ਕੀ ਤੁਸੀਂ ਜਾਣਦੇ ਹੋ?
ਪੁਰਾਣੇ ਜ਼ਮਾਨੇ ਵਿਚ ਲੋਕ ਸਮੁੰਦਰੀ ਸਫ਼ਰ ਕਰਨ ਦੀ ਯੋਜਨਾ ਕਿਵੇਂ ਬਣਾਉਂਦੇ ਸਨ?
ਪੌਲੁਸ ਦੇ ਜ਼ਮਾਨੇ ਵਿਚ ਆਮ ਤੌਰ ’ਤੇ ਮੁਸਾਫ਼ਰਾਂ ਦੇ ਸਫ਼ਰ ਕਰਨ ਲਈ ਸਮੁੰਦਰੀ ਜਹਾਜ਼ ਨਹੀਂ ਹੁੰਦੇ ਸਨ। ਉਦੋਂ ਸਿਰਫ਼ ਮਾਲ ਲਿਜਾਣ ਵਾਲੇ ਜਹਾਜ਼ ਹੁੰਦੇ ਸਨ। ਇਸ ਲਈ ਮੁਸਾਫ਼ਰਾਂ ਨੂੰ ਅਜਿਹੇ ਜਹਾਜ਼ ਬਾਰੇ ਪਤਾ ਲਗਾਉਣਾ ਪੈਂਦਾ ਸੀ ਜੋ ਉਨ੍ਹਾਂ ਦੀ ਮੰਜ਼ਲ ਵੱਲ ਜਾ ਰਿਹਾ ਹੋਵੇ ਅਤੇ ਆਪਣੇ ਨਾਲ ਮੁਸਾਫ਼ਰ ਲੈ ਜਾਣ ਲਈ ਤਿਆਰ ਹੋਵੇ। (ਰਸੂ. 21:2, 3) ਚਾਹੇ ਜਹਾਜ਼ ਸਿੱਧਾ ਉਸ ਜਗ੍ਹਾ ਨਾ ਵੀ ਜਾ ਰਿਹਾ ਹੋਵੇ ਜਿੱਥੇ ਮੁਸਾਫ਼ਰ ਜਾਣਾ ਚਾਹੁੰਦਾ ਸੀ, ਤਾਂ ਵੀ ਉਹ ਜਹਾਜ਼ ਵਿਚ ਬੈਠ ਜਾਂਦਾ ਸੀ ਫਿਰ ਜਦੋਂ ਜਹਾਜ਼ ਅਲੱਗ-ਅਲੱਗ ਬੰਦਰਗਾਹਾਂ ’ਤੇ ਰੁਕਦਾ ਸੀ, ਤਾਂ ਮੁਸਾਫ਼ਰ ਉੱਤਰ ਕੇ ਕਿਸੇ ਹੋਰ ਜਹਾਜ਼ ’ਤੇ ਚੜ੍ਹ ਜਾਂਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਆਪਣੀ ਮੰਜ਼ਲ ਤਕ ਪਹੁੰਚ ਜਾਂਦਾ ਸੀ।—ਰਸੂ. 27:1-6.
ਸਮੁੰਦਰੀ ਜਹਾਜ਼ ਸਾਲ ਵਿਚ ਕੁਝ ਖ਼ਾਸ ਸਮਿਆਂ ਦੌਰਾਨ ਹੀ ਚੱਲਦੇ ਸਨ ਅਤੇ ਉਨ੍ਹਾਂ ਦੇ ਚੱਲਣ ਦਾ ਪੱਕਾ ਸਮਾਂ ਨਹੀਂ ਸੀ ਹੁੰਦਾ। ਖ਼ਰਾਬ ਮੌਸਮ ਕਰਕੇ ਜਹਾਜ਼ ਚਲਾਉਣ ਵਾਲੇ ਸਫ਼ਰ ਕਰਨ ਵਿਚ ਦੇਰ ਕਰਦੇ ਸਨ। ਪਰ ਉਹ ਵਹਿਮਾਂ-ਭਰਮਾਂ ਕਰਕੇ ਵੀ ਰੁਕ ਜਾਂਦੇ ਸਨ। ਮਿਸਾਲ ਲਈ, ਜੇ ਕੋਈ ਕਾਂ ਜਹਾਜ਼ ’ਤੇ ਬੋਲਦਾ ਸੀ ਜਾਂ ਜੇ ਉਹ ਕਿਨਾਰੇ ’ਤੇ ਕੋਈ ਟੁੱਟਿਆ ਹੋਇਆ ਜਹਾਜ਼ ਦੇਖ ਲੈਂਦੇ ਸਨ, ਤਾਂ ਉਹ ਸਫ਼ਰ ਨਹੀਂ ਕਰਦੇ ਸਨ। ਉਹ ਸਹੀ ਮੌਸਮ ਦਾ ਫ਼ਾਇਦਾ ਲੈਂਦੇ ਸਨ। ਇਸ ਲਈ ਜਦੋਂ ਹਵਾ ਸਹੀ ਦਿਸ਼ਾ ਵਿਚ ਚੱਲਦੀ ਸੀ, ਤਾਂ ਉਹ ਬੰਦਰਗਾਹ ਤੋਂ ਤੁਰ ਪੈਂਦੇ ਸਨ। ਜਦੋਂ ਮੁਸਾਫ਼ਰ ਨੂੰ ਜਹਾਜ਼ ਮਿਲ ਜਾਂਦਾ ਸੀ, ਤਾਂ ਉਹ ਆਪਣਾ ਸਾਮਾਨ ਲੈ ਕੇ ਬੰਦਰਗਾਹ ’ਤੇ ਚਲਾ ਜਾਂਦਾ ਸੀ ਤੇ ਜਹਾਜ਼ ਦੇ ਤੁਰਨ ਦੀ ਘੋਸ਼ਣਾ ਦੀ ਉਡੀਕ ਕਰਦਾ ਸੀ।
ਇਤਿਹਾਸਕਾਰ ਲਾਈਨਲ ਕਾਸਨ ਦੱਸਦਾ ਹੈ: “ਰੋਮ ਸ਼ਹਿਰ ਵਿਚ ਵਧੀਆ ਇੰਤਜ਼ਾਮ ਸਨ ਤਾਂਕਿ ਲੋਕਾਂ ਨੂੰ ਖ਼ੁਦ ਜਹਾਜ਼ ਦੀ ਭਾਲ ਨਾ ਕਰਨੀ ਪਵੇ। ਰੋਮ ਦੀ ਬੰਦਰਗਾਹ ਟਾਈਬਰ ਦਰਿਆ ’ਤੇ ਸੀ। ਨੇੜੇ ਹੀ ਓਸਟੀਆ ਕਸਬੇ ਦੇ ਵੱਡੇ ਚੌਂਕ ਦੇ ਆਲੇ-ਦੁਆਲੇ ਦਫ਼ਤਰ ਸਨ। ਬਹੁਤ ਸਾਰੇ ਦਫ਼ਤਰ ਅਲੱਗ-ਅਲੱਗ ਬੰਦਰਗਾਹ ’ਤੇ ਜਾਣ ਵਾਲੇ ਜਹਾਜ਼ਾਂ ਦੇ ਸਨ: ਨਾਰਬੌਨ [ਅੱਜ ਫਰਾਂਸ], ਕਾਰਥਿਜ [ਅੱਜ ਟਿਊਨੀਸ਼ੀਆ] ਅਤੇ ਹੋਰ ਵੀ ਬਹੁਤ ਸਾਰਿਆਂ ਦੇ ਦਫ਼ਤਰ ਸਨ। ਜੇ ਕੋਈ ਜਹਾਜ਼ ਰਾਹੀਂ ਸਫ਼ਰ ਕਰਨਾ ਚਾਹੁੰਦਾ ਸੀ, ਤਾਂ ਉਸ ਨੂੰ ਸਿਰਫ਼ ਦਫ਼ਤਰ ਜਾ ਕੇ ਦੇਖਣਾ ਪੈਂਦਾ ਸੀ ਕਿ ਜਹਾਜ਼ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ।”
ਸਮੁੰਦਰੀ ਸਫ਼ਰ ਕਰਕੇ ਮੁਸਾਫ਼ਰਾਂ ਦਾ ਸਮਾਂ ਤਾਂ ਬਚਦਾ ਸੀ, ਪਰ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ ਸੀ। ਮਿਸ਼ਨਰੀ ਦੌਰਿਆਂ ਦੌਰਾਨ ਕਈ ਵਾਰ ਪੌਲੁਸ ਦਾ ਜਹਾਜ਼ ਤਬਾਹ ਹੋਇਆ ਸੀ।—2 ਕੁਰਿੰ. 11:25.