮੈਂ ਆਪਣੀ ਜੀਭ ਨੂੰ ਅਤੇ ਮੂੰਹ ਨੂੰ ਅੰਦਰੋਂ ਟੁੱਕ ਦਿੰਦੀ ਸੀ। ਸੁਰਤ ਆਉਣ ਤੇ ਮੇਰਾ ਸਿਰ ਬਹੁਤ ਹੀ ਦੁਖਦਾ ਸੀ ਤੇ ਜੀ ਕੱਚਾ-ਕੱਚਾ ਹੋਣ ਲੱਗਦਾ ਸੀ। ਮੇਰਾ ਸਾਰਾ ਸਰੀਰ ਦਰਦ ਕਰਨ ਲੱਗ ਪੈਂਦਾ ਸੀ ਤੇ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀ ਕਿ ਦੌਰਾ ਪੈਣ ਤੋਂ ਪਹਿਲਾਂ ਕੀ ਹੋਇਆ ਸੀ। ਠੀਕ ਹੋਣ ਲਈ ਮੈਨੂੰ ਅਕਸਰ ਇਕ-ਦੋ ਦਿਨ ਆਰਾਮ ਕਰਨਾ ਪੈਂਦਾ ਸੀ। ਫਿਰ ਵੀ ਮੈਨੂੰ ਲੱਗਦਾ ਸੀ ਕਿ ਇਹ ਸਮੱਸਿਆ ਜ਼ਿਆਦਾ ਚਿਰ ਨਹੀਂ ਰਹੇਗੀ ਤੇ ਮੈਂ ਛੇਤੀ ਠੀਕ ਹੋ ਜਾਵਾਂਗੀ।
ਪਾਇਨੀਅਰ ਬਣਨ ਦਾ ਸੁਪਨਾ
ਮੈਂ ਉਦੋਂ ਬਹੁਤ ਛੋਟੀ ਸੀ ਜਦੋਂ ਮੇਰੇ ਘਰਦਿਆਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ। ਸਾਨੂੰ ਸਟੱਡੀ ਕਰਾਉਣ ਵਾਲੇ ਪਤੀ-ਪਤਨੀ ਦੋਵੇਂ ਵਿਸ਼ੇਸ਼ ਪਾਇਨੀਅਰ ਸਨ ਤੇ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਵਿਚ ਉਹ ਹਰ ਮਹੀਨੇ ਕਈ-ਕਈ ਘੰਟੇ ਲਾਉਂਦੇ ਸਨ। ਮੈਂ ਦੇਖ ਸਕਦੀ ਸੀ ਕਿ ਉਹ ਪਾਇਨੀਅਰੀ ਕਰਕੇ ਕਿੰਨੇ ਖ਼ੁਸ਼ ਸਨ! ਜਦੋਂ ਮੈਂ ਆਪਣੀ ਟੀਚਰ ਅਤੇ ਆਪਣੇ ਸਹਿਪਾਠੀਆਂ ਨੂੰ ਬਾਈਬਲ ਦੇ ਵਾਅਦਿਆਂ ਬਾਰੇ ਦੱਸਦੀ ਸੀ, ਤਾਂ ਮੈਨੂੰ ਵੀ ਉਸੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਸੀ।
ਕੁਝ ਚਿਰ ਬਾਅਦ ਮੇਰੇ ਪਰਿਵਾਰ ਦੇ ਕਈ ਮੈਂਬਰ ਯਹੋਵਾਹ ਦੇ ਗਵਾਹ ਬਣ ਗਏ। ਮੈਨੂੰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਮਜ਼ਾ ਆਉਂਦਾ ਸੀ! ਇਸ ਲਈ ਸੱਤ ਸਾਲ ਦੀ ਹੋਣ ਤੇ ਮੈਂ ਵੀ ਵਿਸ਼ੇਸ਼ ਪਾਇਨੀਅਰ ਬਣਨ ਦਾ ਟੀਚਾ ਰੱਖ ਲਿਆ। ਸੋਲਾਂ ਸਾਲਾਂ ਦੀ ਹੋਣ ਤੇ ਮੈਂ ਬਪਤਿਸਮਾ ਲੈ ਲਿਆ। ਇਹ ਵਿਸ਼ੇਸ਼ ਪਾਇਨੀਅਰ ਬਣਨ ਦੀ ਮੰਜ਼ਲ ਵੱਲ ਵਧਣ ਦਾ ਜ਼ਰੂਰੀ ਕਦਮ ਸੀ। ਪਰ ਉਦੋਂ ਹੀ ਮੈਨੂੰ ਦੌਰੇ ਪੈਣ ਲੱਗ ਪਏ।
ਪਾਇਨੀਅਰੀ ਦੀ ਸ਼ੁਰੂਆਤ
ਦੌਰਿਆਂ ਦੇ ਬਾਵਜੂਦ ਮੈਂ ਪਾਇਨੀਅਰ ਬਣ ਕੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੀ ਸੀ। ਪਰ ਹਫ਼ਤੇ ਵਿਚ ਮੈਨੂੰ ਦੋ-ਤਿੰਨ ਦੌਰੇ ਪੈਣ ਲੱਗ ਪਏ ਸਨ, ਇਸ ਲਈ ਕਲੀਸਿਯਾ ਦੇ ਕੁਝ ਭੈਣ-ਭਰਾਵਾਂ ਨੇ ਸੋਚਿਆ ਕਿ ਮੈਨੂੰ ਪਾਇਨੀਅਰ ਬਣਨ ਦਾ ਖ਼ਿਆਲ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਵੱਡੀ ਜ਼ਿੰਮੇਵਾਰੀ ਮੈਥੋਂ ਚੁੱਕੀ ਨਹੀਂ ਜਾਣੀ ਸੀ। ਇਸ ਕਾਰਨ ਮੈਂ ਉਦਾਸ ਰਹਿਣ ਲੱਗੀ ਤੇ ਨਿਰਾਸ਼ ਹੋ ਗਈ। ਪਰ ਇਸੇ ਦੌਰਾਨ ਇਕ ਪਤੀ-ਪਤਨੀ ਸਾਡੀ ਕਲੀਸਿਯਾ ਵਿਚ ਆਏ ਜੋ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਨ। ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਪਾਇਨੀਅਰ ਬਣਨਾ ਚਾਹੁੰਦੀ ਹਾਂ ਤੇ ਉਨ੍ਹਾਂ ਨੇ ਮੈਨੂੰ ਕਾਫ਼ੀ ਹੌਸਲਾ ਦਿੱਤਾ। ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਮੈਂ ਆਪਣੀ ਬੀਮਾਰੀ ਕਾਰਨ ਪਾਇਨੀਅਰ ਬਣਨ ਦੀ ਖ਼ਾਹਸ਼ ਨਾ ਛੱਡਾਂ।
ਸੋ 1 ਸਤੰਬਰ 1988 ਨੂੰ ਮੈਂ ਮੈਕਸੀਕੋ ਵਿਚ ਆਪਣੇ ਸ਼ਹਿਰ ਸਾਨ ਆਨਡ੍ਰੇਜ਼ ਚੀਆਉਟਲਾ ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਹਰ ਮਹੀਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਈ-ਕਈ ਘੰਟੇ ਬਿਤਾਉਣ ਲੱਗੀ। ਜੇ ਦੌਰਾ ਪੈਣ ਕਰਕੇ ਮੈਂ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਪਾਉਂਦੀ ਸੀ, ਤਾਂ ਮੈਂ ਉਨ੍ਹਾਂ ਨੂੰ ਬਾਈਬਲ ਦੇ
ਵਿਸ਼ਿਆਂ ਉੱਤੇ ਚਿੱਠੀਆਂ ਲਿਖਦੀ ਸੀ ਤੇ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਨ ਦੀ ਹੱਲਾਸ਼ੇਰੀ ਦਿੰਦੀ ਸੀ।ਮੇਰੀ ਬੀਮਾਰੀ ਦਾ ਪਤਾ ਚੱਲ ਗਿਆ
ਇਸ ਵਕਤ ਮੇਰੇ ਮਾਪਿਆਂ ਨੇ ਕਾਫ਼ੀ ਪੈਸਾ ਖ਼ਰਚ ਕੇ ਨਿਉਰੌਲੋਜਿਸਟ ਕੋਲੋਂ ਮੇਰੀ ਜਾਂਚ ਕਰਾਈ। ਡਾਕਟਰ ਨੇ ਕਿਹਾ ਕਿ ਮੈਨੂੰ ਮਿਰਗੀ ਪੈਂਦੀ ਸੀ। ਉਸ ਵੇਲੇ ਜਿਹੜੀ ਦਵਾਈ ਮੈਨੂੰ ਮਿਲੀ ਉਸ ਨਾਲ ਮੈਂ ਤਕਰੀਬਨ ਚਾਰ ਸਾਲਾਂ ਤਕ ਠੀਕ-ਠਾਕ ਰਹੀ। ਇਨ੍ਹਾਂ ਸਾਲਾਂ ਦੌਰਾਨ ਮੈਂ ਪਾਇਨੀਅਰ ਸਕੂਲ ਵਿਚ ਵੀ ਜਾ ਸਕੀ। ਇਸ ਤੋਂ ਮੈਨੂੰ ਇੰਨਾ ਹੌਸਲਾ ਮਿਲਿਆ ਕਿ ਮੈਂ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨਾ ਚਾਹਿਆ ਜਿੱਥੇ ਜ਼ਿਆਦਾ ਲੋੜ ਸੀ।
ਮੇਰੇ ਮਾਤਾ-ਪਿਤਾ ਜਾਣਦੇ ਸਨ ਕਿ ਮੈਂ ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੀ ਸੀ। ਉਨ੍ਹਾਂ ਨੇ ਮੈਨੂੰ ਤਕਰੀਬਨ 200 ਕਿਲੋਮੀਟਰ ਦੂਰ ਮਿਚੋਆਕਾਨ ਰਾਜ ਦੇ ਸੀਤਾਕੁਆਰੋ ਸ਼ਹਿਰ ਜਾਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਹੁਣ ਮੈਨੂੰ ਘੱਟ ਦੌਰੇ ਪੈਂਦੇ ਸਨ। ਉੱਥੇ ਹੋਰਨਾਂ ਪਾਇਨੀਅਰਾਂ ਨਾਲ ਮਿਲ ਕੇ ਪ੍ਰਚਾਰ ਕਰਨ ਨਾਲ ਮੇਰਾ ਜੋਸ਼ ਹੋਰ ਵੀ ਵਧ ਗਿਆ।
ਪਰ ਸੀਤਾਕੁਆਰੋ ਵਿਚ ਦੋ ਸਾਲ ਪਾਇਨੀਅਰੀ ਕਰਨ ਤੋਂ ਬਾਅਦ ਮੈਨੂੰ ਫਿਰ ਦੌਰੇ ਪੈਣ ਲੱਗ ਪਏ। ਮੈਂ ਬਹੁਤ ਉਦਾਸ ਸੀ ਤੇ ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਮੈਂ ਕੀ ਕਰਾਂ। ਇਸ ਲਈ ਮੈਂ ਨਿਉਰੌਲੋਜਿਸਟ ਤੋਂ ਮਸ਼ਵਰਾ ਲੈਣ ਵਾਸਤੇ ਘਰ ਆ ਗਈ। ਉਸ ਨੇ ਦੱਸਿਆ ਕਿ ਜਿਹੜੀ ਦਵਾਈ ਮੈਂ ਲੈ ਰਹੀ ਸੀ ਉਹ ਮੇਰੇ ਜਿਗਰ ਨੂੰ ਨੁਕਸਾਨ ਪਹੁੰਚਾ ਰਹੀ ਸੀ। ਇਸ ਡਾਕਟਰ ਕੋਲ ਜਾ ਕੇ ਟੈੱਸਟ ਵਗੈਰਾ ਕਰਾਉਣ ਲਈ ਸਾਡੇ ਕੋਲ ਪੈਸੇ ਨਹੀਂ ਸਨ। ਇਸ ਲਈ ਮੈਂ ਹੋਰਨਾਂ ਡਾਕਟਰਾਂ ਤੋਂ ਮੁਆਇਨਾ ਕਰਾਉਣ ਬਾਰੇ ਸੋਚਿਆ। ਮੇਰੀ ਸਿਹਤ ਵਿਗੜਦੀ ਚਲੀ ਗਈ ਜਿਸ ਕਰਕੇ ਮੈਨੂੰ ਪਾਇਨੀਅਰੀ ਛੱਡਣੀ ਪਈ। ਜਦੋਂ ਵੀ ਦੌਰਾ ਪੈਂਦਾ ਸੀ, ਮੈਂ ਨਿਰਾਸ਼ ਹੋ ਜਾਂਦੀ ਸੀ। ਪਰ ਜ਼ਬੂਰਾਂ ਦੀ ਪੋਥੀ ਪੜ੍ਹਨ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਨਾਲ ਮੈਨੂੰ ਤਸੱਲੀ ਤੇ ਤਾਕਤ ਮਿਲਦੀ ਸੀ।—ਜ਼ਬੂਰਾਂ ਦੀ ਪੋਥੀ 94:17-19.
ਮੇਰਾ ਸੁਪਨਾ ਸਾਕਾਰ ਹੋਇਆ
ਮੇਰੀ ਹਾਲਤ ਬਹੁਤ ਵਿਗੜ ਗਈ ਤੇ ਦਿਨ ਵਿਚ ਮੈਨੂੰ ਦੋ-ਦੋ ਦੌਰੇ ਪੈਣ ਲੱਗ ਪਏ। ਫਿਰ ਮੇਰੀ ਜ਼ਿੰਦਗੀ ਵਿਚ ਇਕ ਮੋੜ ਆਇਆ। ਇਕ ਡਾਕਟਰ ਨੇ ਮੈਨੂੰ ਵਧੀਆ ਦਵਾਈ ਦਿੱਤੀ ਜਿਸ ਨਾਲ ਮੇਰੀ ਸਿਹਤ ਨੂੰ ਫ਼ਰਕ ਪਿਆ ਤੇ ਮੈਂ ਕਾਫ਼ੀ ਚਿਰ ਤਕ ਠੀਕ-ਠਾਕ ਰਹੀ। ਇਸ ਕਰਕੇ 1 ਸਤੰਬਰ 1995 ਨੂੰ ਮੈਂ ਫਿਰ ਪਾਇਨੀਅਰੀ ਕਰਨ ਲੱਗ ਪਈ। ਦੋ ਸਾਲਾਂ ਤਕ ਮੈਨੂੰ ਇਕ ਵੀ ਦੌਰਾ ਨਹੀਂ ਪਿਆ, ਇਸ ਲਈ ਮੈਂ ਵਿਸ਼ੇਸ਼ ਪਾਇਨੀਅਰੀ ਵਾਸਤੇ ਅਰਜ਼ੀ ਭਰ ਦਿੱਤੀ। ਇਸ ਦਾ ਮਤਲਬ ਸੀ ਕਿ ਮੈਨੂੰ ਸੇਵਕਾਈ ਵਿਚ ਹੋਰ ਜ਼ਿਆਦਾ ਸਮਾਂ ਲਾਉਣਾ ਪੈਣਾ ਸੀ ਤੇ ਮੈਨੂੰ ਕਿਤੇ ਵੀ ਸੇਵਾ ਕਰਨ ਲਈ ਭੇਜਿਆ ਜਾ ਸਕਦਾ ਸੀ। ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਕਿੰਨੀ ਖ਼ੁਸ਼ ਸੀ ਜਦੋਂ ਮੈਂ ਵਿਸ਼ੇਸ਼ ਪਾਇਨੀਅਰ ਬਣ ਗਈ! ਮੇਰਾ ਬਚਪਨ ਦਾ ਸੁਪਨਾ ਸਾਕਾਰ ਹੋ ਗਿਆ।
ਮੈਂ 1 ਅਪ੍ਰੈਲ 2001 ਨੂੰ ਈਡਾਲਗੋ ਦੇ ਪਹਾੜੀ ਇਲਾਕੇ ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵੇਲੇ ਮੈਂ ਗੁਆਨਾਹੁਆਟੋ ਰਾਜ ਦੇ ਇਕ ਛੋਟੇ ਜਿਹੇ ਕਸਬੇ ਵਿਚ ਸੇਵਾ ਕਰ ਰਹੀ ਹਾਂ। ਮੈਨੂੰ ਸਮੇਂ ਸਿਰ ਦਵਾਈ ਲੈਣੀ ਤੇ ਆਰਾਮ ਕਰਨਾ ਪੈਂਦਾ ਹੈ। ਖਾਣ-ਪੀਣ ਦਾ ਵੀ ਮੈਂ ਬਹੁਤ ਧਿਆਨ ਰੱਖਦੀ ਹਾਂ, ਖ਼ਾਸਕਰ ਚਰਬੀ, ਕੈਫੀਨ ਅਤੇ ਡੱਬਾਬੰਦ ਖਾਣਿਆਂ ਵਿਚ ਮੈਨੂੰ ਸਾਵਧਾਨੀ ਵਰਤਣੀ ਪੈਂਦੀ ਹੈ। ਮੇਰੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਗੁੱਸੇ ਨਾ ਹੋਵਾਂ ਤੇ ਬਹੁਤ ਜ਼ਿਆਦਾ ਚਿੰਤਾ ਨਾ ਕਰਾਂ। ਇਹ ਸਭ ਕੁਝ ਕਰਨ ਦੇ ਮੈਨੂੰ ਕਈ ਫ਼ਾਇਦੇ ਹੋਏ ਹਨ। ਵਿਸ਼ੇਸ਼ ਪਾਇਨੀਅਰੀ ਕਰਦਿਆਂ ਮੈਨੂੰ ਸਿਰਫ਼ ਇੱਕੋ ਵਾਰੀ ਦੌਰਾ ਪਿਆ ਹੈ।
ਮੈਂ ਕੁਆਰੀ ਹਾਂ ਤੇ ਮੇਰੇ ਸਿਰ ਤੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਇਸ ਲਈ ਮੈਂ ਖ਼ੁਸ਼ੀ-ਖ਼ੁਸ਼ੀ ਵਿਸ਼ੇਸ਼ ਪਾਇਨੀਅਰੀ ਕਰਦੀ ਰਹਿ ਸਕਦੀ ਹਾਂ। ਮੈਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ‘ਯਹੋਵਾਹ ਕੁਨਿਆਈ ਨਹੀਂ ਜੋ ਸਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਅਸਾਂ ਉਹ ਦੇ ਨਾਮ ਨਾਲ ਵਿਖਾਇਆ।’ ਉਹ ਸਾਡੇ ਨਾਲ ਸੱਚ-ਮੁੱਚ ਕਿੰਨਾ ਪਿਆਰ ਕਰਦਾ ਹੈ ਕਿਉਂਕਿ ਉਹ ਸਾਡੇ ਤੋਂ ਉੱਨਾ ਹੀ ਕਰਨ ਦੀ ਮੰਗ ਕਰਦਾ ਹੈ ਜਿੰਨਾ ਅਸੀਂ ਕਰ ਸਕਦੇ ਹਾਂ! ਇਸ ਗੱਲ ਨੂੰ ਯਾਦ ਰੱਖਣ ਨਾਲ ਮੈਨੂੰ ਆਪਣੀ ਸੋਚ ਨੂੰ ਸਹੀ ਰੱਖਣ ਵਿਚ ਮਦਦ ਮਿਲੀ ਹੈ ਕਿਉਂਕਿ ਮੈਂ ਜਾਣਦੀ ਹਾਂ ਕਿ ਜੇ ਸਿਹਤ ਖ਼ਰਾਬ ਹੋਣ ਨਾਲ ਮਜਬੂਰਨ ਮੈਨੂੰ ਪਾਇਨੀਅਰੀ ਛੱਡਣੀ ਪਈ, ਤਾਂ ਵੀ ਯਹੋਵਾਹ ਦਿਲੋ-ਜਾਨ ਨਾਲ ਕੀਤੀ ਮੇਰੀ ਸੇਵਾ ਤੋਂ ਖ਼ੁਸ਼ ਹੋਵੇਗਾ।—ਇਬਰਾਨੀਆਂ 6:10; ਕੁਲੁੱਸੀਆਂ 3:23.
ਹਰ ਰੋਜ਼ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਨਾਲ ਮੈਨੂੰ ਤਾਕਤ ਮਿਲਦੀ ਹੈ। ਇਸ ਨਾਲ ਮੇਰਾ ਧਿਆਨ ਉਨ੍ਹਾਂ ਬਰਕਤਾਂ ਤੇ ਟਿਕਿਆ ਰਹਿੰਦਾ ਹੈ ਜੋ ਪਰਮੇਸ਼ੁਰ ਸਾਨੂੰ ਭਵਿੱਖ ਵਿਚ ਦੇਣ ਵਾਲਾ ਹੈ। ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਨਵੀਂ ਦੁਨੀਆਂ ਵਿਚ ਕੋਈ ਬੀਮਾਰੀ ਨਹੀਂ ਹੋਵੇਗੀ, “ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ [ਰਹਿਣਗੀਆਂ]।”—ਪਰਕਾਸ਼ ਦੀ ਪੋਥੀ 21:3, 4; ਯਸਾਯਾਹ 33:24; 2 ਪਤਰਸ 3:13. (g05 6/22)
[ਸਫ਼ੇ 26 ਉੱਤੇ ਤਸਵੀਰਾਂ]
ਜਦੋਂ ਮੈਂ ਸੱਤਾਂ ਸਾਲਾਂ ਦੀ ਸੀ (ਉੱਪਰ); ਲਗਭਗ ਸੋਲਾਂ ਸਾਲਾਂ ਦੀ ਉਮਰ ਵਿਚ, ਬਪਤਿਸਮਾ ਲੈਣ ਤੋਂ ਜਲਦੀ ਬਾਅਦ
[ਸਫ਼ੇ 27 ਉੱਤੇ ਤਸਵੀਰ]
ਆਪਣੀ ਸਹੇਲੀ ਨਾਲ ਪ੍ਰਚਾਰ ਕਰਦੀ ਹੋਈ