Skip to content

Skip to table of contents

ਯਹੋਵਾਹ ਜੀ-ਜਾਨ ਨਾਲ ਸੇਵਾ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ

ਯਹੋਵਾਹ ਜੀ-ਜਾਨ ਨਾਲ ਸੇਵਾ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ

“ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”​—ਇਬ. 11:6.

ਗੀਤ: 26, 55

1, 2. (ੳ) ਪਿਆਰ ਅਤੇ ਨਿਹਚਾ ਵਿਚ ਕੀ ਸੰਬੰਧ ਹੈ? (ਅ) ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

ਸਾਡਾ ਪਿਤਾ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ। ਇਹ ਇਕ ਤਰੀਕਾ ਹੈ ਜਿਸ ਰਾਹੀਂ ਯਹੋਵਾਹ ਸਾਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਂਦਾ ਹੈ। ਅਸੀਂ ਵੀ ਯਹੋਵਾਹ ਨੂੰ ਪਿਆਰ ਕਰਦੇ ਹਾਂ “ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।” (1 ਯੂਹੰ. 4:19) ਜਿੱਦਾਂ-ਜਿੱਦਾਂ ਯਹੋਵਾਹ ਨਾਲ ਸਾਡਾ ਪਿਆਰ ਗੂੜ੍ਹਾ ਹੁੰਦਾ ਜਾਂਦਾ ਹੈ, ਉੱਦਾਂ-ਉੱਦਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਜਾਂਦੀ ਹੈ। ਨਾਲੇ ਸਾਨੂੰ ਹੋਰ ਵੀ ਜ਼ਿਆਦਾ ਯਕੀਨ ਹੁੰਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਜ਼ਰੂਰ ਇਨਾਮ ਦੇਵੇਗਾ ਜੋ ਉਸ ਨੂੰ ਪਿਆਰ ਕਰਦੇ ਹਨ।​—ਇਬਰਾਨੀਆਂ 11:6 ਪੜ੍ਹੋ।

2 ਇਹ ਕਦੇ ਹੋ ਹੀ ਨਹੀਂ ਸਕਦਾ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਇਨਾਮ ਨਾ ਦੇਵੇ। ਦਰਿਆ ਦਿਲੀ ਉਸ ਦੀ ਪਛਾਣ ਹੈ। ਸੋ ਸਾਡੀ ਨਿਹਚਾ ਅਧੂਰੀ ਹੈ ਜਦ ਤਕ ਅਸੀਂ ਇਸ ਗੱਲ ’ਤੇ ਯਕੀਨ ਨਹੀਂ ਕਰਦੇ ਕਿ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਨਾਮ ਦੇਵੇਗਾ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂ? ਕਿਉਂਕਿ “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” (ਇਬ. 11:1) ਨਿਹਚਾ ਰੱਖਣ ਦਾ ਮਤਲਬ ਹੈ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਜ਼ਰੂਰ ਇਨਾਮ ਦੇਵੇਗਾ। ਪਰ ਇਨਾਮ ਪਾਉਣ ਦੀ ਉਮੀਦ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਯਹੋਵਾਹ ਨੇ ਆਪਣੇ ਪੁਰਾਣੇ ਅਤੇ ਅੱਜ ਦੇ ਸੇਵਕਾਂ ਨੂੰ ਕੀ ਇਨਾਮ ਦਿੱਤੇ ਹਨ? ਆਓ ਆਪਾਂ ਦੇਖੀਏ।

ਯਹੋਵਾਹ ਦਾ ਆਪਣੇ ਸੇਵਕਾਂ ਨੂੰ ਬਰਕਤਾਂ ਦੇਣ ਦਾ ਵਾਅਦਾ

3. ਮਲਾਕੀ 3:10 ਵਿਚ ਸਾਡੇ ਨਾਲ ਕਿਹੜਾ ਵਾਅਦਾ ਕੀਤਾ ਗਿਆ ਹੈ?

3 ਯਹੋਵਾਹ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਨਾਮ ਦੇਣ ਦਾ ਵਾਅਦਾ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰੀਏ ਅਤੇ ਭਰੋਸਾ ਰੱਖੀਏ ਕਿ ਉਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ। ਯਹੋਵਾਹ ਕਹਿੰਦਾ ਹੈ: “ਮੈਨੂੰ ਜ਼ਰਾ ਪਰਤਾਓ . . . ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!” (ਮਲਾ. 3:10) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਰਖ ਕੇ ਦੇਖੀਏ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਪ੍ਰਤੀ ਸ਼ੁਕਰਗੁਜ਼ਾਰੀ ਦਿਖਾ ਰਹੇ ਹੁੰਦੇ ਹਾਂ।

4. ਮੱਤੀ 6:33 ਵਿਚ ਦਿੱਤੇ ਯਿਸੂ ਦੇ ਵਾਅਦੇ ਉੱਤੇ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ?

4 ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਰਾਜ ਨੂੰ ਪਹਿਲ ਦੇਣਗੇ, ਤਾਂ ਪਰਮੇਸ਼ੁਰ ਉਨ੍ਹਾਂ ਦਾ ਹਰ ਪੱਖੋਂ ਸਾਥ ਦੇਵੇਗਾ। (ਮੱਤੀ 6:33 ਪੜ੍ਹੋ।) ਯਿਸੂ ਭਰੋਸੇ ਨਾਲ ਇਹ ਗੱਲ ਕਹਿ ਸਕਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਪੱਥਰ ’ਤੇ ਲਕੀਰ ਹਨ। (ਯਸਾ. 55:11) ਸੋ ਅਸੀਂ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਯਹੋਵਾਹ ਉੱਤੇ ਪੱਕੀ ਨਿਹਚਾ ਰੱਖਾਂਗੇ, ਤਾਂ ਉਹ ਆਪਣਾ ਇਹ ਵਾਅਦਾ ਨਿਭਾਵੇਗਾ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬ. 13:5) ਯਹੋਵਾਹ ਦਾ ਇਹ ਵਾਅਦਾ ਸਾਡੀ ਮੱਤੀ 6:33 ਵਿਚ ਦਿੱਤੇ ਯਿਸੂ ਦੇ ਸ਼ਬਦਾਂ ’ਤੇ ਭਰੋਸਾ ਰੱਖਣ ਵਿਚ ਮਦਦ ਕਰਦਾ ਹੈ।

ਯਿਸੂ ਨੇ ਕਿਹਾ ਕਿ ਚੇਲਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਉਨ੍ਹਾਂ ਨੂੰ ਜ਼ਰੂਰ ਇਨਾਮ ਮਿਲੇਗਾ (ਪੈਰਾ 5 ਦੇਖੋ)

5. ਪਤਰਸ ਨੂੰ ਦਿੱਤੇ ਯਿਸੂ ਦੇ ਜਵਾਬ ਤੋਂ ਸਾਨੂੰ ਸਾਰਿਆਂ ਨੂੰ ਹੌਸਲਾ ਕਿਉਂ ਮਿਲਦਾ ਹੈ?

5 ਇਕ ਵਾਰ ਪਤਰਸ ਰਸੂਲ ਨੇ ਯਿਸੂ ਤੋਂ ਪੁੱਛਿਆ: “ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ; ਫਿਰ ਸਾਨੂੰ ਕੀ ਮਿਲੂ?” (ਮੱਤੀ 19:27) ਯਿਸੂ ਨੇ ਇਸ ਗੱਲ ਕਰਕੇ ਪਤਰਸ ਨੂੰ ਝਿੜਕਿਆ ਨਹੀਂ, ਸਗੋਂ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀਆਂ ਕੀਤੀਆਂ ਕੁਰਬਾਨੀਆਂ ਦਾ ਜ਼ਰੂਰ ਇਨਾਮ ਮਿਲੇਗਾ। ਯਿਸੂ ਦੇ ਰਸੂਲ ਅਤੇ ਹੋਰ ਵਫ਼ਾਦਾਰ ਸੇਵਕ ਭਵਿੱਖ ਵਿਚ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਪਰ ਅੱਜ ਵੀ ਵਫ਼ਾਦਾਰ ਸੇਵਕਾਂ ਨੂੰ ਇਨਾਮ ਮਿਲਦੇ ਹਨ। ਯਿਸੂ ਨੇ ਕਿਹਾ: “ਜਿਸ ਨੇ ਵੀ ਮੇਰੇ ਨਾਂ ਦੀ ਖ਼ਾਤਰ ਘਰ, ਭਰਾ, ਭੈਣਾਂ, ਮਾਂ-ਪਿਉ, ਬੱਚੇ ਜਾਂ ਜ਼ਮੀਨਾਂ ਛੱਡੀਆਂ ਹਨ, ਉਹ ਇਹ ਸਭ ਕੁਝ ਕਈ ਗੁਣਾ ਪਾਵੇਗਾ, ਨਾਲੇ ਹਮੇਸ਼ਾ ਦੀ ਜ਼ਿੰਦਗੀ।” (ਮੱਤੀ 19:29) ਅੱਜ ਸਭਾਵਾਂ ਵਿਚ ਸਾਨੂੰ ਸਾਰਿਆਂ ਨੂੰ ਮਾਂ-ਪਿਉ, ਭੈਣ-ਭਰਾ ਅਤੇ ਬੱਚੇ ਮਿਲ ਸਕਦੇ ਹਨ। ਕੀ ਇਹ ਬਰਕਤਾਂ ਉਨ੍ਹਾਂ ਚੀਜ਼ਾਂ ਨਾਲੋਂ ਕਿਤੇ ਵੱਧ ਕੇ ਨਹੀਂ ਹਨ ਜੋ ਅਸੀਂ ਰਾਜ ਦੀ ਖ਼ਾਤਰ ਕੁਰਬਾਨ ਕੀਤੀਆਂ ਹਨ?

‘ਜ਼ਿੰਦਗੀ ਦਾ ਲੰਗਰ’

6. ਯਹੋਵਾਹ ਆਪਣੇ ਸੇਵਕਾਂ ਨੂੰ ਇਨਾਮ ਦੇਣ ਦਾ ਵਾਅਦਾ ਕਿਉਂ ਕਰਦਾ ਹੈ?

6 ਅੱਜ ਅਸੀਂ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਦੇ ਹਾਂ। ਪਰ ਭਵਿੱਖ ਵਿਚ ਅਸੀਂ ਇਸ ਤੋਂ ਵੀ ਜ਼ਿਆਦਾ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣਨ ਦਾ ਇੰਤਜ਼ਾਰ ਕਰ ਰਹੇ ਹਾਂ। (1 ਤਿਮੋ. 4:8) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਨਾਮ ਦੇਣ ਦਾ ਵਾਅਦਾ ਕਰਦਾ ਹੈ। ਇਹ ਗੱਲ ਯਾਦ ਰੱਖ ਕੇ ਅਸੀਂ ਮੁਸ਼ਕਲ ਘੜੀਆਂ ਵਿਚ ਵਫ਼ਾਦਾਰ ਰਹਿ ਸਕਦੇ ਹਾਂ। ਜੇ ਅਸੀਂ ਇਸ ਗੱਲ ਦਾ ਪੱਕਾ ਯਕੀਨ ਰੱਖੀਏ ਕਿ ਯਹੋਵਾਹ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ,” ਤਾਂ ਅਸੀਂ ਵਫ਼ਾਦਾਰ ਰਹਿ ਸਕਾਂਗੇ।—ਇਬ. 11:6.

7. ਸਾਡੀ ਉਮੀਦ ਲੰਗਰ ਵਾਂਗ ਕਿਵੇਂ ਹੈ?

7 ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਖ਼ੁਸ਼ੀਆਂ ਮਨਾਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।” (ਮੱਤੀ 5:12) ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਸਵਰਗ ਵਿਚ ਇਨਾਮ ਮਿਲੇਗਾ। ਨਾਲੇ ਹੋਰਨਾਂ ਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ। ਇਹ ਵੀ ‘ਖ਼ੁਸ਼ੀਆਂ ਮਨਾਉਣ’ ਦਾ ਇਕ ਕਾਰਨ ਹੈ। (ਜ਼ਬੂ. 37:11; ਲੂਕਾ 18:30) ਪਰ ਸਾਡੇ ਸਾਰਿਆਂ ਲਈ ਸਾਡੀ “ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਤੇ ਮਜ਼ਬੂਤ ਹੈ।” (ਇਬ. 6:17-20) ਜਿਸ ਤਰ੍ਹਾਂ ਲੰਗਰ ਤੂਫ਼ਾਨ ਵਿਚ ਜਹਾਜ਼ ਨੂੰ ਡੁੱਬਣ ਤੋਂ ਬਚਾਉਂਦਾ ਹੈ, ਉਸੇ ਤਰ੍ਹਾਂ ਸਾਡੀ ਪੱਕੀ ਉਮੀਦ ਸਾਨੂੰ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦੀ ਹੈ। ਇਹ ਸਾਨੂੰ ਮੁਸ਼ਕਲ ਘੜੀਆਂ ਸਹਿਣ ਦੀ ਵੀ ਤਾਕਤ ਦੇ ਸਕਦੀ ਹੈ।

8. ਚਿੰਤਾਵਾਂ ਘਟਾਉਣ ਵਿਚ ਉਮੀਦ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

8 ਜਿਸ ਤਰ੍ਹਾਂ ਮਲ੍ਹਮ ਸਾਨੂੰ ਠੰਢਕ ਪਹੁੰਚਾਉਂਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੇ ਵਾਅਦੇ ਵੀ ਚਿੰਤਾਵਾਂ ਘਟਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ। ਸਾਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਜਦੋਂ ਅਸੀਂ “ਆਪਣਾ ਭਾਰ ਯਹੋਵਾਹ” ਉੱਤੇ ਸੁੱਟਾਂਗੇ, ਤਾਂ ‘ਉਹ ਸਾਨੂੰ ਸੰਭਾਲੇਗਾ।’ (ਜ਼ਬੂ. 55:22) ਅਸੀਂ ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਹ “ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।” (ਅਫ਼. 3:20) ਯਹੋਵਾਹ ਸਾਡੀ ਜ਼ਿਆਦਾ ਜਾਂ ਬਹੁਤ ਜ਼ਿਆਦਾ ਨਹੀਂ, ਸਗੋਂ ‘ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ’ ਸਾਡੀ ਮਦਦ ਕਰੇਗਾ।

9. ਅਸੀਂ ਪੱਕਾ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਇਨਾਮ ਦੇਵੇਗਾ?

9 ਇਨਾਮ ਪਾਉਣ ਲਈ ਸਾਨੂੰ ਯਹੋਵਾਹ ਉੱਤੇ ਪੱਕੀ ਨਿਹਚਾ ਰੱਖਣ ਅਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ। ਮੂਸਾ ਨੇ ਇਜ਼ਰਾਈਲ ਕੌਮ ਨੂੰ ਕਿਹਾ: “ਯਹੋਵਾਹ ਤੁਹਾਨੂੰ ਉਸ ਧਰਤੀ ਵਿੱਚ ਬਰਕਤ ਦੇਵੇਗਾ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰ ਕੇ ਮਿਲਖ ਲਈ ਦੇਣ ਵਾਲਾ ਹੈ। ਜੇ ਕੇਵਲ ਤੁਸੀਂ ਮਨ ਲਾ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਅਤੇ ਏਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਨ ਦੀ ਪਾਲਨਾ ਕਰੋ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਤੁਹਾਨੂੰ ਬਰਕਤ ਦੇਵੇਗਾ।” (ਬਿਵ. 15:4-6) ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਤੁਹਾਨੂੰ ਵਫ਼ਾਦਾਰੀ ਦਾ ਇਨਾਮ ਦੇਵੇਗਾ? ਤੁਸੀਂ ਇਸ ਗੱਲ ’ਤੇ ਪੱਕਾ ਯਕੀਨ ਰੱਖ ਸਕਦੇ ਹੋ।

ਯਹੋਵਾਹ ਨੇ ਉਨ੍ਹਾਂ ਨੂੰ ਇਨਾਮ ਦਿੱਤੇ

10, 11. ਯਹੋਵਾਹ ਨੇ ਯੂਸੁਫ਼ ਨੂੰ ਕੀ ਇਨਾਮ ਦਿੱਤੇ?

10 ਬਾਈਬਲ ਸਾਡੇ ਹੀ ਭਲੇ ਲਈ ਲਿਖੀ ਗਈ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਵਫ਼ਾਦਾਰ ਸੇਵਕਾਂ ਨੂੰ ਕੀ ਇਨਾਮ ਦਿੱਤੇ। (ਰੋਮੀ. 15:4) ਆਓ ਆਪਾਂ ਯੂਸੁਫ਼ ਦੀ ਬਿਹਤਰੀਨ ਮਿਸਾਲ ਦੇਖੀਏ। ਉਸ ਦੇ ਭਰਾਵਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਬਾਅਦ ਵਿਚ ਉਸ ਦੇ ਮਾਲਕ ਦੀ ਪਤਨੀ ਨੇ ਉਸ ’ਤੇ ਝੂਠਾ ਦੋਸ਼ ਲਾਇਆ ਅਤੇ ਉਸ ਨੂੰ ਮਿਸਰ ਦੀ ਜੇਲ੍ਹ ਵਿਚ ਸੁੱਟਿਆ ਗਿਆ। ਪਰ ਕੀ ਜੇਲ੍ਹ ਵਿਚ ਉਹ ਯਹੋਵਾਹ ਤੋਂ ਦੂਰ ਸੀ? ਬਿਲਕੁਲ ਨਹੀਂ। ਬਾਈਬਲ ਕਹਿੰਦੀ ਹੈ: “ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ . . . ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।” (ਉਤ. 39:21-23) ਯੂਸੁਫ਼ ਨੇ ਔਖੀਆਂ ਘੜੀਆਂ ਦੌਰਾਨ ਵੀ ਧੀਰਜ ਨਾਲ ਆਪਣੇ ਪਰਮੇਸ਼ੁਰ ਦੀ ਉਡੀਕ ਕੀਤੀ।

11 ਬਹੁਤ ਸਾਲਾਂ ਬਾਅਦ ਫ਼ਿਰਊਨ ਨੇ ਯੂਸੁਫ਼ ਨੂੰ ਜੇਲ੍ਹ ਤੋਂ ਰਿਹਾ ਕਰ ਕੇ ਮਿਸਰ ਦੇਸ਼ ਦਾ ਦੂਜੇ ਦਰਜੇ ਦਾ ਸਭ ਤੋਂ ਸ਼ਕਤੀਸ਼ਾਲੀ ਹਾਕਮ ਬਣਾ ਦਿੱਤਾ। (ਉਤ. 41:1, 37-43) ਯੂਸੁਫ਼ ਦੇ ਘਰ ਦੋ ਮੁੰਡੇ ਹੋਏ ਅਤੇ “ਯੂਸੁਫ਼ ਨੇ ਪਲੋਠੇ ਦਾ ਨਾਉਂ ਮਨੱਸਹ ਰੱਖਿਆ ਕਿਉਂਜੋ ਉਸ ਨੇ ਆਖਿਆ ਕਿ ਮੈਥੋਂ ਪਰਮੇਸ਼ੁਰ ਨੇ ਮੇਰੇ ਸਾਰੇ ਕਸ਼ਟ ਅਰ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ। ਦੂਜੇ ਦਾ ਨਾਉਂ ਏਹ ਕਹਿਕੇ ਇਫ਼ਰਾਈਮ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁਖ ਦੇ ਦੇਸ ਵਿੱਚ ਫਲਦਾਰ ਬਣਾਇਆ।” (ਉਤ. 41:51, 52) ਯਹੋਵਾਹ ਨੇ ਯੂਸੁਫ਼ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ ਅਤੇ ਉਹ ਇਜ਼ਰਾਈਲੀਆਂ ਅਤੇ ਮਿਸਰੀਆਂ ਨੂੰ ਕਾਲ਼ ਦੀ ਮਾਰ ਤੋਂ ਬਚਾ ਸਕਿਆ। ਯੂਸੁਫ਼ ਜਾਣਦਾ ਸੀ ਕਿ ਯਹੋਵਾਹ ਨੇ ਹੀ ਉਸ ਨੂੰ ਇਨਾਮ ਅਤੇ ਬਰਕਤਾਂ ਦਿੱਤੀਆਂ ਸਨ।​—ਉਤ. 45:5-9.

12. ਯਿਸੂ ਦੁੱਖਾਂ ਵਿਚ ਵੀ ਵਫ਼ਾਦਾਰ ਕਿਵੇਂ ਰਿਹਾ?

12 ਯਿਸੂ ਵੀ ਦੁੱਖਾਂ ਵਿੱਚੋਂ ਲੰਘਦਿਆਂ ਪਰਮੇਸ਼ੁਰ ਦੇ ਆਗਿਆਕਾਰ ਰਿਹਾ। ਇਸ ਕਰਕੇ ਯਹੋਵਾਹ ਨੇ ਉਸ ਨੂੰ ਇਨਾਮ ਦਿੱਤੇ। ਪਰ ਯਿਸੂ ਨੇ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ? ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ।” (ਇਬ. 12:2) ਯਿਸੂ ਨੂੰ ਪਰਮੇਸ਼ੁਰ ਦਾ ਨਾਂ ਪਵਿੱਤਰ ਕਰ ਕੇ ਬਹੁਤ ਖ਼ੁਸ਼ੀ ਹੋਈ। ਆਪਣੇ ਪਿਤਾ ਦੀ ਮਿਹਰ ਪਾਉਣ ਦੇ ਨਾਲ-ਨਾਲ ਉਸ ਨੂੰ ਹੋਰ ਵੀ ਕਈ ਸ਼ਾਨਦਾਰ ਇਨਾਮ ਮਿਲੇ। ਬਾਈਬਲ ਕਹਿੰਦੀ ਹੈ: “ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬੈਠ ਗਿਆ।” ਬਾਈਬਲ ਇਹ ਵੀ ਕਹਿੰਦੀ ਹੈ: “ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ।”—ਫ਼ਿਲਿ. 2:9.

ਯਹੋਵਾਹ ਸਾਡੇ ਕੰਮਾਂ ਨੂੰ ਕਦੀ ਨਹੀਂ ਭੁੱਲਦਾ

13, 14. ਅਸੀਂ ਯਹੋਵਾਹ ਦੀ ਸੇਵਾ ਕਰਨ ਲਈ ਜੋ ਕੋਸ਼ਿਸ਼ਾਂ ਕਰਦੇ ਹਾਂ, ਉਹ ਉਨ੍ਹਾਂ ਬਾਰੇ ਕੀ ਸੋਚਦਾ ਹੈ?

13 ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਵੀ ਕਰਦੇ ਹਾਂ, ਉਹ ਉਸ ਦੀ ਬਹੁਤ ਕਦਰ ਕਰਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਦੀ-ਕਦੀ ਆਪਣੇ ਆਪ ਉੱਤੇ ਭਰੋਸਾ ਨਹੀਂ ਕਰਦੇ ਜਾਂ ਆਪਣੀਆਂ ਕਾਬਲੀਅਤਾਂ ’ਤੇ ਸ਼ੱਕ ਕਰਦੇ ਹਾਂ। ਜਦੋਂ ਸਾਨੂੰ ਆਪਣੇ ਪਰਿਵਾਰ ਦਾ ਢਿੱਡ ਭਰਨ ਜਾਂ ਕੰਮ ਦੀ ਚਿੰਤਾ ਸਤਾਉਂਦੀ ਹੈ, ਤਾਂ ਉਸ ਨੂੰ ਸਾਡਾ ਬਹੁਤ ਫ਼ਿਕਰ ਹੁੰਦਾ ਹੈ। ਨਾਲੇ ਉਹ ਇਹ ਵੀ ਸਮਝਦਾ ਹੈ ਕਿ ਬੀਮਾਰ ਜਾਂ ਡਿਪਰੈਸ਼ਨ ਹੋਣ ਕਰਕੇ ਅਸੀਂ ਉਸ ਦੀ ਸੇਵਾ ਪਹਿਲਾਂ ਜਿੰਨੀ ਨਹੀਂ ਕਰ ਸਕਦੇ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਵਫ਼ਾਦਾਰੀ ਦੀ ਬਹੁਤ ਕਦਰ ਕਰਦਾ ਹੈ ਜੋ ਅਸੀਂ ਮਾੜੇ ਹਾਲਾਤਾਂ ਵਿਚ ਵੀ ਬਣਾਈ ਰੱਖਦੇ ਹਾਂ।​—ਇਬਰਾਨੀਆਂ 6:10, 11 ਪੜ੍ਹੋ।

14 ਇਹ ਵੀ ਯਾਦ ਰੱਖੋ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂ. 65:2) ‘ਦਇਆ ਕਰਨ ਵਾਲਾ ਪਿਤਾ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ’ ਸਾਡੀ ਹਰ ਪੱਖੋਂ ਮਦਦ ਕਰੇਗਾ ਤਾਂਕਿ ਅਸੀਂ ਉਸ ਦੇ ਨੇੜੇ ਰਹਿ ਸਕੀਏ। ਇੱਦਾਂ ਕਰਨ ਲਈ ਸ਼ਾਇਦ ਉਹ ਕਦੀ-ਕਦੀ ਮਸੀਹੀ ਭੈਣਾਂ-ਭਰਾਵਾਂ ਨੂੰ ਵਰਤੇ। (2 ਕੁਰਿੰ. 1:3) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਉੱਤੇ ਦਇਆ ਕਰੀਏ। “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾ. 19:17; ਮੱਤੀ 6:3, 4) ਸੋ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰਦੇ ਹਾਂ, ਤਾਂ ਯਹੋਵਾਹ ਨੂੰ ਲੱਗਦਾ ਹੈ ਕਿ ਅਸੀਂ ਉਸ ਨੂੰ ਉਧਾਰ ਦੇ ਰਹੇ ਹੁੰਦੇ ਹਾਂ। ਉਹ ਇਸ ਭਲਾਈ ਦੇ ਵੱਟੇ ਸਾਨੂੰ ਇਨਾਮ ਦੇਣ ਦਾ ਵਾਅਦਾ ਕਰਦਾ ਹੈ।

ਅੱਜ ਅਤੇ ਸਦਾ ਦੇ ਇਨਾਮ

15. ਤੁਸੀਂ ਕਿਹੜੇ ਇਨਾਮ ਪਾਉਣ ਦੀ ਉਡੀਕ ਕਰ ਰਹੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

15 ਚੁਣੇ ਹੋਏ ਮਸੀਹੀਆਂ ਨੂੰ ਉਮੀਦ ਹੈ ਕਿ ਯਿਸੂ ਉਨ੍ਹਾਂ ਨੂੰ “ਧਾਰਮਿਕਤਾ ਦਾ ਮੁਕਟ” ਇਨਾਮ ਵਜੋਂ ਦੇਵੇਗਾ। (2 ਤਿਮੋ. 4:7, 8) ਪਰ ਜੇ ਤੁਹਾਡੀ ਸਵਰਗ ਵਿਚ ਰਹਿਣ ਦੀ ਉਮੀਦ ਨਹੀਂ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੁਹਾਡੀ ਕੀਮਤ ਘੱਟ ਹੈ। ਯਿਸੂ ਦੀਆਂ ਲੱਖਾਂ ਹੀ “ਹੋਰ ਭੇਡਾਂ” ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ ਜਦੋਂ ਉਨ੍ਹਾਂ ਨੂੰ ਸੋਹਣੀ ਧਰਤੀ ’ਤੇ ਹਮੇਸ਼ਾ ਲਈ ਰਹਿਣ ਦਾ ਇਨਾਮ ਮਿਲੇਗਾ। ਉਹ ਉੱਥੇ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”​—ਯੂਹੰ. 10:16; ਜ਼ਬੂ. 37:11.

16. ਪਹਿਲਾ ਯੂਹੰਨਾ 3:19, 20 ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ?

16 ਕਦੀ-ਕਦੀ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਝ ਜ਼ਿਆਦਾ ਨਹੀਂ ਕਰ ਰਹੇ। ਜਾਂ ਅਸੀਂ ਸੋਚੀਏ ਕਿ ਪਤਾ ਨਹੀਂ ਯਹੋਵਾਹ ਸਾਡੇ ਤੋਂ ਖ਼ੁਸ਼ ਹੈ ਕਿ ਨਹੀਂ। ਸ਼ਾਇਦ ਸਾਨੂੰ ਇੱਦਾਂ ਵੀ ਲੱਗੇ ਕਿ ਅਸੀਂ ਕਿਸੇ ਵੀ ਇਨਾਮ ਦੇ ਲਾਇਕ ਨਹੀਂ ਹਾਂ। ਪਰ ਇਹ ਗੱਲ ਕਦੇ ਨਾ ਭੁੱਲੋ ਕਿ “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।” (1 ਯੂਹੰਨਾ 3:19, 20 ਪੜ੍ਹੋ।) ਜਦੋਂ ਅਸੀਂ ਨਿਹਚਾ ਅਤੇ ਪਿਆਰ ਕਰਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਇਨਾਮ ਦੇਵੇਗਾ, ਭਾਵੇਂ ਸਾਨੂੰ ਲੱਗੇ ਕਿ ਸਾਡੀ ਸੇਵਾ ਦੀ ਕੋਈ ਕੀਮਤ ਨਹੀਂ ਹੈ।​—ਮਰ. 12:41-44.

17. ਅੱਜ ਅਸੀਂ ਕਿਹੜੀਆਂ ਕੁਝ ਬਰਕਤਾਂ ਦਾ ਆਨੰਦ ਮਾਣ ਰਹੇ ਹਾਂ?

17 ਸ਼ੈਤਾਨ ਦੀ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਵੀ ਯਹੋਵਾਹ ਆਪਣੇ ਲੋਕਾਂ ਨੂੰ ਬਰਕਤਾਂ ਦੇ ਰਿਹਾ ਹੈ। ਯਹੋਵਾਹ ਇਹ ਗੱਲ ਪੱਕੀ ਕਰਦਾ ਹੈ ਕਿ ਅੱਜ ਸਾਨੂੰ ਸੰਗਠਨ ਰਾਹੀਂ ਬਹੁਤਾਤ ਵਿਚ ਗਿਆਨ ਅਤੇ ਖ਼ੁਸ਼ੀਆਂ ਮਿਲਣ। (ਯਸਾ. 54:13) ਯਿਸੂ ਦੇ ਵਾਅਦੇ ਮੁਤਾਬਕ ਅੱਜ ਯਹੋਵਾਹ ਨੇ ਸਾਨੂੰ ਦੁਨੀਆਂ ਭਰ ਵਿਚ ਇਕ ਵੱਡਾ ਪਰਿਵਾਰ ਦਿੱਤਾ ਹੈ। (ਮਰ. 10:29, 30) ਨਾਲੇ ਜਿਹੜੇ ਜੀ-ਜਾਨ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਉਨ੍ਹਾਂ ਨੂੰ ਬਹੁਤਾਤ ਵਿਚ ਮਨ ਦੀ ਸ਼ਾਂਤੀ, ਸੰਤੁਸ਼ਟੀ ਅਤੇ ਖ਼ੁਸ਼ੀਆਂ ਦਿੰਦਾ ਹੈ।​—ਫ਼ਿਲਿ. 4:4-7.

18, 19. ਯਹੋਵਾਹ ਦੇ ਸੇਵਕ ਉਸ ਵੱਲੋਂ ਮਿਲੇ ਇਨਾਮ ਬਾਰੇ ਕੀ ਸੋਚਦੇ ਹਨ?

18 ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨੇ ਆਪਣੇ ਪਿਤਾ ਤੋਂ ਸ਼ਾਨਦਾਰ ਇਨਾਮ ਪਾਏ ਹਨ। ਮਿਸਾਲ ਲਈ, ਜਰਮਨੀ ਵਿਚ ਰਹਿਣ ਵਾਲੀ ਬਿਆਂਕਾ ਕਹਿੰਦੀ ਹੈ: “ਮੈਂ ਜਿੰਨਾ ਵੀ ਯਹੋਵਾਹ ਦਾ ਧੰਨਵਾਦ ਕਰਾਂ, ਉੱਨਾ ਘੱਟ ਹੈ। ਯਹੋਵਾਹ ਮੇਰੀਆਂ ਪਰੇਸ਼ਾਨੀਆਂ ਵਿਚ ਮੇਰਾ ਬਹੁਤ ਸਾਥ ਦਿੰਦਾ ਹੈ। ਉਹ ਕਦਮ-ਕਦਮ ’ਤੇ ਮੇਰੇ ਨਾਲ ਹੈ। ਦੁਨੀਆਂ ਵਿਚ ਸ਼ਾਂਤੀ ਨਹੀਂ ਅਤੇ ਲੋਕਾਂ ਕੋਲ ਉਮੀਦ ਦੀ ਕੋਈ ਕਿਰਨ ਨਹੀਂ ਹੈ। ਪਰ ਯਹੋਵਾਹ ਨਾਲ ਕੰਮ ਕਰਦਿਆਂ ਮੈਨੂੰ ਲੱਗਦਾ ਹੈ ਕਿ ਮੈਂ ਉਸ ਦੇ ਕਲਾਵੇ ਵਿਚ ਹਾਂ। ਜਦੋਂ ਵੀ ਮੈਂ ਉਸ ਲਈ ਕੋਈ ਕੁਰਬਾਨੀ ਕਰਦੀ ਹਾਂ, ਤਾਂ ਉਹ ਮੈਨੂੰ ਸੌ ਗੁਣਾ ਬਰਕਤਾਂ ਦਿੰਦਾ ਹੈ।”

19 ਨਾਲੇ ਕੈਨੇਡਾ ਵਿਚ ਰਹਿਣ ਵਾਲੀ 70 ਸਾਲ ਦੀ ਪੌਲਾ ਦੀ ਮਿਸਾਲ ਲੈ ਲਓ। ਉਸ ਨੂੰ ਰੀੜ੍ਹ ਦੀ ਹੱਡੀ (ਸਪਾਈਨਾ ਬਿਫ਼ਿਡਾ) ਦੀ ਬੀਮਾਰੀ ਹੈ ਜਿਸ ਕਰਕੇ ਉਸ ਲਈ ਤੁਰਨਾ-ਫਿਰਨਾ ਬਹੁਤ ਔਖਾ ਹੈ। ਉਹ ਕਹਿੰਦੀ ਹੈ ਕਿ ਚਾਹੇ ਉਹ ਜ਼ਿਆਦਾ ਤੁਰ-ਫਿਰ ਨਹੀਂ ਸਕਦੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪ੍ਰਚਾਰ ਨਹੀਂ ਕਰ ਸਕਦੀ। ਉਹ ਦੱਸਦੀ ਹੈ: “ਮੈਂ ਟੈਲੀਫ਼ੋਨ ’ਤੇ ਗਵਾਹੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਗਵਾਹੀ ਦਿੰਦੀ ਹਾਂ ਜੋ ਮੇਰੇ ਘਰ ਆਉਂਦੇ ਹਨ। ਮੈਂ ਇਕ ਛੋਟੀ ਜਿਹੀ ਡਾਇਰੀ ਵਿਚ ਆਇਤਾਂ ਅਤੇ ਪ੍ਰਕਾਸ਼ਨਾਂ ਵਿਚ ਪੜ੍ਹੀਆਂ ਹੌਸਲੇ ਭਰੀਆਂ ਗੱਲਾਂ ਲਿਖ ਲੈਂਦੀ ਹਾਂ। ਕਦੀ-ਕਦੀ ਮੈਂ ਇਨ੍ਹਾਂ ਨੂੰ ਪੜ੍ਹਦੀ ਹਾਂ। ਮੈਂ ਇਸ ਦਾ ਨਾਂ ‘ਜ਼ਿੰਦਗੀ ਦੇਣ ਵਾਲੀ ਕਿਤਾਬ’ ਰੱਖਿਆ ਹੈ। ਜੇ ਅਸੀਂ ਯਹੋਵਾਹ ਦੇ ਵਾਅਦਿਆਂ ਉੱਤੇ ਆਪਣਾ ਧਿਆਨ ਲਾਵਾਂਗੇ, ਤਾਂ ਸਾਡੀ ਨਿਰਾਸ਼ਾ ਥੋੜ੍ਹੇ ਸਮੇਂ ਲਈ ਹੋਵੇਗੀ। ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਯਹੋਵਾਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਹੈ।” ਸ਼ਾਇਦ ਤੁਹਾਡੇ ਹਾਲਾਤ ਬਿਆਂਕਾ ਤੋਂ ਬਿਲਕੁਲ ਵੱਖਰੇ ਹੋਣ। ਪਰ ਤੁਸੀਂ ਵੀ ਉਨ੍ਹਾਂ ਮੌਕਿਆਂ ਨੂੰ ਯਾਦ ਕਰ ਸਕਦੇ ਹੋ ਜਦੋਂ ਯਹੋਵਾਹ ਨੇ ਤੁਹਾਨੂੰ ਅਤੇ ਹੋਰਨਾਂ ਨੂੰ ਇਨਾਮ ਦਿੱਤਾ ਸੀ। ਸਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਅੱਜ ਯਹੋਵਾਹ ਸਾਨੂੰ ਕੀ-ਕੀ ਇਨਾਮ ਦਿੰਦਾ ਹੈ ਅਤੇ ਭਵਿੱਖ ਵਿਚ ਕੀ-ਕੀ ਇਨਾਮ ਦੇਵੇਗਾ।

20. ਜੇ ਅਸੀਂ ਯਹੋਵਾਹ ਦੀ ਸੇਵਾ ਪੂਰੀ ਜੀ-ਜਾਨ ਲਾ ਕੇ ਕਰੀਏ, ਤਾਂ ਅਸੀਂ ਕਿਹੜਾ ਇਨਾਮ ਪਾਉਣ ਦੀ ਉਮੀਦ ਰੱਖ ਸਕਦੇ ਹਾਂ?

20 ਇਹ ਕਦੇ ਨਾ ਭੁੱਲੋ ਕਿ ਤੁਹਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਤੁਹਾਨੂੰ “ਵੱਡਾ ਇਨਾਮ ਮਿਲੇਗਾ।” ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ “ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ” ਤੁਹਾਨੂੰ ਉਹ ਸਭ ਕੁਝ ਮਿਲੇਗਾ “ਜਿਸ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ।” (ਇਬ. 10:35, 36) ਇਸ ਲਈ ਆਓ ਆਪਾਂ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ ਅਤੇ ਉਸ ਦੀ ਸੇਵਾ ਕਰਦੇ ਰਹਿਣ ਵਿਚ ਪੂਰਾ ਜ਼ੋਰ ਲਾਈਏ। ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਸਾਨੂੰ ਜ਼ਰੂਰ ਇਨਾਮ ਦੇਵੇਗਾ।​—ਕੁਲੁੱਸੀਆਂ 3:23, 24 ਪੜ੍ਹੋ।